ਸੋਸ਼ਲ ਮੀਡੀਆ ਤੇ ਸਾਹਿਤ ਜਾਂ ਘੁੱਗੂ ਘਾਂਗੜਿਆਂ ਦੇ ਮੁਕਾਬਲੇ

ਰਮੇਸ਼ਵਰ ਸਿੰਘ ਪਟਿਆਲਾ

(ਸਮਾਜ ਵੀਕਲੀ)

ਇੱਕ ਸਾਲ ਤੋਂ ਕੋਰੋਨਾ ਦੇ ਮੱਕੜ ਜਾਲ ਵਿੱਚ ਪੂਰੀ ਦੁਨੀਆਂ ਫਸ ਗਈ ਸਾਰੀ ਦੁਨੀਆਂ ਵਿੱਚ ਹਾਹਾਕਾਰ ਮੱਚ ਗਈ ਸਰਕਾਰਾਂ ਸਮਾਜਿਕ ਜਥੇਬੰਦੀਆਂ ਡਾ. ਤੇ ਸਾਇੰਸਦਾਨ ਖੋਜ ਤੇ ਇਲਾਜ ਵੱਲ ਤੁਰੰਤ ਕਦਮ ਉਠਾਉਣ ਲੱਗੇ।ਬਿਜਲਈ ਤੇ ਪ੍ਰਿੰਟ ਮੀਡੀਆ ਤੇ ਕਰੋਨਾ ਮਹਾਂਮਾਰੀ ਦੇ ਹਾਲਾਤਾਂ ਤੇ ਯੋਗ ਹੱਲ ਤਰੀਕੇ ਦੱਸਣੇ ਚਾਲੂ ਕਰ ਦਿੱਤੇ।ਸੋਸਲ ਮੀਡੀਆ ਜਿਸ ਵਿੱਚ ਵ੍ਹੱਟਸਐਪ ਫੇਸਬੁੱਕ ਯੂਟਿਊਬ ਇੰਸਟਾਗ੍ਰਾਮ ਸਾਰੇ ਸਾਧਨਾਂ ਵਿੱਚ ਹੱਲ ਘੱਟ ਤੇ ਮਜ਼ਾਕ ਉਡਾਉਣ ਦੇ ਤਰੀਕੇ ਜ਼ਿਆਦਾ ਵੇਖੇ ਤੇ ਦੱਸੇ ਜਾਂਦੇ ਹਨ।ਸਾਡਾ ਪੰਜਾਬੀਆਂ ਦਾ ਤਾਂ ਅੰਦਾਜ਼ ਹੀ ਵੱਖਰਾ ਹੈ,ਆਪਣੀ ਖ਼ਾਸ ਕਹਾਵਤ ਹੈ “ਵਿਹਲੀ ਰੰਨ ਪਰਾਹੁਣਿਆਂ ਜੋਗੀ” ਘਰ ਬੈਠਿਆਂ ਨੇ ਮਨੋਰੰਜਨ ਤੋਂ ਇਲਾਵਾ ਅਲੱਗ ਅਲੱਗ ਤਰੀਕਿਆਂ ਦੇ ਮੁਕਾਬਲੇ ਚਾਲੂ ਕਰ ਲਏ।

ਮੇਰੇ ਜਿਹੇ ਜੋ ਆਪਣੇ ਆਪ ਨੂੰ ਬਹੁਤ ਦਿਮਾਗ ਵਾਲੇ ਸਮਝਦੇ ਹਨ ਉਨ੍ਹਾਂ ਨੇ ਆਨਲਾਈਨ ਆ ਕੇ ਕਿਸੇ ਨਾ ਕਿਸੇ ਵਿਸ਼ੇ ਤੇ ਭਾਸ਼ਣ ਦੇਣੇ ਚਾਲੂ ਕਰ ਦਿੰਦੇ ਹਨ ਤੇ ਫਿਰ ਲੋਕਾਂ ਨੂੰ ਆਪਣੇ ਵਿੱਚ ਲਿਖਣ ਲਈ ਪ੍ਰੇਰਦੇ ਹਨ ਸਾਫ ਲਿਖਿਆ ਹੁੰਦਾ ਹੈ ਕਿ ਕਮੈਂਟ ਕਰੋ,ਜਦੋਂ ਵੀ ਸਮਾਂ ਮਿਲਦਾ ਹੈ ਕੋਈ ਵੀ ਵਿਸ਼ਾ ਲੈ ਕੇ ਲੜੀ ਚਾਲੂ ਰਹਿੰਦੀ ਹੈ ਪਰ ਪੱਲੇ ਕੁਝ ਪੈਂਦਾ ਨਹੀਂ। ਜੋ ਥੋਡ਼੍ਹੀ ਬਹੁਤ ਕਲਮ ਵਾਹੁਣ ਵਾਲੇ ਹਨ ਉਨ੍ਹਾਂ ਨੇ ਕਵਿਤਾਵਾਂ,ਲੇਖਾਂ,ਕਹਾਣੀਆਂ ਤੇ ਮਿੰਨੀ ਕਹਾਣੀਆਂ ਦੇ ਮੁਕਾਬਲੇ ਚਾਲੂ ਕਰ ਦਿੱਤੇ,ਕੁਝ ਪ੍ਰਕਾਸ਼ਕਾਂ ਨੇ ਆਪਣਾ ਧੰਦਾ ਮੱਠਾ ਪਿਆ ਵੇਖ ਕੇ,ਮੇਰੇ ਵਾਂਗ ਫੇਸਬੁੱਕ ਉੱਤੇ ਜ਼ਿਆਦਾ ਭਕਾਈ ਮਾਰਨ ਵਾਲੇ ਕੰਮ ਚਲਾਊ ਲੇਖਕਾਂ ਨੂੰ ਫੜ ਲਿਆ।

ਤਹਾਨੂੰ ਇੱਕ ਕਿਤਾਬ ਦਾ ਸੰਪਾਦਕ ਬਣਾਵਾਂਗੇ ਤੁਸੀਂ ਰਚਨਾਵਾਂ ਇਕੱਠੀਆਂ ਕਰੋ ਤੇ ਇਕ ਰਚਨਾ ਦੀ ਫੀਸ ਪੰਜ ਸੌ ਤੋਂ ਇੱਕ ਹਜਾਰ ਰੱਖ ਲਵੋ।ਤੁਸੀਂ ਮੁਫਤ ਵਿਚ ਸਥਾਪਤ ਸੰਪਾਦਕ ਬਣ ਜਾਓਗੇ ਤੇ ਸਾਨੂੰ ਰਚਨਾਵਾਂ ਛੁਪਾਉਣ ਵਾਲਿਆਂ ਦੇ ਭੇਜੇ ਫੰਡ ਦੀ ਮੋਟੀ ਕਮਾਈ ਹੋਵੇਗੀ ਤੁਹਾਡਾ ਚਾਹ ਪਾਣੀ ਪੱਕਾ ਹੈ।ਸੰਪਾਦਕ ਬਣਾਉਣ ਵਿਚ ਬੀਬੀਆਂ ਨੂੰ ਪਹਿਲ ਦਿੱਤੀ ਗਈ ਕਿਉਂਕਿ ਫੇਸਬੁੱਕ ਵਿੱਚ ਵੇਖਦੇ ਹੀ ਹਾਂ ਕੋਈ ਬੀਬਾ ਟੁੱਟੀ ਫੁੱਟੀ ਕਵਿਤਾ ਲਿਖ ਦੇਵੇ ਉਸ ਦੇ ਹੱਕ ਵਿੱਚ ਭੁਗਤਣ ਵਾਲੇ ਹਜ਼ਾਰਾਂ ਮੇਰੇ ਜਿਹੇ ਅਜਿਹੇ ਮੌਕੇ ਦੀ ਤਾਕ ਵਿੱਚ ਹੁੰਦੇ ਹਨ ਕਿਉਂ ਆਪਾਂ ਸਾਰੇ ਜਾਣਦੇ ਹੀ ਹਾਂ। ਕੁਝ ਜ਼ਿਆਦਾ ਪੜ੍ਹੇ ਲਿਖੇ ਲੋਕਾਂ ਨੂੰ ਸਾਹਿਤਕਾਰ ਪਿੜ ਮਿਲਿਆ ਜਿਸ ਵਿਚ ਮਨੋਰੰਜਨ ਤੇ ਲੋਕਾਂ ਨਾਲ ਸਾਂਝ ਵਧੇਗੀ।

ਖੁੱਲ੍ਹੀਆਂ ਕਵਿਤਾਵਾਂ ਮਿੰਨੀ ਕਹਾਣੀਆਂ ਮੁਕਾਬਲੇ ਚਾਲੂ ਹੋ ਗਏ ਇਕ ਨਵਾਂ ਹੀ ਕਮਾਲ ਵੇਖਿਆ,ਪਿੰਗਲ ਤੇ ਛੰਦ ਜਿਸ ਤੋਂ ਸਾਡੀ ਸਕੂਲੀ ਸਿੱਖਿਆ ਦੂਰ ਹੁੰਦੀ ਜਾ ਰਹੀ ਹੈ,ਜਿਨ੍ਹਾਂ ਦੀ ਕਲਮ ਥੋੜ੍ਹੀ ਬਹੁਤ ਚੱਲ ਪਈ ਸੀ ਉਨ੍ਹਾਂ ਨੇ ਇਹ ਨਵੀਂ ਸਟੇਜ ਮੁਕਾਬਲਾ ਰੂਪੀ ਚੁਣ ਲਈ,ਸ਼ੁਰੂ ਹੋ ਗਿਆ ਬੋਲੀਆਂ,ਛੰਦਾਂ, ਕਹਾਵਤਾਂ ਤੇ ਇਲਾਕਾਈ ਭਾਸ਼ਾਵਾਂ ਦਾ ਮੁਕਾਬਲਾ ਅਲੱਗ ਅਲੱਗ ਤਰ੍ਹਾਂ ਦੇ ਵ੍ਹੱਟਸਐਪ ਇੰਸਟਾਗ੍ਰਾਮ ਅਤੇ ਫੇਸਬੁੱਕ ਵਿਚ ਗਰੁੱਪ ਬਣਾ ਲਏ।ਮੇਰੇ ਜਿਹੇ ਨੌਕਰੀ ਕਰ ਰਹੇ ਘਰ ਬੈਠਿਆਂ ਦੀ ਜੇਬ ਫੁੱਲ ਕੰਮਕਾਰ ਤੋਂ ਵਿਹਲੇ “ਮੇਰਾ ਮੀਆਂ ਘਰ ਨਹੀਂ ਮੈਨੂੰ ਕਿਸੇ ਦਾ ਡਰ ਨਹੀਂ” ਅਜਿਹੇ ਮੁਕਾਬਲਾ ਬਾਜ਼ੀ ਗਰੁੱਪਾਂ ਦੇ ਮੇਰੇ ਹਿਸਾਬ ਨਾਲ ਪ੍ਰਬੰਧਕ ਹੁੰਦੇ ਹਨ ਪਰ ਇਕ ਨਵਾਂ ਹੀ ਸ਼ਬਦ ਪੜ੍ਹਨ ਨੂੰ ਮਿਲਦਾ ਹੈ,ਐਡਮਿਨ ਪੰਜਾਬੀ ਮਾਂ ਬੋਲੀ ਭਾਸ਼ਾ ਲਈ ਮੁਕਾਬਲੇ ਕਰਵਾਏ ਜਾ ਰਹੇ ਹਨ ਪਰ ਤੋੜ ਭੰਨ ਵਿਦੇਸ਼ੀ ਭਾਸ਼ਾਵਾਂ ਦੀ ਕੀਤੀ ਜਾਂਦੀ ਹੈ।

ਅਜਿਹੇ ਮੁਕਾਬਲਿਆਂ ਵਿੱਚ ਮੋਢੀ ਬੀਬੀਆਂ ਤੇ ਭੈਣਾਂ ਨੂੰ ਰੱਖਿਆ ਜਾਂਦਾ ਹੈ ਪਤਾ ਨੀ ਉਨ੍ਹਾਂ ਕੋਲ ਗਾਹਕ ਖਿੱਚਣ ਦੀ ਤਰਕੀਬ ਵਧੀਆ ਹੁੰਦੀ ਹੈ ਇਸ ਮੁਕਾਬਲੇ ਲਈ ਮੈਂਬਰ ਬਣਨ ਲਈ ਫੀਸ ਰੱਖੀ ਜਾਂਦੀ ਹੈ।ਮੁਕਾਬਲੇ ਲੜੀਵਾਰ ਚਲਦੇ ਹਨ ਜਿਸ ਦਾ ਫ਼ੈਸਲਾ ਕਰਨ ਲਈ ਇਕ ਟੀਮ ਬਣਾਈ ਜਾਂਦੀ ਹੈ,ਜਿੱਤਣ ਵਾਲਿਆਂ ਨੂੰ ਗਿਆਰਾਂ ਸੌ ਇੱਕੀ ਸੌ ਇਕੱਤੀ ਸੌ ਆਮ ਤੌਰ ਤੇ ਇਨਾਮ ਦਿੱਤਾ ਜਾਂਦਾ ਹੈ।ਪਰ ਹੁਣ ਮੁਕਾਬਲੇਬਾਜ਼ੀਆਂ ਵਿੱਚ ਵੀ ਮੁਕਾਬਲਾ ਹੈ ਜਿਸ ਨਾਲ ਫੀਸ ਤੇ ਇਨਾਮੀ ਰਕਮ ਵੀ ਵਧਦੀ ਜਾ ਰਹੀ ਹੈ।ਮੈਨੂੰ ਕਈ ਗਰੁੱਪ ਵਾਲਿਆਂ ਦੇ ਇਸ ਮੁਕਾਬਲੇ ਵਿਚ ਹਿੱਸਾ ਲੈਣ ਲਈ ਫੋਨ ਅਕਸਰ ਆਉਂਦੇ ਰਹਿੰਦੇ ਹਨ,ਮੇਰਾ ਉਨ੍ਹਾਂ ਦੀ ਗੱਲ ਸੁਣਨ ਤੋਂ ਬਾਅਦ ਹਮੇਸ਼ਾ ਪੱਕਾ ਸੁਆਲ ਹੁੰਦਾ ਹੈ ਕਿ ਸਾਹਿਤਕ ਮੁਕਾਬਲੇ ਕੀ ਹੁੰਦੇ ਹਨ ?

ਜਿਸ ਤਰ੍ਹਾਂ ਆਪਣੀ ਸ਼ਕਲ ਪਸੰਦ ਤੇ ਰਹਿਣ ਸਹਿਣ ਦੇ ਤਰੀਕੇ ਅਲੱਗ ਹਨ,ਇਸੇ ਤਰ੍ਹਾਂ ਆਪਾਂ ਸਾਹਿਤ ਦਾ ਕੋਈ ਰੂਪ ਰਚਦੇ ਹੋਈਏ ਉਸਦੇ ਵੀ ਅਲੱਗ ਅਲੱਗ ਰੂਪ ਹੋਣਗੇ, ਉਨ੍ਹਾਂ ਦਾ ਕਿਸ ਤਰ੍ਹਾਂ ਮੁਕਾਬਲਾ ਕਰਾਇਆ ਜਾ ਸਕਦਾ ਹੈ ਸਮਝ ਤੋਂ ਬਾਹਰ ਹੈ।ਕਿਸੇ ਵੀ ਮੁਕਾਬਲੇ ਦੇ ਪ੍ਰਬੰਧਕ ਦਾ ਸਹੀ ਰੂਪ ਵਿੱਚ ਜਵਾਬ ਨਹੀਂ ਮਿਲਿਆ ਮਿਲੇ ਤਾਂ ਜੇ ਜਵਾਬ ਮੌਜੂਦ ਹੋਵੇ। ਲੇਖਕ ਭੈਣਾਂ ਭਰਾਵਾਂ ਨੂੰ ਸਭ ਨੂੰ ਪਤਾ ਹੈ ਕਿ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਕਲਮ ਚਲਾਉਣ,ਕਿਸੇ ਸਾਹਿਤਕ ਸਭਾ ਤੇ ਕਲਾ ਵਿੱਚ ਹਿੱਸਾ ਲੈਣ ਲਈ ਸਰਕਾਰ ਜਾਂ ਆਪਣੇ ਵਿਭਾਗ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੁੰਦੀ ਹੈ।ਪਤਾ ਨੀ ਅਜਿਹੇ ਮੁਕਾਬਲਿਆਂ ਲਈ ਹਿੱਸਾ ਲੈਣ ਵਾਲਿਆਂ ਨੂੰ ਕਿਵੇਂ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ ਕਿ ਜਾਂ ਫਿਰ ਬਿਜਲੀ ਦੀ ਚੋਰੀ ਵਾਲੀ ਕੁੰਡੀ ਹੁੰਦੀ ਹੈ।

ਅਜਿਹੇ ਮੁਕਾਬਲਿਆਂ ਚ ਹਿੱਸਾ ਲੈਣ ਵਾਲੇ ਬਾਅਦ ਵਿੱਚ ਇੱਕ ਦੂਸਰੇ ਨਾਲ ਲੜਾਈ ਝਗੜਾ ਵੀ ਕਰਦੇ ਹਨ,ਇਹ ਪਤਾ ਨਹੀਂ ਕਿ ਨਤੀਜਾ ਗਲਤ ਨਿਕਲਿਆ ਜਾਂ ਬਣਦਾ ਇਨਾਮ ਨਹੀਂ ਦਿੱਤਾ ਗਿਆ।ਚਲੋ ਜੇ ਮਨੋਰੰਜਨ ਲਈ ਸਾਹਿਤ ਬਾਰੇ ਕੁਝ ਕਰਨਾ ਹੈ,ਉਸ ਲਈ ਸਾਹਿਤ ਦੇ ਰੂਪ ਵਾਰਤਕ ਕਹਾਣੀਆਂ ਹਾਸ ਵਿਅੰਗ ਮਿੰਨੀ ਕਹਾਣੀਆਂ ਹੋਰ ਅਨੇਕਾਂ ਰੂਪ ਹਨ ਪਰ ਇੱਥੇ ਮੁਕਾਬਲੇ ਪਿੰਗਲ ਦੇ ਛੰਦਾਂ ਦੇ ਹੋ ਰਹੇ ਹਨ।ਲੱਗਦਾ ਹੈ ਇਸੇ ਤਰ੍ਹਾਂ ਮੁਕਾਬਲੇ ਜ਼ੋਰ ਫੜਦੇ ਗਏ ਤਾਂ ਮੁਹਾਰਨੀ ਦਾ ਮੁਕਾਬਲਾ ਵੀ ਜ਼ਰੂਰ ਹੋਵੇਗਾ। ਤਿੰਨ ਕੁ ਦਹਾਕਿਆਂ ਤੋਂ ਜਿਵੇਂ ਜਿਵੇਂ ਕਿਤਾਬਾਂ ਪੜ੍ਹਨ ਤੇ ਛਪਣ ਦਾ ਰੁਝਾਨ ਘਟਦਾ ਜਾ ਰਿਹਾ ਹੈ ਉਸ ਤੋਂ ਅੱਗੇ ਸਾਡੇ ਪੰਜਾਬੀ ਅਖ਼ਬਾਰ ਹਨ ਜੋ ਪ੍ਰਿੰਟ ਤੇ ਆਨਲਾਈਨ ਹਨ ਸਾਹਿਤਕ ਪੰਨਿਆਂ ਨੂੰ ਹਰ ਰੋਜ਼ ਖੁੱਲ੍ਹੀ ਥਾਂ ਦਿੰਦੇ ਹਨ ਤੇ ਹਰ ਕੋਈ ਰਚਨਾ ਨੂੰ ਪੁਣ ਛਾਣ ਕੇ ਛਾਪਦੇ ਹਨ।

ਸਾਨੂੰ ਮਾਣ ਹੈ ਸਾਡੇ ਸਾਰੇ ਪੰਜਾਬੀ ਅਖਬਾਰਾਂ ਤੇ ਜਿਨ੍ਹਾਂ ਨੇ ਖ਼ਬਰਾਂ ਦੇ ਨਾਲ ਸਾਡੀ ਮਾਂ ਬੋਲੀ ਪੰਜਾਬੀ ਦੇ ਸਾਹਿਤ ਦੀ ਜੜ੍ਹ ਬਹੁਤ ਮਜ਼ਬੂਤ ਕਰ ਦਿੱਤੀ ਹੈ।ਪਰ ਸਦਕੇ ਜਾਈਏ ਸਾਡੇ ਪਾਠਕਾਂ ਦੇ ਅਖਬਾਰ ਖਰੀਦ ਕੇ ਪੜ੍ਹਨਾ ਬਿਲਕੁੱਲ ਨਹੀਂ ਜਾਣਦੇ,ਜੋ ਘਰ ਖਰੀਦ ਕੇ ਅਖ਼ਬਾਰ ਪੜ੍ਹਦੇ ਸਨ ਕਰੋਨਾ ਅਖ਼ਬਾਰਾਂ ਰਾਹੀਂ ਘਰ ਆ ਸਕਦਾ ਹੈ ਬੰਦ ਕਰ ਦਿੱਤੇ ਜੋ ਇਕ ਬਹਾਨਾ ਹੀ ਹੈ।ਜੇ ਕਿਤੇ ਗੁਆਂਢੀ ਦਾ ਅਖ਼ਬਾਰ ਮੰਗ ਕੇ ਲੈ ਜਾਣ ਤਾਂ ਵਾਪਿਸ ਕਰਨਾ ਭੁੱਲ ਜਾਣ ਦੀ ਭੈੜੀ ਆਦਤ ਹੈ।ਆਨਲਾਈਨ ਅਖ਼ਬਾਰ ਨੂੰ ਪੜ੍ਹਨ ਲਈ ਥੋੜ੍ਹੇ ਪੈਸੇ ਖਰਚ ਹੁੰਦੇ ਹਨ ਉਸ ਲਈ ਵੀ ਕੰਜੂਸੀ ਹੀ ਵਰਤੀ ਜਾਂਦੀ ਹੈ ਬਹੁਤ ਵਾਰ ਮੈਨੂੰ ਅਕਸਰ ਸੁਨੇਹੇ ਆਉਂਦੇ ਹਨ ਤੁਸੀਂ ਜੋ ਅਖ਼ਬਾਰ ਪੜ੍ਹਦੇ ਹੋ, ਸਾਨੂੰ ਪੀਡੀਐਫ ਜ਼ਰੂਰ ਭੇਜਿਆ ਕਰੋ।

ਮਾਂ ਬੋਲੀ ਸਾਡੀ ਆਪਣੀ ਹੈ ਤਹਾਨੂੰ ਜੇ ਕਲਮ ਫੜਨ ਦੀ ਜਾਂਚ ਹੈ ਅਲੱਗ ਅਲੱਗ ਰੂਪ ਵਿੱਚ ਰਚਨਾਵਾਂ ਲਿਖੋ,ਅਖ਼ਬਾਰਾਂ ਦੇ ਸਭ ਲੇਖਕਾਂ ਲਈ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ,ਸਾਹਿਤ ਦੇ ਹਰ ਰੂਪ ਦੇ ਅਖ਼ਬਾਰ ਉੱਚ ਕੋਟੀ ਦੇ ਜੱਜ ਹਨ,ਕੋਈ ਮੁਕਾਬਲਾ ਨਹੀਂ,ਕੋਈ ਫ਼ੀਸ ਨਹੀਂ ਰਚਨਾ ਛਪ ਗਈ ਤੁਸੀਂ ਪੱਕੇ ਜੇਤੂ ਹੋ,ਕਿਸੇ ਦੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ। ਅਜਿਹੇ ਮੁਕਾਬਲਿਆਂ ਦਾ ਕਦੇ ਕੋਈ ਨਤੀਜਾ ਅੱਜ ਤਕ ਨਿਕਲਿਆ ਨਹੀਂ ਵਾਧੂ ਵਿਹਲਾ ਸਮਾਂ ਪਾਸ ਕਰਨ ਲਈ ਕਿਉਂ ਆਪਣਾ ਕੀਮਤੀ ਸਮਾਂ ਖ਼ਰਾਬ ਕਰ ਰਹੇ ਹੋ ਮਾਂ ਬੋਲੀ ਦੀ ਸੇਵਾ ਕਰਨੀ ਹੈ ਸਹੀ ਰੂਪ ਵਿਚ ਕਰੋ ਮੁਕਾਬਲੇ ਤੇ ਮੁਕਾਬਲਿਆਂ ਲਈ ਪੈਸਾ ਵਸੂਲੀ ਤੇ ਨਤੀਜੇ ਕੱਢਣੇ ਕਿਸੇ ਕੰਮ ਨਾ ਆਏ ਹਨ ਨਾ ਆਉਣਗੇ। ਆਓ ਰਲ ਮਿਲ ਕੇ ਇਕ ਦੂਸਰੇ ਦੀ ਸਲਾਹ ਲੈ ਕੇ ਸਾਹਿਤ ਰਚੀਏ, ਮਾਂ ਬੋਲੀ ਪੰਜਾਬੀ ਦੀ ਰੱਜ ਕੇ ਸੇਵਾ ਕਰੀਏ।

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ-9914880392

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਂਝੀ ਪੀੜ
Next articleWimbledon: Djokovic to face Berrettini in final