ਹਰਪ੍ਰੀਤ ਕੌਰ ਸੰਧੂ
(ਸਮਾਜ ਵੀਕਲੀ) ਟਿਪ ਟੋਪ ਰਿਹਾ ਕਰੋ। ਪਤਾ ਨਹੀਂ ਕਿਹੜਾ ਦਿਨ ਜ਼ਿੰਦਗੀ ਦਾ ਆਖਰੀ ਦਿਨ ਹੋਵੇ। ਅਕਸਰ ਨਵੇਂ ਕੱਪੜੇ ਅਸੀਂ ਕਿਸੇ ਖਾਸ ਦਿਨ ਲਈ ਰੱਖ ਲੈਂਦੇ ਹਾਂ। ਪਰ ਇਹ ਨਹੀਂ ਸਮਝਦੇ ਕਿ ਅੱਜ ਦਾ ਦਿਨ ਹੀ ਖਾਸ ਦਿਨ ਹੈ ਕਿਉਂਕਿ ਅੱਜ ਸਵੇਰੇ ਅਸੀਂ ਉੱਠੇ ਹਾਂ ਜਦੋਂ ਬਹੁਤ ਸਾਰੇ ਲੋਕਾਂ ਨੂੰ ਉੱਠਣ ਦਾ ਮੌਕਾ ਨਹੀਂ ਮਿਲਿਆ।
ਖੁਸ਼ਨਸੀਬ ਹੋ ਕਿ ਇੱਕ ਨਵੀਂ ਸਵੇਰ ਤੁਹਾਡਾ ਇੰਤਜ਼ਾਰ ਕਰਦੀ ਹੈ। ਹਰ ਦਿਨ ਨੂੰ ਇੱਕ ਤਿਉਹਾਰ ਦੀ ਤਰ੍ਹਾਂ ਮਨਾਓ। ਜੋ ਕਰਨ ਦਾ ਸੋਚਿਆ ਹੈ ਅੱਜ ਹੀ ਕਰ ਲਓ। ਕੱਲ ਮਨੁੱਖ ਦੀ ਜ਼ਿੰਦਗੀ ਵਿੱਚ ਕਦੇ ਨਹੀਂ ਆਉਂਦਾ।
ਆਪਣੇ ਆਪ ਨੂੰ ਪਿਆਰ ਕਰਨਾ ਸਿੱਖੋ। ਆਪਣਾ ਖਿਆਲ ਰੱਖੋ। ਇਸ ਸਰੀਰ ਨੇ ਹੀ ਸਾਰੀ ਜ਼ਿੰਦਗੀ ਤੁਹਾਡਾ ਸਾਥ ਦੇਣਾ। ਉਦੋਂ ਵੀ ਜਦੋਂ ਸਾਥ ਦੇਣ ਦਾ ਵਾਅਦਾ ਕਰਨ ਵਾਲੇ ਛੱਡ ਕੇ ਚਲੇ ਜਾਂਦੇ ਹਨ। ਇਹ ਸਰੀਰ ਤੁਹਾਡੀ ਹੋਂਦ ਹੈ। ਇਸ ਦੀ ਸਾਂਭ ਸੰਭਾਲ ਕਰੋ। ਦਿਨ ਵਿੱਚ ਥੋੜਾ ਸਮਾਂ ਸੈਰ ਜਰੂਰ ਕਰੋ।
ਆਪਣੇ ਆਪ ਨਾਲ ਰਹਿਣਾ ਸਿੱਖੋ। ਜਿਸ ਦਿਨ ਤੁਹਾਨੂੰ ਆਪਣੇ ਆਪ ਨਾਲ ਰਹਿਣਾ ਆ ਗਿਆ ਉਸ ਦਿਨ ਤੁਸੀਂ ਬਹੁਤ ਮਜਬੂਤ ਹੋ ਜਾਵੋਗੇ। ਤੁਸੀਂ ਆਪਣਿਆਂ ਦਾ ਖਿਆਲ ਉਦੋਂ ਹੀ ਰੱਖ ਸਕਦੇ ਹੋ ਜਦੋਂ ਤੁਸੀਂ ਆਪ ਮਾਨਸਿਕ ਤੌਰ ਤੇ ਤੰਦਰੁਸਤ ਹੋਵੋ।
ਮਾਨਸਿਕ ਤੰਦਰੁਸਤੀ ਲਈ ਸਾਡੀ ਸੋਚ ਦਾ ਸਕਾਰਾਤਮਕ ਹੋਣਾ ਬਹੁਤ ਜਰੂਰੀ ਹੈ। ਹਰ ਵੇਲੇ ਝੂਰੀ ਨਾ ਜਾਇਆ ਕਰੋ। ਮਨੁੱਖਾ ਜਨਮ ਮਿਲਿਆ ਹੈ ਇਹ ਕੀ ਘੱਟ ਹੈ। ਮੁਕੰਮਲ ਤੱਕ ਕਿਸੇ ਨੂੰ ਵੀ ਸਭ ਕੁਝ ਨਹੀਂ ਮਿਲਦਾ। ਮੁਕੰਮਲ ਦਰ ਅਸਲ ਕੁਝ ਹੁੰਦਾ ਹੀ ਨਹੀਂ। ਜੋ ਹੈ ਉਸ ਵਿੱਚ ਖੁਸ਼ ਰਹਿਣਾ ਸਿੱਖੋ।
ਜੋ ਤੁਹਾਡੇ ਕੋਲ ਆਵੇ ਉਸਨੂੰ ਜੀ ਆਇਆ ਕਹੋ। ਕਿਸੇ ਨੂੰ ਰਿਸ਼ਤੇ ਵਿੱਚ ਬੰਨਣ ਦੀ ਕੋਸ਼ਿਸ਼ ਨਾ ਕਰੋ। ਜੋ ਜਾਣਾ ਚਾਹੁੰਦਾ ਹੈ ਉਸ ਲਈ ਦਰਵਾਜ਼ੇ ਖੋਲ ਦਿਓ। ਰਿਸ਼ਤਿਆਂ ਦੀ ਵੀ ਆਪਣੀ ਇੱਕ ਉਮਰ ਹੁੰਦੀ ਹੈ। ਸਮਾਂ ਆਉਣ ਤੇ ਰਿਸ਼ਤੇ ਵੀ ਖਤਮ ਹੋ ਜਾਂਦੇ ਹਨ।
ਤੁਹਾਡੇ ਆਲੇ ਦੁਆਲੇ ਤੁਹਾਡੇ ਦੋਸਤਾਂ ਸਕੇ ਸਬੰਧੀਆਂ ਸਭ ਵਿੱਚ ਸਭ ਤੋਂ ਮਹੱਤਵਪੂਰਨ ਤੁਸੀਂ ਖੁਦ ਹੋ। ਤੁਸੀਂ ਹੋ ਤਾਂ ਤੁਹਾਡੇ ਲਈ ਇਹ ਦੁਨੀਆ ਹੈ।
ਜੀਓ ਤੇ ਦੂਜਿਆਂ ਨੂੰ ਵੀ ਜੀਣ ਦਿਓ। ਨਾ ਕਿਸੇ ਨੂੰ ਆਪਣੇ ਮੁਤਾਬਕ ਚਲਾਉਣ ਦੀ ਕੋਸ਼ਿਸ਼ ਕਰੋ ਅਤੇ ਨਾ ਹੀ ਕਿਸੇ ਤੇ ਕੋਈ ਭਾਵਨਾਤਮਕ ਦਬਾਅ ਬਣਾਓ। ਖੁਸ਼ ਰਹੋ। ਮੁਸਕਰਾਹਟ ਚਿਹਰੇ ਤੇ ਬਣਾਈ ਰੱਖੋ। ਤਿਤਲੀਆਂ ਵੀ ਖਿੜੇ ਹੋਏ ਫੁੱਲਾਂ ਵੱਲ ਜਾਂਦੀਆਂ ਹਨ। ਤੁਹਾਡੀ ਮੁਸਕਰਾਹਟ ਸਾਹਮਣੇ ਵਾਲੇ ਦੇ ਚਿਹਰੇ ਤੇ ਵੀ ਮੁਸਕਰਾਹਟ ਲੈ ਆਏਗੀ।
ਖੁਸ਼ ਰਹੋ ਆਬਾਦ ਰਹੋ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly