ਆਉ ਨਵੇਂ ਸਾਲ ਤੇ ਕੁਝ ਦ੍ਰਿੜ ਸੰਕਲਪ ਲਈਏ !

ਬਲਵੀਰ ਸਿੰਘ ਬਾਸੀਆਂ

(ਸਮਾਜ ਵੀਕਲੀ)

“ਨਵੇਂ ਸਾਲ ਤੇ ਲਿਖ ਵੇ ਲੋਕਾ, ਕੋਈ ਨਵਾਂ ਸਿਰਨਾਵਾਂ ।
ਦੇਸ਼ ਮੇਰੇ ਵਿੱਚ ਵਗਣ ਹਮੇਸ਼ਾ, ਠੰਢੀਆਂ ਮਿੱਠੀਆਂ ਤੇ ਸ਼ੁੱਧ ਹਵਾਵਾਂ ।”

ਨਵਾਂ ਸਾਲ 2022 ਸਾਡੇ ਬੂਹਿਆਂ ‘ਤੇ ਦਸਤਕ ਦੇ ਰਿਹਾ ਹੈ ।ਹਰ ਨਵੇਂ ਸਾਲ ਦੇ ਸਵਾਗਤ ਲਈ ਲੋਕ ਘਰਾਂ ਵਿੱਚ ਜਾਂ ਵੱਖ ਵੱਖ ਸਾਂਝੀਆਂ  ਥਾਵਾਂ ਤੇ ਵੱਡੀਆਂ ਛੋਟੀਆਂ ਪਾਰਟੀਆਂ ਵੀ ਰੱਖਦੇ ਹਨ ।ਬਹੁਤ ਸਾਰੇ ਲੋਕ ਪਟਾਕੇ /ਆਤਿਸ਼ਬਾਜੀ ਚਲਾ ਕੇ ਨਵੇਂ ਸਾਲ ਦਾ ਸਵਾਗਤ ਕਰਦੇ ਹਨ ।ਸਾਨੂੰ ਸਾਰਿਆਂ ਨੂੰ ਹੀ ਨਵੇਂ ਸਾਲ ਦਾ ਸਵਾਗਤ ਪੂਰੇ ਜੋਸ਼ੋ ਖਰੋਸ਼ ਨਾਲ ਕਰਨਾ ਚਾਹੀਦਾ ਹੈ ।ਪਾਰਟੀਆਂ ਕਰਨ, ਪਟਾਕੇ ਚਲਾਉਣ, ਵੱਖ ਵੱਖ ਢੰਗਾਂ ਨਾਲ ਸੋਸਲ ਮੀਡੀਆ ਰਾਹੀਂ ਇੱਕ ਦੂਜੇ ਨੂੰ ਮੁਬਾਰਕਬਾਦ ਕਹਿਣ ਦੇ ਨਾਲ ਨਾਲ ਸਾਨੂੰ ਆਪਣੇ ਆਪ ਨਾਲ ਕੁਝ ਵਾਅਦੇ -ਕੁਝ ਸੰਕਲਪ ਜਰੂਰ ਲੈਣੇ ਚਾਹੀਦੇ ਹਨ ।ਜੋ ਸਾਡੀ ਲੋੜ ਤੇ ਸਾਡੀ ਜਿੰਮੇਵਾਰੀ ਵੀ ਬਣਦੇ ਹਨ ।

ਸਾਡੇ ਬਾਬੇ ਨਾਨਕ ਨੇ ਅੱਜ ਤੋਂ ਲੱਗਭਗ ਸਾਢੇ ਪੰਜ ਸਦੀਆਂ ਪਹਿਲਾਂ ਸਾਨੂੰ,
ਪਵਣੁ ਗੁਰੂ ਪਾਣੀ ਪਿਤਾ
ਮਾਤਾ ਧਰਤਿ ਮਹਤੁ। ।
ਦੇ ਉਪਦੇਸ਼ ਰਾਹੀਂ ਪਾਣੀ, ਹਵਾ ਤੇ ਧਰਤੀ ਨੂੰ ਬਚਾਈ ਰੱਖਣ ਪ੍ਰਤੀ ਅਗਾਹ ਕਰ ਦਿੱਤਾ ਸੀ ਪਰ ਅਸੀਂ ਉਹਨਾਂ ਦੇ ਉਪਦੇਸ਼ ਨੂੰ ਅੱਖੋਂ ਪਰੋਖੇ ਕਰ ਦਿੱਤਾ, ਜਿਸ ਕਾਰਨ ਅੱਜ ਸਾਡਾ ਹਵਾ, ਪਾਣੀ ਤੇ ਧਰਤੀ ਸਭ ਕੁਝ ਜਹਿਰੀਲਾ ਹੋ ਚੁੱਕਾ ਹੈ। ਸੋ ਨਵੇਂ ਸਾਲ ਨੂੰ ਮੁਬਾਰਕਬਾਦ ਕਹਿਣ ਦੇ ਨਾਲ-ਨਾਲ ਸਾਨੂੰ ਸਭ ਤੋਂ ਪਹਿਲਾ ਸੰਕਲਪ ਪੰਜ ਦਰਿਆਵਾਂ ਦੀ ਧਰਤੀ ਦੇ ਜ਼ਹਿਰੀਲੇ ਹੋ ਚੁੱਕੇ ਤੇ ਖਤਮ ਹੁੰਦੇ ਜਾ ਰਹੇ ਪਾਣੀ ਬਾਰੇ ਚਿੰਤਨ ਕਰਨ ਦਾ ਲੈਣਾ ਚਾਹੀਦਾ ਹੈ ।ਪਾਣੀ ਦੀ ਗੰਭੀਰ ਸਥਿਤੀ ਬਾਰੇ ਅਸੀਂ ਸਾਰੇ ਚੰਗੀ ਤਰਾਂ ਜਾਣਦੇ ਹਾਂ । (ਦੁਨੀਆਂ ਭਰ ਦੇ ਵਿਦਵਾਨਾਂ/ਚਿੰਤਕਾਂ ਅਨੁਸਾਰ ਤੀਜੀ ਸੰਸਾਰ ਜੰਗ ਪਾਣੀ ਖਾਤਰ ਲੜੀ ਜਾਏਗੀ ਤੇ ਅੱਜ ਕੱਲ ਦੁਨੀਆਂ ਦੀ ਮਸ਼ਹੂਰ ਕਾਰੋਬਾਰੀ ਕੰਪਨੀ ਟੈਸਲਾ ਦਾ ਮਾਲਕ ਇਲੋਨ ਮਾਸਕ ਦੁਨੀਆਂ ਭਰ ਵਿੱਚ ਪਾਣੀ ਦਾ ਵੱਡਾ ਕਾਰੋਬਾਰ ਖੜਾ ਕਰਨ ਜਾ ਰਿਹਾ ਹੈ।) ਪੰਜਾਬ ਦੇ ਜਹਿਰੀਲੇ ਹੋ ਚੁੱਕੇ ਪਾਣੀ ਨਾਲ ਕੈਂਸਰ, ਕਾਲੇ ਪੀਲੀਏ ਵਰਗੀਆਂ ਗੰਭੀਰ ਬਿਮਾਰੀਆਂ ਨੇ ਸਾਡੇ ਸਰੀਰ ਮੱਲ ਲਏ ਹਨ।ਲੱਖਾਂ ਲਿਟਰ ਪਾਣੀ ਡਾਇੰਗ ਮਿੱਲਾਂ ਵਿਚ ਬਰਬਾਦ ਕੀਤਾ ਜਾਂਦਾ ਹੈ।ਸੋ ਸਾਨੂੰ ਪਾਣੀ ਬੱਚਤ ਤੇ ਸ਼ੁੱਧਤਾ ਸਬੰਧੀ ਪਿੰਡ ਪਿੰਡ /ਸ਼ਹਿਰ ਸ਼ਹਿਰ ਵਿਚ ਜਾਗਰੂਕਤਾ ਲਹਿਰ ਉਸਾਰਨੀ ਚਾਹੀਦੀ ਹੈ ।ਸਕੂਲਾਂ ਤੇ ਕਾਲਜਾਂ ਦੇ ਬੱਚਿਆਂ ਨੂੰ ਇਸ ਲਹਿਰ ਦਾ ਹਿੱਸਾ ਬਣਾਉਣਾ ਚਾਹੀਦਾ ਹੈ ।

ਦੂਜਾ ਸੰਕਲਪ ਸਾਨੂੰ ਦਿਨੋਂ ਦਿਨ ਪਲੀਤ ਹੁੰਦੇ ਜਾ ਰਹੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ ਦਾ ਲੈਣਾ ਚਾਹੀਦਾ ਹੈ ਇਸ ਲਈ ਸਾਨੂੰ ਵੱਧ ਗਿਣਤੀ ਵਿੱਚ ਦਰੱਖਤ ਲਾਉਣੇ ਤੇ ਬਚਾਉਣੇ ਚਾਹੀਦੇ ਹਨ ।ਦਰੱਖ਼ਤਾਂ ਦੀ ਅੰਨ੍ਹੇਵਾਹ ਹੋ ਰਹੀ ਕਟਾਈ ਕਾਰਨ ਪੰਜਾਬ ਦੀ ਆਬੋ ਹਵਾ ਵੀ ਪਲੀਤ ਹੋ ਚੁੱਕੀ ਹੈ , ਜਿਸ ਨਾਲ ਬੱਚੇ/ ਬਜੁਰਗ ਸਾਹ ਦਮੇ ਦੀਆਂ ਬਿਮਾਰੀਆਂ ਤੋਂ ਪੀੜਤ ਹੁੰਦੇ ਜਾ ਰਹੇ ਹਨ । (ਸਿਸਟਮ ਤੇ ਕਾਬਜ ਸੱਤਾਧਾਰੀ ਕਾਰੋਬਾਰੀਆਂ ਨੇ ਹਵਾ ਨੂੰ ਸ਼ੁੱਧ ਕਰਨ ਵਾਲੇ ਯੰਤਰਾਂ ਦੇ ਕਾਰੋਬਾਰ ਸ਼ੁਰੂ ਕਰ ਲਏ ਹਨ) ਸੋ ਇਸ ਬਾਰੇ ਆਮ ਲੋਕਾਈ ਨੂੰ ਹੀ ਸੋਚਣਾ ਪਵੇਗਾ। ਕੀ ਅਸੀਂ ਆਉਣ ਵਾਲੀਆਂ ਪੀੜੀਆਂ ਲਈ ਇਹੋ ਜਿਹਾ ਵਾਤਾਵਰਣ ਛੱਡ ਕੇ ਜਾਵਾਂਗੇ  ?ਤਪਸ਼ ਘਟਾਉਣ ਤੇ ਹਵਾ ਦੀ ਸ਼ੁੱਧਤਾ ਲਈ ਸਾਨੂੰ ਦਰੱਖ਼ਤ ਲਾਉਣ ਤੇ ਬਚਾਉਣ ਦੀਆਂ ਮੁਹਿੰਮਾਂ ਦਾ ਹਿੱਸਾ ਬਣਨਾ ਚਾਹੀਦਾ ਹੈ ।ਇਸ ਤੋਂ ਇਲਾਵਾ ਸਕੂਲਾਂ-ਕਾਲਜਾਂ ਚ ਪੜਦੇ ਬੱਚਿਆਂ ਨੂੰ ਆਪਣੇ ਜਨਮ ਦਿਨਾਂ ਮੌਕੇ ਬੂਟੇ ਲਗਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਤੇ ਆਪਣੇ ਜਨਮ ਦਿਨਾਂ ਮੌਕੇ ਵੀ ਇਹੋ ਜਿਹੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ।

ਇੱਕ ਹੋਰ ਜਰੂਰੀ ਸੰਕਲਪ ਸਾਨੂੰ ਆਪਣੀ ਮਾਂ-ਬੋਲੀ ਦੀ ਹੋ ਰਹੀ ਦੁਰਦਸ਼ਾ ਬਾਰੇ ਚਿੰਤਨ ਕਰਨ ਦਾ ਲੈਣਾ ਚਾਹੀਦਾ ਹੈ। ਬੇਸ਼ੱਕ ਕੋਈ ਹੋਰ ਭਾਸ਼ਾ/ਬੋਲੀ ਸਿੱਖਣਾ ਕੋਈ ਮਾੜੀ ਗੱਲ ਨਹੀਂ ਪਰ ਆਪਣੀ ਮਾਂ-ਬੋਲੀ/ਭਾਸ਼ਾ ਤੋਂ ਦੂਰ ਹੋਣਾ ਆਪਣੇ ਸੱਭਿਆਚਾਰ/ਵਿਰਸੇ ਦਾ ਵਿਨਾਸ਼ ਕਰਨਾ ਹੁੰਦਾ ਹੈ।ਬੇਸ਼ੱਕ ਸਰਕਾਰਾਂ ਦੇ ਪੈਦਾ ਕੀਤੇ ਸਿਸਟਮ ਰਾਹੀਂ ਬੱਚਿਆਂ ਨੂੰ ਮਜਬੂਰੀ ਵੱਸ ਅੰਗਰੇਜ਼ੀ ਮਾਧਿਅਮ ਸਕੂਲਾਂ ਵਿੱਚ ਪੜਨਾ ਪੈ ਰਿਹਾ ਹੈ ਪਰ ਬੱਚੇ ਪੰਜਾਬੀ ਤੋਂ ਦੂਰ ਵੀ ਹੁੰਦੇ ਜਾ ਰਹੇ ਹਨ। ਅਜੋਕੇ ਬੱਚੇ ਝੱਗਾ, ਝੋਲਾ, ਛਾਬਾ, ਛੰਨਾ, ਚਾਟੀ, ਮਧਾਣੀ, ਕਮਾਦ, ਤੌੜਾ, ਭੜੋਲੀ, ਨੇਹੀ, ਬਹੁਕਰ, ਖੇਸ, ਮੜਾਸਾ ਆਦਿ ਘਰਾਂ ਚ ਆਮ ਵਰਤੇ ਜਾਣ ਵਾਲੇ ਸ਼ਬਦਾਂ ਤੋਂ ਵੀ ਅਣਜਾਣ ਹੋ ਗਏ ਹਨ। ਤਾਏ-ਤਾਈ, ਚਾਚੇ-ਚਾਚੀ, ਮਾਸੀ-ਮਾਸੜ, ਭੂਆ-ਫੁੱਫੜ ਆਦਿ ਰਿਸ਼ਤੇ ਆਂਟੀ-ਅੰਕਲ ਤੱਕ ਸਿਮਟ ਕੇ ਰਹਿ ਗਏ ਹਨ। ਪਤਿਉਰਾ-ਪਤੀਸ, ਨਨਿਉਰਾ-ਨਨੇਸ, ਦਦਿਉਰਾ-ਦਦੇਸ ਬਾਰੇ ਕਿਸ ਨੇ ਦੱਸਣਾ? ਸੋ ਸਾਨੂੰ ਅੰਗਰੇਜ਼ੀ ਦੇ ਨਾਲ -ਨਾਲ ਬੱਚਿਆਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਵਿੱਚ ਵੀ ਪਰਪੱਕ ਕਰਨਾ ਚਾਹੀਦਾ ਹੈ।

ਇਹਨਾਂ ਤੋਂ ਇਲਾਵਾ ਇਕ ਸੰਕਲਪ ਸਾਨੂੰ ਬਾਬੇ ਨਾਨਕ ਦੇ
“ਕਿਰਤ ਕਰੋ, ਵੰਡ ਛਕੋ “
ਦੇ ਉਪਦੇਸ਼ਾਂ ਤੇ ਖਰੇ ਉਤਰਨ ਦਾ ਵੀ ਲੈਣਾ ਚਾਹੀਦਾ ਹੈ। ਅਜੋਕੀ ਪੀੜੀ ਚ ਕਿਰਤ ਸੱਭਿਆਚਾਰ ਦਿਨੋਂ ਦਿਨ ਘਟਦਾ ਜਾ ਰਿਹਾ ਹੈ। ਸਿਸਟਮ ਤੇ ਕਾਬਜ ਲੋਕਾਂ ਵੱਲ ਦੇਖ ਉਹ ਵੀ ਰਾਤੋ ਰਾਤ ਅਮੀਰ ਬਣਨ ਦੇ ਰਾਹ ਤੁਰਨ ਦੀ ਕੋਸ਼ਿਸ਼ ਕਰਦੀ ਕੁਰਾਹੇ ਪੈ ਰਹੀ ਹੈ। ਚੋਣਾਂ ਦੇ ਮੌਸਮਾਂ ਦੌਰਾਨ ਵੰਡੀਆਂ ਜਾਂਦੀਆਂ ਖੈਰਾਤਾਂ ਨੇ ਆਮ ਲੋਕਾਈ ਨੂੰ ਕਿਰਤ ਵਿਹੂਣੇ ਬਣਾ ਛੱਡਿਆ ਹੈ। ਸਾਨੂੰ ਆਪਣੇ ਮੱਤ ਨੂੰ ਦਾਨ ਕਰਕੇ, ਨਾਂ ਕਿ ਵੇਚਕੇ, ਸਿਸਟਮ ਨੂੰ ਬਦਲਨਾ ਚਾਹੀਦਾ ਹੈ। ਸਾਨੂੰ ਖੈਰਾਤਾਂ ਨਹੀਂ, ਯੋਗਤਾ ਅਨੁਸਾਰ ਢੁਕਵੇਂ ਤੇ ਸਥਾਈ ਰੁਜਗਾਰਾਂ ਦੀ ਮੰਗ ਕਰ ਕਿਰਤ ਸੱਭਿਆਚਾਰ ਨਾਲ ਜੁੜਨਾਂ ਚਾਹੀਦਾ ਹੈ ।ਤਾਂਹੀਉ ਅਸੀਂ ਬਾਬੇ ਦੇ ਕਿਰਤੀ ਸਿਧਾਂਤ ਨਾਲ ਜੁੜ ਵੰਡ ਛਕਣ ਦੇ ਹਾਮੀ ਹੋ ਸਕਦੇ ਹਾਂ।

ਮਨੁੱਖਤਾ ਪ੍ਰਤੀ ਇੱਕ ਹੋਰ ਸੰਕਲਪ ਲੈਂਦਿਆਂ ਗੁਰੂ ਸਹਿਬਾਨ ਦੇ ਸੰਦੇਸ਼,
“ਸਭੈ ਸਾਂਝੀਵਾਲ ਸਦਾਇਨ ਤੂੰ ਕਿਸੇ ਨਾ ਦਿਸਹਿ ਬਾਹਰਾ ਜੀਉ ।।”
ਨੂੰ ਅੱਗੇ ਤੋਰਨਾ ਹੋਵੇਗਾ। ਸਮੇਂ ਦੇ ਬਾਬਰ ਲੋਕਾਈ ਨੂੰ ਧਰਮਾਂ-ਜਾਤਾਂ ਚ ਵੰਡ ਆਪਣੇ ਸਿੰਘਾਸਨਾਂ ਲਈ ਰਾਹ ਪੱਧਰਾ ਕਰਦੇ ਹਨ। ਸਾਲ 2022 ਦੀ ਸ਼ੁਰੂਆਤ ਮੌਕੇ ਇਹੋ ਜਿਹਾ ਵੰਡ ਪਾਊ ਵਰਤਾਰਾ ਆਮ ਦੇਖਣ ਨੂੰ ਮਿਲ ਸਕਦਾ ਹੈ ਪਰ ਸਾਨੂੰ ਜੇਤੂ ਹੋ ਨਿੱਬੜੇ ਕਿਸਾਨੀ ਸੰਘਰਸ਼ ਤੋ ਸੇਧ ਲੈਂਦਿਆਂ ਜਾਤ/ਗੋਤ/ਧਰਮਾਂ ਦੀ ਵੰਡ ਤੋਂ ਬਚ ਲੋਕਾਈ ਦੇ ਭਲੇ ਵਾਲੇ ਸਿਸਟਮ ਦੀ ਚੋਣ ਕਰਨੀ ਚਾਹੀਦੀ ਹੈ।

ਸੋ ਆਉ ਸਭ ਲਈ ਤੰਦਰੁਸਤੀ/ਪਿਆਰ/ ਮੁਹੱਬਤ/ਖੁਸ਼ਹਾਲੀ/ਖੁਸ਼ੀਆਂ-ਖੇੜੇ/ਤਰੱਕੀਆਂ-ਕਾਮਯਾਬੀਆਂ ਦੀ ਕਾਮਨਾਂ ਕਰਦਿਆਂ ਨਵਾਂ ਸਾਲ ਮੁਬਾਰਕਬਾਦ ਕਹੀਏ।

ਖੁਸ਼ਆਮਦੀਦ 2022

ਬਲਵੀਰ ਸਿੰਘ ਬਾਸੀਆਂ
ਪਿੰਡ ਤੇ ਡਾਕ ਬਾਸੀਆਂ ਬੇਟ (ਲੁਧਿ:)
8437600371

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਂਦਰ ਨੇ ਛੇ ਹੋਰ ਮਹੀਨਿਆਂ ਲਈ ਨਾਗਾਲੈਂਡ ਨੂੰ ਅਸ਼ਾਂਤ ਖੇਤਰ ਐਲਾਨਿਆ
Next articleਮਹਾਤਮਾ ਗਾਂਧੀ ਬਾਰੇ ਗਲਤ ਬਿਆਨੀ ਕਰਨ ਵਾਲਾ ਕਾਲੀਚਰਨ ਮਹਾਰਾਜ ਗ੍ਰਿਫ਼ਤਾਰ