HOME ਲੋਹੜੀ -ਤਿਲੀ ਉਸ ਘਰ ਜਾ, ਜਿੱਥੇ ਕਾਕੇ ਦਾ ਵਿਆਹ ਪਰ ਕਾਕੇ ਕਾਕੀਆਂ...

ਲੋਹੜੀ -ਤਿਲੀ ਉਸ ਘਰ ਜਾ, ਜਿੱਥੇ ਕਾਕੇ ਦਾ ਵਿਆਹ ਪਰ ਕਾਕੇ ਕਾਕੀਆਂ ਤਾਂ ਪ੍ਰਦੇਸੀ ਤੁਰ ਗਏ !

6
ਸੁਰਜੀਤ ਸਿੰਘ ਫਲੋਰਾ
ਸੁਰਜੀਤ ਸਿੰਘ ਫਲੋਰਾ

 (ਸਮਾਜ ਵੀਕਲੀ)  ਲੋਹੜੀ ਦੀ ਗੱਲ ਕਰੀਏ ਤਾਂ ਪੰਜਾਬੀ ਲੋਕ ਆਪਣੇ ਚਮਕਦਾਰ ਪਹਿਰਾਵੇ ਅਤੇ ਪੱਗਾਂ/ਦੁਪੱਟਿਆਂ ਵਿੱਚ ਰਵਾਇਤੀ ਗੀਤਾਂ ਦੀ ਧੁਨ ‘ਤੇ ਭੰਗੜਾ ਨੱਚਦੇ ਹੋਏ ਖੁਸ਼ੀ ਮਨਾਉਂਦੇ ਹਨ। ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ, ਤਿਲਾਂ ਨੂੰ ਚਾਵਲ ਅਤੇ ਗਜਕ ਗੁੜ- ਮੂੰਗਫ਼ਲੀ, ਰਿਊਡੀਆਂ, ਸੁੱਕੇ ਮੇਵੇ ਸਾਰੇ ਖਾਣ-ਪੀਣ ਦੇ ਸ਼ੌਕੀਨਾਂ ਲਈ ਇੱਕ ਸਵਰਗ ਵਰਗਾ ਤਿਉਹਾਰ ਹੁੰਦਾ ਹੈ ਲੋਹੜੀ! ਇੱਕ ਅੱਗ ਅਤੇ ਖੁਸ਼ੀ ਅਤੇ ਹਾਸਾ, ਉੱਚਾ ਸੰਗੀਤ ਅਤੇ ਹੋਰ ਵੀ ਉੱਚੇ ਜਸ਼ਨ – ਤਿਉਹਾਰ ਦੀ ਮਿਠਾਸ ਦਾ ਆਨੰਦ ਅਤੇ ਇਸਦਾ ਸੁਆਦ ਲੈਣ ਦਾ ਇਕ ਬਹੁਤ ਵਧੀਆ ਤਿਉਹਾਰ ਹੈ ਲੋਹੜੀ।

ਸਮੇਂ ਦੇ ਨਾਲ ਨਾਲ – ਹੁਣ ਰਵਾਇਤੀ ਕੱਪੜਿਆਂ ਅਤੇ ਪਕਵਾਨਾਂ ਦੀ ਥਾਂ ਆਧੁਨਿਕ ਕੱਪੜੇ ਅਤੇ ਪਕਵਾਨ ਵੀ ਲੋਹੜੀ ਵਿੱਚ ਸ਼ਾਮਲ ਹੋ ਗਏ ਹਨ।
ਹਰ ਤਿਉਹਾਰ ਵਾਂਗ ਬੇਸ਼ੱਕ ਇਸ ਤਿਉਹਾਰ ਨੂੰ ਵੀ ਪੂਜਾ ਅਰਚਨਾ ਦੇ ਪੱਖੋਂ ਵੀ ਪਵਿਤਰ ਮੰਨਿਆ ਜਾਂਦਾ ਹੈ ਪਰ ਖਾਸਕਰ ਇਸ ਤਿਉਹਾਰ ਨੂੰ ਕੰਨਿਆਂਦਾਨ ਵਜੋਂ ਵਧੇਰੇ ਮਹੱਤਵ ਹਾਸਿਲ ਹੈ। ਇਸ ਦਿਨ ਧੀਆਂ ਧਿਆਣੀਆਂ ਨੂੰ ਦਾਨ ਕਰਨ ਦੀ ਰੀਤ ਵੀ ਹੈ। ਉਹ ਘਰ ਜਿਹਨਾਂ ਵਿੱਚ ਨਵੇਂ ਨਵੇਂ ਵਿਆਹ ਹੋਏ ਹੋਣ ਅਤੇ ਖਾਸ ਕਰਕੇ ਉਹ ਘਰ ਜਿੰਨਾ ਨੂੰ ਪੁੱਤਰ ਦੀ ਦਾਤ ਮਿਲੀ ਹੋਵੇ ਪਰ ਅੱਜ ਸਮਾਂ ਬਦਲ ਚੁੱਕਾ ਹੈ, ਲੜਕੀਆਂ ਨੂੰ ਵੀ ਬਰਾਬਰ ਦਾ ਮਾਣ ਸਤਿਕਾਰ ਦੇਣ ਲਈ ਬਹੁਤੇ ਘਰਾਂ ਵਿਚ ਕੁੜੀਆਂ ਦੀ ਲੋਹੜੀ ਵੀ ਪਾਈ ਜਾਂਦੀ ਹੈ। ਇਸ ਦਿਨ ਦਿਲ ਖੋਹਲ ਕੇ ਦਾਨ ਪੁੰਨ ਕੀਤਾ ਜਾਂਦਾ ਹੈ ਅਤੇ ਖੁਸ਼ੀਆਂ ਮਨਾਇਆ ਜਾਂਦੀਆਂ ਹਨ।
ਕੰਨਿਆਂ ਦਾਨ ਲੋਹੜੀ ਦੇ ਇਤਿਹਾਸ ਵਾਰੇ ਗੱਲ ਕਰੀਏ ਤਾਂ ਦੁੱਲਾ ਭੱਟੀ ਦੀ ਕਹਾਣੀ ਸਾਹਮਣੇ ਆਉਂਦੇ ਹੈ। ਦੁੱਲਾ ਭੱਟੀ ਅਕਬਰ ਦੇ ਸ਼ਾਸ਼ਨਕਾਲ ਦੌਰਾਨ ਇੱਕ ਬਾਗ਼ੀ ਸੀ, ਜੋ ਕਿ ਅਮੀਰ ਲੋਕਾਂ ਦਾ ਮਾਲ ਲੁੱਟ ਕੇ ਗਰੀਬ ਲੋਕਾਂ ਵਿੱਚ ਵੰਡ ਦਿੰਦਾ ਸੀ। ਉਸ ਇਲਾਕੇ ਦੇ ਗਰੀਬ ਲੋਕ ਉਸ ਦੀ ਇਸ ਦਰਿਆ-ਦਿਲੀ ਦੇ ਕਾਇਲ ਸਨ ਇਸ ਕਰ ਕੇ ਉਹ ਲੋਕ ਉਸ ਦਾ ਆਦਰ-ਸਤਿਕਾਰ ਤੇ ਉਸ ਨੂੰ ਪਿਆਰ ਵੀ ਕਰਦੇ ਸਨ। ਇੱਕ ਵਾਰ ਦੀ ਗੱਲ ਹੈ ਕਿ ਉਸ ਨੇ ਇੱਕ ਲੜਕੀ ਤੋਂ ਅਗਵਾਕਾਰਾਂ ਤੋਂ ਇੱਕ ਲੜਕੀ ਨੂੰ ਛੁਡਾਇਆ ਤੇ ਉਸ ਲੜਕੀ ਨੂੰ ਆਪਣੀ ਧਰਮ ਦੀ ਧੀ ਬਣਾ ਲਿਆ। ਜਦੋਂ ਦੁੱਲਾ-ਭੱਟੀ ਨੇ ਲੜਕੀ ਦਾ ਵਿਆਹ ਕੀਤਾ ਤਾਂ ਉਸਨੇ ਵਿਆਹ ਵਿੱਚ ਤੋਹਫ਼ੇ ਦੇ ਤੌਰ ਤੇ ਸ਼ੱਕਰ ਪਾ ਦਿੱਤੀ।
ਅਸਲ ਵਿੱਚ ਸੁੰਦਰੀ-ਮੁੰਦਰੀ ਇੱਕ ਗਰੀਬ ਬ੍ਰਾਹਮਣ ਦੀਆਂ ਮੰਗੀਆਂ ਹੋਈਆਂ ਧੀਆਂ ਸਨ, ਪਰ ਗਰੀਬੀ ਕਾਰਨ ਵਿਆਹ ਵਿੱਚ ਦੇਰੀ ਹੋ ਰਹੀ ਸੀ। ਹਾਕਮ ਨੂੰ ਕੁੜੀਆਂ ਦੇ ਹੁਸਨ ਦਾ ਪਤਾ ਲੱਗ ਗਿਆ ਤਾਂ ਉਸ ਨੇ ਇਨ੍ਹਾਂ ਨੂੰ ਜ਼ੋਰੀਂ ਚੁੱਕਣ ਦੀ ਧਾਰ ਲਈ। ਇਸ ਦੀ ਭਿਣਕ ਬ੍ਰਾਹਮਣ ਨੂੰ ਪੈ ਗਈ। ਇਸ ਲਈ ਉਸਨੇ ਕੁੜੀਆਂ ਦਾ ਜਲਦੀ ਵਿਆਹ ਕਰਨ ਲਈ ਜੰਗਲ ਵਿੱਚ ਦੁੱਲੇ ਨਾਲ ਸੰਪਰਕ ਕੀਤਾ ਅਤੇ ਦੁੱਲੇ ਨੇ ਵਿਆਹ ਦੀ ਜਿੰਮੇਵਾਰੀ ਲੈ ਲਈ ਅਤੇ ਸੁਖਦੇਵ ਮਾਦਪੁਰੀ ਦੇ ਸ਼ਬਦਾਂ ਵਿੱਚ,” “ਕੁੜੀਆਂ ਦੇ ਸਹੁਰਿਆਂ ਨੇ ਹਾਕਮ ਤੋਂ ਡਰਦਿਆਂ ਕਿਹਾ ਕਿ ਉਹ ਰਾਤ ਸਮੇਂ ਹੀ ਵਿਆਹੁਣ ਆਉਣਗੇ।
ਪਿੰਡ ਤੋਂ ਬਾਹਰ ਜੰਗਲ ਵਿੱਚ ਵਿਆਹ ਰਚਾਉਣ ਦਾ ਪ੍ਰਬੰਧ ਕੀਤਾ ਗਿਆ। ਰੌਸ਼ਨੀ ਲਈ ਲੱਕੜੀਆਂ ਇਕੱਠੀਆਂ ਕਰ ਕੇ ਅੱਗ ਬਾਲੀ ਗਈ। ਦੁੱਲੇ ਨੇ ਆਲੇ-ਦੁਆਲੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ। ਪਿੰਡ ਵਿੱਚ ਜਿਹਨਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾਂ ਜਿਹਨਾਂ ਦੇ ਬਾਲ ਜਨਮੇ ਸਨ ਉਨ੍ਹਾਂ ਨੇ ਵੀ ਸੁੰਦਰ-ਮੁੰਦਰੀ ਦੇ ਵਿਆਹ ’ਤੇ ਆਪਣੇ ਵੱਲੋਂ ਕੁਝ ਨਾ ਕੁਝ ਗੁੜ-ਸ਼ੱਕਰ ਤੇ ਦਾਣੇ ਆਦਿ ਦੇ ਰੂਪ ਵਿੱਚ ਦਾਨ ਦਿੱਤਾ। ਦੁੱਲੇ ਕੋਲ ਕੰਨਿਆ-ਦਾਨ ਦੇਣ ਲਈ ਇੱਕ ਲੱਪ ਸ਼ੱਕਰ ਦੀ ਹੀ ਸੀ। ਕੁੜੀਆਂ ਦਾ ਡੋਲਾ ਤੁਰ ਗਿਆ ਤੇ ਗ਼ਰੀਬ ਬ੍ਰਾਹਮਣ ਨੇ ਦੁੱਲੇ ਦਾ ਲੱਖ-ਲੱਖ ਸ਼ੁਕਰ ਕੀਤਾ। ਮੰਨਿਆ ਜਾਂਦਾ ਹੈ ਕਿ ਉਦੋਂ ਤੋਂ ਲੋਹੜੀ ਦਾ ਤਿਉਹਾਰ ਮਨਾਉਣ ਦਾ ਰਿਵਾਜ ਪੈ ਗਿਆ।
ਪਰ ਅੱਜ ਦੇ ਸਮੇਂ ਵਿੱਚ ਬਹੁਤੇ ਪਿੰਡਾਂ ਵਿਚ ਇਹ ਤਿਉਹਾਰ ਵੀ ਜਿਵੇਂ ਅਲੋਪ ਹੀ ਹੋ ਰਿਹਾ ਹੈ, ਕਿਉਂਕਿ ਪ੍ਰਵਾਸ ਕਾਰਨ ਪਿੰਡਾ ਦੇ ਪਿੰਡ ਖਾਲੀ ਹੋ ਚੁੱਕੇ ਹਨ, ਗਲੀਆਂ ਸੁੰਨੀਆਂ ਹੋ ਚੁੱਕੀਆਂ ਹਨ, ਹੁਣ ਬਨੇਰੇ ਤੇ ਕਾਂ ਨਹੀਂ ਬੋਲਦੇ ਤੇ ਨਾ ਹੀ ਕੋਈ ਕਬੂਤਰ ਖੁਸ਼ੀ ਤੇ ਪਿਆਰ ਦਾ ਸੰਦੇਸ਼ ਲੈ ਕੇ ਜਾਂਦਾ ਹੈ।
ਹਰ ਤੀਸਰਾਂ ਘਰ ਖਾਲੀ ਪਿਆ ਹੈ, ਪਿੰਡਾ ਦੇ ਪਿੰਡ ਖਾਲੀ ਹੋ ਚੁੱਕੇ ਹਨ, ਜਿਸ ਵਾਰੇ ਪੰਜਾਬੀ ਜਾਗਰਨ ਦੇ ਸੰਪਾਦਕ ਸ੍ਰ ਵਰਿੰਦਰ ਸਿੰਘ ਵਾਲੀਆ ਸਾਹਿਬ ਨੇ ਆਪਣੀ ਟਰਾਂਟੋਂ ਫੇਰੀ ਦੌਰਾਨ ਬਹੁਤ ਹੀ ਭਾਵੁਕ ਹੁੰਦੇ ਹੋ ਕਿ ਕਿਹਾ ਸੀ ਕੇ ਪੰਜਾਬ ਨੂੰ ਬਚਾਉ।
ਇਥੇ ਹੀ ਵੱਸ ਨਹੀਂ ਬਹੁਤ ਖੁਸ਼ੀ ਤੇ ਹਸਰਤਾਂ ਨਾਲ ਤੋਰੇ ਬੱਚੇ ਪਰਵਾਸੀ ਹੋਏ ਕੈਨੇਡਾ, ਅਮਰੀਕਾ ਵਿਚ ਖੱਜ਼ਲ ਖੁਆਰ ਹੋ ਰਹੇ ਹਨ, ਕੰਮ ਧੰਦਾ ਨਾ ਮਿਲਨ ਕਾਰਨ ਕਰਜਿਆ ਦਾ ਭਾਰ ਨਾ ਸਹਾਰਦੇ ਹੋਏ ਖੁਦਕੁਸ਼ੀਆਂ ਕਰ ਰਹੇ ਹਨ ਤੇ ਉਹਨਾਂ ਦੀਆਂ ਲਾਸ਼ਾਂ ਵਾਪਿਸ ਭੇਜਿਆਂ ਜਾ ਰਹੀਆਂ ਹਨ, ਜੋ ਇੱਕੀ ਦੁਕੀ ਨੌਜਵਾਨ ਪਿੱਛੇ ਰਹਿ ਗਏ ਹਨ ਉਹ ਨਸਿ਼ਆਂ ਨੇ ਖਾਂ ਲਏ ਹਨ। ਜੇਕਰ ਕਿਸੇ ਦਾ ਸੁਪਨਾ ਪੂਰਾ ਹੁੰਦਾ ਨਜ਼ਰ ਆ ਰਿਹਾ ਹੁੰਦਾ ਹੈ ਤਾਂ ਉਹਨਾਂ ਨੂੰ ਕੈਨੇਡਾ ਅਮਰੀਕਾ ਟਰੰਪ ਵਰਗਿਆ ਨੇ ਜਹਾਜਾਂ ਦੇ ਜਹਾਜ਼ ਭਰ ਕੇ ਆਪਣੇ ਦੇਸ਼ਾਂ ਤੋਂ ਬਾਹਰ ਕਰ ਦਿੱਤੇ।
ਫਿਰ ਵੀ ਕੁਝ ਇਲਾਕੇ ਇਸ ਤਰ੍ਹਾ ਦੇ ਹਨ ਜਿਥੇ ਅਜੇ ਵੀ ਲੋਹੜੀ ਦੇ ਧੂਣੇ ਲਗਾਏ ਜਾਂਦੇ ਹਨ, ਮੁੰਡੇ – ਕੁੜੀਆਂ ਬਹੁਤ ਚਾਵਾਂ ਨਾਲ ਲੋਹੜੀ ਮੰਗਣ ਜਾਂਦੇ ਹਨ।
ਇਹ ਗੀਤ – ਬੋਲੀਆਂ ਆਮ ਗਾਏ ਜਾਂਦੇ ਹਨ:
ਤਿਲੀ ਹਰੀਓ ਭਰੀ- ਤਿਲੀ ਮੋਤੀਆਂ ਜੜੀ
ਤਿਲੀ ਉਸ ਘਰ ਜਾ, ਜਿੱਥੇ ਕਾਕੇ ਦਾ ਵਿਆਹ,
ਕਾਕਾ ਜੰਮਿਆ ਸੀ, ਗੁੜ ਵੰਡਿਆ ਸੀ
ਗੁੜ ਦੀਆਂ ਰੋੜੀਆਂ ਜੀ ਭਰਾਵਾਂ ਜੋੜੀਆਂ ਜੀ।
ਇਹਨਾਂ ਲੋਹੜੀ ਮੰਗਣ ਵਾਲੇ ਟੋਲਿਆਂ ਨੂੰ ਜਦ ਕੋਈ ਵੱਧ ਚੜ੍ਹ ਕੇ ਲੋਹੜੀ ਪਾ ਦੇਵੇ ਤਾਂ ਫਿਰ ਉਹਨਾਂ ਟੋਲਿਆਂ ਦੀ ਖੁਸ਼ੀ ਕੁੱਝ ਇਸ ਤਰਾਂ ਸ਼ਬਦਾ ਦਾ ਰੂਪ ਧਾਰਨ ਕਰ ਲੈਂਦੀ ਹੈ :-
ਡੱਬਾ ਭਰਿਆ ਲੀਰਾਂ ਦਾ, ਆਇਆ ਘਰ ਅਮੀਰਾਂ ਦਾ
ਪਰ ਜਦੋਂ ਕੋਈ ਇੰਨੀ ਠੰਢ ਵਿਚ ਇਹਨਾਂ ਨੂੰ ਇੰਤਜ਼ਾਰ ਕਰਵਾਉਂਦਾ ਸੀ ਤਾਂ ਇਹ ਕਹਿ ਦਿੰਦੇ ਸਨ:
ਕੋਠੇ ‘ਤੇ ਪਰਨਾਲਾ
ਸਾਨੂੰ ਖੜ੍ਹਿਆਂ ਨੂੰ ਲੱਗਦਾ ਪਾਲਾ
ਸਾਡੀ ਲੋਹੜੀ ਮਨਾ ਦਿਉ,
ਰੱਤੇ ਚੀਰੇ ਵਾਲੀ, ਸਾਨੂੰ ਅੱਗੇ ਜਾਣ ਦੀ ਕਾਹਲੀ
ਸਾਡੇ ਪੈਰਾਂ ਹੇਠ ਸਲਾਈਆਂ
ਅਸੀਂ ਕਿਹੜੇ ਵੇਲੇ ਦੀਆਂ ਆਈਆਂ
ਸਾਡੇ ਪੈਰਾਂ ਹੇਠ ਰੋੜ- ਸਾਨੂੰ ਛੇਤੀ ਛੇਤੀ ਤੋਰ।
ਅਗਰ ਕਿਸੇ ਘਰੋਂ ਕਿਸੇ ਵਜਾਹ ਕਰਕੇ ਲੋਹੜੀ ਦੀ ਸੌਗਾਤ ਘੱਟ ਮਿਲੇ ਜਾਂ ਫਿਰ ਨਾਂਹ ਹੀ ਹੋ ਜਾਵੇ ਤਾਂ ਫਿਰ ਮਸਤ ਹੋਏ ਮੁੰਡੇ ਕੁੜੀਆਂ ਮਜ਼ਾਕ ਵਿੱਚ ਇੰਝ ਵੀ ਕਹਿ ਉਠਦੇ ਹਨ:-
ਹੁੱਕਾ ਬਈ ਹੁੱਕਾ, ਇਹ ਘਰ ਭੁੱਖਾ।
ਸ਼ਾਇਦ ਇਹ ਉਲਾਮਾਂ ਕਦੇ ਅੱਜ ਤੋਂ 35 ਸਾਲਾਂ ਪਹਿਲਾਂ ਪੰਜਾਬ ਵਿਚ ਰਹਿੰਦਿਆਂ ਮੈਂ ਵੀ ਆਪਣੇ ਦੋਸਤਾਂ ਮਿੱਤਰਾਂ ਨਾਲ ਲੋਹੜੀ ਮੰਗਣ ਗਏ ਨੇ ਕਈ ਵਾਰ ਮਾਰਿਆ ਸੀ।  ਖੈਰ ਇਹ ਸੱਭ ਗੱਲਾਂ ਮੌਜ ਮਸਤੀ, ਮਨੋਰੰਜਨ ਅਤੇ ਹਾਸੇ ਬਿਖੇਰਨ ਲਈ ਹੀ ਹੁੰਦੀਆਂ ਹਨ।
ਇਸ ਦੇ ਨਾਲ ਹੀ ਲੋਹੜੀ ਸਰਦੀਆਂ ਦੇ ਅੰਤ ਨੂੰ ਦਰਸਾਉਂਦੀ ਹੈ ਅਤੇ ਰਵਾਇਤੀ ਤੌਰ ‘ਤੇ ਇੱਕ ਚੰਗੀ ਫ਼ਸਲ ਦਾ ਜਸ਼ਨ ਮਨਾਉਣ ਵਾਲਾ ਇੱਕ ਵਾਢੀ ਦਾ ਤਿਉਹਾਰ ਵੀ ਹੈ। ਇਸ ਲਈ ਸੁਆਦੀ ਪਕਵਾਨ ਚੌਲ, ਗੰਨੇ ਤੋਂ ਗੁੜ, ਸਰ੍ਹੋਂ ਦਾ ਸਾਗ, ਮੂਲੀ ਅਤੇ ਮੂੰਗਫਲੀ। ਕਿਸਾਨਾਂ ਲਈ ਲੋਹੜੀ ਬਹੁਤ ਮਹੱਤਵ ਰੱਖਦਾ ਹੈ; ਫਿਰ ਵੀ, ਇਹ ਸ਼ਹਿਰੀ ਘਰਾਂ ਵਿੱਚ ਦੋਸਤਾਂ ਅਤੇ ਪਰਿਵਾਰ ਨਾਲ ਗੱਲਬਾਤ ਕਰਨ ਦੇ ਮੌਕੇ ਵਜੋਂ ਬਰਾਬਰ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਜਦੋਂ ਤਿਉਹਾਰਾਂ ਦੀ ਗੱਲ ਆਉਂਦੀ ਹੈ, ਤਾਂ ਅਸੀਂ ਆਪਣੇ ਆਪ ਨੂੰ ਪੇਸ਼ ਕਰਨ ਲਈ ਕੱਪੜਿਆਂ ਅਤੇ ਉਪਕਰਣਾਂ ਬਾਰੇ ਕਿਵੇਂ ਗੱਲ ਨਹੀਂ ਕਰ ਸਕਦੇ? ਇਹ ਪਰੰਪਰਾਗਤ ਜਸ਼ਨ ਫੁਲਕਾਰੀ ਦੇ ਕੰਮ ਵਾਲੇ ਸਲਵਾਰ ਕਮੀਜ਼ ਅਤੇ ਸਜਾਵਟੀ ਢੰਗ ਨਾਲ ਬਣਾਏ ਗਏ ਦੁਪੱਟੇ ਦੀ ਵਰਤੋਂ ਨੂੰ ਪ੍ਰਦਰਸ਼ਿਤ ਕਰਦਾ ਹੈ। ਜੀਵੰਤ ਅਤੇ ਰੰਗੀਨ ਫੁਲਕਾਰੀ ਲੋਹੜੀ ਦੇ ਤਿਉਹਾਰ ਨੂੰ ਬਣਾਉਣ ਵਾਲੇ ਜੋਸ਼ੀਲੇ ਜਸ਼ਨ ਦੇ ਨਾਲ ਮੇਲ ਖਾਂਦੀ ਹੈ। ਫੁਲਕਾਰੀ ਵਾਲੀਆਂ ਸਾੜੀਆਂ/ਸਲਵਾਰਾਂ ਸੂਟ/ਦੁਪੱਟੇ ਜੋ ਫੁਲਕਾਰੀ ਕੰਮ ਨੂੰ ਪ੍ਰਦਰਸ਼ਿਤ ਕਰਦੇ ਹਨ ਜੋ ਇਸ ਦਿਨ ਪਹਿਨਣ ਜਾਂ ਤੋਹਫ਼ੇ ਵਜੋਂ ਵੀ ਦਿੱਤੇ ਜਾਂਦੇ ਹਨ।
ਲੋਹੜੀ ਖੁਸ਼ਹਾਲੀ ਅਤੇ ਨਵੀਂ ਸ਼ੁਰੂਆਤ ਦਾ ਜਸ਼ਨ ਹੈ।ਇਹ ਢੋਲ ਅਤੇ ਸੀਟੀਆਂ ਦੀ ਤਾਲ ‘ਤੇ ਲੋਹੜੀ ਗੀਤ “ਸੁੰਦਰ ਮੁੰਦਰੀਆ” ਦੀ ਧੁਨ ‘ਤੇ ਨੱਚਣ, ਤਾੜੀਆਂ ਵਜਾਉਣ ਅਤੇ ਮਹਿਸੂਸ ਹੋਣ ਵਾਲੀ ਊਰਜਾ ਨਾਲ ਭਰੇ ਮਾਹੌਲ ਵਿੱਚ ਜੈਕਾਰੇ ਗਾਉਣ ਦਾ ਸਮਾਂ ਬੰਨੀਏ।
ਆਉ ਸਭ ਮਿਲ ਕੇ ਆਉਣ ਵਾਲੀ ਲੋਹੜੀ ਤੇ ਜੀਵਨ ਨੂੰ ਚਮਕਦਾਰ ਬਣਾਈਏ।ਇੱਕ ਨਵੀਂ ਸ਼ੁਰੂਆਤ, ਜੀਵਨ ਦਾ ਇੱਕ ਨਵਾਂ ਚੱਕਰ ਅਤੇ ਨਵੀਂ ਖੁਸ਼ੀ ਦਾ ਜਸ਼ਨ ਮਨਾਏ ਤੇ ਆਪਣੇ ਵਿਸਰ ਰਹੇ ਸਭਿਆਚਾਰ ਨੂੰ ਫਿਰ ਤੋਂ ਅਬਾਦ ਕਰੀਏ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮੰਗਾਂ ਨੂੰ ਲੈ ਕੇ ਜਾਮਨਗਰ ਅਤੇ ਦਿੱਲੀ ਕਟੜਾ ਐਕਸਪ੍ਰੈਸ ਵੇਅ ਤੇ ਚੱਲ ਰਿਹਾ ਅਣਮਿੱਥੇ ਸਮੇਂ ਦਾ ਧਰਨਾ ਚੌਥੇ ਦਿਨ ਵੀ ਜਾਰੀ
Next articleਸੰਗਤਾਂ 2027 ਚ ਸ਼੍ਰੀ ਗੁਰੂ ਰਵਿਦਾਸ ਜੀ ਦੀ ਸੋਚ ਦਾ ਬੇਗਮਪੁਰਾ ਬਣਾਉਣ ਲਈ ਡਟ ਜਾਣ-ਕਰੀਮਪੁਰੀ