ਆਓ ਸ਼ੁੱਧ ਪੰਜਾਬੀ ਲਿਖਣਾ ਸਿੱਖੀਏ – 5

ਡਾ. ਸਵਾਮੀ ਸਰਬਜੀਤ

(ਸਮਾਜ ਵੀਕਲੀ)

ਪੈਰ ਬਿੰਦੀ ਤੋਂ ਬਿਨਾਂ

ਪੰਜਾਬੀ ਵਿੱਚ ਪੈਰ ਬਿੰਦੀ ਵਾਲ਼ੇ ਪਹਿਲੇ 5 ਵਰਣ (ਸ਼, ਖ਼, ਗ਼, ਜ਼ ਤੇ ਫ਼) ਨੂੰ ਪੈਂਤੀ ਅੱਖਰੀ ਵਿੱਚ ਬਾਅਦ ਵਿੱਚ ਸ਼ਾਮਿਲ ਕੀਤਾ ਗਿਆ ਕਿਉਂਕਿ ਜਿਹੜੇ ਸ਼ਬਦ ਅਸੀਂ ਅਰਬੀ–ਫ਼ਾਰਸੀ ਕੋਲ਼ੋਂ ਉਧਾਰੇ ਲਏ ਸੀ, ਉਨ੍ਹਾਂ ਦਾ ਤਤਸਮ ਰੂਪ ਕਾਇਮ ਰੱਖਣ ਲਈ ਇਨ੍ਹਾਂ ਦੀ ਲੋੜ ਪਈ। ਆਖ਼ਰੀ ਪੈਰ ਬਿੰਦੀ ਵਾਲ਼ਾ ਵਰਣ (ਲ਼) ਇਹ ਪੰਜਾਬੀ ਉਪਭਾਸ਼ਾਈ ਉਚਾਰਨ ਸਦਕਾ ਹੋਂਦ ਗ੍ਰਹਿਣ ਕਰਦਾ ਹੈ।

ਮਸਲਾ ਇਹ ਹੈ ਕਿ ਖ (ਖ਼), ਗ (ਗ਼), ਜ (ਜ਼), ਫ (ਫ਼) ਪੈਰ ਬਿੰਦੀ ਉਨ੍ਹਾਂ ਹੀ ਸ਼ਬਦਾਂ ਦੇ ਪੈਰ ਵਿੱਚ ਪੈਣੀ ਚਾਹੀਦੀ ਹੈ ਜਿਹੜੇ ਸ਼ਬਦ ਅਸੀਂ ਅਰਬੀ–ਫ਼ਾਰਸੀ ਭਾਸ਼ਾ ਤੋਂ ਉਧਾਰੇ ਲਏ ਹਨ। (ਸ ਪੈਰੀ ਬਿੰਦੀ ਸ਼ ਦਾ ਮਸਲਾ ਵੱਖਰਾ ਹੈ।) ਉਨ੍ਹਾਂ ਵਿੱਚ ਨਹੀਂ ਜਿਨ੍ਹਾਂ ਦਾ ਮੂਲ ਸੰਸਕ੍ਰਿਤ ਜਾਂ ਹਿੰਦੀ ਹੈ ਪਰ ਸਾਡੇ ਇੱਥੇ ਉਨ੍ਹਾਂ ਸ਼ਬਦਾਂ ਦੇ ਪੈਰੀਂ ਵੀ ਬਿੰਦੀ ਪਾਈ ਜਾ ਰਹੇ ਹਨ ਜਿਹੜੇ ਕਿ ਸੰਸਕ੍ਰਿਤ ਜਾਂ ਹਿੰਦੀ ਮੂਲ ਦੇ ਸ਼ਬਦ ਹਨ ਜਿਨ੍ਹਾਂ ਨੂੰ ਪੰਜਾਬੀ ਵਿੱਚ ਤਦਭਵ ਰੂਪ ਵਿੱਚ ਲਿਖਿਆ ਜਾਂਦਾ ਹੈ।

ਜਿਵੇਂ ਕਿ ਬਿਰਖ ਸ਼ਬਦ ਨੂੰ ”ਬਿਰਖ਼” ਲਿਖਿਆ ਜਾਂਦਾ ਹੈ ਜੋ ਕਿ ਗ਼ਲਤ ਹੈ ਕਿਉਂ ਬਿਰਖ ਸ਼ਬਦ ਸੰਸਕ੍ਰਿਤ/ਹਿੰਦੀ ਦੇ ਬ੍ਰਿਛ ਸ਼ਬਦ ਦਾ ਤਦਭਵ ਰੂਪ ਹੈ। ਇਸੇ ਤਰ੍ਹਾਂ ਸੂਖਮ ਨੂੰ ”ਸੂਖ਼ਮ” ਲਿਖਿਆ ਜਾਂਦਾ ਹੈ ਜਿਹੜਾ ਕਿ ਗ਼ਲਤ ਹੈ ਕਿਉਂਕਿ ਸੂਖਮ ਸ਼ਬਦ ਸੰਸਕ੍ਰਿਤ/ਹਿੰਦੀ ਦੇ ਸੂਕਸ਼ਮ ਸ਼ਬਦ ਦਾ ਤਦਭਵ ਪੰਜਾਬੀ ਰੂਪ ਹੈ। ਗੁਫਾ ਬਿਨਾਂ ਬਿੰਦੀ ਤੋਂ ਸਹੀ ਹੈ, ਗੁਫ਼ਾ ਗ਼ਲਤ ਹੈ ਕਿਉਂਕਿ ਗੁਫਾ ਵੀ ਸੰਸਕ੍ਰਿਤ/ਹਿੰਦੀ ਮੂਲ ਦਾ ਸ਼ਬਦ ਹੈ। ਬਾਕੀ ਅਰਬੀ–ਫ਼ਾਰਸੀ ਦੇ ਬਹੁਤ ਸ਼ਬਦ ਹਨ ਜਿਹੜੇ ਕਿ ਨੁਕਤੇ ਤੋਂ ਬਗ਼ੈਰ ਹਨ, ਭਾਵ ਪੈਰ ਬਿੰਦੀ ਤੋਂ ਬਿਨਾਂ ਪਰ ਅਸੀਂ ਆਦਤਨ ਹਰੇਕ ਸ਼ਬਦ ਦੇ ਪੈਰੀਂ ਬਿੰਦੀ ਲਗਾਉਂਦੇ ਚਲਦੇ ਜਾਂਦੇ ਹਾਂ

ਉਦਾਹਰਨ ਵਜੋਂ : ਤਜਰਬਾ, ਤਰਜਮਾ, ਮਜਾਲ, ਲਹਿਜਾ, ਰਿਵਾਜ, ਤਰਜਮਾਨੀ, ਹਿਜਰ, ਹਿਜਰੀ, ਹਿਜਰਤ, ਜੁਰਮ, ਮੁਜਰਮ, ਜੁਰਮਾਨਾ ਜੁਰਅਤ, ਖੰਜਰ, ਅਜਗਰ, ਜਾਬਰ, ਜਮਹੂਰੀ, ਹਜਾਮਤ, ਹਰਜਾਨਾ ਆਦਿ ਅਜਿਹੇ ਸ਼ਬਦ ਹਨ ਜਿਨ੍ਹਾਂ ਵਿੱਚ ਜੱਜੇ ਦੇ ਪੈਰੀਂ ਬਿੰਦੀ ਨਹੀਂ ਪੈਂਦੀ।

ਇਸੇ ਤਰ੍ਹਾਂ : ਗਸ਼ਤ, ਗਰਦਿਸ਼, ਗਲੀਜ਼, ਗਾਜ਼ੀ, ਗਿਲਾ, ਗੁਜ਼ਰ, ਗੁਜ਼ਾਰਨ, ਗੁਜ਼ਾਰਿਸ਼, ਗੁਨਾਹ, ਗੁਫ਼ਤਾਰ ਆਦਿ ਉਹ ਸ਼ਬਦ ਹਨ ਜਿਨ੍ਹਾਂ ਵਿੱਚ ਗ ਦੇ ਪੈਰ ਬਿੰਦੀ ਨਹੀਂ ਪੈਂਦੀ।

ਇਵੇਂ ਹੀ ਅਸੀਂ ਜਿਹੜਾ ਸ਼ਬਦ ”ਫੇਰ” ਲਿਖਦੇ ਹਾਂ ਉਹਦੇ ਵੀ ਪੈਰ ਬਿੰਦੀ ਪਾ ਦਿੰਦੇ ਹਾਂ ”ਫ਼ੇਰ” ਜਾਂ ”ਫ਼ਿਰ” ਜਦੋਂ ਕਿ ਇਹ ਸ਼ਬਦ ਬਿਨਾਂ ਫੱਫੇ ਦੇ ਪੈਰ ਬਿੰਦੀ ਤੋਂ ਹੈ : ਫੇਰ ਜਾਂ ਫਿਰ

ਸ਼ੁਕਰਾਨਾ।

ਡਾ. ਸਵਾਮੀ ਸਰਬਜੀਤ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਓ ਸ਼ੁੱਧ ਪੰਜਾਬੀ ਲਿਖਣੀ ਸਿੱਖੀਏ – 6
Next articleटोक्यो ओलंपिक्स के लिए आर सी एफ की तीन महिला हॉकी खिलाडियों का चयन