(ਸਮਾਜ ਵੀਕਲੀ)
ਸਕੂਲ ਤੋਂ ਬਾਹਰ ਨਿਕਲ ਕੇ ਥੋੜ੍ਹਾ ਹੀ ਅੱਗੇ ਗਈ ਸੀ ਕਿ ਸੜਕ ਦੇ ਦੂਸਰੇ ਪਾਸੇ ਇੱਕ ਨੌਜਵਾਨ ਲੜਕੀ ਉੱਚੀ-ਉੱਚੀ ਬੋਲ ਰਹੀ ਸੀ। ਉਸ ਦੇ ਕੋਲ਼ ਕੁਝ ਮਸ਼ਟੰਡੇ (ਵਿਗੜੇ ਲੜਕੇ) ਖੜ੍ਹੇ ਸਨ। ਇੱਕ ਮੋਪਡ ‘ਤੇ ਦੋ ਜਣੇ ਸਵਾਰ ਸਨ ਅਤੇ ਮੋਟਰ ਸਾਈਕਲ ‘ਤੇ ਤਿੰਨ ਜਣੇ ਸਵਾਰ ਸਨ। ਵਾਹਨ ਉਹਨਾਂ ਦੇ ਸਟਾਰਟ ਸਨ।
ਲੜਕੀ ਦਾ ਚਿਹਰਾ ਲਾਲ ਹੋਇਆ ਸੀ ਅਤੇ ਸਾਹ ਚੜ੍ਹਿਆ ਹੋਇਆ ਸੀ। ਸ਼ਾਇਦ ਪੰਜ ਵਹਿਸ਼ੀਆਂ ਨੂੰ ਦੇਖ ਕੇ ਨਿਆਣੀ ਘਬਰਾਈ ਵੀ ਹੋਵੇਗੀ। ਜਿਵੇਂ ਹੀ ਮੇਰੀ ਨਜ਼ਰ ਉਹਨਾਂ ਵੱਲ ਪਈ, ਤਾਂ ਮੈ ਆਪਣੀ ਮੋਪਡ ਰੋਕ ਲਈ ਅਤੇ ਬਹਾਨੇ ਨਾਲ ਪੁੱਛਿਆ, “ਬੇਟਾ, ਤੁਸੀਂ ਕਿਹੜੇ ਸਕੂਲ ਤੋਂ ਹੋ?” ਥੋੜਾ ਦੂਰ ਹੋਣ ਕਰਕੇ ਮੈਨੂੰ ਦੋ-ਤਿੰਨ ਵਾਰ ਪੁੱਛਣਾ ਪਿਆ।
ਮੇਰੇ ਖਲੋਣ ‘ਤੇ ਉਹ ਸਤਰਕ ਹੋ ਗਏ ਅਤੇ ਵਾਹੋ-ਦਾਹੀ ਚਲਦੇ ਬਣੇ। ਲੜਕੀ ਮੋਪਡ ਲਗਾ ਕੇ ਮੇਰੇ ਕੋਲ਼ ਆਈ ਅਤੇ ਉਸ ਨੇ ਦੱਸਿਆ ਕਿ ਉਹ ਸਰਕਾਰੀ ਸਕੂਲ ਵਿੱਚ ਗਿਆਰਵੀਂ ਕਲਾਸ ਦੀ ਵਿਦਿਆਰਥਣ ਹੈ। ਇਹ ਮੁੰਡੇ ਉਸ ਦਾ ਪਿੱਛਾ ਕਰ ਰਹੇ ਹਨ। ਇੱਥੇ ਕੁਝ ਆਵਾਜਾਈ ਵੱਧ ਕਰਕੇ ਉਹ ਰੁਕੀ ਹੈ। ਉਸ ਨੇ ਆਪਣੀ ਮੰਮੀ ਨੂੰ ਫ਼ੋਨ ਕਰ ਦਿੱਤਾ ਹੈ। ਉਸਦੇ ਮੰਮੀ ਆਉਂਦੇ ਹੀ ਹੋਣਗੇ।
ਉਸ ਨੇ ਇਹ ਵੀ ਦੱਸਿਆ ਕਿ ਉਸ ਦੇ ਮੰਮੀ ਵੀ ਅਧਿਆਪਕਾ ਹਨ। ਉਹਨਾਂ ਨੇ ਉਸ ਨੂੰ ਸਮਝਾਇਆ ਸੀ ਕਿ ਜਦੋਂ ਕੋਈ ਖ਼ਤਰਾ ਜਾਂ ਮੁਸ਼ਕਲ ਲੱਗੇ ਤਾਂ ਉਹਨਾਂ ਨੂੰ ਫ਼ੋਨ ਕਰ ਦੇਣਾ। ਉਸਦੇ ਮੰਮੀ ਉਸ ਕੋਲ਼ ਚਾਰ-ਪੰਜ ਮਿੰਟਾਂ ਵਿੱਚ ਆ ਜਾਣਗੇ।
ਇਹ ਸੁਣ ਕੇ ਮੈਨੂੰ ਬਹੁਤ ਵਧੀਆ ਲੱਗਿਆ। ਮਾਵਾਂ ਨੂੰ ਧੀਆਂ ਦਾ ਸਾਥ ਦੇਣਾ ਚਾਹੀਦਾ ਹੈ , ਕਿਉਂਕਿ ਮੈਂ ਵੀ ਆਪਣੀ ਲਾਡੋ ਨੂੰ ਇਹੀ ਸਮਝਾਇਆ ਸੀ ਕਿ ਜੇਕਰ ਕਦੀ ਮੁਸ਼ਕਲ ਪਈ ਤਾਂ ਮੈਂ ਵੀ ਝੱਟ ਪਹੁੰਚ ਜਾਂਦੀ ਸੀ। ਇੱਕ-ਦੋ ਵਾਰ ਤੋਂ ਬਾਅਦ ਫਿਰ ਬੜੇ ਵਧੀਆ ਤਰੀਕੇ ਨਾਲ ਉਸ ਦੀ ਪੜ੍ਹਾਈ ਚੱਲਦੀ ਰਹੀ।
ਇਹ ਲੜਕੀ ਵੀ ਦਲੇਰ ਅਤੇ ਅਣਖ ਵਾਲੀ ਲੱਗ ਰਹੀ ਸੀ। ਉਸ ਨੇ ਦੱਸਿਆ ਕਿ, “ਮੈਡਮ ਦੇਖਿਆ, ਮੈਂ ਇਹਨਾਂ ਬੇਸ਼ਰਮਾਂ ਦੀ ਕਿੰਨੀ ਬੇਇਜ਼ਤੀ ਕਰ ਰਹੀ ਸੀ, ਪਰ ਇਹ ਬੇਸ਼ਰਮ ਅਤੇ ਗੰਦੀ ਸੋਚ ਵਾਲੇ ਮੁੰਡੇ ਕਿੰਨੇ ਢੀਠ ਹੁੰਦੇ ਹਨ। ਇਹਨਾਂ ਨੂੰ ਜੇਕਰ ਸਖ਼ਤ ਸਜ਼ਾ ਮਿਲੇ ਤਾਂ ਇਹ ਰਾਹ ਜਾਂਦੀਆਂ ਲੜਕੀਆਂ ਨੂੰ ਤੰਗ ਨਾ ਕਰਨ।” ਉਹ ਬੋਲੀ ਜਾ ਰਹੀ ਸੀ ਤੇ ਮੈਂ ਸੁਣੀ ਜਾ ਰਹੀ ਸੀ।
ਮੈਂ ਉਸ ਨੂੰ ਸ਼ਾਬਾਸ਼ੀ ਦਿੱਤਾ ਅਤੇ ਕਿਹਾ, “ਧੀਏ ਤੂੰ ਬਹੁਤ ਬਹਾਦਰ ਹੈ।” ਤੇਰੇ ਵਰਗੀਆਂ ਸ਼ੇਰਨੀਆਂ ਧੀਆਂ ਦੀ ਸਾਡੇ ਸਮਾਜ ਨੂੰ ਬਹੁਤ ਲੋੜ ਹੈ। ਸਾਨੂੰ ਹਾਏ-ਹਾਏ ਅਤੇ ਮਦਦ ਲਈ ਗੁਹਾਰ ਲਗਾਉਣ ਦੀ ਜ਼ਰੂਰਤ ਨਹੀਂ ਹੈ। ਸਾਨੂੰ ਆਪਣੀ ਇੱਜ਼ਤ – ਆਬਰੂ ਦੀ ਰਾਖੀ ਆਪ ਕਰਨੀ ਪਵੇਗੀ। ਵਿਚਾਰੀਆਂ ਬਣ ਕੇ ਨਹੀਂ, ਇੱਕ ਦੂਜੇ ਦਾ ਸਾਥ ਦੇ ਕੇ ਅਜਿਹੇ ਕੋਹੜੀ ਮਾਨਸਿਕਤਾ ਵਾਲਿਆਂ ਦਾ ਡੱਟ ਕੇ ਮੁਕਾਬਲਾ ਕਰਨਾ ਪਵੇਗਾ। ਸਾਨੂੰ ਆਪਣੀ ਸਰੀਰਕ ਸਮਰੱਥਾ ਵਧਾਉਣੀ ਪਵੇਗੀ। ਜੁੱਡੋ-ਕਰਾਟੇ ਜਾਂ ਕੁਝ ਦਾਅ-ਪੇਚ ਆਪਣੇ ਲਈ ਸਿੱਖਣੇ ਪੈਣਗੇ।
ਉਹ ਲੜਕੀ ਮੇਰੇ ਖੜ੍ਹੇ ਹੋਣ ਨਾਲ ਅਤੇ ਗੱਲ ਕਰਕੇ ਹੁਣ ਸ਼ਾਂਤ ਸੀ। ਉਸ ਦੇ ਚਿਹਰੇ ‘ਤੇ ਖੁਸ਼ੀ ਸੀ। ਮੈਂ ਉਸ ਨੂੰ ਪਿਆਰ ਕੀਤਾ ਅਤੇ ਉਸ ਨੇ ਮੈਨੂੰ ਜਾਣ ਲਈ ਕਿਹਾ। ਮੈਂ ਹੋਰ ਰੁਕਣ ਬਾਰੇ ਕਿਹਾ ਤਾਂ ਉਸ ਨੇ ਮਨਾ ਕਰ ਦਿੱਤਾ। ਮੈਂ ਚੱਲਣ ਹੀ ਲੱਗੀ ਸੀ ਕਿ ਉਸਦੀ ਮੰਮੀ ਵੀ ਆ ਗਏ। ਅਸੀਂ ਆਪਣੇ ਆਪਣੇ ਰਾਹ ਪੈ ਗਈਆਂ।
ਮੈਨੂੰ ਲੱਗਾ ਜਦੋਂ ਔਰਤ ਨੇ ਔਰਤ ਹੋਣ ਦਾ ਸਹੀ ਫਰਜ਼ ਨਿਭਾਉਣਾ ਸ਼ੁਰੂ ਕਰ ਦਿੱਤਾ, ਤਾਂ ਬਹੁਤ ਅਪਰਾਧ ਘੱਟ ਜਾਣਗੇ। ਘਰਾਂ ਵਿਚਲੇ ਕਲੇਸ਼ ਵੀ ਖ਼ਤਮ ਹੋ ਜਾਣਗੇ। ਔਰਤ ਘਰ ਦੀ ਨੀਂਹ ਹੁੰਦੀ ਹੈ। ਘਰ ਅਤੇ ਬਾਹਰੀ ਮੁਸ਼ਕਲਾਂ ਨੂੰ ਸਮਝ ਕੇ ਹਰ ਲੜਕੀ ਅਤੇ ਔਰਤ ਦਾ ਸਾਥ ਔਰਤ ਦੇ ਦੇਵੇ ਤਾਂ ਘਰ ਅਤੇ ਬਾਹਰੀ ਦੁਨੀਆਂ ਸਵਰਗ ਬਣ ਜਾਣਗੀ।
ਅੱਜ ਸਮਾਜ ਵਿੱਚ ਸਿਰਫ਼ ਤੇ ਸਿਰਫ਼ ਲੜਕੀ ਨੂੰ ਹਮੇਸ਼ਾ ਗ਼ਲਤ ਠਹਿਰਾਉਣ ਦੀ ਥਾਂ ਉਸ ਦਾ ਸਾਥ ਦੇਣ ਦੀ ਜ਼ਰੂਰਤ ਹੈ, ਤਾਂ ਕਿ ਚੰਗੇ ਅਤੇ ਨਰੋਏ ਸਮਾਜ ਦੀ ਸਿਰਜਣਾ ਵਿੱਚ ਆਪਣਾ ਅਹਿਮ ਯੋਗਦਾਨ ਪਾ ਸਕੀਏ। ਲੜਕੀਆਂ ਨੂੰ ਮਾਨਸਿਕ ਤੌਰ ‘ਤੇ ਬਲਵਾਨ ਕਰਨਾ ਪਵੇਗਾ। ਹਫ਼ਤੇ ਵਿੱਚ ਇੱਕ ਲੈਕਚਰ ਮਾਨਸਿਕ ਪ੍ਰਪੱਕਤਾ ਦਾ ਜ਼ਰੂਰ ਦਿੰਦੀ ਹਾਂ, ਤਾਂ ਕਿ ਆਪਣੇ ਸਮਾਜ ਦੇ ਜਵਾਨਾਂ ਨੂੰ ਮਜ਼ਬੂਤ ਅਤੇ ਆਤਮ ਨਿਰਭਰ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਸਕਾਂ।
ਇਸ ਸਭ ਦੇ ਨਾਲ਼-ਨਾਲ਼ ਆਪਣੇ ਪੁੱਤਰਾਂ ਨੂੰ ਵੀ ਹਰ ਲੜਕੀ ਅਤੇ ਔਰਤ ਦੀ ਇੱਜ਼ਤ ਕਰਨ ਦੀ ਸਿੱਖਿਆ ਵੀ ਦੇਣੀ ਚਾਹੀਦੀ ਹੈ। ਗੁਰੂ ਨਾਨਕ ਜੀ ਦੀ ਬਾਣੀ ਨੂੰ ਪੜ੍ਹਨ ਦੇ ਨਾਲ਼-ਨਾਲ਼ “ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ।” ਨੂੰ ਹਕੀਕਤ ਵਿੱਚ ਲਾਗੂ ਕਰਨ ਦੀ ਵੀ ਜ਼ਰੂਰਤ ਹੈ। ਧੀਆਂ ‘ਤੇ ਤਰਸ ਕਰਨ ਦੀ ਥਾਂ ਉਸ ਦੀ ਹਿੰਮਤ ਬਣਨ ਦੀ ਜ਼ਰੂਰਤ ਹੈ ਅਤੇ ਉਹਨਾਂ ਉੱਤੇ ਵਿਸ਼ਵਾਸ ਕਰਨ ਦੀ ਜ਼ਰੂਰਤ ਹੈ। ਇਸ ਸਮਾਜ ਨੂੰ ਅਜਿਹੀਆਂ ਸ਼ੇਰਨੀਆਂ ਦੀ ਬਹੁਤ ਜ਼ਰੂਰਤ ਹੈ।
ਪਰਵੀਨ ਕੌਰ ਸਿੱਧੂ
8146536200
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly