(ਸਮਾਜ ਵੀਕਲੀ)-ਜਿਵੇਂ ਜਿਵੇਂ ਸਮਾਂ ਗੁਜ਼ਰ ਰਿਹਾ ਹੈ ਉਮਰ ਵਧ ਰਹੀ ਹੈ,ਤਜਰਬਾ ਵੱਧ ਰਿਹਾ ਹੈ,ਸਹਿਣਸ਼ੀਲਤਾ ਵੱਧ ਰਹੀ ਹੈ। ਜ਼ਿੰਦਗੀ ਹਰ ਰੋਜ਼ ਕੁਝ ਨਵਾਂ ਸਿਖਾਉਂਦੀ ਹੈ।ਕਿਤਾਬਾਂ ਦੇ ਸਿੱਖੇ ਸਬਕ ਭਾਵੇਂ ਭੁੱਲ ਜਾਣ ਜ਼ਿੰਦਗੀ ਦੇ ਸਿਖਾਏ ਕਦੀ ਨਹੀਂ ਭੁੱਲਦੇ।
ਕਿਉਂ ਪ੍ਰੇਸ਼ਾਨ ਹੋ ਜਾਂਦੇ ਹੋ ਚਿਹਰੇ ਤੇ ਪਈਆਂ ਕੁਝ ਲਾਈਨਾਂ ਨੂੰ ਵੇਖ ਕੇ ਜਿਨ੍ਹਾਂ ਨੂੰ ਅਸੀਂ ਝੁਰੜੀਆਂ ਕਹਿੰਦੇ ਹਾਂ।ਇਹ ਤਾਂ ਤਜਰਬੇ ਦੀ ਨਿਸ਼ਾਨੀ ਹੈ।ਸਮੇਂ ਨੇ ਤਾਂ ਆਪਣਾ ਰੰਗ ਦਿਖਾਉਣਾ ਹੀ ਹੈ।ਇਹ ਸਾਡੀ ਸੋਚ ਹੈ ਕਿ ਚਿਹਰੇ ਤੇ ਪਏ ਨਿਸ਼ਾਨ, ਝੁਰੜੀਆਂ ਦੇਸ਼ ਦੀ ਸੁੰਦਰਤਾ ਨੂੰ ਘਟਾਉਂਦੇ ਹਨ ਅਜਿਹਾ ਹੈ ਨਹੀਂ।ਤਜਰਬਾ ਚਿਹਰੇ ਤੇ ਦਿਖਾਈ ਦਿੰਦਾ ਹੈ।
ਖੁਸ਼ੀ ਤੇ ਸਕੂਨ ਵੀ ਚਿਹਰੇ ਤੇ ਦਿਖਾਈ ਦਿੰਦਾ ਹੈ।ਸਬਰ ਸਿਦਕ ਦਾ ਪ੍ਰਭਾਵ ਚਿਹਰੇ ਤੇ ਦਿਸਦਾ ਹੈ।ਵਧਦੀ ਉਮਰ ਨਾਲ ਨਿਖਾਰ ਭਾਵੇਂ ਘੱਟ ਜਾਵੇ ਰੂਹਾਨੀਅਤ ਵੱਧ ਜਾਂਦੀ ਹੈ।ਨਾਲੇ ਸਮਾਂ ਵੀ ਕਦੀ ਰੁਕਿਆ ਹੈ।ਇਹ ਤਾਂ ਆਪਣੀ ਚਾਲੇ ਚੱਲਦਾ ਹੀ ਰਹਿੰਦਾ ਹੈ।
ਅੱਖਾਂ ਦੇ ਕੋਲ ਪਈਆਂ ਝੁਰੜੀਆਂ,ਹੱਸਦੇ ਹੋਏ ਥੋੜ੍ਹੀਆਂ ਜਿਹੀਆਂ ਵੱਧ ਜਾਂਦੀਆਂ ਹਨ।ਅੱਖ ਕੁਝ ਡੂੰਘੀਆਂ ਹੋ ਜਾਂਦੀਆਂ ਹਨ।ਨਿਗ੍ਹਾ ਵੀ ਕਮਜ਼ੋਰ ਹੋ ਜਾਂਦੀ ਹੈ।ਪਰ ਮਨੁੱਖ ਨੂੰ ਪਛਾਣਨ ਲਈ ਜੋ ਨਜ਼ਰ ਚਾਹੀਦੀ ਹੈ ਉਹ ਵੱਧ ਜਾਂਦੀ ਹੈ।ਬੰਦਾ ਨਹੀਂ ਬੋਲਦਾ ਫਿਰ ਤਜਰਬਾ ਬੋਲਦਾ ਹੈ।
ਜਵਾਨੀ ਵਿਚ ਹਰ ਕਿਸੇ ਨਾਲ ਉਲਝ ਜਾਂਦੇ ਹਾਂ।ਤਰਕ ਤੇ ਤਰਕ ਦੇ ਕੇ ਆਪਣੀ ਗੱਲ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਾਂ।ਪਰ ਜਿਵੇਂ ਹੀ ਉਮਰ ਵੱਧਦੀ ਹੈ ਸਮਝ ਆ ਜਾਂਦੀ ਹੈ ਕੀ ਰਿਸ਼ਤਾ ਗੁਆਉਣ ਨਾਲੋਂ ਬਹਿਸ ਵਿਚ ਹਾਰ ਜਾਣਾ ਚੰਗਾ।ਕਈ ਵਾਰ ਸਹੀ ਹੁੰਦੇ ਹੋਏ ਵੀ ਚੁੱਪ ਰਹਿ ਜਾਂਦੇ ਹਾਂ।ਫਾਲਤੂ ਬਹਿਸ ਵਿੱਚ ਨਹੀਂ ਪੈਂਦੇ।ਕਿਸੇ ਦੀ ਗੱਲ ਸੁਣ ਕੇ ਕਈ ਵਾਰ ਮੁਸਕਰਾ ਵੀ ਪੈਂਦੇ ਹਾਂ।ਪਤਾ ਹੁੰਦਾ ਹੈ ਕਿ ਸਾਹਮਣੇ ਵਾਲਾ ਗ਼ਲਤ ਹੈ ਪਰ ਚੁੱਪ ਚਾਪ ਸੁਣ ਕੇ ਵੀ ਮਜ਼ਾ ਆਉਂਦਾ ਹੈ।
ਹਊ ਪਰੇ ਕਰਨ ਦਾ ਢੰਗ ਆ ਜਾਂਦਾ ਹੈ।ਛੋਟੀਆਂ ਛੋਟੀਆਂ ਗੱਲਾਂ ਫਿਰ ਮੁਸੀਬਤਾਂ ਨਹੀਂ ਲੱਗਦੀਆਂ।ਸਹਿਣਸ਼ੀਲਤਾ ਵਧ ਜਾਂਦੀ ਹੈ।ਕਿਸੇ ਨੂੰ ਕੋਈ ਗੱਲ ਕਹਿਣ ਤੋਂ ਪਹਿਲਾਂ ਵਿਚਾਰ ਕਰਨ ਲੱਗ ਜਾਂਦੇ ਹਾਂ।ਕਈ ਵਾਰ ਸਿਰਫ ਇਸੇ ਲਈ ਚੁੱਪ ਰਹਿੰਦੇ ਹਾਂ ਕਿ ਸਾਹਮਣੇ ਵਾਲੇ ਦਾ ਦਿਲ ਨਾ ਦੁਖੇ।ਕਈ ਵਾਰ ਸੋਚ ਲੈਂਦੇ ਹਾਂ ਕਿ ਆਪੇ ਉਮਰ ਇਸ ਨੂੰ ਸਿਖਾ ਦੇਵੇਗੀ।
ਹਰ ਸਾਲ ਵਧਦੀ ਉਮਰ ਵਿੱਚ ਖ਼ੁਸ਼ ਰਹੋ।ਭਾਗਾਂ ਵਾਲੇ ਹੋ ਜੋ ਉਮਰ ਵਧ ਰਹੀ ਹੈ।ਪਤਾ ਨਹੀਂ ਕਿੰਨੇ ਫੁੱਲ ਬਿਨਾਂ ਖਿੜੇ ਹੀ ਚਲੇ ਜਾਂਦੇ ਹਨ।ਜੀਅ ਭਰ ਕੇ ਜੀਓ।
ਹਰਪ੍ਰੀਤ ਕੌਰ ਸੰਧੂ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly