(ਸਮਾਜ ਵੀਕਲੀ)
ਕਾਵਿ ਸੰਗ੍ਰਹਿ ” ਅਜੇ ਅਸੀਂ ਹੋਏ ਨਾ ਆਜ਼ਾਦ ” ਵਿੱਚੋਂ
ਬੋਲੀਏ ਪੰਜਾਬੀਏ ਨੀ, ਹੋਏ ਹਾਲ ਮਾੜੇ।
ਤੇਰੇ ਆਪਣੇ ਪਰਾਏ, ਤਾਂ ਹੀ ਕੱਢੀ ਜਾਵੇਂ ਹਾੜ੍ਹੇ।
ਪੰਜਾਬ ਦਿਆਂ ਲੋਕਾਂ, ਤੇਰਾ ਤੋੜਿਆ ਏ ਮੋਹ,
ਬਿਠਾਉਣਾ ਸੀ ਤਖ਼ਤ ਤੈਨੂੰ, ਲਿਆ ਸਭ ਕੁਝ ਖੋਹ,
ਲਾਹਾ ਖੱਟ ਪਾਸਾ ਵੱਟ, ਪੇਂਡੂ ਕਹਿਣ ਤੈਨੂੰ ਪਾੜ੍ਹੇ।
ਬੋਲੀਏ ਪੰਜਾਬੀਏ ਨੀ।
ਤੂੰ ਜੋਗੀਆਂ ਦੀ ਜਾਈ, ਤੂੰ ਫਰੀਦ ਨੇ ਹੈਂ ਪਾਲੀ,
ਸਭ ਪੀਰ ਤੇ ਫਕੀਰ, ਬਣੇ ਰਹੇ ਤੇਰੇ ਮਾਲੀ,
ਜੱਗ ਵੇਖ ਕੇ ਹੈਰਾਨ, ਕਾਹਤੋਂ ਰੁੱਸੇ ਤੇਰੇ ਲਾੜੇ।
ਬੋਲੀਏ ਪੰਜਾਬੀਏ ਨੀ।
ਬਣ ਜਾਂਦੇ ਨੇ ਫ਼ਰੇਬੀ, ਤੈਨੂੰ ਪੜ੍ਹ ਵਿਦਵਾਨ,
ਦਰਾਂ ਉੱਤੇ ਅੰਗਰੇਜ਼ੀ, ਟੰਗ ਦਿੰਦੇ ਨੇ ਸ਼ੈਤਾਨ,
ਜਿੰਨ੍ਹਾਂ ਹੱਥ ਫੜ੍ਹਨਾ ਸੀ, ਤੇਰਾ ਉਨ੍ਹਾਂ ਪੱਲੇ ਝਾੜੇ।
ਬੋਲੀਏ ਪੰਜਾਬੀਏ ਨੀ।
ਤੇਰਾ ਹੇਜ਼ ਕੀਹਨੂੰ ਆਵੇ, ਕੋਈ ਦਿਸੇ ਨਾ ਮੁਰੀਦ,
ਤੇਰੇ ਬੋਲਾਂ ਤੇ ਪਾਬੰਦੀ, ਤੂੰ ਤਾਂ ਏਨੀ ਨਾ ਗਰੀਬ,
ਕਹਿੰਦੇ ਰੁਤਬਾ ਘਟਾਉਂਦੇ,ਕਰਨੇ ਕੀ ਊੜੇ ਆੜੇ।
ਬੋਲੀਏ ਪੰਜਾਬੀਏ ਨੀ।
ਤੂੰ ਕੀ ਗ਼ੈਰਾਂ ਕੋਲੋਂ ਲੈਣਾ, ਤੇਰਾ ‘ਰਾਜਨ’ ਗੁਲਾਮ,
ਉਹੋ ਵਾਰਸ ਨੂੰ ਪੜ੍ਹੇ, ਯਾਦ ਬੁੱਲ੍ਹੇ ਦੇ ਕਲਾਮ,
ਸਭ ਮਤਲਬੀ ਬੜੇ, ਜ਼ਿੰਮੇਵਾਰ ਨੀਤੀ ਘਾੜੇ।
ਬੋਲੀਏ ਪੰਜਾਬੀਏ ਨੀ, ਹੋਏ ਹਾਲ ਮਾੜੇ।
ਹੋਏ ਆਪਣੇ ਪਰਾਏ, ਤਾਂ ਹੀ ਕੱਢੀ ਜਾਵੇਂ ਹਾੜ੍ਹੇ।
ਰਜਿੰਦਰ ਸਿੰਘ ਰਾਜਨ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly