(ਸਮਾਜ ਵੀਕਲੀ)
ਹੱਸਣ ਦੀ ਆ ਆਦਤ ਪਾਈਏ, ਦੁਖੜੇ ਸਭ ਮੁਕਾਈਏ ਚੱਲ,
ਕਿਹੜੀ ਗੱਲੋਂ ਸਾੜਾ ਕਰੀਏ, ਸਭ ਨੂੰ ਗਲੇ ਲਗਾਈਏ ਚੱਲ,
ਹੱਸਦਿਆਂ ਦੇ ਘਰ ਵੱਸਦੇ ਹੁੰਦੇ, ਰੋਣੇ ਘਰੋਂ ਭਜਾਈਏ ਚੱਲ,
ਚਾਰ ਦਿਨਾਂ ਦੀ ਜ਼ਿੰਦਗੀ ਸਾਡੀ,ਹਾਸਿਆਂ ਸੰਗ ਬਿਤਾਈਏ ਚੱਲ
ਤਨ ਨੂੰ ਰੋਜ਼ ਹੀ ਧੋ-ਧੋ ਰੱਖੇ, ਮਨ ਨੂੰ ਵੀ ਧੋ ਆਈਏ ਚੱਲ,
ਹਵਾ ਪਾਣੀ ਜੇ ਲੈਣਾ ਚੰਗਾ, ਦੋ-ਦੋ ਰੁੱਖ ਲਗਾਈਏ ਚੱਲ,
ਰੋਸੇ ਛੱਡ ਕੇ ਹਾਸੇ ਵੰਡੀਏ, ਇੱਦਾਂ ਵਕਤ ਲੰਘਾਈਏ ਚੱਲ,
ਲੋੜਵੰਦਾਂ ਦੀ ਸੇਵਾ ਕਰੀਏ, ਆਪਣੇ ਫ਼ਰਜ਼ ਨਿਭਾਈਏ ਚੱਲ,
ਮਾਂ ਬੋਲੀ ਵਿੱਚ ਲਿਖੀਏ ਗਾਈਏ,ਮਾਂ ਦੀ ਸ਼ਾਨ ਵਧਾਈਏ ਚੱਲ
ਢੱਡ,ਸਰੰਗੀ,ਬੁਗਚੂ ਦੇ ਸੰਗ, ਢੋਲੇ ਮਾਹੀਏ ਗਾਈਏ ਚੱਲ,
ਊੜਾ,ਜੂੜਾ ਭੁੱਲੇ ਗੱਭਰੂ, ਪੱਗ ਦੀ ਬਾਤ ਸੁਣਾਈਏ ਚੱਲ,
ਨਸ਼ੇ ਸਾਡੀਆਂ ਨਸਲਾਂ ਖਾ ਰਹੇ, ਇਨ੍ਹਾਂ ਨੂੰ ਨੱਥ ਪਾਈਏ ਚੱਲ,
ਅੱਖਾਂ ਮੀਚ ਕੇ ਬਣਨਾ ਕੁਝ ਨਹੀਂ ਲੋਕਾਂ ਨੂੰ ਸਮਝਾਈਏ ਚੱਲ,
ਸੰਦੀਪ ਨਿੱਕੀ ਜਿਹੀ ਜ਼ਿੰਦਗੀ ਸਾਡੀ,ਵੱਡਾ ਕੁਝ ਕਰ ਜਾਈਏ ਚੱਲ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:- 9815321017