(ਸਮਾਜ ਵੀਕਲੀ) – ਜ਼ਿੰਦਗੀ ਖ਼ੂਬਸੂਰਤ ਹੈ ।ਅਸੀਂ ਸਾਰੇ ਇਸ ਸੰਸਾਰ ਵਿਚ ਵਿਚਰਦੇ ਹਾਂ। ਹਰ ਇਕ ਇਨਸਾਨ ਦਾ ਜਿੰਦਗੀ ਵਿੱਚ ਕੋਈ ਨਾ ਕੋਈ ਉਦੇਸ਼ ਹੁੰਦਾ ਹੈ। ਸਾਨੂੰ ਨਿਰੰਕਾਰ ਪ੍ਰਭੂ ਪ੍ਰਮਾਤਮਾ ਨੇ ਇਸ ਧਰਤੀ ਤੇ ਭੇਜਿਆ ਹੈ। ਇਸ ਧਰਤੀ ਤੇ ਆਉਣ ਦਾ ਸਾਡਾ ਵੀ ਕੋਈ ਉਦੇਸ਼ ਹੈ। ਅਸੀਂ ਇੱਥੇ ਕੋਈ ਸਦਾ ਲਈ ਨਹੀਂ ਆਏ ਹਾਂ। ਅਸੀਂ ਕੋਈ ਸਦਾ ਇਥੇ ਰਹਿਣ ਲਈ ਰਜਿਸਟਰੀ ਨਹੀਂ ਕਰਵਾ ਲਈ ਐ। ਅਸੀਂ ਇੱਕ ਨਾ ਇੱਕ ਦਿਨ ਇਸ ਸੰਸਾਰ ਤੋਂ ਰੁਖ਼ਸਤ ਹੋਣਾ ਹੈ। ਜੋ ਅਸੀਂ ਇੱਥੇ ਮਹਿਲ ਮਾੜੀਆਂ ਬਣਾ ਰਹੇ ਹਨ ,ਇਕ ਨਾ ਇਕ ਦਿਨ ਅਸੀਂ ਇਸ ਸੰਸਾਰ ਤੋਂ ਸਾਰਿਆਂ ਨੂੰ ਛੱਡ ਕੇ ਚਲੇ ਜਾਣਾ ਹੈ। ਪਰ ਜੋ ਅੱਜ ਦਾ ਇਨਸਾਨ ਹੈ, ਉਹ ਜ਼ਿੰਦਗੀ ਦਾ ਮਕਸਦ ਭੁੱਲ ਚੁੱਕਾ ਹੈ। ਨਿਰੰਕਾਰ ਪ੍ਰਭੂ ਨੇ ਉਸਨੂੰ ਧਰਤੀ ਤੇ ਕੀ ਕਰਨ ਲਈ ਭੇਜਿਆ ਸੀ ਤੇ ਉਹ ਅੱਜ ਕੀ ਕਰ ਰਿਹਾ ਹੈਂ। ਉਸਨੇ ਜ਼ਿੰਦਗੀ ਦਾ ਅਸਲੀ ਉਦੇਸ਼ ਭੁਲਾ ਦਿੱਤਾ ਹੈ।
2005 ਵਿਚ ਸੁਨਾਮੀ ਨੇ ਜੋ ਕਹਿਰ ਮਚਾਇਆ ,ਅਸੀਂ ਭੁੱਲ ਨਹੀ ਸਕਦੇ। ਫਿਰ 2012 ਵਿੱਚ ਉਤਰਾਖੰਡ ਵਿੱਚ ਹੜ੍ਹ ਦੀ ਮਾਰ ਕਾਰਨ ਜੋ ਤਬਾਹੀ ਮੱਚੀ, ਦਿੱਲ ਕਮਬਾਉਣ ਵਾਲੀ ਸੀ। ਹੜ੍ਹਾਂ ਚ ਗੱਡੀਆਂ ਦੀ ਗੱਡੀਆਂ ਰੁੜ ਗਈਆਂ। ਜਾਨ ਮਾਲ ਦਾ ਬਹੁਤ ਨੁਕਸਾਨ ਹੋਇਆ। ਫਿਰ ਵੀ ਇਨਸਾਨ ਨਹੀਂ ਸੁਧਰਿਆ। 2003 ਵਿਚ ਗੁਜਰਾਤ ਵਿਖੇ ਭੂਚਾਲ ਕਾਰਨ ਹਜ਼ਾਰਾਂ ਹੀ ਲੋਕ ਮਰ ਗਏ। ਕੁਦਰਤ ਇਨਸਾਨ ਨੂੰ ਲਗਾਤਾਰ ਇਸ਼ਾਰੇ ਕਰ ਰਹੀ ਹੈ। ਪਰ ਅੱਜ ਕੱਲ ਦਾ ਇਨਸਾਨ ਬਿਲਕੁਲ ਵੀ ਨਹੀਂ ਸੁਧਰਿਆ। 2020 ਵਿੱਚ ਕਰੋਨਾ ਨੇ ਭਾਰਤ ਵਿੱਚ ਦਸਤਕ ਦਿੱਤੀ ਸੀ। ਜ਼ਿੰਦਗੀ ਥੰਮ ਚੁੱਕੀ ਸੀ। ਕੁਦਰਤ ਨਵ ਨਵੇਲੀ ਵਹਟੀ ਦੀ ਤਰ੍ਹਾਂ ਸੱਜ ਗਈ ਸੀ। ਸਿਰਫ ਜੀਵ-ਜੰਤੂ ਆਜ਼ਾਦ ਸੀ। ਇਨਸਾਨ ਘਰ ਦੇ ਅੰਦਰ ਬੈਠਾ ਸੀ। ਦਰਿਆ ਤੱਕ ਸਾਫ ਹੋ ਗਏ ਸਨ। ਪੰਛੀ ਅਠਖੇਲੀਆਂ ਕਰਦੇ ਹੋਏ ਨਜ਼ਰ ਆ ਰਹੇ ਸਨ। ਵਿਚਾਰਨ ਵਾਲੀ ਗੱਲ ਹੈ ਫਿਰ ਵੀ ਇਨਸਾਨ ਕਿਉਂ ਨਹੀਂ ਸੁਧਰਿਆ
? ਕਿਉਂ ਲਗਾਤਾਰ ਕੁਦਰਤ ਇਨਸਾਨ ਨੂੰ ਇਸ਼ਾਰੇ ਕਰ ਰਹੀ ਹੈ? ਅੱਜ ਦਾ ਇਨਸਾਨ ਆਪਣੇ ਅਸਲੀ ਉਦੇਸ਼ ਨੂੰ ਭੁੱਲ ਚੁੱਕਾ ਹੈ। ਸਾਨੂੰ ਸਾਰਿਆਂ ਨੂੰ ਹੀ ਚੰਗੇ ਕਰਮ ਕਰਨੇ ਚਾਹੀਦੇ ਹਨ। ਇਹੀ ਭਗਤੀ ਹੈ। ਜੇਕਰ ਅਸੀਂ ਚੰਗੇ ਕਰਮ ਕਰਾਂਗੇ ਤਾਂ ਸਾਡੀ ਸਮਾਜ ‘ਚ ਵੀ ਇੱਜ਼ਤ ਹੋਏਗੀ।
ਜਦੋਂ ਅਪਰੈਲ-ਮਈ ਮਹੀਨੇ ਕਰੋਨਾ ਦੀ ਦੂਜੀ ਲਹਿਰ ਚੱਲ ਰਹੀ ਸੀ, ਤਾਂ ਇਨਸਾਨੀਅਤ ਸ਼ਰਮਸ਼ਾਰ ਹੋ ਚੁੱਕੀ ਸੀ। ਆਕਸੀਜਨ ਦੀ ਕਮੀ ਹੋ ਗਈ ਸੀ। ਕਈ ਮੈਡੀਕਲ ਵਾਲੀ ਦੁਕਾਨਾਂ ਨੇ ਜਿਹੜੇ ਮੈਡੀਕਲ ਉਪਕਰਨਾਂ ਜਿਵੇਂ ਥਰਮਾਮੀਟਰ ਜਿਸਦੀ ਕੀਮਤ 50 ਰੁਪਏ ਜਾਂ ਰੈਮੇਡੀਸਿਵਰ ਦਵਾਈ ਜਿਸ ਦੀ ਕੀਮਤ ਸਿਰਫ 4000 ਦੇ ਆਸ ਪਾਸ ਹੈ। ਅਜਿਹੇ ਗਿਰੇ ਹੋਏ ਲੋਕਾਂ ਨੇ ਉਹ ਦਵਾਈ ਚਾਰ ਗੁਣਾ ਮਹਿੰਗੇ ਰੇਟਾਂ ਤੇ ਵੇਚੀ। ਮਜਬੂਰੀ ਨੂੰ ਲੋਕਾਂ ਨੇ ਆਪਣੇ ਗਹਿਣੇ ਵੇਚ ਕੇ ਇਹ ਦਵਾਈ ਲਈ। ਸੋਚਣ ਵਾਲੀ ਗੱਲ ਹੈ ਭਲਾ ਇਹੀ ਕਮਾਈ ਨਾਲ ਕਿੰਨੇ ਕੁ ਉਹ ਮਹਿਲ ਖੜ੍ਹੇ ਕਰ ਲੈਣਗੇ? ਐਂਬੂਲੈਂਸਾਂ ਵਾਲਿਆਂ ਦਾ ਤਾਂ ਪੁੱਛੋ ਹੀ ਨਾ। ਉਨ੍ਹਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਸੀ। ਦੱਸ ਕ ਕਿਲੋਮੀਟਰ ਦਾ ਪੈਂਡਾ ਤੈਅ ਕਰਨ ਲਈ ਹਜ਼ਾਰਾਂ ਰੁਪਏ ਮਰੀਜ਼ਾਂ ਦੇ ਘਰਵਾਲਿਆਂ ਤੋਂ ਵਸੂਲੇ। ਕੀ ਇਹ ਅਸੀਂ ਚੰਗੇ ਕਰਮ ਕਰ ਰਹੇ ਹਾਂ? ਅਸੀਂ ਇਨਸਾਨ ਦੀ ਜ਼ਰੂਰਤ ਕਿਉਂ ਨਹੀਂ ਬਣਦੇ? ਕਿਉਂ ਅਸੀਂ ਮੁਸੀਬਤ ਵੇਲੇ ਕਿਸੇ ਦਾ ਸਾਥ ਨਹੀਂ ਦੇ ਪਾਉਂਦੇ। ਪੈਸਾ ਹੀ ਸਭ ਕੁਝ ਨਹੀਂ ਹੁੰਦਾ। ਜੇ ਅਸੀਂ ਕਿਸੇ ਦੀ ਮਦਦ ਕਰ ਦਿੰਦੇ ਹਾਂ ਤਾਂ ਉਹ ਬੰਦਾ ਸਾਰੀ ਉਮਰ ਸਾਡਾ ਅਹਿਸਾਨ ਨਹੀਂ ਭੁੱਲਦਾ ਕਿ ਤੂੰ ਭਾਈ ਮੁਸ਼ਕਿਲ ਵੇਲੇ ਸਾਡੇ ਨਾਲ ਖੜ੍ਹਾ ਸੀ।
ਅਸੀਂ ਇਸ ਧਰਤੀ ਤੇ ਕੀ ਕਰਨ ਲਈ ਆਏ ਹਾਂ ਤੇ ਕੀ ਕਰ ਰਹੇ ਹਾਂ?ਸਾਨੂੰ ਗੁਰੂ ਨਾਨਕ ਦੇਵ ਜੀ ਨੇ ਦੱਸ ਨਹੁੰਆਂ ਦੀ ਕਿਰਤ ਕਰਨ ਲਈ ਕਿਹਾ ਸੀ। ਮਿਹਨਤ ਕਰਨ ਲਈ ਪ੍ਰੇਰਿਆ ਸੀ। ਨਾ ਕਿ ਕਿਸੇ ਨੂੰ ਸ਼ਰਮਿੰਦਾ ਕਰਨ ਲਈ। ਨਿੱਜੀ ਸਵਾਰਥਾਂ ਖਾਤਰ ਅਸੀਂ ਕੁਦਰਤ ਨਾਲ ਵੀ ਖਿਲਵਾੜ ਕਰ ਰਹੇ ਹਾਂ। ਪੈਸੇ ਦੀ ਹੋੜ ਲੱਗੀ ਹੋਈ ਹੈ। ਮਾਇਆ ,ਪੈਸਾ ਤਾਂ ਸਾਨੂੰ ਗੁਜ਼ਰਾਨ ਲਈ ਹੈ। ਇਨਸਾਨ ਗਲਤ ਕੰਮ ਕਰ ਕੇ ਆਪਣੇ ਬੈਂਕਾਂ ਵਿੱਚ ਮਾਇਆ ਇਕੱਠੀ ਕਰ ਰਿਹਾ ਹੈ। ਇਨਸਾਨੀਅਤ ਖ਼ਤਮ ਹੋ ਚੁੱਕੀ ਹੈ। ਪੈਸੇ ਦੀ ਹੋੜ ਕਾਰਨ ਭਰਾ -ਭਰਾ ਦਾ ਦੁਸ਼ਮਣ ਬਣ ਗਿਆ ਹੈ। ਇਨਸਾਨ ਨੂੰ ‘ਨਿਰੰਕਾਰ ‘ਪ੍ਰਭੂ ਦਾ ਬਿਲਕੁਲ ਵੀ ਡਰ ਨਹੀਂ ਰਿਹਾ ਹੈ। ਵਿਚਾਰਨ ਵਾਲੀ ਗੱਲ ਹੈ ਕਿ ਨਿਰੰਕਾਰ ਨੇ ਸਾਨੂੰ ਇਸ ਧਰਤੀ ਤੇ ਮਾਇਆ ਇਕੱਠੀ ਕਰਨ ਲਈ ਭੇਜਿਆ ਹੈ?ਜੋ ਸਾਡਾ ਜ਼ਿੰਦਗੀ ਦਾ ਅਸਲੀ ਮਕਸਦ ਹੈ, ਉਹ ਅਸੀਂ ਭੁੱਲ ਗਏ ਹਾਂ। ਜ਼ਿੰਦਗੀ ਦਾ ਅਸਲੀ ਮਕਸਦ ਹੈ “ਭਗਤੀ”। ਜਦੋਂ ਅਸੀਂ ਇਸ ਸੰਸਾਰ ਤੋਂ ਰੁਖ਼ਸਤ ਹੋਵਾਂਗੇ ਤਾਂ ਨਿਰੰਕਾਰ ਦੀ ਦਰਗਾਹ ਵਿੱਚ ਸਾਡੇ ਕਰਮਾਂ ਦਾ ਲੇਖਾ ਜੋਖਾ ਹੋਵੇਗਾ। ਜਦੋਂ ਅਸੀਂ ਗਲਤ ਕੰਮ ਕਰ ਰਹੇ ਹੁੰਦੇ ਹਾਂ, ਤਾਂ ਨਿਰੰਕਾਰ ਹਰ ਜਗ੍ਹਾ ਹਾਜ਼ਰ ਹੈ। ਸਾਨੂੰ ਹਰ ਸਾਹ ਨਿਰੰਕਾਰ ਦਾ ਸਿਮਰਨ ਕਰਨਾ ਚਾਹੀਦਾ ਹੈ। ਗੁਰਬਾਣੀ ਵਿਚ ਵੀ ਫ਼ਰਮਾਇਆ ਗਿਆ ਹੈ ” ਸਾਸਿ ਸਾਸਿ ਸਿਮਰਹੁ ਗੋਬਿੰਦ,ਮਨ ਅੰਤਰ ਕੀ ਉਤਰੈ ਚਿੰਦ ।”ਨਿਰੰਕਾਰ ਦੀ ਕਚਹਿਰੀ ਵਿੱਚ ਸਾਨੂੰ ਸਾਰਿਆਂ ਨੂੰ ਹੀ ਆਪਣੇ ਕਰਮਾਂ ਦਾ ਹਿਸਾਬ ਦੇਣਾ ਹੋਵੇਗਾ। ਜ਼ਿੰਦਗੀ ਬਹੁਤ ਛੋਟੀ ਹੈ। ਅੱਜ ਕੱਲ ਤਾਂ ਪਤਾ ਹੀ ਨਹੀਂ ਲੱਗਦਾ, ਕਦੋਂ ਨਿਰੰਕਾਰ ਦਾ ਸੱਦਾ ਆ ਜਾਣਾ ਹੈ। ਕਦੋਂ ਚੱਕਲੋ ਚੱਕਲੋ ਹੋ ਜਾਣੀ ਹੈ।ਬਿਨਾਂ ਭਗਤੀ ਤੋਂ ਇਹ ਜੀਵਨ ਬੇਕਾਰ ਹੈ। ਸਮਾਂ ਰਹਿੰਦਿਆਂ ਸਾਨੂੰ ਨਿਰੰਕਾਰ ਪ੍ਰਭੂ ਪ੍ਰਮਾਤਮਾ ਨੂੰ ਜਾਣ ਕੇ ਭਗਤੀ ਕਰਨੀ ਚਾਹੀਦੀ ਹੈ। ਅਕਸਰ ਕਿਹਾ ਵੀ ਜਾਂਦਾ ਹੈ ਕਿ ” ਜੇ ਸਾਡਾ ਲੋਕ ਸੁਖੀ ਹੋਵੇਗਾ , ਤਾਂ ਪ੍ਰਲੋਕ ਆਪਣੇ ਆਪ ਸੁਹੇਲਾ ਹੋ ਜਾਵੇਗਾ।
ਸੰਜੀਵ ਸਿੰਘ ਸੈਣੀ ਮੋਹਾਲੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ https://play.google.com/store/apps/details?id=in.yourhost.samajweekly