HOME ਸਾਹਿਤਕ ਮਹਿਕ ਨਾਲ ਗੂੰਜਿਆ ਸੰਗਰੂਰ: “ਨਵੀਆਂ ਕਲਮਾਂ ਨਵੀਂ ਉਡਾਣ” ਤਹਿਤ ਬਾਲ ਸਾਹਿਤ...

ਸਾਹਿਤਕ ਮਹਿਕ ਨਾਲ ਗੂੰਜਿਆ ਸੰਗਰੂਰ: “ਨਵੀਆਂ ਕਲਮਾਂ ਨਵੀਂ ਉਡਾਣ” ਤਹਿਤ ਬਾਲ ਸਾਹਿਤ ਉਤਸਵ ਸੰਪੰਨ

3

ਬਠਿੰਡਾ  (ਸਮਾਜ ਵੀਕਲੀ) – ਪੰਜਾਬ ਭਵਨ ਸਰੀ ਕੈਨੇਡਾ ਦੇ ਮੁੱਖ ਸੰਸਥਾਪਕ ਸੁੱਖੀ ਬਾਠ  ਦੁਆਰਾ ਚਲਾਏ ਜਾ ਰਹੇ ਪ੍ਰੋਜੈਕਟ ”ਨਵੀਆਂ ਕਲਮਾਂ ਨਵੀਂ ਉਡਾਣ” ਦੇ ਅਧੀਨ, ਸੰਗਰੂਰ ਦੇ ਅਕਾਲ ਕਾਲਜ ਮਸਤੂਆਣਾ ਸਾਹਿਬ ਵਿਖੇ ਇੱਕ ਰੋਜ਼ਾ ਬਾਲ ਸਾਹਿਤ ਉਤਸਵ ਦਾ ਸਫਲ ਆਯੋਜਨ ਕੀਤਾ ਗਿਆ। ਇਸ ਉਤਸਵ ਵਿੱਚ ਛੇ ਜ਼ਿਲ੍ਹਿਆਂ ਤੋਂ ਤਕਰੀਬਨ 600-650 ਬਾਲ ਸਾਹਿਤਕਾਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸਮਾਗਮ ਦਾ ਆਗਾਜ਼ ਸ਼ਮ੍ਹਾਂ ਰੌਸ਼ਨ ਕਰਨ ਦੀ ਰਸਮ ਨਾਲ ਹੋਇਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐੱਸ. ਐੱਸ. ਪਾਪੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਬਾਲ ਉਤਸਵ ਦੀ ਪ੍ਰਧਾਨਗੀ ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਮਸਤੂਆਣਾ ਸਾਹਿਬ, ਪੰਜਾਬੀ ਬਾਲ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਅਤੇ ਵਿਸ਼ੇਸ਼ ਸਹਿਯੋਗ ਸੁਖਵਿੰਦਰ ਸਿੰਘ ਫੁੱਲ ਇੰਚਾਰਜ ਅਜੀਤ ਉਪ ਦਫਤਰ ਜਿਲ੍ਹਾ ਸੰਗਰੂਰ,ਦਾ ਰਿਹਾ। ਪ੍ਰੋਜੈਕਟ ਦੇ ਸੰਚਾਲਕ ਸ੍ਰੀ ਸੁੱਖੀ ਬਾਠ ਅਤੇ ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ  ਦੀ ਵਿਸ਼ੇਸ਼ ਹਾਜ਼ਰੀ ਰਹੀ। ਸਮਾਗਮ ਦੌਰਾਨ, ਛੇ ਵੱਖ-ਵੱਖ ਜ਼ਿਲ੍ਹਿਆਂ ਦੀਆਂ 9 ਬਾਲ ਸਾਹਿਤ ਦੀਆਂ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ। ਇਨ੍ਹਾਂ ਵਿੱਚ ਸੰਗਰੂਰ, ਪਟਿਆਲਾ ਦੀਆਂ ਦੋ ਕਿਤਾਬਾਂ ਪ੍ਰਾਇਮਰੀ ਅਤੇ ਸੈਕੰਡਰੀ, ਮਲੇਰਕੋਟਲਾ, ਬਰਨਾਲਾ ਜਿਲੇ ਦੀਆਂ ਦੋ ਕਿਤਾਬਾਂ, ਬਠਿੰਡਾ ਦੀਆਂ ਵੀ ਦੋ ਕਿਤਾਬਾਂ ਮੈਰੀਟੋਰੀਅਸ ਸਕੂਲ ਅਤੇ ਸੈਕੰਡਰੀ ਵਰਗ ਦੀਆਂ  ਅਤੇ ਮੋਗਾ ਜਿਲੇ ਦੀ ਇੱਕ ਕਿਤਾਬ  ਸ਼ਾਮਲ ਸਨ। ਪ੍ਰੋਜੈਕਟ “ਨਵੀਆਂ ਕਲਮਾਂ ਨਵੀਂ ਉਡਾਣ” ਦੇ ਤਹਿਤ, ਬਠਿੰਡਾ ਦੇ ਬਾਲ ਸਾਹਿਤਕਾਰਾਂ ਦੀ ਇੱਕ ਨਵੀਂ ਬਾਲ ਪੁਸਤਕ ਲੋਕ ਅਰਪਣ ਕੀਤੀ ਗਈ ਹੈ। ਇਸ ਪੁਸਤਕ ਦਾ ਸੰਪਾਦਕ ਜਤਿੰਦਰ ਸ਼ਰਮਾ ਅਤੇ ਸਹਿ ਸੰਪਾਦਕ ਗੁਰਵਿੰਦਰ ਸਿੰਘ ਸਿੱਧੂ ਹਨ। ਸਮਾਗਮ ਵਿੱਚ ਹਿੱਸਾ ਲੈਣ ਵਾਲੇ ਬਾਲ ਸਾਹਿਤਕਾਰਾਂ ਨੇ ਮੰਚ ਉੱਤੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਅਤੇ ਸਰੋਤਿਆਂ ਤੋਂ ਖੂਬ ਵਾਹ ਵਾਹ ਖੱਟੀ।  ਨਥਾਣਾ ਦੇ ਬਾਲ ਕਲਾਕਾਰਾਂ ਦੇ ਨਾਟਕ ਅਤੇ ਭੰਗੜੇ ਨੇ ਸਭ ਸ੍ਰੋਤਿਆਂ ਦਾ ਮਨ ਮੋਹ ਲਿਆ। ਇਸ ਮੌਕੇ ਮਮਤਾ ਖ਼ੁਰਾਣਾ ਸੇਠੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਕਿਹਾ ਕਿ ਅਜਿਹੇ ਉਤਸਵ ਬੱਚਿਆਂ ਨੂੰ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਅਤੇ ਸਮਾਜਿਕ ਮੁੱਦਿਆਂ ਬਾਰੇ ਜਾਗਰੂਕ ਹੋਣ ਦਾ ਮੌਕਾ ਦਿੰਦੇ ਹਨ। ਉਨ੍ਹਾਂ ਨੇ ਇਸ ਪ੍ਰੋਜੈਕਟ ਦੀ ਸਫਲਤਾ ਲਈ ਸਮੂਹ ਪ੍ਰਬੰਧਕਾਂ ਅਤੇ ਭਾਗ ਲੈਣ ਵਾਲਿਆਂ ਦੀ ਸ਼ਲਾਘਾ ਕੀਤੀ। “ਨਵੀਆਂ ਕਲਮਾਂ ਨਵੀਂ ਉਡਾਣ” ਪ੍ਰੋਜੈਕਟ ਤਹਿਤ ਸਫਲਤਾਪੂਰਵਕ ਆਯੋਜਿਤ ਬਾਲ ਸਾਹਿਤ ਉਤਸਵ ਦੇ ਸੰਬੰਧ ਵਿੱਚ, ਹਰਮੰਦਰ ਸਿੰਘ ਬਰਾੜ, ਜੋ ਕਿ ਬਠਿੰਡਾ ਦੀ ਇੱਕ ਪ੍ਰਮੁੱਖ ਸਮਾਜ ਸੇਵੀ ਹਸਤੀ ਹਨ, ਨੇ ਆਪਣੇ ਮਹੱਤਵਪੂਰਨ ਵਿਚਾਰ ਸਾਂਝੇ ਕੀਤੇ ਹਨ। ਉਨ੍ਹਾਂ ਨੇ ਇਸ ਪ੍ਰੋਜੈਕਟ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਪੰਜਾਬੀ ਬਾਲ ਸਾਹਿਤ ਦੇ ਭਵਿੱਖ ਲਈ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਬਰਾੜ ਅਨੁਸਾਰ, ਬਾਲ ਸਾਹਿਤ ਕਿਸੇ ਵੀ ਸਮਾਜ ਦੀ ਨੀਂਹ ਹੁੰਦਾ ਹੈ ਕਿਉਂਕਿ ਇਹ ਬੱਚਿਆਂ ਦੇ ਕੋਮਲ ਮਨਾਂ ਵਿੱਚ ਨੈਤਿਕ ਕਦਰਾਂ-ਕੀਮਤਾਂ, ਸੱਭਿਆਚਾਰਕ ਵਿਰਸੇ ਅਤੇ ਸਿਰਜਣਾਤਮਕ ਸੋਚ ਦੇ ਬੀਜ ਬੀਜਦਾ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ ਜਿੱਥੇ ਬੱਚੇ ਸਕ੍ਰੀਨਾਂ ਨਾਲ ਜ਼ਿਆਦਾ ਜੁੜੇ ਹੋਏ ਹਨ, ਉੱਥੇ ਉਨ੍ਹਾਂ ਨੂੰ ਕਿਤਾਬਾਂ ਨਾਲ ਜੋੜਨਾ ਹੋਰ ਵੀ ਜ਼ਰੂਰੀ ਹੋ ਗਿਆ ਹੈ। “ਨਵੀਆਂ ਕਲਮਾਂ ਨਵੀਂ ਉਡਾਣ” ਵਰਗੇ ਪ੍ਰੋਜੈਕਟ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਬਰਾੜ ਨੇ ਕਿਹਾ ਕਿ ਅਜਿਹੇ ਉਤਸਵ ਨਾ ਸਿਰਫ਼ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਦੇ ਹਨ, ਸਗੋਂ ਉਨ੍ਹਾਂ ਅੰਦਰ ਲਿਖਣ ਦੀ ਰੁਚੀ ਵੀ ਪੈਦਾ ਕਰਦੇ ਹਨ। ਉਨ੍ਹਾਂ ਨੇ ਪ੍ਰੋਜੈਕਟ ਦੇ ਨਾਮ “ਨਵੀਆਂ ਕਲਮਾਂ ਨਵੀਂ ਉਡਾਣ” ਨੂੰ ਬਹੁਤ ਸਾਰਥਕ ਦੱਸਿਆ, ਕਿਉਂਕਿ ਇਹ ਦਰਸਾਉਂਦਾ ਹੈ ਕਿ ਇਸਦਾ ਉਦੇਸ਼ ਨਵੇਂ ਲੇਖਕਾਂ ਨੂੰ ਬਾਲ ਸਾਹਿਤ ਦੇ ਖੇਤਰ ਵਿੱਚ ਉੱਭਰਨ ਲਈ ਇੱਕ ਮੰਚ ਪ੍ਰਦਾਨ ਕਰਨਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬਾਲ ਸਾਹਿਤ ਸਿਰਫ਼ ਕਹਾਣੀਆਂ ਤੱਕ ਹੀ ਸੀਮਤ ਨਹੀਂ ਹੋਣਾ ਚਾਹੀਦਾ, ਸਗੋਂ ਇਸ ਵਿੱਚ ਵਿਗਿਆਨ, ਇਤਿਹਾਸ, ਵਾਤਾਵਰਨ ਅਤੇ ਸਮਾਜਿਕ ਮੁੱਦਿਆਂ ‘ਤੇ ਆਧਾਰਿਤ ਰਚਨਾਵਾਂ ਵੀ ਸ਼ਾਮਲ ਹੋਣੀਆਂ ਚਾਹੀਦੀਆਂ ਹਨ, ਜੋ ਬੱਚਿਆਂ ਨੂੰ ਗਿਆਨਵਾਨ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਆਲੋਚਨਾਤਮਕ ਸੋਚਣ ਲਈ ਵੀ ਉਤਸ਼ਾਹਿਤ ਕਰਨ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਇਹ ਪ੍ਰੋਜੈਕਟ ਭਵਿੱਖ ਵਿੱਚ ਹੋਰ ਵੀ ਵਿਆਪਕ ਰੂਪ ਧਾਰਨ ਕਰੇਗਾ ਅਤੇ ਪੰਜਾਬ ਦੇ ਕੋਨੇ-ਕੋਨੇ ਵਿੱਚ ਬਾਲ ਸਾਹਿਤ ਦੀ ਜੋਤ ਜਗਾਏਗਾ।

ਇਸ ਪ੍ਰੋਜੈਕਟ ਨੂੰ ਸਫਲ ਬਣਾਉਣ ਵਿੱਚ ਪ੍ਰੋਜੈਕਟ ਇੰਚਾਰਜ ਓੰਕਾਰ ਸਿੰਘ ਤੇਜੇ ਜੀ ਦਾ ਬਹੁਤ ਵੱਡਾ ਸਹਿਯੋਗ ਰਿਹਾ।

ਇਹ ਸਮਾਗਮ ਨਵੀਆਂ ਕਲਮਾਂ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਵਿੱਚ ਬਾਲ ਸਾਹਿਤ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਲਈ ਇੱਕ ਅਹਿਮ ਕਦਮ ਸਾਬਤ ਹੋਇਆ। ਜ਼ਿਲ੍ਹਾ ਬਠਿੰਡਾ ਵੱਲੋਂ ਬਠਿੰਡਾ ਟੀਮ -1 ਅਤੇ ਬਠਿੰਡਾ ਟੀਮ – 2 ਵੱਲੋਂ ਪ੍ਰਧਾਨ ਮਨਜੀਤ ਸਿੰਘ ਬਾਜਕ, ਪ੍ਰਧਾਨ ਬਲਰਾਜ ਸਿੰਘ, ਗੁਰਵਿੰਦਰ ਸਿੰਘ ਸਿੱਧੂ ਪ੍ਰੋਜੈਕਟ ਜਰਨਲ ਸਕੱਤਰ,ਗੁਰਵਿੰਦਰ ਸਿੰਘ ਕਾਂਗੜ ਸੀਨੀਅਰ ਸਹਿ ਪ੍ਰਜੈਕਟ ਇੰਚਾਰਜ, ਬੂਟਾ ਸਿੰਘ ਮਾਨ, ਜਗਸੀਰ ਸਿੰਘ ਢੱਡੇ, ਗੁਰਪ੍ਰੀਤ ਸਿੰਘ ਬਰਾੜ, ਨਿਰਭੈ ਸਿੰਘ ਭੁੱਲਰ, ਸੁਖਪਾਲ ਸਿੰਘ ਸਿੱਧੂ, ਅਮਨਦੀਪ ਝੱਬਰ, ਵਿਦਿਆਰਥੀ, ਗਾਈਡ ਅਧਿਆਪਕਾਂ ਹਾਜ਼ਰ ਰਹੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੇਜਰੀਵਾਲ ਵੱਲੋਂ ਪ੍ਰੈਸ ਕਲੱਬ ਬਣਾਉਣ ਦੀ ਗਰੰਟੀ ਨੂੰ ਲਾਗੂ ਕੀਤਾ ਜਾਵੇਗਾ – ਮੰਤਰੀ ਹਰਦੀਪ ਮੁੰਡੀਆਂ
Next articleਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦਾ ਇਤਿਹਾਸਕ ਦੋ-ਸਾਲਾ ਇਜਲਾਸ 16 ਜੁਲਾਈ ਨੂੰ