HOME ਚਿੱਠੀ (ਕਹਾਣੀ)

ਚਿੱਠੀ (ਕਹਾਣੀ)

2
ਗੁਰਦੀਪ ਕੌਰੇਆਣਾ
(ਸਮਾਜ ਵੀਕਲੀ) ਡਾਕੀਏ ਨੇ ਇੱਕ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਕਿਹਾ, “ਚਿੱਠੀ ਲੈ ਜਾਓ।” ਅੰਦਰੋਂ ਇੱਕ ਕੁੜੀ ਦੀ ਆਵਾਜ਼ ਆਈ, “ਮੈਂ ਆ ਰਹੀ ਹਾਂ।” ਪਰ ਜਦੋਂ ਤਿੰਨ-ਚਾਰ ਮਿੰਟ ਤੱਕ ਕੋਈ ਨਾ ਆਇਆ ਤਾਂ ਡਾਕੀਏ ਨੇ ਫਿਰ ਕਿਹਾ, “ ਓ ਭਾਈ! ਘਰ ਵਿੱਚ ਕੋਈ ਹੈ, ਆਪਣੀ ਚਿੱਠੀ ਲੈ ਲਓ।”
ਕੁੜੀ ਦੀ ਅਵਾਜ਼ ਫਿਰ ਆਈ, “ਪੋਸਟਮੈਨ ਸਾਹਿਬ, ਦਰਵਾਜ਼ੇ ਹੇਠੋਂ ਚਿੱਠੀ ਅੰਦਰ ਪਾ ਦਿਓ, ਮੈਂ ਆ ਰਹੀ ਹਾਂ।” ਡਾਕੀਏ ਨੇ ਕਿਹਾ, “ਨਹੀਂ, ਮੈਂ ਖੜ੍ਹਾ ਹਾਂ, ਇਹ ਰਜਿਸਟਰਡ ਚਿੱਠੀ ਹੈ, ਰਸੀਦ ‘ਤੇ ਤੁਹਾਡੇ ਦਸਤਖਤ ਚਾਹੀਦੇ ਹਨ।” ਤਕਰੀਬਨ ਛੇ-ਸੱਤ ਮਿੰਟ ਬਾਅਦ ਦਰਵਾਜ਼ਾ ਖੁੱਲ੍ਹਿਆ।ਡਾਕੀਆ ਇਸ ਦੇਰੀ ਤੋਂ ਬੇਸ਼ੱਕ ਚਿੜਿਆ ਹੋਇਆ ਸੀ ਅਤੇ ਉਸ ‘ਤੇ ਆਪਣਾ ਗੁੱਸਾ ਕੱਢਣ ਹੀ ਵਾਲਾ ਸੀ। ਪਰ ਜਿਵੇਂ ਹੀ ਦਰਵਾਜ਼ਾ ਖੁੱਲ੍ਹਿਆ ਤਾਂ ਉਹ ਆਪਣੇ ਸਾਹਮਣੇ ਇੱਕ ਅੰਗਹੀਣ ਕੁੜੀ ਨੂੰ ਦੇਖ ਕੇ ਹੈਰਾਨ ਰਹਿ ਗਿਆ ਜਿਸ ਦੀਆਂ ਲੱਤਾਂ ਨਹੀਂ ਸਨ।ਡਾਕੀਏ ਨੇ ਚੁੱਪਚਾਪ ਚਿੱਠੀ ਦੇ ਦਿੱਤੀ ਅਤੇ ਉਸ ਦੇ ਦਸਤਖਤ ਲੈ ਕੇ ਚਲਾ ਗਿਆ।ਇੱਕ-ਦੋ ਹਫ਼ਤਿਆਂ ਵਿੱਚ ਜਦੋਂ ਵੀ ਕੋਈ ਉਸ ਕੁੜੀ ਲਈ ਡਾਕ ਆਉੰਦੀ ਤਾਂ ਉਹ ਅਵਾਜ ਲਗਾ ਕੇ  ਕੁੜੀ ਦੇ ਆਉਣ ਤੱਕ ਉਥੇ ਹੀ ਖੜ੍ਹਾ ਰਹਿੰਦਾ।
      ਇਕ ਦਿਨ ਕੁੜੀ ਨੇ ਉਸ ਡਾਕੀਏ ਨੂੰ ਨੰਗੇ ਪੈਰੀਂ ਦੇਖਿਆ।
ਦੀਵਾਲੀ ਨੇੜੇ ਆ ਰਹੀ ਸੀ। ਉਸ ਨੇ ਸੋਚਿਆ ਕਿ ਉਹ ਡਾਕੀਏ ਨੂੰ ਕੀ ਇਨਾਮ ਦੇਵੇ।ਇੱਕ ਦਿਨ ਜਦੋਂ ਡਾਕੀਆ ਡਾਕ ਵੰਡ  ਕੇ ਚਲਾ ਗਿਆ ਤਾਂ ਕੁੜੀ ਨੇ ਉਸ ਥਾਂ ਮਿੱਟੀ ਉੱਪਰ ਡਾਕੀਏ ਦੇ ਪੈਰਾਂ ਦੇ ਨਿਸ਼ਾਨ ਦੇਖੇ। ਉਸ ਨੇ ਇੱਕ ਕਾਗਜ਼ ਲੈ ਕੇ ਉਸ ਉੱਪਰ ਡਾਕੀਏ ਦੇ ਪੈਰਾਂ ਦੀ ਤਸਵੀਰ ਬਣਾ ਲਈ ਅਤੇ ਆਪਣੀ ਨੌਕਰਾਣੀ ਤੋਂ ਉਸ ਆਕਾਰ ਦੀਆਂ ਜੁੱਤੀਆਂ ਮੰਗਵਾ ਲਈਆਂ।ਦੀਵਾਲੀ ਆਈ ਅਤੇ ਅਗਲੇ ਦਿਨ ਡਾਕੀਏ ਨੇ ਗਲੀ ਵਿਚ ਸਾਰਿਆਂ ਤੋਂ ਇਨਾਮ ਮੰਗਿਆ।
ਅਤੇ ਸੋਚਿਆ ਕਿ ਇਸ ਅਪਾਹਜ ਧੀ ਤੋਂ ਮੈਨੂੰ ਕੀ ਇਨਾਮ ਮਿਲਣਾ  ਹੈ ਪਰ ਜਦੋਂ ਤੋਂ ਮੈਂ ਇੱਥੇ ਆ ਹੀ ਗਿਆ ਹਾਂ, ਮੈਨੂੰ ਜ਼ਰੂਰ ਮਿਲਣਾ ਚਾਹੀਦਾ ਹੈ। ਉਸਨੇ ਦਰਵਾਜ਼ਾ ਖੜਕਾਇਆ, ਅੰਦਰੋਂ ਆਵਾਜ਼ ਆਈ, “ਕੌਣ?” ਡਾਕੀਏ ਨੇ ਜਵਾਬ ਦਿੱਤਾ। ਕੁੜੀ ਹੱਥ ਵਿੱਚ ਗਿਫਟ ਪੈਕ ਲੈ ਕੇ ਆਈ ਅਤੇ ਬੋਲੀ, “ਅੰਕਲ, ਇਹ ਤੁਹਾਨੂੰ ਦੀਵਾਲੀ ‘ਤੇ ਮੇਰਾ ਤੋਹਫਾ ਹੈ।” ਡਾਕੀਏ ਨੇ ਕਿਹਾ, “ਤੂੰ ਮੇਰੇ ਲਈ ਧੀ ਵਰਗੀ ਹੈਂ, ਮੈਂ ਤੇਰੇ ਤੋਂ ਤੋਹਫ਼ਾ ਕਿਵੇਂ ਲੈ ਸਕਦਾ ਹਾਂ?
ਕੁੜੀ ਨੇ ਉਸਨੂੰ ਬੇਨਤੀ ਕੀਤੀ ਕਿ ਇਸ ਤੋਹਫ਼ੇ ਨੂੰ ਨਾਂਹ ਨਾ ਕਰੇ। “ਠੀਕ ਹੈ” ਕਹਿ ਕੇ ਡਾਕੀਏ ਨੇ ਪੈਕੇਟ ਲੈ ਲਿਆ। ਕੁੜੀ ਨੇ ਕਿਹਾ, “ਅੰਕਲ, ਇਹ ਪੈਕੇਟ ਘਰ ਲੈ ਜਾ ਕੇ ਖੋਲਣਾ ।” ਘਰ ਜਾ ਕੇ ਪੈਕੇਟ ਖੋਲ੍ਹ ਕੇ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ। ਕਿਉਂਕਿ ਉਸ ਵਿੱਚ ਇੱਕ ਜੁੱਤੀਆਂ ਦਾ ਜੋੜਾ ਸੀ।ਉਸਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ।ਅਗਲੇ ਦਿਨ ਉਹ ਦਫਤਰ ਪਹੁੰਚਿਆ ਅਤੇ ਪੋਸਟ ਮਾਸਟਰ ਨੂੰ ਤੁਰੰਤ ਉਸਦੀ ਬਦਲੀ ਕਰਨ ਦੀ ਬੇਨਤੀ ਕੀਤੀ।
ਜਦੋਂ ਪੋਸਟਮਾਸਟਰ ਨੇ ਕਾਰਨ ਪੁੱਛਿਆ ਤਾਂ ਡਾਕੀਏ ਨੇ ਉਹ ਜੁੱਤੀ ਮੇਜ਼ ‘ਤੇ ਰੱਖ ਦਿੱਤੀ ਅਤੇ ਸਾਰੀ ਕਹਾਣੀ ਦੱਸਦਿਆਂ ਭਿੱਜੀਆਂ ਅੱਖਾਂ ਅਤੇ ਦੱਬੇ ਹੋਏ ਗਲੇ ਨਾਲ ਕਿਹਾ, ”ਅੱਜ ਤੋਂ ਬਾਅਦ ਮੈਂ ਉਸ ਗਲੀ ‘ਚ ਨਹੀਂ ਜਾ ਸਕਾਂਗਾ।” ਉਸ ਅੰਗਹੀਣ ਕੁੜੀ ਨੇ ਤੋਹਫੇ ਵਜੋਂ ਮੈਨੂੰ ਜੁੱਤੀ ਦਿੱਤੀ ਹੈ। ਮੇਰੇ ਨੰਗੇ ਪੈਰਾਂ ਵੱਲ ਵੇਖ ਕੇ । ਪਰ ਮੈਂ ਉਸ ਨੂੰ ਵਾਪਸੀ ਤੋਹਫੇ ਵਜੋਂ ਪੈਰ ਦੇਣ ਤੋਂ ਅਸਮਰੱਥ ਹਾਂ ਜਿਸਦੀ ਕਿ ਉਸਨੂੰ ਬਹੁਤ ਲੋੜ ਹੈ। ?”
ਇਹ ਸੰਵੇਦਨਸ਼ੀਲਤਾ ਦੀ ਇੱਕ ਮਹਾਨ ਉਦਾਹਰਣ ਹੈ। ਸੰਵੇਦਨਸ਼ੀਲਤਾ ਦਾ ਮਤਲਬ ਹੈ ਦੂਜਿਆਂ ਦੇ ਦਰਦ ਅਤੇ ਦੁੱਖਾਂ ਨੂੰ ਸਮਝਣਾ ਅਤੇ ਅਨੁਭਵ ਕਰਨਾ।
ਅਤੇ ਉਸ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੋਣਾ।ਇਹ ਇੱਕ ਅਜਿਹਾ ਮਨੁੱਖੀ ਗੁਣ ਹੈ ਜਿਸ ਤੋਂ ਬਿਨਾਂ ਮਨੁੱਖ ਅਧੂਰਾ ਹੈ।ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਸਾਨੂੰ ਸੰਵੇਦਨਹੀਣਤਾ ਦਾ ਗਹਿਣਾ ਬਖਸ਼ੇ ਤਾਂ ਜੋ ਅਸੀਂ ਦੂਸਰਿਆਂ ਦੇ ਦੁੱਖ-ਦਰਦ ਨੂੰ ਘਟਾਉਣ ਵਿੱਚ ਆਪਣਾ ਯੋਗਦਾਨ ਪਾ ਸਕੀਏ। ਕਿਸੇ ਨੂੰ ਇਹ ਮਹਿਸੂਸ ਨਹੀਂ ਕਰਨਾ ਚਾਹੀਦਾ ਕਿ ਉਹ ਇਕੱਲਾ ਹੈ, ਪਰ ਉਸਨੂੰ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਸਾਰੀ ਮਨੁੱਖਤਾ ਉਸਦੇ ਨਾਲ ਹੈ।
ਗੁਰਦੀਪ ਕੌਰੇਆਣਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੀ ਟਰੰਪ ਬੀਜਿੰਗ ਨੂੰ ਚੁਣੌਤੀ ਦੇਣ ਲਈ ਕੀਵ ਦੀ ਦੁਰਲੱਭ ਧਰਤੀ ‘ਤੇ ਨਜ਼ਰ ਰੱਖ ਰਿਹਾ ਹੈ?
Next articleਭਲਾ ਓਹ ਜਮਾਨਾ (ਗੀਤ)