(ਸਮਾਜ ਵੀਕਲੀ)
ਜਿਗਰ ਮੇਰੇ ‘ਚ ਆ ਲਹੇ ਜੋ ਯਾਦ ਦੇ ਉਕਾਬ ਸੀ।
ਕਸਮ ਤੇਰੀ ਰਹੇ ਸਦਾ ਉਹ ਵਾਂਗਰਾਂ ਜਨਾਬ ਸੀ।
ਸੁਖਨ ਤੇਰੇ ਕਬੂਲ, ਦਾਦ ਦੇ ਗਿਓਂ ਕਿ ਤੁਹਮਤਾਂ,
ਇਹ ਮੇਜ ਤੇ ਮੇਰੇ ਸਦਾ ਸਜੇ ਜਿਵੇਂ ਖਿਤਾਬ ਸੀ।
ਯਕੀਨ ਕਰ ਗਏ ਉਹ ਹਾਸ ਦੇ ਬੁਣੇ ਫਰੇਬ ‘ਤੇ,
ਉਹਨਾਂ ਖ਼ਬਰ ਕੋਈ ਨਹੀਂ ਕਿ ਹੇਠ ਕੀ ਨਕਾਬ ਸੀ।
ਜੋ ਹਰਫ਼ ਹਰਫ਼ ਸੀ ਮਿਲੀ, ਖੁਲੀ ਪਰਤ ਪਰਤ ਸਦਾ,
ਸਮਝ ਮਗਰ ਨਾ ਆ ਸਕੀ, ਉਹ ਇਸ਼ਕ ਦੀ ਕਿਤਾਬ ਸੀ।
ਬਹੀ ‘ਚ ਜ਼ਿੰਦਗੀ ਮੇਰੀ ਦੇ ਕੁਝ ਨਾ ਸਿਫ਼ਰ ਤੋਂ ਸਿਵਾ,
ਸਭੇ ਮੱਦਾਂ ਨੂੰ ਜੋੜ, ਬੈਠ ਕਰ ਰਹੀ ਹਿਸਾਬ ਸੀ।
ਕਦਮ-ਕਦਮ ਤੁਰਾਂ ਕਦੇ ਕਰਮ ਤੇਰੇ ‘ਚ ਨਾਨਕਾ,
ਸਫ਼ਰ ਕਰੇਂ ਸ਼ੁਰੂ ਜੇ ਤੂੰ, ਮੈਂ ਛੇੜਨੀ ਰਬਾਬ ਸੀ।
ਜੋਗਿੰਦਰ ਨੂਰਮੀਤ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly