ਦਲਜੀਤ ਸਿੰਘ ਦੂਲੋਵਾਲ ਹਲਕਾ ਸੁਲਤਾਨਪੁਰ ਲੋਧੀ ਤੋਂ ਹੋ ਸਕਦੇ ਹਨ ਗਠਜੋੜ ਦੇ ਉਮੀਦਵਾਰ
ਕਪੂਰਥਲਾ (ਕੌੜਾ) – ਪੰਜਾਬ ਦੀਆਂ 20 ਫਰਵਰੀ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਲੋਕ ਇਨਸਾਫ਼ ਪਾਰਟੀ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਇਸ ਸਬੰਧੀ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਭਾਜਪਾ ਨਾਲ ਗਠਜੋੜ ਸਬੰਧੀ ਗੱਲਬਾਤ ਤਕਰੀਬਨ ਤਹਿ ਹੋ ਚੁੱਕੀ ਹੈ , ਜਿਸਦਾ ਐਲਾਨ ਭਾਜਪਾ ਤੇ ਬੈੰਸ ਭਰਾਵਾਂ ਵੱਲੋਂ 20 ਜਨਵਰੀ ਤੱਕ ਕੀਤਾ ਜਾ ਸਕਦਾ ਹੈ । ਦੱਸਣਯੋਗ ਹੈ ਕਿ ਭਾਜਪਾ ਵੱਲੋਂ ਪੰਜਾਬ ‘ਚ ਤਕਰੀਬਨ 65-70 ਸੀਟਾਂ ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਜਾ ਰਹੇ ਹਨ ਅਤੇ ਬਾਕੀ ਸੀਟਾਂ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲੋਕ ਕਾਂਗਰਸ ਪਾਰਟੀ ਅਤੇ ਬੈਂਸ ਭਰਾਵਾਂ ਤੇ ਹੋਰ ਪਾਰਟੀਆਂ ਨਾਲ ਗਠਜੋੜ ਲਈ ਗੱਲਬਾਤ ਜਾਰੀ ਹੈ ।
ਲੋਕ ਇਨਸਾਫ਼ ਪਾਰਟੀ ਦੇ ਆਗੂ ਬੈਂਸ ਭਰਾਵਾਂ ਵੱਲੋਂ ਹੁਣ ਤੱਕ ਆਪਣੇ ਵੱਖ ਵੱਖ ਜਿਲ੍ਹਿਆਂ ਦੇ ਆਗੂਆਂ ਦੇ ਸਹਿਯੋਗ ਨਾਲ ਆਪਣੇ ਬਲਬੂਤੇ ਤੇ ਹੀ ਕਾਂਗਰਸ ਤੇ ਅਕਾਲੀ ਦਲ ਦੀਆਂ ਹੋਰਾਂ ਗਲਤ ਨੀਤੀਆਂ ਖਿਲਾਫ ਆਵਾਜ਼ ਬੁਲੰਦ ਕੀਤੀ ਜਾ ਰਹੀ ਸੀ ਅਤੇ ਹੁਣ ਭਾਜਪਾ ਨਾਲ ਗਠਜੋੜ ਕਰਕੇ ਵੱਡੇ ਪੱਧਰ ਤੇ ਚੋਣ ਮੈਦਾਨ ਚ ਕੁੱਦਣ ਦਾ ਫੈਸਲਾ ਕੀਤਾ ਹੈ । ਇਸ ਸਬੰਧੀ ਸਿਮਰਜੀਤ ਸਿੰਘ ਬੈਂਸ ਦੀ ਭਾਜਪਾ ਲੀਡਰਸਿਪ ਨਾਲ ਗਠਜੋੜ ਸਬੰਧੀ ਲਗਭਗ ਫਾਈਨਲ ਹੋ ਚੁੱਕੀ ਹੈ ਤੇ 20 ਜਨਵਰੀ ਨੂੰ ਇਸ ਸਬੰਧੀ ਬਕਾਇਦਾ ਐਲਾਨ ਕੀਤਾ ਜਾ ਸਕਦਾ ਹੈ ।
ਕੀ ਕਹਿੰਦੇ ਹਨ ਦੂਲੋਵਾਲ ——-
ਇਸ ਸਬੰਧੀ ਲੋਕ ਇਨਸਾਫ਼ ਪਾਰਟੀ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਦਲਜੀਤ ਸਿੰਘ ਦੂਲੋਵਾਲ ਨਾਲ ਸੰਪਰਕ ਕੀਤੇ ਜਾਣ ਤੇ ਉਨ੍ਹਾਂ ਕਿਹਾ ਕਿ ਭਾਜਪਾ ਨਾਲ ਗਠਜੋੜ ਸਬੰਧੀ ਗੱਲਬਾਤ ਹਾਲੇ ਚੱਲ ਰਹੀ ਹੈ , ਜਿਸ ਸਬੰਧੀ ਫੈਸਲਾ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਹੀ ਐਲਾਨ ਕਰਨਗੇ ।
ਸ੍ਰੀ ਦੂਲੋਵਾਲ ਨੇ ਕਿਹਾ ਕਿ ਅਗਰ ਸਾਡਾ ਭਾਜਪਾ ਨਾਲ ਗਠਜੋੜ ਹੁੰਦਾ ਹੈ ਅਤੇ ਪਾਰਟੀ ਵੱਲੋਂ ਮੈਨੂੰ ਸੁਲਤਾਨਪੁਰ ਲੋਧੀ ਤੋਂ ਉਮੀਦਵਾਰ ਐਲਾਨ ਕੀਤਾ ਗਿਆ ਤਾਂ ਮੈ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰ ਹਾਂ । ਉਨ੍ਹਾਂ ਕਿਹਾ ਕਿ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਨੂੰ ਵਿਕਾਸਸ਼ੀਲ ਬਣਾਉਣ ਲਈ ਕੇਂਦਰ ਸਰਕਾਰ ਨਾਲ ਮਿਲ ਕੇ ਯਤਨ ਕੀਤੇ ਜਾਣਗੇ ।