ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਵਿੱਦਿਆ ਸੁਖਮਿੰਦਰ ਸਿੰਘ ਅਤੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਕਾਲਜ ਪ੍ਰਿੰਸੀਪਲ ਡਾ: ਸਤਿੰਦਰ ਕੌਰ ਮਾਨ ਦੀ ਯੋਗ ਅਗਵਾਈ ਵਿੱਚ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈ ਕਾ (ਬਠਿੰਡਾ) ਵਿਖੇ ਕਾਲਜ ਲਾਇਬਰੇਰੀ ਦਾ ਨਾਮਕਰਨ ਇਲਾਕੇ ਦੇ ਪ੍ਰਸਿੱਧ ਸਿੱਖ ਇਤਿਹਾਸਕਾਰ, ਖੋਜੀ ਵਿਦਵਾਨ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਦੇ ਹੋਣਹਾਰ ਸਪੁੱਤਰ ਗਿਆਨੀ ਕੌਰ ਸਿੰਘ ਦੇ ਕਰ-ਕਮਲਾਂ ਦੁਆਰਾ ਕੀਤਾ ਗਿਆ । ਕਾਲਜ ਲਾਇਬ੍ਰੇਰੀਅਨ ਕਿਰਨਜੀਤ ਕੌਰ ਵੱਲੋਂ ਉਨ੍ਹਾਂ ਦਾ ਕਾਲਜ ਪਹੁੰਚਣ ਤੇ ਨਿੱਘਾ ਸਵਾਗਤ ਕਰਦਿਆਂ ਉਹਨਾਂ ਨੇ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਦੇ ਸਾਹਿਤ ਦੇ ਖੇਤਰ ਵਿੱਚ ਕੀਤੇ ਗਏ ਕਾਰਜਾਂ ਦੇ ਬਾਰੇ ਦੱਸਦਿਆਂ ਕਿਹਾ ਕਿ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਨੇ ਗੁਰਮਤਿ ਦੇ ਅਛੋਹ ਵਿਸ਼ਿਆਂ ਨੂੰ ਆਪਣੀ ਕਲਮ ਨਾਲ ਸਾਡੇ ਰੂ-ਬ-ਰੂ ਕੀਤਾ। ਉਹਨਾਂ ਦੁਆਰਾ ਕੀਤੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਮਾਣ ਹੈ ਅਜਿਹੀ ਸ਼ਖ਼ਸੀਅਤ ‘ਤੇ ਜਿਨ੍ਹਾਂ ਨੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਵਡਮੁੱਲੇ ਇਤਿਹਾਸ ਨੂੰ ਕਿਤਾਬਾਂ ਦੇ ਰੂਪ ਵਿੱਚ ਸਾਡੀ ਝੋਲੀ ਪਾਇਆ। ਇਸ ਤੋਂ ਬਾਅਦ ਗਿਆਨੀ ਕੌਰ ਸਿੰਘ ਕੋਠਾ ਗੁਰੂ ਨੇ ਵਿਦਿਆਰਥੀਆਂ ਨੂੰ ਗੁਰਬਾਣੀ ਤੋਂ ਸੇਧ ਲੈ ਕੇ ਸਾਦਾ ਤੇ ਸਰਲ ਜੀਵਨ ਜਿਊਣ ਦਾ ਸੁਨੇਹਾ ਦਿੱਤਾ । ਉਹਨਾਂ ਵਿੱਦਿਆ ਅਤੇ ਲਾਇਬਰੇਰੀ ਦੀ ਜੀਵਨ ਵਿਚਲੀ ਅਹਿਮੀਅਤ ਬਾਰੇ ਦੱਸਦਿਆਂ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਦੇ ਕਾਰਜ, ਵਿਚਾਰਧਾਰਾ ਅਤੇ ਜੀਵਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ । ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਨਵਜੋਤ ਕੌਰ ਬੀ.ਏ. ਭਾਗ ਪਹਿਲਾ ਨੇ (ਇਕਾਂਗੀ ਦੂਜਾ ਵਿਆਹ), ਜਸਪ੍ਰੀਤ ਕੌਰ ਬੀ.ਏ.ਭਾਗ ਪਹਿਲਾ ਨੇ (ਇਕਾਂਗੀ ਮਾਂ ਦਾ ਡਿਪਟੀ) ਕਿਤਾਬਾਂ ਦੇ ਹਫਤਾਵਾਰ ਰੀਵਿਊ ਪੇਸ਼ ਕੀਤੇ ਗਏ। ਇਸ ਤੋਂ ਉਪਰੰਤ ਪ੍ਰਿੰਸੀਪਲ ਡਾ: ਸਤਿੰਦਰ ਕੌਰ ਮਾਨ ਵੱਲੋਂ ਆਏ ਮੁੱਖ ਮਹਿਮਾਨ ਗਿਆਨੀ ਕੌਰ ਸਿੰਘ ਦਾ ਕਾਲਜ ਵਿਖੇ ਪਹੁੰਚਣ ਤੇ ਧੰਨਵਾਦ ਕੀਤਾ । ਉਹਨਾਂ ਦੱਸਿਆ ਕਿ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਦੇ ਕੀਤੇ ਕਾਰਜਾਂ ਦੀ ਦੇਣ ਅਸੀਂ ਨਹੀਂ ਦੇ ਸਕਦੇ ਪਰ ਉਹਨਾਂ ਦੇ ਮਾਣ ਸਤਿਕਾਰ ਨੂੰ ਵਧਾਉਂਦੇ ਹੋਏ ਕਾਲਜ ਦੀ ਲਾਇਬਰੇਰੀ ਦਾ ਨਾਮਕਰਨ ਕੀਤਾ ਗਿਆ ਹੈ। ਉਹਨਾਂ ਨੇ ਕਿਤਾਬਾਂ ਦੀ ਮਹੱਤਤਾ ਬਾਰੇ ਦੱਸਦੇ ਹੋਏ ਕਿਹਾ ਕਿ ਕਿਤਾਬਾਂ ਵਿਦਿਆਰਥੀ ਜੀਵਨ ਦਾ ਮਾਰਗ ਦਰਸ਼ਨ ਕਰਦੀਆਂ ਹੋਈਆਂ ਸਾਹਿਤਕ ਚੇਟਕ ਵੀ ਲਗਾਉਂਦੀਆਂ ਹਨ। ਉਹਨਾਂ ਵਿਦਿਆਰਥੀਆਂ ਨੂੰ ਰੋਜ਼ਾਨਾ ਲਾਇਬਰੇਰੀ ‘ਚ ਆਉਣ ਲਈ ਪ੍ਰੇਰਿਤ ਕੀਤਾ । ਗਿਆਨੀ ਕੌਰ ਸਿੰਘ ਵੱਲੋਂ ਕਾਲਜ ਦੀ ਲਾਇਬਰੇਰੀ ਵਾਸਤੇ 11,000 ਰੁਪਏ ਦੀ ਰਾਸ਼ੀ ਅਤੇ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਦੀਆਂ 40 ਕਿਤਾਬਾਂ ਦਾ ਸੈੱਟ ਭੇਟ ਕੀਤਾ । ਕਾਲਜ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਉਹਨਾਂ ਨੂੰ ਸਿਰੋਪਾਉ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋਫੈਸਰ ਜਗਦੀਪ ਕੌਰ, ਪ੍ਰੋਫ਼ੈਸਰ ਹਰਪਿੰਦਰ ਕੌਰ, ਪ੍ਰੋਫ਼ੈਸਰ ਅਮਨਦੀਪ ਕੌਰ, ਪ੍ਰੋਫ਼ੈਸਰ ਹਰਦੀਪ ਕੌਰ, ਪ੍ਰੋਫ਼ੈਸਰ ਅਰਸ਼ਦੀਪ ਸਿੰਘ ਅਤੇ ਵਿਦਿਆਰਥੀ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj