ਦੂਰਦਰਸ਼ਨ ਪੰਜਾਬੀ ਦੀ ਉਲਟੀ ਗਿਣਤੀ ਸ਼ੁਰੂ

(ਸਮਾਜ ਵੀਕਲੀ)

ਪ੍ਰਸਾਰ ਭਾਰਤੀ ਵੱਲੋਂ ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਤੇ ਪ੍ਰਚਾਰ ਲਈ,ਸਾਡੇ ਪੰਜਾਬ ਵਿੱਚ ਇੱਕੋ ਹੀ ਚੈਨਲ ਦੂਰਦਰਸ਼ਨ ਪੰਜਾਬੀ ਜਲੰਧਰ ਵਿੱਚ ਮੌਜੂਦ ਹੈ। ਪੂਰੀ ਦੁਨੀਆਂ ਵਿੱਚ ਇਸ ਦਾ ਪ੍ਰਸਾਰਣ ਦੇਖਿਆ ਜਾਂਦਾ ਹੈ ਪੰਜ ਕੁ ਸਾਲਾਂ ਤੋਂ ਪ੍ਰਚਾਰ ਤੇ ਪ੍ਰਸਾਰ ਤਾਂ ਬਹੁਤ ਦੂਰ ਦੀ ਗੱਲ ਹੈ। ਬੋਲੀ ਤੇ ਪਹਿਰਾਵਾ ਹੀ ਪੰਜਾਬੀ ਨਹੀਂ ਇਸ ਦਾ ਸਾਰਥਿਕ ਕਾਰਨ ਦੂਰਦਰਸ਼ਨ ਪੰਜਾਬੀ ਦੇ ਕੇਂਦਰ ਨਿਰਦੇਸ਼ਕ ਜਿਸ ਦਾ ਵਾਧੂ ਚਾਰਜ ਚੀਫ਼ ਇੰਜੀਨੀਅਰ ਕੋਲ ਹੈ, ਜੋ ਪੰਜਾਬੀ ਭਾਸ਼ਾ ਤੇ ਪਹਿਰਾਵੇ ਦੀ ਜਾਣਕਾਰੀ ਤੋਂ ਕੋਰਾ ਹੈ।

ਪਿਛਲੇ ਚਾਰ ਸਾਲ ਪ੍ਰੋਗਰਾਮ ਮੁੱਖੀ ਨੂੰ ਵੀ ਪੰਜਾਬੀ ਦਾ ਗਿਆਨ ਨਹੀਂ ਸੀ, ਤੇ ਝੋਟਿਆਂ ਦੇ ਘਰੋਂ ਲੱਸੀ ਲੱਭਣਾ ਤਾਂ ਸਰੋਤਿਆਂ ਦੀ ਗਲਤੀ ਹੋਣੀ ਸੀ। ਦੂਰਦਰਸ਼ਨ ਪੰਜਾਬੀ ਇਹਨਾਂ ਹਾਲਾਤਾਂ ਤੋਂ ਪਹਿਲਾਂ ਭਾਰਤ ਵਿੱਚ ਸਭ ਤੋਂ ਵੱਧ ਦੇਖਿਆ ਜਾਣ ਚੈਨਲ ਸੀ।ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਪ੍ਰੋਗਰਾਮ ਉਚੇ ਪੱਧਰ ਤੇ ਜ਼ਰੂਰ ਹੋਣਗੇ।ਪਿਛਲੇ ਚਾਰ ਸਾਲ ਪਹਿਲੇ ਨੰਬਰ ਤੋਂ ਪੱਛੜ ਕੇ ਸਰੋਤਿਆਂ ਦੀ ਵੇਖਣ ਗਿਣਤੀ ਵਿੱਚ ਅੱਠਵੇਂ ਨੰਬਰ ਤੇ ਆ ਗਿਆ ਸੀ। ਇਸ ਸਾਲ ਦੇ ਮਈ ਮਹੀਨੇ ਪ੍ਰਸਾਰ ਭਾਰਤੀ ਦੀ ਸਵੱਲੀ ਨਿਗ੍ਹਾ ਹੋਈ,ਪ੍ਰੋਗਰਾਮ ਮੁੱਖੀ ਸ੍ਰੀਮਾਨ ਪਨੀਤ ਸਹਿਗਲ ਜੀ ਨੂੰ ਥਾਪ ਦਿੱਤਾ ਗਿਆ ਜੋ ਕਿ ਡਰਾਮਾ ਵਿਭਾਗ ਦੀ ਉੱਚ ਸਿੱਖਿਆ ਪ੍ਰਾਪਤ ਹਨ।

ਕਰੋਨਾ ਮਹਾਂਮਾਰੀ ਦਾ ਪ੍ਰਸਾਰਨ ਤੇ ਅਸਰ ਪੈਣਾ ਲਾਜ਼ਮੀ ਸੀ, ਜਿਸ ਕਾਰਨ ਪੂਰਾ ਦਿਨ ਵਿੱਚ ਖ਼ਬਰਾਂ ਤੋਂ ਇਲਾਵਾ ਖੇਤੀਬਾੜੀ ਤੇ ਅੱਧਾ ਕੁ ਘੰਟਾ ਹੋਰ ਮਨੋਰੰਜਨ ਦੇ ਪ੍ਰੋਗਰਾਮ ਪੇਸ਼ ਹੁੰਦੇ ਰਹੇ। ਚੱਲੋ ਪ੍ਰਸਾਰ ਭਾਰਤੀ ਵੱਲੋਂ ਵੀ ਕੁੱਝ ਰੋਕਾਂ ਸਨ,ਇਸ ਮਹੀਨੇ ਵਿੱਚ ਕਰੋਨਾ ਦਾ ਸੰਤਾਪ ਘਟਣ ਕਰਕੇ ਸਿੱਧੇ ਪ੍ਰਸਾਰਣ ਵਾਲੇ ਪ੍ਰੋਗਰਾਮ ਸ਼ੁਰੂ ਕਰਨਾ ਕੋਈ ਮੁਸ਼ਕਿਲ ਨਹੀਂ ਹੈ। ਪਰ ਪ੍ਰੋਗਰਾਮ ਮੁਖੀ ਜੀ ਨੇ ਕਮਾਂਡ ਸੰਭਾਲਦੇ ਹੋਏ ਹੀ ਪੰਜਾਬ ਸਕੂਲ ਸਿੱਖਿਆ ਵਿਭਾਗ ਨੂੰ ਸਕੂਲੀ ਬੱਚਿਆਂ ਨੂੰ ਪੜ੍ਹਾਉਣ ਲਈ ਸਵੇਰੇ ਨੌ ਵਜੇ ਤੋਂ ਸ਼ਾਮ ਚਾਰ ਵਜੇ ਤੱਕ ਦਾ ਸਮਾਂ ਵੇਚ ਦਿੱਤਾ ਸੀ। ਚਾਰ ਵਜੇ ਤੋਂ ਪੰਜ ਵਜੇ ਤੱਕ ਚੰਡੀਗੜ੍ਹ ਤੋਂ ਪ੍ਰਸਾਰਣ ਹੁੰਦਾ ਹੈ ਬਾਕੀ ਪੁਰਾਣੇ ਪ੍ਰੋਗਰਾਮਾਂ ਦਾ ਪ੍ਰਸਾਰਣ ਚੱਲਦਾ ਹੈ।

ਮਹਾਂਮਾਰੀ ਤਾਂ ਆਪਣਾ ਗੰਭੀਰ ਰੂਪੀ ਮੈਦਾਨ ਛੱਡ ਕੇ ਭੱਜ ਗਈ, ਪਰ ਦੂਰਦਰਸ਼ਨ ਪੰਜਾਬੀ ਦੇ ਲੱਗਦਾ ਹੱਡਾਂ ਵਿੱਚ ਇਹ ਬਿਮਾਰੀ ਬੈਠ ਗਈ ਹੈ।ਦਸੰਬਰ ਮਹੀਨੇ ਤੱਕ ਦੂਰਦਰਸ਼ਨ ਪੰਜਾਬੀ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਸਿੱਖਿਆ ਵਿਭਾਗ ਦਾ ਪ੍ਰੋਗਰਾਮ ਹੀ ਚੱਲੇਗਾ,ਪਤਾ ਨੀ ਇਹ ਕਿਹੜੀ ਮਜਬੂਰੀ ਹੈ। ਕੀ ਪ੍ਰਸਾਰ ਭਾਰਤੀ ਨੇ ਦੂਰਦਰਸ਼ਨ ਪੰਜਾਬੀ ਨੂੰ ਸਕੂਲ ਹੀ ਬਣਾ ਦਿੱਤਾ, ਜਦੋਂ ਕਿ ਪ੍ਰਸਾਰ ਭਾਰਤੀ ਕੋਲ ਅਨੇਕਾਂ ਚੈਨਲ ਹਨ ਦੂਸਰਾ ਚੈਨਲ ਤੁਰੰਤ ਚਾਲੂ ਕਰਕੇ ਕੋਈ ਵੀ ਪ੍ਰੋਗਰਾਮ ਚਲਾਏ ਜਾ ਸਕਦੇ ਹਨ।

28 ਸਤੰਬਰ ਨੂੰ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਵਸ ਸੀ। ਉਸ ਲਈ ਵੀ ਕੋਈ ਖਾਸ ਪ੍ਰੋਗਰਾਮ ਨਹੀਂ ਬਣਾਇਆ ਗਿਆ ਵਿਖਾਵਾ ਰੂਪੀ ਇੱਕ ਪੁਰਾਣੀ ਦਸਤਾਵੇਜ਼ੀ ਫ਼ਿਲਮ ਭਗਤ ਸਿੰਘ ਜੀ ਦੀ ਦਿਖਾ ਕੇ ਬੁੱਤਾ ਸਾਰ ਲਿਆ। ਅੱਜ 11 ਅਕਤੂਬਰ ਅੰਤਰਰਾਸ਼ਟਰੀ ਬਾਲੜੀ ਦਿਵਸ ਹੈ, ਸਾਡੀ ਸਰਕਾਰ ਦਾ ਬੇਟੀਆਂ ਲਈ ਖਾਸ ਨਾਅਰਾ ਹੈ ਬੇਟੀ ਬਚਾਓ ਬੇਟੀ ਪੜ੍ਹਾਓ।

ਦੂਰਦਰਸ਼ਨ ਪੰਜਾਬੀ ਦੇ ਪ੍ਰੋਗਰਾਮ ਮੁਖੀ ਸ੍ਰੀ ਪੁਨੀਤ ਸਹਿਗਲ ਜੀ ਨੇ ਅੱਜ ਦੇ ਖਾਸ ਦਿਵਸ ਲਈ ਫੇਸਬੁੱਕ ਉੱਤੇ ਬੇਟੀਆਂ ਲਈ ਖਾਸ ਪ੍ਰੋਗਰਾਮ ਸਬੰਧੀ ਜੋ ਦੱਸਿਆ ” 11 ਸਤੰਬਰ ਵਿਸ਼ਵ ਬਲਿਕਾ ਦਿਵਸ ਦੋ ਬੇਹਤਰੀਨ ਗਾਣੇ ਦੋ ਬੇਹਤਰੀਨ ਆਵਾਜ਼ਾਂ ਚ ” ਪਾਠਕਾਂ ਲਈ ਉਸ ਖਾਸ ਸੁਨੇਹੇ ਦੀ ਸਕ੍ਰੀਨ ਸ਼ਾਟ ਫੋਟੋ ਭੇਜ ਰਿਹਾ ਹਾਂ, ਪ੍ਰੋਗਰਾਮ ਮੁੱਖੀ ਨੂੰ ਪੰਜਾਬੀ ਭਾਸ਼ਾ ਦਾ ਗਿਆਨ ਨਹੀਂ, ਸਾਡੀਆਂ ਬਾਲੜੀਆਂ ਲਈ ਸ਼ਬਦ ਪਤਾ ਨਹੀਂ ਕਿਹੜੀ ਭਾਸ਼ਾ ਦਾ ਲਿਖਿਆ ਗਿਆ।

ਸ਼ਾਇਦ ਕੋਈ ਹੋਰ ਛੋਟਾ ਮੋਟਾ ਅੰਤਰਰਾਸ਼ਟਰੀ ਦਿਵਸ ਹੋਵੇਗਾ, ਜਿਸ ਤੋਂ ਮੈਂ ਅਣਜਾਣ ਹਾਂ ਛੋਟਾ ਮੋਟਾ ਇਸ ਲਈ ਵਰਤ ਰਿਹਾ ਹਾਂ, ਕਿ ਦੋ ਗੀਤ ਕੰਮ ਚਲਾਊ ਸੌਦਾ ਹੀ ਹੁੰਦਾ ਹੈ। ਪ੍ਰੋਗਰਾਮ ਮੁਖੀ ਨੂੰ ਤਾਰੀਖ਼ ਤੇ ਅੰਤਰਰਾਸ਼ਟਰੀ ਦਿਵਸ ਦਾ ਗਿਆਨ ਨਾ ਹੋਵੇ ਉਨ੍ਹਾਂ ਤੋਂ ਹੋਰ ਅਸੀਂ ਕੀ ਭਾਲ ਸਕਦੇ ਹਾਂ ਫੇਸਬੁੱਕ ਦੇ ਇਸ ਸੁਨੇਹੇ ਥੱਲੇ ਸੈਂਕੜੇ ਭੈਣਾਂ ਭਰਾਵਾਂ ਨੇ ਵਧਾਈਆਂ ਲਿਖੀਆਂ ਹੋਈਆਂ ਹਨ ਪਰ ਦਿਵਸ ਤੇ ਤਾਰੀਖ ਬਾਰੇ ਕਿਸੇ ਨੇ ਨਹੀਂ ਪੁੱਛਿਆ ” ਕੌਣ ਕਹੇ ਰਾਣੀ ਅੱਗਾ ਢੱਕ ” ਇਸੇ ਤਰ੍ਹਾਂ ਕੁਝ ਮਹੀਨੇ ਪਹਿਲਾਂ ਸ਼ਹੀਦ ਊਧਮ ਸਿੰਘ ਜੀ ਦੇ ਸ਼ਰਧਾਂਜਲੀ ਦਿਵਸ ਵਾਲੇ ਦਿਨ ਦੂਰਦਰਸ਼ਨ ਤੇ ਫੇਸਬੁੱਕ ਤੇ ਇਸ ਖਾਸ ਦਿਨ ਦੇ ਪ੍ਰੋਗਰਾਮ ਲਈ ਲਿਖੇ ਸੁਨੇਹੇ ਵਿੱਚ ਸ਼ਹੀਦ ਉੱਦਮ ਸਿੰਘ ਲਿਖਿਆ ਹੋਇਆ ਸੀ।

ਇਸ ਗੰਭੀਰ ਗਲਤੀ ਸਬੰਧੀ ਫੇਸਬੁੱਕ ਉੱਤੇ ਲਿਖਣਾ ਮੇਰਾ ਫ਼ਰਜ਼ ਬਣਦਾ ਸੀਮੈਂ ਲਿਖ ਦਿੱਤਾ ਹੁਣ ਯੋਗ ਸਲਾਹ ਲਈ ਮੇਰੇ ਗਲੇ ਵਿੱਚ ਛਿੱਤਰਾਂ ਦਾ ਹਾਰ ਪ੍ਰੋਗਰਾਮ ਮੁਖੀ ਪੁਨੀਤ ਸਹਿਗਲ ਜੀ ਨੇ ਹਰ ਰੂਪ ਵਿੱਚ ਪਾਇਆ, ਫੇਸਬੁੱਕ ਤੇ ਮੇਰੀ ਝੰਡ ਕੀਤੀ,ਤੇ ਉਸ ਤੋਂ ਬਾਅਦ ਅੱਜ ਤੱਕ ਇਨ੍ਹਾਂ ਦੇ ਦੋਸਤ ਮਿੱਤਰ ਹੋਣ ਕਰਕੇ ਮੇਰਾ ਮਾਣ ਸਨਮਾਨ ਵਧਾਉਂਦੇ ਹੀ ਰਹਿੰਦੇ ਹਨ ਅੱਜ ਗਲਤੀ ਵੇਖੀ ਤਾਂ ” ਕੀ ਜ਼ੋਰ ਗ਼ਰੀਬਾਂ ਦਾ ਮਾਰੀ ਝਿੜਕ ਸੋਹਣਿਆਂ ਮੁੜ ਗਏ “ਕੁਦਰਤ ਵੱਲੋਂ ਇਹ ਗੀਤ ਦੇ ਬੋਲ ਕੰਨਾਂ ਵਿੱਚ ਪੈ ਗਏ ਮੈਂ ਚੁੱਪ ਧਾਰ ਲਈ ਪਰ ਸਾਡੀ ਮਾਂ ਬੋਲੀ ਪੰਜਾਬੀ ਹੈ।

ਲੋਕ ਰਾਜ ਵਿੱਚ ਪ੍ਰੈੱਸ ਚੌਥਾ ਥੰਮ ਹੈ, ਉਸ ਦੇ ਆਸਰੇ ਨਾਲ ਪਾਠਕਾਂ ਨਾਲ ਇਹ ਗੰਭੀਰ ਗ਼ਲਤੀ ਸਾਂਝੀ ਕਰ ਰਿਹਾ ਹਾਂ, ਤਾਂ ਜੋ ਸਾਹਿਤਕਾਰ ਤੇ ਬੁੱਧੀਜੀਵੀ ਗਵਾਂਢੀ ਸੂਬਿਆਂ ਵਿੱਚ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਰਾਗ ਅਲਾਪਦੇ ਰਹਿੰਦੇ ਹਨ ਕਿ ਹੁਣ ਕਿਸੇ ਦੇ ਮੂੰਹ ਚੋ ਘੁੰਗਣੀਆਂ ਨਿਕਲਣ ਦਾ ਉਪਰਾਲਾ ਕਰਨਗੀਆਂ ।

ਸਵੇਰੇ ਖਾਸ ਖ਼ਬਰ ਇੱਕ ਨਜ਼ਰ ਦਾ ਸਿੱਧਾ ਪ੍ਰਸਾਰਣ ਹੁੰਦਾ ਹੈ।ਜਿਸ ਵਿੱਚ ਕਹਿੰਦੇ ਹਨ ਕਿ ਅਖ਼ਬਾਰਾਂ ਦੀਆਂ ਖ਼ਬਰਾਂ ਦੀ ਤਹਿ ਤੱਕ ਜਾ ਕੇ ਸਾਡੇ ਅੱਜ ਦੇ ਮੁੱਖ ਮਹਿਮਾਨ ਜੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਣਗੇ। ਪਾਠਕੋ ਮੈਨੂੰ ਅੱਜ ਤੱਕ ਸਮਝ ਨਹੀਂ ਆਈ ਅਖਬਾਰਾਂ ਵਿੱਚ ਖਬਰਾਂ ਪਹਿਲਾਂ ਹੀ ਇੱਕ ਟੀਮ ਵੱਲੋਂ ਚੰਗੀ ਤਰ੍ਹਾਂ ਤਰਾਸ਼ ਕੇ ਲਗਾਈਆਂ ਜਾਂਦੀਆਂ ਹਨ,ਉਸ ਵਿੱਚ ਕਿਹੜੀ ਮਿਲਾਵਟ ਹੁੰਦੀ ਹੈ ਜੋ ਦੂਰਦਰਸ਼ਨ ਪੰਜਾਬੀ ਦੇ ਪੱਤਰਕਾਰਾਂ ਅਤੇ ਬੁੱਧੀਜੀਵੀਆਂ ਨੇ ਕੱਢ ਕੇ ਵਿਖਾਈ ਹੈ।

ਖੇਤੀ ਕਾਨੂੰਨਾਂ ਸਬੰਧੀ ਪੰਜਾਬ ਦੇ ਕਿਸਾਨਾਂ ਦਾ ਰੇਲਵੇ ਲਾਈਨਾਂ ਉੱਤੇ ਕਾਫ਼ੀ ਦਿਨਾਂ ਤੋਂ ਧਰਨਾ ਜਾਰੀ ਹੈ।ਜਿਸ ਸਬੰਧੀ ਪੰਜਾਬ ਸਰਕਾਰ ਨੇ ਕਿਹਾ ਕਿ ਥਰਮਲ ਪਲਾਂਟਾਂ ਵਿਚ ਕੋਇਲਾ ਖਤਮ ਹੋ ਰਿਹਾ ਹੈ। ਦੋ ਦਿਨਾਂ ਤੱਕ ਪੂਰੇ ਪੰਜਾਬ ਵਿੱਚ ਹਨੇਰਾ ਛਾ ਜਾਵੇਗਾ।ਇਹ ਖਬਰ ਅਖਬਾਰਾਂ ਵਿੱਚ ਛਪੀ ਇਸ ਖ਼ਬਰ ਤੇ ਦੂਰਦਰਸ਼ਨ ਪੰਜਾਬੀ ਦੇ ਖਾਸ ਮਹਿਮਾਨ ਇਸ ਖ਼ਬਰ ਦੀ ਤਹਿ ਤੱਕ ਪਹੁੰਚ ਕੇ ਨਤੀਜਾ ਕੱਢ ਕੇ ਲਿਆਏ ਕਿ ਹਨੇਰਾ ਜ਼ਰੂਰ ਹੋਵੇਗਾ।

ਕਿਸਾਨਾਂ ਨੂੰ ਕੁਝ ਸੋਚਣਾ ਚਾਹੀਦਾ ਹੈ ਇਹ ਗੱਲ ਸੁਣ ਕੇ ਮੈਂ ਤਿੰਨ ਦਹਾਕਿਆਂ ਤੋਂ ਮਰਚੈਂਟ ਨੇਵੀ ਵਿੱਚ ਨੌਕਰੀ ਕਰਦਾ ਹਾਂ। ਸਮੁੰਦਰ ਹੀ ਸਾਡਾ ਰਸਤਾ ਹਨ ਸਾਡੇ ਖਾਸ ਕੋਰਸ ਵਿੱਚ ਪਹਿਲਾ ਪਾਠ ਹਮੇਸ਼ਾ ਇਹ ਹੁੰਦਾ ਹੈ ਕਿ ਜਦੋਂ ਸਮੁੰਦਰ ਸ਼ਾਂਤ ਹੋਵੇ,ਤਾਂ ਤੂਫ਼ਾਨ ਜ਼ਰੂਰ ਆਉਂਦਾ ਹੈ ਜੋ ਕੌੜਾ ਸੱਚ ਹੈ। ਉਹ ਸਿੱਖਿਆ ਦੇ ਆਧਾਰ ਤੇ ਮੈਂ ਇਸ ਖ਼ਬਰ ਦੀ ਤਹਿ ਤੱਕ ਜਾਂਦਾ ਹੋਇਆ ਦੱਸਣਾ ਚਾਹੁੰਦਾ ਹਾਂ, ਬਿਜਲੀ ਦਾ ਵਿਭਾਗ ਕਾਰਪੋਰੇਸ਼ਨ ਥੱਲੇ ਕੰਮ ਕਰਦਾ ਹੈ ਸਾਨੂੰ ਬਿਜਲੀ ਦੀ ਕੋਈ ਅਚਾਨਕ ਮਾਰ ਨਾ ਪੈ ਜਾਵੇ।

ਰਾਸ਼ਟਰੀ ਗਰਿੱਡ ਬਿਜਲੀ ਦੀਆਂ ਲਾਈਨਾਂ ਪੂਰੇ ਭਾਰਤ ਵਿੱਚ ਵਿਛੀਆਂ ਹੋਈਆਂ ਹਨ ਕੋਈ ਖਾਸ ਤੂਫ਼ਾਨ ਦੀ ਮਹਾਂਮਾਰੀ ਪੂਰੇ ਭਾਰਤ ਵਿੱਚ ਫੈਲ ਜਾਵੇ ਤਾਂ ਜ਼ਰੂਰ ਹਨੇਰਾ ਹੋਵੇਗਾ। ਖ਼ਾਸ ਖ਼ਬਰ ਇਕ ਨਜ਼ਰ ਪ੍ਰੋਗਰਾਮ ਦੂਰਦਰਸ਼ਨ ਤੇ ਪੇਸ਼ ਕਰਨ ਦਾ ਕੋਈ ਖਾਸ ਮਹੱਤਵ ਨਹੀਂ ਪ੍ਰਸਾਰ ਭਾਰਤੀ ਕੇਂਦਰ ਸਰਕਾਰ ਦਾ ਅਦਾਰਾ ਹੈ। ਸਰਕਾਰ ਦੇ ਵਿਰੁੱਧ ਅਨੇਕਾਂ ਖਬਰਾਂ ਅਖਬਾਰਾਂ ਵਿੱਚ ਲੱਗਦੀਆਂ ਹਨ, ਕੀ ਉਸ ਖਬਰ ਦੀ ਆਲੋਚਨਾ ਹੋ ਸਕਦੀ ਹੈ?

ਮੀਡੀਆ ਸੋਸ਼ਲ ਮੀਡੀਆ ਹਰ ਇੱਕ ਦੀ ਜੇਬ ਵਿੱਚ ਹੈ ,ਆਪਣੇ ਸਮਾਰਟਫੋਨ ਤੇ ਹਰ ਖ਼ਬਰ ਦਾ ਕੱਚ ਸੱਚ ਪੁਣ ਕੇ ਰੱਖਿਆ ਪਿਆ ਹੁੰਦਾ ਹੈ। ਇਹ ਪ੍ਰੋਗਰਾਮ ਚਲਾਉਣ ਪਿੱਛੇ ਦੂਰਦਰਸ਼ਨ ਦੇ ਅਧਿਕਾਰੀਆਂ ਦਾ ਇਕ ਖਾਸ ਮਤਲਬ ਹੈ, ਕਿ ਅਸੀਂ ਕਿਹੋ ਜਿਹੇ ਵੀ ਪ੍ਰੋਗਰਾਮ ਪੇਸ਼ ਕਰਦੇ ਰਹੀਏ ਤਾਂ ਪ੍ਰਿੰਟ ਮੀਡੀਆ ਸਾਡੀ ਆਲੋਚਨਾ ਨਹੀਂ ਕਰੇਗਾ, ਦੂਸਰੀ ਖਾਸ ਗੱਲ ਜੋ ਅੱਜ ਕੱਲ੍ਹ ਪੁਨੀਤ ਸਹਿਗਲ ਜੀ ਦੇ ਉੱਤੇ ਖਾਸ ਤੌਰ ਤੇ ਢੁੱਕਦੀ ਹੈ।

ਨਵਾਂ ਜ਼ਮਾਨਾ ਅਖ਼ਬਾਰ ਦੇ ਸੰਪਾਦਕ ਜਤਿੰਦਰ ਪੰਨੂ ਜੀ ਨੇ ਨੌਕਰੀ ਛੱਡ ਕੇ ਟੀ ਵੀ ਤੇ ਯੂਟਿਊਬ ਟੀ ਵੀ ਤੇ ਪ੍ਰਾਈਵੇਟ ਰੇਡੀਓ ਆਪਣੇ ਕਮਾਈ ਦੇ ਸਾਧਨ ਲਈ ਚੁਣੇ ਹੋਏ ਹਨ। ਤੁਹਾਡੇ ਸਭਨਾਂ ਕੋਲ ਸਮਾਰਟਫੋਨ ਹੈ ਅਨੇਕਾਂ ਯੂਟਿਊਬ ਟੀ ਵੀ ਤੇ ਦੇਸ਼ ਵਿਦੇਸ਼ ਦੇ ਰੇਡੀਓ ਚੈਨਲ ਹਨ।ਤੁਸੀਂ ਕੋਈ ਵੀ ਚੈਨਲ ਲਗਾ ਕੇ ਦੇਖੋ ਚੌਵੀ ਘੰਟੇ ਵਿੱਚ ਤੁਹਾਨੂੰ 7/8 ਚੈਨਲਾਂ ਤੇ ਇਹ ਖਬਰਾਂ ਦੀ ਪੜਚੋਲ ਕਰਦੇ ਦਿਖਾਈ ਜਾਂ ਸੁਣਾਈ ਦੇਣਗੇ।ਚੈਨਲ ਤੇ ਬੋਲਣ ਸਮੇਂ ਕਿਸੇ ਵੀ ਮਹਿਮਾਨ ਜਾਂ ਕਲਾਕਾਰ ਨੂੰ ਉਸ ਚੈਨਲ ਦਾ ਆਧਾਰ ਦੇਖਣਾ ਪੈਂਦਾ ਹੈ।

ਪਾਠਕੋ ਤੁਸੀਂ ਇਨ੍ਹਾਂ ਦੇ ਦਿਨ ਵਿੱਚ ਦੋ ਚਾਰ ਪ੍ਰੋਗਰਾਮ ਸੁਣ ਕੇ ਵੇਖੋ ਇੱਕ ਖ਼ਬਰ ਤੇ ਵੱਖ ਵੱਖ ਚੈਨਲਾਂ ਤੇ ਇਨ੍ਹਾਂ ਦੇ ਵੱਖ ਵੱਖ ਵਿਚਾਰ ਹੁੰਦੇ ਹਨ। ਮੈਂ ਇਸ ਸਬੰਧੀ ਪੁਨੀਤ ਸਹਿਗਲ ਜੀ ਨੂੰ ਜੀ ਨੂੰ ਫੋਨ ਤੇ ਕਿਹਾ ਕਿ ਅਨੇਕਾਂ ਬੁੱਧੀਜੀਵੀ ਤੇ ਪੱਤਰਕਾਰ ਹਨ ਬਦਲ ਬਦਲ ਕੇ ਸਾਰਿਆਂ ਨੂੰ ਬੁਲਾਇਆ ਕਰੋ, ਤਾਂ ਜੋ ਪ੍ਰੋਗਰਾਮ ਵਿੱਚ ਰੰਗਤ ਬਣੀ ਰਹੇ ਇਨ੍ਹਾਂ ਦਾ ਜਵਾਬ ਸੀ ਕਿ ਪੰਨੂੰ ਸਾਹਿਬ ਨੂੰ ਵਧ ਤੋਂ ਵੱਧ ਪ੍ਰੋਗਰਾਮਾਂ ਵਿੱਚ ਲੈਣਾ ਮੈਨੂੰ ਇਸ ਲਈ ਜ਼ਰੂਰੀ ਹੈ, ਕਿ ਇਨ੍ਹਾਂ ਦੇ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸਰੋਤੇ ਵੇਖਦੇ ਹਨ।

ਤੇ ਮੇਰੇ ਪ੍ਰਸਾਰ ਭਾਰਤੀ ਵਿੱਚ ਨੰਬਰ ਬਣਦੇ ਹਨ ਇਨ੍ਹਾਂ ਲਈ ਇੱਕ ਖਾਸ ਪ੍ਰੋਗਰਾਮ ਹਫ਼ਤਾਵਾਰੀ ਸਮੀਖਿਆ ਵੀ ਚਾਲੂ ਕੀਤਾ ਹੈ ਪ੍ਰਸਾਰ ਭਾਰਤੀ ਦਾ ਇੱਕ ਖਾਸ ਕਾਨੂੰਨ ਹੈ ਕਿ ਇੱਕ ਐਂਕਰ ਜਾਂ ਪ੍ਰੋਗਰਾਮ ਪੇਸ਼ ਕਰਤਾ ਮਹੀਨੇ ਵਿੱਚ ਛੇ ਤੋਂ ਵੱਧ ਪ੍ਰੋਗਰਾਮ ਨਹੀਂ ਕਰ ਸਕਦਾ ਜਤਿੰਦਰ ਪੰਨੂੰ ਜੀ ਤੋਂ ਅੱਠ ਤੋਂ ਲੈ ਕੇ ਨੌਂ ਪ੍ਰੋਗਰਾਮ ਮਹੀਨੇ ਵਿੱਚ ਕਰਵਾਏ ਜਾ ਰਹੇ ਹਨ। ਜੋ ਅਧਿਕਾਰੀ ਆਪਣੇ ਮਹਿਕਮੇ ਦੇ ਕਾਨੂੰਨਾਂ ਦੀ ਪ੍ਰਵਾਹ ਨਹੀਂ ਕਰਦਾ ਸਰੋਤੇ ਉਸ ਲਈ ਟੁੱਕ ਤੇ ਡੇਲਾ ਹਨ। ਇੱਕ ਹੋਰ ਪ੍ਰਸਾਰ ਭਾਰਤੀ ਦੇ ਕਾਨੂੰਨਾਂ ਦੀ ਉਲੰਘਣਾ ਹਫ਼ਤਾਵਾਰੀ ਸਮੀਖਿਆ ਵਿੱਚ ਐਂਕਰ ਦੇ ਤੌਰ ਤੇ ਪ੍ਰੋਫੈਸਰ ਕੁਲਬੀਰ ਸਿੰਘ ਨੂੰ ਬੁਲਾਇਆ ਜਾਂਦਾ ਹੈ।

ਪਹਿਲੀ ਗੱਲ ਤਾਂ ਇਹ ਹੈ ਕਿ ਉਹ ਪ੍ਰੋਫੈਸਰ ਨਹੀਂ ਸਨ,ਫਿਜ਼ੀਕਲ ਟਰੇਨੀ ਦੀ ਨੌਕਰੀ ਕੀਤੀ ਹੈ। ਇੱਕ ਅਖ਼ਬਾਰ ਵਿੱਚ ਇਹ ਟੈਲੀਵਿਜ਼ਨ ਦੇ ਪ੍ਰੋਗਰਾਮਾਂ ਦੀ ਸਮੀਖਿਆ ਕਰਦੇ ਹਨ, ਇਸ ਦੇ ਆਧਾਰ ਤੇ ਕਾਫੀ ਲੰਮੇ ਸਮੇਂ ਤੋਂ ਇਹ ਖ਼ਾਸ ਖ਼ਬਰ ਇਕ ਨਜ਼ਰ ਵਿੱਚ ਐਂਕਰ ਦਾ ਕੰਮ ਕਰਦੇ ਸਨ। ਵੈਸੇ ਪ੍ਰਸਾਰ ਭਾਰਤੀ ਦੇ ਕਾਨੂੰਨ ਅਨੁਸਾਰ ਜਰਨਲਿਜ਼ਮ ਦੀ ਉੱਚ ਪੱਧਰ ਡਿਗਰੀ ਵਾਲਾ ਹੀ ਉਸ ਪ੍ਰੋਗਰਾਮ ਵਿੱਚ ਐਂਕਰਿੰਗ ਕਰ ਸਕਦਾ ਹੈ। ਹੱਕ ਵਿੱਚ ਲੇਖ ਲਿਖੋ ਪ੍ਰੋਗਰਾਮ ਵਿੱਚ ਹਿੱਸਾ ਲੈਣ ਦਾ ਜੁਗਾੜ ਆਪਣੇ ਆਪ ਬਣ ਜਾਂਦਾ ਹੈ।

ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਇੱਕ ਐੱਮਪੀ ਦੀ ਖ਼ਬਰ ਦੇ ਉੱਤੇ ਇਨ੍ਹਾਂ ਨੇ ਭੱਦੀ ਸ਼ਬਦਾਵਲੀ ਵਰਤੀ ਜਿਸ ਕਾਰਨ ਪ੍ਰਸਾਰ ਭਾਰਤੀ ਨੇ ਇਹਨਾਂ ਦੀ ਦੂਰਦਰਸ਼ਨ ਪੰਜਾਬੀ ਵਿੱਚ ਪ੍ਰੋਗਰਾਮਾਂ ਵਿੱਚ ਹਿੱਸਾ ਨਹੀਂ ਲੈ ਸਕਦੇ ਰੋਕ ਲਗਾ ਦਿੱਤੀ। ਪਰ ਹੁਣ ਪੁਨੀਤ ਸਹਿਗਲ ਜੀ ਦੇ ਕੋਈ ਖ਼ਾਸ ਪ੍ਰੋਗਰਾਮ ਤਾਂ ਹੈ ਨਹੀਂ,ਇਨ੍ਹਾਂ ਨੇ ਦੂਰਦਰਸ਼ਨ ਪੰਜਾਬੀ ਦੇ ਹੱਕ ਵਿੱਚ ਲੇਖ ਲਿਖ ਦਿੱਤੇ ਉਸ ਚੋਰ ਮੋਰੀ, ਪਤਲੀ ਗਲੀ ਰਾਹੀਂ ਦੂਰਦਰਸ਼ਨ ਪੰਜਾਬੀ ਵਿੱਚ ਦਾਖ਼ਲਾ ਪਾ ਲਿਆ।

ਪ੍ਰੋਗਰਾਮ ਮੁੱਖੀ ਸਾਹਿਬ ਨੂੰ ਇਸ ਰੋਕ ਸਬੰਧੀ ਪਤਾ ਹੈ ਪਰ ਆਪਣੇ ਝੰਡੇ ਉੱਚੇ ਝਲਾਉਣ ਲਈ ਜੁਗਾੜ ਤਾਂ ਕੋਈ ਕਰਨਾ ਹੈ। ਹੁਣ ਜਦੋਂ ਪ੍ਰਸਾਰ ਭਾਰਤੀ ਕੋਲ ਖ਼ਬਰ ਪਹੁੰਚ ਗਈ, ਫੇਰ ਨਾਈਆਂ ਨਾਈਆਂ ਮੇਰੇ ਸਿਰ ਤੇ ਕਿੰਨੇ ਵਾਲ ਜਨਾਬ ਤੁਹਾਡੇ ਅੱਗੇ ਡਿੱਗਣਗੇ? ਮੇਰੇ ਪਿਆਰੇ ਪਾਠਕੋ ਦੂਰਦਰਸ਼ਨ ਪੰਜਾਬੀ ਦੀ ਇਹ ਲੜੀ ਜਾਰੀ ਰਹੇਗੀ ਕਿਉਂਕਿ ਐਂਕਰਿੰਗ ਲਈ ਸਭ ਤੋਂ ਪਹਿਲਾਂ ਸੂਰਤ ਬਾਅਦ ਵਿੱਚ ਬੋਲੀ ਵੇਖੀ ਜਾਂਦੀ ਹੈ। ਦੋ ਐਂਕਰ ਰੀਮਾ ਗੁਗਲਾਨੀ ਤੇ ਸਾਨੀਆ ਜੋ ਖ਼ਾਸ ਖ਼ਬਰ ਇਕ ਨਜ਼ਰ ਪ੍ਰੋਗਰਾਮ ਵਿੱਚ ਐਂਕਰਿੰਗ ਕਰਦੀਆਂ ਹਨ, ਇਹ ਦੋਨਾਂ ਗੁਣਾਂ ਤੋਂ ਸੱਖਣੀਆਂ ਹਨ।

ਪਰ “ਅੰਨ੍ਹਾਂ ਵੰਡੇ ਸ਼ੀਰਨੀ ਮੁੜ ਮੁੜ ਆਪਣਿਆਂ ਨੂੰ ਦੇਵੇ” ਗੱਲ ਆਪੋ ਆਪਣੀ ਉਸ ਵਿੱਚ ਵੀ ਕੰਮ ਚਲਾਊ ਐਂਕਰ ਰੱਖੀ ਹੋਈ ਹੈ ਫੋਨ ਕਾਲ ਵੀ ਇਸ ਪ੍ਰੋਗਰਾਮ ਵਿੱਚ ਉਨ੍ਹਾਂ ਸਰੋਤਿਆਂ ਦੀਆਂ ਲਈਆਂ ਜਾਂਦੀਆਂ ਹਨ।ਜਿਨਾਂ ਤੇ ਪ੍ਰਸਾਰ ਭਾਰਤੀ ਨੇ ਰੋਕ ਲਗਾ ਕੇ ਰੱਖੀ ਹੈ ਅੱਜ ਕੱਲ੍ਹ ਤਾਂ ਖ਼ੈਰ ਕੋਈ ਸਰੋਤਾ ਦੂਰਦਰਸ਼ਨ ਵੇਖਦਾ ਹੀ ਨਹੀਂ ਹੋਵੇਗਾ? ਕਿਉਂਕਿ ਪ੍ਰੋਗਰਾਮ ਨਾ ਹੋਣ ਦੀ ਵਜ੍ਹਾ ਕਾਰਨ ਕੌਣ ਪਾਗਲ ਆਪਣਾ ਕੀਮਤੀ ਸਮਾਂ ਖਰਾਬ ਕਰੇਗਾ।

ਕੁਝ ਸਾਲਾਂ ਤੋਂ ਇਕਬਾਲ ਸਿੰਘ ਹਠੂਰ,ਬਲਜੀਤ ਸਿੰਘ ਕੜਾਹੇ ਵਾਲਾ, ਜਗਦੀਸ਼ ਲਾਲ ਮਹਿਤਾ ਇਨ੍ਹਾਂ ਨੇ ਇੱਕ ਰੇਡੀਓ ਸੰਗਠਨ ਬਣਾਇਆ ਹੋਇਆ ਹੈ ਜਿਨ੍ਹਾਂ ਦਾ ਕੰਮ ਰੇਡੀਓ ਸੁਣਨਾ ਜਾਂ ਟੀਵੀ ਵੇਖਣਾ ਨਹੀਂ,ਬਰਫੀ ਦੇ ਡੱਬੇ ਹੀ ਆਕਾਸ਼ਵਾਣੀ ਤੇ ਦੂਰਦਰਸ਼ਨ ਪਹੁੰਚਾਉਣਾ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ ਜਿਸ ਕਾਰਨ ਕਾਲ ਨਾ ਕਰਨ ਵਾਲਾ ਪ੍ਰਸਾਰ ਭਾਰਤੀ ਦੇ ਹੁਕਮ ਦਾ ਪਰਚਾ ਸ੍ਰੀਮਾਨ ਪੁਨੀਤ ਸਹਿਗਲ ਜੀ ਨੇ ਖੱਖੜੀਆਂ ਕਰੇਲੇ ਕਰ ਦਿੱਤਾ ਹੈ

ਕਿੱਥੇ ਹੈ ਪੰਜਾਬ ਕਲਾ ਪ੍ਰੀਸ਼ਦ ਬੁੱਧੀਜੀਵੀ ਤੇ ਸਾਹਿਤ ਸਭਾਵਾਂ ਜੋ ਭਾਰਤ ਦੇ ਸੂਬਿਆਂ ਵਿੱਚ ਪੰਜਾਬੀ ਭਾਸ਼ਾ ਲਾਗੂ ਕਰਵਾਉਣ ਲਈ ਧਰਨੇ ਲਾ ਕੇ ਮੀਡੀਆ ਵਿੱਚ ਮਸ਼ਹੂਰੀ ਕਰਵਾਉਂਦੇ ਹਨ। ਤੁਹਾਡੀ ਮਾਂ ਬੋਲੀ ਪੰਜਾਬੀ ਦਾ ਦੂਰਦਰਸ਼ਨ ਪੰਜਾਬੀ ਤੇ ਜੋ ਘਾਣ ਹੋ ਰਿਹਾ ਹੈ ਤੁਸੀਂ ਕਦੇ ਵੇਖੋ ਜਾਂ ਸੁਣੋਗੇ?ਦੂਰਦਰਸ਼ਨ ਲੋਕ ਪ੍ਰਸਾਰਨ ਸੇਵਾ ਹੈ ਜਿਸ ਦਾ ਮੁੱਢਲਾ ਫਰਜ਼ ਹੈ ਸਰੋਤਿਆਂ ਦਾ ਮਨੋਰੰਜਨ ਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਪੇਸ਼ ਕਰਨਾ ਪਰ ਹੁਣ ਦੂਰਦਰਸ਼ਨ ਪੰਜਾਬੀ ਦੇ ਪ੍ਰੋਗਰਾਮ ਮੁਖੀ ਜੀ ਦਾ ਨਵਾਂ ਨਾਅਰਾ ਹੈ ਹਮ ਹਮ ਹੀ ਹੈ ਹਮ ਸੇ ਜੋ ਟਕਰਾਏਗਾ ਵੋ ਚੂਰ ਚੂਰ ਹੋ ਜਾਏਗਾ

 

 

 

 

 

 

 

 ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ -9914880392

Previous articleਦੇਸ਼ ਨੂੰ ਹੋਰ ਰਸਾਤਲ ਵਲ ਧਕ ਦੇਵੇਗੀ ਨਵੀਂ ਰਾਸਟਰੀ ਸਿਖਿਆ ਨੀਤੀ 2020
Next articleਕਤਰ ਏਅਰਵੇਜ਼ ਨੇ ਅੰਮ੍ਰਿਤਸਰ ਨਾਲ ਹਵਾਈ ਸੰਪਰਕ ਦੇ 11 ਸਾਲ ਕੀਤੇ ਪੂਰੇ, 10 ਲੱਖ ਤੋਂ ਵੱਧ ਯਾਤਰੀਆਂ ਨੇ ਹੁਣ ਤੱਕ ਭਰੀ ਉਡਾਣ