HOME ਜ਼ਿੰਦਗੀ ਜਿਊਣਾ ਇੱਕ ਕਲਾ ਹੈ 

ਜ਼ਿੰਦਗੀ ਜਿਊਣਾ ਇੱਕ ਕਲਾ ਹੈ 

4
ਬਰਜਿੰਦਰ ਕੌਰ ਬਿਸਰਾਓ
      (ਸਮਾਜ ਵੀਕਲੀ)   ਜ਼ਿੰਦਗੀ ਬਹੁਤ ਅਨਮੋਲ ਹੈ ਤੇ ਜ਼ਿੰਦਗੀ ਜਿਊਣਾ ਇੱਕ ਕਲਾ ਹੈ।ਜ਼ਿੰਦਗੀ ਜਿਊਣ ਲਈ ਜ਼ਿੰਦਾਦਿਲ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਜੇ ਜ਼ਿੰਦਗੀ ਸੋਹਣੇ ਢੰਗ ਨਾਲ ਜਿਊਣੀ ਹੈ ਤਾਂ ਪਹਿਲਾਂ ਦਿਲ ਨੂੰ ਜਿਊਂਦਾ ਰੱਖਣਾ ਜ਼ਰੂਰੀ ਹੈ। ਦਿਲ ਨੂੰ ਜਿਊਂਦਾ ਰੱਖਣ ਤੋਂ ਭਾਵ ਇਸ ਅੰਦਰ ਹੌਸਲੇ ਵਾਲੀ ਤਾਰ ਤੋਂ ਰਾਗ ਛੇੜਦੇ ਰਹਿਣਾ ਪਵੇਗਾ। ਦੂਜਿਆਂ ਦੇ ਦਿੱਤੇ ਹੌਸਲੇ ਤਾਂ ਮਲ੍ਹਮ ਲਾਉਣ ਦਾ ਕੰਮ ਹੀ ਕਰ ਸਕਦੇ ਹਨ ਪਰ ਅੰਦਰੋਂ ਉੱਠੇ ਹੌਸਲੇ ਜਿਗਰਿਆਂ ਨੂੰ ਫ਼ੌਲਾਦੀ ਤਾਕਤ ਬਖਸ਼ਦੇ ਹਨ। ਕਿਸੇ ਦਾ ਦਿੱਤਾ ਹੋਇਆ ਹੌਸਲਾ ਤਾਂ ਹੀ ਕਿਸੇ ਟੁੱਟਦੇ ਹੋਏ ਦਿਲ ਨੂੰ ਧਰਵਾਸ ਦੇ ਸਕਦਾ ਹੈ, ਜੇ ਉਸ ਦੇ ਆਪਣੇ ਅੰਦਰ ਜ਼ਿੰਦਗੀ ਜਿਊਣ ਦੀ ਚਾਹਤ ਹੋਵੇ। ਜ਼ਿੰਦਗੀ ਨੂੰ ਕਦੇ ਵੀ ਆਪਣੇ ਅੰਦਰ ਉਮੰਗ ,ਚਾਅ ਪੈਦਾ ਕੀਤੇ ਬਿਨਾਂ ਨਹੀਂ ਸੰਵਾਰਿਆ ਜਾ ਸਕਦਾ ।ਹਰ ਵੇਲੇ ਮਰੂੰ ਮਰੂੰ ਕਰਨ ਵਾਲੇ ਲੋਕ ਅਕਸਰ ਬੁਝੇ ਬੁਝੇ ਜਿਹੇ ਰਹਿੰਦੇ ਹਨ। ਇਹੋ ਜਿਹੇ ਲੋਕ ਨਾ ਤਾਂ ਆਪ ਖ਼ੁਸ਼ ਰਹਿ ਸਕਦੇ ਹਨ ਤੇ ਨਾ ਹੀ ਆਪਣਿਆਂ ਨੂੰ ਕੋਈ ਖੁਸ਼ੀ ਦੇ ਸਕਦੇ ਹਨ। ਇਸ ਤਰ੍ਹਾਂ ਮਨੁੱਖ ਜ਼ਿੰਦਗੀ ਬਸ਼ਰ ਤਾਂ ਕਰ ਲੈਂਦਾ ਹੈ ਪਰ ਉਸ ਅੰਦਰ ਕੋਈ ਉਮੰਗ ਚਾਅ ਪੈਦਾ ਨਹੀਂ ਹੋ ਸਕਦੇ। ਅਸਲ ਵਿੱਚ ਬੁਝੇ-ਬੁਝੇ ਰਹਿਣ ਦਾ ਕਾਰਨ ਆਪਣੇ ਆਲ਼ੇ ਦੁਆਲ਼ੇ ਦਾ ਪ੍ਰਭਾਵ ਆਪਣੇ ਉੱਪਰ ਜ਼ਿਆਦਾ ਰੱਖਣਾ। ਦੂਜਿਆਂ ਦੀ ਤਰੱਕੀ ਵੇਖ ਕੇ, ਖੁਸ਼ੀ ਵੇਖ ਕੇ ਜਾਂ ਕਿਸੇ ਦੀ ਔਲਾਦ ਦੀ ਤਰੱਕੀ ਨੂੰ ਵੇਖ ਕੇ ਅੰਦਰੋ ਅੰਦਰੀ ਝੂਰੀ ਜਾਣਾ ਤੇ ਆਪਣਿਆਂ ਨੂੰ ਉਹਨਾਂ ਦੇ ਮਿਹਣੇ ਮਾਰ ਮਾਰ ਕੇ ਸੂਲ਼ੀ ਤੇ ਟੰਗੀ ਰੱਖਣਾ । ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ,ਘਰ ਜਾਂ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਦਿਲ ਦਿਮਾਗ ਉੱਪਰ ਅਸਰ ਪਾਉਂਦੀਆਂ ਹਨ ,ਇਹ ਸੁਭਾਵਕ ਹੀ ਹੈ ਪਰ ਉਹ ਪ੍ਰਭਾਵ ਓਨਾਂ ਹੀ ਪਾਓ ਜਿੰਨੇ ਨਾਲ ਤੁਹਾਡੀ ਮਾਨਸਿਕ ਅਤੇ ਸਰੀਰਕ ਅਵਸਥਾ ਵਿੱਚ ਵਿਗਾੜ ਨਾ ਪੈਦਾ ਹੋਵੇ। ਜੇ ਤੁਸੀਂ ਕਿਸੇ ਤੋਂ ਸਤਿਕਾਰ ਚਾਹੁੰਦੇ ਹੋ ਤਾਂ ਪਹਿਲਾਂ ਖੁਦ ਨੂੰ ਪਿਆਰ ਕਰਨਾ ਸਿੱਖੋ।ਖੁਦ ਨੂੰ ਪਿਆਰ ਕੀਤਿਆਂ ਹੀ ਸਵੈ ਵਿਸ਼ਵਾਸ਼ ਪੈਦਾ ਹੋ ਸਕਦਾ ਹੈ,ਸਵੈ ਵਿਸ਼ਵਾਸ਼ ਪੈਦਾ ਹੋਣ ਨਾਲ ਹੀ ਜ਼ਿੰਦਗੀ ਪਿਆਰੀ ਲੱਗ ਸਕੇਗੀ ਅਤੇ ਹਿਰਦਾ ਵਿਸ਼ਾਲ ਹੋ ਜਾਵੇਗਾ। ਫਿਰ ਕਿਸੇ ਦੀਆਂ ਖ਼ੁਸ਼ੀਆਂ ਵੀ ਆਪਣੀਆਂ ਜਾਪਣ ਲੱਗ ਜਾਣਗੀਆਂ।
                ਆਪਾਂ ਆਮ ਹੀ ਦੁਨੀਆਂ ਵਿੱਚ ਵਿਚਰਦੇ ਹੋਏ ਵੇਖਦੇ ਹਾਂ ਕਿ ਕਈ ਲੋਕਾਂ ਕੋਲ ਸਭ ਕੁਝ ਹੁੰਦਿਆਂ ਵੀ ਝੁਰਦੇ ਰਹਿੰਦੇ ਹਨ ਅਤੇ ਕਈਆਂ ਕੋਲ ਦੋ ਵਕਤ ਦੀ ਰੋਟੀ ਦੇ ਹੀ ਸਾਧਨ ਹੋਣ ਉਹ ਰਾਜਿਆਂ ਵਾਂਗ ਹੱਸ ਕੇ ਬਾਹਵਾਂ ਖਿਲਾਰ ਕੇ ਸਭ ਨੂੰ ਮਿਲ਼ਦੇ ਹਨ।ਇਹੀ ਤਾਂ ਜ਼ਿੰਦਗੀ ਜਿਊਣ ਦਾ ਸਲੀਕਾ ਹੁੰਦਾ ਹੈ। ਝੁਰਨ ਵਾਲੇ ਲੋਕ ਅਕਸਰ ਆਪਣੀਆਂ ਖੁਸ਼ੀਆਂ ਦਾ ਆਨੰਦ ਮਾਣਨ ਦੀ ਬਜਾਏ ਦੂਜਿਆਂ ਦੀ ਤਰੱਕੀ ਨੂੰ ਵੇਖ ਵੇਖ ਕੇ ਸੜਦੇ ਖਿਝਦੇ ਰਹਿੰਦੇ ਹਨ। ਇਹੋ ਜਿਹੇ ਲੋਕ ਇਸ ਗੱਲੋਂ ਅਣਜਾਣ ਹੁੰਦੇ ਹਨ ਕਿ ਉਹ ਆਪਣਾ ਹੀ ਕਿੰਨਾ ਵੱਡਾ ਨੁਕਸਾਨ ਕਰ ਰਹੇ ਹਨ।ਇਹ ਮਨੁੱਖੀ ਜ਼ਿੰਦਗੀ ਪਰਮਾਤਮਾ ਵੱਲੋਂ ਬਖ਼ਸ਼ਿਆ ਹੋਇਆ ਇੱਕ ਬੇਸ਼ੁਮਾਰ ਕੀਮਤੀ ਤੋਹਫ਼ਾ ਹੈ । ਇਸ ਨੂੰ ਕਦੇ ਅਜਾਈਂ ਨਹੀਂ ਗਵਾਉਣਾ ਚਾਹੀਦਾ। ਅਜੋਕੇ ਸਮੇਂ ਵਿੱਚ ਮਨੁੱਖ ਪਦਾਰਥਵਾਦੀ ਸੋਚ ਦਾ ਧਾਰਨੀ ਬਣ ਚੁੱਕਿਆ ਹੈ। ਸਿਆਣਿਆਂ ਦੇ ਕਹੇ ਅਨੁਸਾਰ ਚਾਦਰ ਵੇਖ ਕੇ ਪੈਰ ਪਸਾਰਨ ਵਾਲ਼ੀ ਕਹਾਵਤ ਨੂੰ ਠੁਕਰਾ ਕੇ ਦੂਜਿਆਂ ਦਾ ਮੁਕਾਬਲਾ ਕਰਨ ਲਈ ਕਰਜ਼ ਚੁੱਕ ਕੇ ਜਾਂ ਹੋਰ ਵਿੰਗੇ ਟੇਡੇ ਤਰੀਕੇ ਅਪਣਾ ਕੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਮੁਸੀਬਤ ਵਿੱਚ ਪਾਉਂਦਾ ਹੈ। ਜਿਸ ਦੇ ਸਿੱਟੇ ਕੀ ਵਾਰ ਬਹੁਤ ਘਾਤਕ ਸਿੱਧ ਹੁੰਦੇ ਹਨ।
                     ਕੁਦਰਤ ਦੇ ਨਿਯਮਾਂ ਅਨੁਸਾਰ ਦਿਨ ਅਤੇ ਰਾਤ ਬਣਦੇ ਹਨ,ਗਰਮੀ ਅਤੇ ਸਰਦੀ, ਪੱਤਝੜ ਤੇ ਬਹਾਰ ਆਉਂਦੇ ਹਨ ਉਸੇ ਤਰ੍ਹਾਂ ਜ਼ਿੰਦਗੀ ਵਿੱਚ ਜੇ ਦੁੱਖ, ਨਾਕਾਮਯਾਬੀ ਅਤੇ ਅਸਫ਼ਲਤਾ ਆਉਂਦੇ ਹਨ ਤਾਂ ਉਸ ਨੂੰ ਖਿੜੇ ਮੱਥੇ ਸਵੀਕਾਰ ਕਰੋ ਕਿਉਂਕਿ ਜੇ ਰਾਤ ਆਈ ਹੈ ਤਾਂ ਸਵੇਰ ਦਾ ਆਉਣਾ ਨਿਸ਼ਚਿਤ ਹੁੰਦਾ ਹੈ। ਜੇਕਰ ਜ਼ਿੰਦਗੀ ਦੀ ਤੁਸੀਂ ਕਦਰ ਕਰੋਗੇ ਤਾਂ ਜ਼ਿੰਦਗੀ ਤੁਹਾਡੀ ਕਦਰ ਕਰੇਗੀ। ਅਸੀਂ ਕੁਦਰਤ ਨੂੰ ਜੋ ਦਿੰਦੇ ਹਾਂ ਉਹ ਸਾਨੂੰ ਕਈ ਗੁਣਾ ਕਰਕੇ ਵਾਪਸ ਕਰਦੀ ਹੈ। ਉਦਾਹਰਣ ਦੇ ਤੌਰ ਤੇ ਜੇ ਅਸੀਂ ਇੱਕ ਬੀਜ ਬੀਜਦੇ ਹਾਂ ਤਾਂ ਉਹ ਸਾਨੂੰ ਕਈ ਗੁਣਾ ਵਾਧਾ ਕਰਕੇ ਵਾਪਸ ਕਰਦੀ ਹੈ।ਇਹੀ ਉਸ ਦਾ ਹਰ ਗੱਲ ਵਿੱਚ ਅਸੂਲ ਹੈ।ਜੇ ਦੂਜਿਆਂ ਦੀ ਖੁਸ਼ੀ ਨੂੰ ਦੇਖ ਕੇ ਹਉਕਾ ਲਵੋਗੇ ਤਾਂ ਉਹੀ ਨਕਾਰਤਮਿਕਤਾ ਨਾਲ ਤੁਹਾਡੀ ਝੋਲੀ ਭਰਦੀ ਜਾਵੇਗੀ ,ਇਸ ਤੋਂ ਉਲਟ ਜੇ‌ ਤੁਸੀਂ ਦੂਜਿਆਂ ਦੀ ਖੁਸ਼ੀ ਨੂੰ ਦੇਖ ਕੇ ਸੱਚੇ ਦਿਲੋਂ ਖੁਸ਼ ਹੁੰਦੇ ਜਾਵੋਗੇ ਤਾਂ ਤੁਹਾਡੀਆਂ ਝੋਲੀਆਂ ਵੀ ਰੱਬ ਖੁਸ਼ੀਆਂ ਨਾਲ ਭਰ ਦੇਵੇਗਾ।ਇਹੀ ਅਸੂਲ ਸਫ਼ਲਤਾਵਾਂ ਅਤੇ ਜਿੱਤਾਂ ਤੇ ਲਾਗੂ ਹੁੰਦਾ ਹੈ।ਇਸ ਲਈ ਜੇ ਤੁਸੀਂ ਜ਼ਿੰਦਗੀ ਦਾ ਅਸਲੀ ਆਨੰਦ ਮਾਣਨਾ ਚਾਹੁੰਦੇ ਹੋ ਤਾਂ ਆਪਣੇ ਹਿਰਦੇ ਨਿਰਮਲ ਜਲ ਵਾਂਗੂੰ ਸਾਫ਼ ਰੱਖ ਕੇ ਆਪਣੀ ਸੋਚ ਨੂੰ ਸਾਫ਼ ਸੁਥਰੀ ਬਣਾ ਕੇ ,ਆਨੰਦ ਮਾਣਦੇ ਹੋਏ, ਠਾਠਾਂ ਮਾਰਦੇ ਦਰਿਆ ਵਾਂਗ ਅੱਗੇ ਵਧਦੇ ਜਾਓ। ਫਿਰ ਦੇਖਿਓ ਤੁਹਾਡੀ ਜ਼ਿੰਦਗੀ ਵਿੱਚ ਆਈਆਂ ਮੁਸੀਬਤਾਂ ਕਿਵੇਂ ਪਾਣੀ ਦੀਆਂ ਛੱਲਾਂ ਵਿੱਚ ਰੁੜ੍ਹਦੇ ਤਿਣਕਿਆਂ ਜਿੰਨੀਆਂ ਹੀ ਰਹਿ ਜਾਣਗੀਆਂ। ਇਸ ਲਈ ਜ਼ਿੰਦਗੀ ਨੂੰ ਮੁੱਲਵਾਨ ਬਣਾਉਣ ਲਈ ਇਸ ਨੂੰ ਕਰਤੇ ਦੇ ਨਿਯਮਾਂ ਅਨੁਸਾਰ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਹਾਥੀ ਦੀ ਮਸਤ ਤੋਰ ਵਧਦੇ ਜਾਓ,ਅੱਗੇ ਵਧਿਆਂ ਹੀ ਮੰਜ਼ਿਲਾਂ ਸਰ ਹੁੰਦੀਆਂ ਨੇ, ਰਾਹਾਂ ਵਿੱਚ ਖੜ੍ਹੇ ਹੋ ਕੇ ਐਧਰ ਓਧਰ ਦੇਖਣ ਨਾਲ ਪਤਾ ਵੀ ਨਹੀਂ ਲੱਗਦਾ ਕਦੋਂ ਹਨੇਰੇ ਦਸਤਕ ਦੇਣ ਲੱਗਦੇ ਹਨ।ਇਸ ਲਈ ਵਿਸ਼ਾਲ ਹਿਰਦਿਆਂ ਦੇ ਧਾਰਨੀ ਬਣ ਕੇ, ਜ਼ਿੰਦਗੀ ਦੇ ਪੰਧ ਸ਼ਿੰਗਾਰਦੇ ਹੋਏ ਵਧਦੇ ਜਾਣਾ ਹੀ ਜੀਵਨ ਹੈ। ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਜ਼ਿੰਦਗੀ ਜ਼ਿੰਦਾਦਿਲੀ ਦਾ ਨਾਂ ਹੈ।
    ਬਰਜਿੰਦਰ ਕੌਰ ਬਿਸਰਾਓ …
    9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੁੱਧੀਮਾਨ ਬਣ ਜਾਓ ਬੱਚਿਓ
Next articleਅੱਜ 03 ਜੁਲਾਈ ਨੂੰ