(ਸਮਾਜ ਵੀਕਲੀ)
ਮਿਹਨਤਾਂ ਕਰਨ ਨਾਲ, ਤਜਰਬਿਆਂ ਨਾਲ ਕੋਈ ਗੱਲ ਸਿੱਖੋ,
ਅਗਲੇ ਪਲਾਂ ‘ਚ ਕੁਝ ਹੋਰ ਹੀ ਭਾਣਾ, ਵਰਤ ਜਾਂਦਾ ਕਿੱਤੋਂ ਦਾ ਕਿੱਥੋਂ।
ਮਨ ਮਾਰ ਕੇ ਫਿਰ ਤੋਂ ਲੱਗਣਾ ਪੈਂਦਾ, ਨਾ ਢਾਵੋ ਢੇਰੀ,
ਫੁਰਤੀ ਚੰਗੇ ਪਾਸੇ ਲਾਵੋ, ਹੋ ਨਾ ਜਾਏ ਦੇਰੀ।
ਘਰਵਾਲੀ ਤੋਂ ਡਰਦਾ, ਮੈਂ ਛੇਤੀ ਛੇਤੀ ਰਚਨਾ ਮੁਕਾਵਾਂ,
ਸਮਾਜ ਨੂੰ ਸੇਧ ਦੇਣਾ, ਫਰਜ਼ ਸਮਝ ਆਪਣਾ, ਨਾਲੇ ਜੀਅ ਪਰਚਾਵਾਂ।
ਲਿਖਾਰੀ ਬਣਨਾ ਔਖਾ, ਲੁੱਕ ਲੁੱਕੋ ਰੱਖਣੇ ਪੈਂਦੇ, ਪੈਨ ਤੇ ਲਿਖਤਾਂ ਦੀਆਂ ਕਾਪੀਆਂ,
ਪਤਾ ਨ੍ਹੀਂ ਕਦੋਂ ਹਮਲੇ ਵਿੱਚ, ਪੈਨ ਤੋੜ ਦੇਵੇ, ਲਿਖਤਾਂ ਲੱਭਣ ਪਾਟੀਆਂ।
ਬੱਚਿਆਂ ਵਾਸਤੇ ਭਾਵੇਂ ਸਭ ਕੁਝ ਵਾਰ ਦਿਓ, ਆਪਾ ਵਾਰ ਦਿਓ,
ਜਵਾਨੀ ‘ਚ ਉਹਨਾਂ ਦਾ ਮੂੰਹ ਮੋਟਾ ਹੋਇਆ ਰਹੇ, ਹੋ ਜਾਂਦਾ ਬੇਕਾਰ ਜੀਓ।
ਨੇਕੀ ਕਰੋ ਤੇ ਖੂਹ ਵਿੱਚ ਸਿੱਟੋ, ਨਾ ਤਨਾਓ ਰੱਖੋ ਨਾ ਮਲਾਲ,
ਚੰਗਿਆਈ ਵਾਲੀ ਧੁਨ ‘ਚ ਲੱਗੇ ਰਹੋ, ਪ੍ਰਭੂ ਕਰੂਗਾ ਨਿਹਾਲ।
ਨਿਰੰਤਰਤਾ ਕਾਇਮ ਰੱਖੋ, ਰੁਝੇਵਿਆਂ ਦੇ ਨਾਲ,
ਆਲੇ ਦੁਆਲੇ ਝਾਤ ਮਾਰੋ, ਬਹੁਤਿਆਂ ਨਾਲੋਂ ਵਧੀਆ ਤੁਹਾਡਾ ਹਾਲ।
ਲੂਲੇ-ਲੰਗੜੇ, ਕਾਣੇ, ਅੰਨ੍ਹੇ, ਅਪੰਗ ਕਿਵੇਂ ਵਕਤ ਲੰਘਾਉਂਦੇ,
ਤਰਸ ਦੇ ਪਾਤਰ ਬਣ ਜਾਂਦੇ, ਚੰਗੇ ਭਲੇ ਬੰਦੇ ਜਦੋਂ ਮਖੌਲ ਉਡਾਉਂਦੇ।
ਰੱਬ ਦੀ ਪਾਈ ਬੁਝਾਰਤ, ਕੋਈ ਬੁਝ ਨ੍ਹੀਂ ਪਾਉਂਦਾ,
ਅਦਿੱਖ ਸ਼ਕਤੀ ਦੇ ਅਸੂਲਾਂ ਦੀ, ਅਣਦੇਖੀ ਕਰ ਪਛਤਾਉਂਦਾ।
ਬੰਦਿਆ ਨਾਮ ਸਾਂਈਂ ਦਾ ਬੋਲ, ਕਰ ਆਪਣਾ ਸਮਤੋਲ,
ਸਭ ਕੁੱਝ ਇੱਥੇ ਹੀ ਛੱਡ ਜਾਣਾ, ਯਾਦ ਰੱਖੀਂ ਇਹ ਬੋਲ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ
ਫੋਨ ਨੰਬਰ : 9878469639