ਜ਼ਿੰਦਗੀ ਜਿੰਦਾ ਦਿਲੀ ਨਾਲ ਜਿਊਣਾ ਸਿਖੀਏ

ਪ੍ਰਭਜੋਤ ਕੌਰ ਢਿੱਲੋਂ

(ਸਮਾਜ ਵੀਕਲੀ)

ਜ਼ਿੰਦਗੀ ਜਿਊਣ ਅਤੇ ਹੰਢਾਉਣਾ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ।ਹਾਂ,ਕੁਦਰਤ ਦੀ ਬਣਾਈ ਰੰਗਲੀ ਦੁਨੀਆਂ ਤੋਂ ਜਾਣ ਦਾ ਦਿਲ ਕਿਸੇ ਦਾ ਵੀ ਨਹੀਂ ਕਰਦਾ।ਪਰ ਜਦੋਂ ਕੋਈ ਆਪਣੇ ਆਪਨੂੰ ਮਾਰਦਾ ਹੈ ਜਾਂ ਖੁਦਕੁਸ਼ੀ ਕਰਦਾ ਹੈ ਤਾਂ ਉਸਦੀ ਦਿਲ ਅਤੇ ਦਿਮਾਗ ਦੀ ਸਥਿਤੀ ਕਿਵੇਂ ਦੀ ਹੋਏਗੀ ਸਮਝਣਾ ਔਖਾ ਨਹੀਂ ਹੈ। ਜ਼ਿੰਦਗੀ ਜਿਊਣ ਅਤੇ ਮਰਨ ਦੀਆਂ ਪ੍ਰਸਥਿਤੀਆਂ ਕਦੇ ਵੀ ਇੱਕੋ ਜਿਹੀਆਂ ਨਹੀਂ ਹੋ ਸਕਦੀਆਂ।ਪਰ ਅਸੀਂ ਇਕ ਦੂਸਰੇ ਨਾਲ ਚੰਗੀਆਂ ਗੱਲਾਂ ਸਾਂਝੀਆਂ ਕਰਕੇ ਜਿਊਣ ਦੇ ਆਪਣੀਆਂ ਪ੍ਰਸਥਿਤੀਆਂ ਅਨੁਸਾਰ ਰਾਹ ਜ਼ਰੂਰ ਲੱਭ ਸਕਦੇ ਹਾਂ।ਹਰ ਖੁਸ਼ੀ ਗਮੀ ਬਹੁਤ ਕੁੱਝ ਸਮਝਾ ਜਾਂਦੀ ਹੈ।ਧੱਮਪਦ ਅਨੁਸਾਰ,”ਖੁਸ਼ ਹੋ ਕੇ ਜੀਣਾ ਹੈ।

ਸ਼ਾਂਤੀ ਨਾਲ ਜੀਣਾ ਹੈ।ਅਸੀਂ ਲੋਭੀ ਤੇ ਆਪਾਧਾਪੀ ਚ ਪਏ ਲੋਕਾਂ ਵਿਚਕਾਰ ਸ਼ਾਂਤੀ ਨਾਲ ਵਿਚਰਨਾ ਹੈ।”ਸ਼ਾਂਤ ਰਹਿਣ ਨਾਲ ਸਰੀਰ ਸਹੀ ਤਰੀਕੇ ਨਾਲ ਚੱਲਦਾ ਹੈ।ਹਰ ਵੇਲੇ ਵਿਉਂਤਬੰਦੀ,ਹਰ ਵੇਲੇ ਖਿੱਝਣਾ ਖਪਣਾ,ਦੂਸਰਿਆਂ ਬਾਰੇ ਮਾੜਾ ਸੋਚਣਾ,ਦਿਲ ਨੂੰ ਅਸ਼ਾਂਤ ਅਤੇ ਪ੍ਰੇਸ਼ਾਨ ਕਰਦਾ ਹੈ।ਅਜਿਹੇ ਲੋਕ ਆਪਣੇ ਆਪ ਨੂੰ ਅਤੇ ਆਸਪਾਸ ਦੇ ਲੋਕਾਂ ਨੂੰ ਢਹਿੰਦੀ ਕਲਾ ਵੱਲ ਧਕੇਲਦੇ ਹਨ।ਆਮ ਕਰਕੇ ਕੁੱਝ ਸਮੇਂ ਤੋਂ ਬਾਅਦ ਹਰ ਕੋਈ ਉਨ੍ਹਾਂ ਵੱਲ ਧਿਆਨ ਦੇਣਾ ਬੰਦ ਕਰ ਦਿੰਦਾ ਹੈ।ਬਹੁਤ ਵਾਰ ਤਾਂ ਪਰਿਵਾਰਕ ਮੈਂਬਰ ਜਵਾਬ ਦੇਣਾ ਵੀ ਠੀਕ ਨਹੀਂ ਸਮਝਦੇ।ਇਸ ਵਿੱਚ ਸਿਆਣਪ ਵੀ ਹੈ,”ਇਕ ਚੁੱਪ ਸੌ ਸੁੱਖ।”ਬਹਿਸ ਕਰਨ ਜਾਂ ਸਫਾਈ ਦੇਣ ਦੀ ਜ਼ਰੂਰਤ ਵੀ ਨਹੀਂ ਸਮਝਦੇ ਕਿਉਂਕਿ ਅਜਿਹੇ ਲੋਕਾਂ ਦੀ ਸਮਝਣ ਵਾਲੀ ਸੋਚ ਹੀ ਨਹੀਂ ਹੁੰਦੀ।

ਜਾਰਜ ਹਰਬਰਟ ਅਨੁਸਾਰ,”ਰੱਜ ਕੇ ਜਿਊਣਾ ਹੀ ਬਿਹਤਰੀਨ ਬਦਲਾ ਲੈਣਾ ਹੈ।”ਸ਼ੁਰੂ ਵਿੱਚ ਔਖਾ ਹੁੰਦਾ ਹੈ ਪਰ ਹੌਲੀ ਹੌਲੀ ਇਹ ਜ਼ਿੰਦਗੀ ਦਾ ਹਿੱਸਾ ਬਣ ਹੀ ਜਾਂਦਾ ਹੈ।ਅਸਲ ਵਿੱਚ ਬਦਲਾਅ ਨੇ ਅਤੇ ਆਧੁਨਿਕਤਾ ਨੇ ਲੋਕਾਂ ਦੀ ਵਧੇਰੇ ਕਰਕੇ ਸੋਚ ਹੀ ਛੋਟੀ ਕਰ ਦਿੱਤੀ ਹੈ।ਖੁੱਲ ਕੇ ਹੱਸਣ ਵਾਲੇ ਨੂੰ ਗਵਾਰ ਅਤੇ ਬੇਅਕਲ ਦੱਸਿਆ ਜਾਣ ਲੱਗਿਆ ਹੈ।ਖੁੱਲ ਕੇ ਗੱਲ ਕਰਨ ਦੀ ਥਾਂ ਕੰਨਾਂ ਵਿੱਚ ਗੱਲ ਕਰਨ ਦਾ ਰਿਵਾਜ਼ ਪੈ ਗਿਆ।ਜ਼ਿੰਦਗੀ ਜਦੋਂ ਇਵੇਂ ਦੀ ਜਿਊਣੀ ਸ਼ੁਰੂ ਹੋ ਜਾਏ ਤਾਂ ਸੋਚ ਵੀ ਸੌੜੀ ਅਤੇ ਘੁੱਟਣ ਪੈਦਾ ਕਰਨ ਵਾਲੀ ਬਣ ਜਾਂਦੀ ਹੈ।ਖੁੱਲ ਕੇ ਜਿਊਣਾ ਹੀ ਖੁੱਲ ਸੋਚ ਦਿੰਦਾ ਹੈ। ਘਰਾਂ ਵਿੱਚ ਇਸ ਵੇਲੇ ਵਿਖਾਵਾ ਅਤੇ ਬਨਾਵਟੀਪਣ ਵਧੇਰੇ ਆ ਗਿਆ ਹੈ।ਮੇਰਾ ਕਮਰਾ,ਮੇਰਾ ਬਾਥਰੂਮ,ਗੱਲ ਕੀ ਹਰ ਚੀਜ਼ ਆਪਣੇ ਤੱਕ ਹੀ ਸੀਮਤ ਹੋਕੇ ਰਹਿ ਗਈ ਹੈ।

ਆਪਸੀ ਸਾਂਝ ਤਾਂ ਜਿਵੇਂ ਖਤਮ ਹੀ ਹੋ ਗਈ ਹੈ।ਪਹਿਲਾਂ ਵਧੇਰੇ ਕਰਕੇ ਮਾਪਿਆਂ ਦਾ ਮੰਜਾ ਘਰ ਦੀ ਉਸ ਜਗ੍ਹਾ ਤੇ ਹੁੰਦਾ ਸੀ ਜਿੱਥੇ ਸਾਰੇ ਉਨ੍ਹਾਂ ਕੋਲ ਆਕੇ ਬੈਠਦੇ,ਆਉਂਦੇ ਜਾਂਦੇ ਮਿਲਦੇ ਅਤੇ ਬਜ਼ੁਰਗਾਂ ਨੂੰ ਦੱਸ ਪੁੱਛਕੇ ਜਾਂਦੇ।ਪਰ ਹੁਣ ਅਜਿਹਾ ਨਹੀਂ ਹੈ।ਵਧੇਰੇ ਕਰਕੇ ਮੇਰੀ ਨਿੱਜਤਾ ਅਤੇ ਹੱਕਾਂ ਦਾ ਰੌਲਾ ਵਧ ਗਿਆ ਹੈ।ਠੀਕ ਹੈ ਜਦੋਂ ਔਲਾਦ ਅਜਿਹਾ ਕਰਨ ਲੱਗੇ ਤਾਂ ਆਪਣੀ ਜ਼ਿੰਦਗੀ ਵੀ ਆਪਣੇ ਹਿਸਾਬ ਨਾਲ ਜਿਊਣ ਵਿੱਚ ਹੀ ਦਿਨ ਸੌਖੇ ਕੱਟੇ ਜਾਣਗੇ।ਹਾਂ,ਮਾਪਿਆਂ ਨੂੰ ਫਿਕਰ ਹੁੰਦੀ ਹੈ ਤਾਂ ਪੁੱਛਦੇ ਹਨ ਪਰ ਨੂੰਹਾਂ ਪੁੱਤਾਂ ਵਾਸਤੇ ਇਹ ਦਖਲਅੰਦਾਜ਼ੀ ਹੁੰਦੀ ਹੈ।ਜੇਕਰ ਉਨ੍ਹਾਂ ਨੂੰ ਇਹ ਦਖਲਅੰਦਾਜ਼ੀ ਲੱਗਦੀ ਹੈ ਤਾਂ ਇਹ ਸੋਚ ਕੇ ਨਵਾਂ ਰਸਤਾ ਚੁਣ ਲੈਣਾ ਬਿਹਤਰ ਹੈ।ਆਪਣੇ ਆਪ ਨੂੰ ਵਿਹਲਾ ਰੱਖਣ ਦੀ ਬਜਾਏ,ਕਿਸੇ ਰੁਝੇਵੇਂ ਵਿੱਚ ਲਗਾ ਲਈਏ।

ਅਖਬਾਰਾਂ ਪੜ੍ਹਨ,ਪੁਰਾਣੇ ਦੋਸਤਾਂ ਨਾਲ ਮਿਲਦੇ ਜੁਲਦੇ ਰਹੀਏ।ਫੋਨ ਤੇ ਸੱਭ ਨਾਲ ਗੱਲ ਬਾਤ ਕਰੋ।ਬਹੁਤ ਵਾਰ ਨੂੰਹਾਂ ਪੁੱਤਾਂ ਨੂੰ ਬਜ਼ੁਰਗ ਮਾਪਿਆਂ ਦਾ ਫੋਨ ਤੇ ਗੱਲ ਬਾਤ ਕਰਨਾ ਵੀ ਚੁੱਭ ਲੱਗ ਜਾਂਦਾ ਹੈ।ਉਨ੍ਹਾਂ ਨੂੰ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਜਿਵੇਂ ਤੁਸੀਂ ਜ਼ਿੰਦਗੀ ਜਿਊਣ ਦਾ ਹੱਕ ਰੱਖਦੇ ਹੋ,ਸਾਡਾ ਵੀ ਹੱਕ ਹੈ।ਜੇਕਰ ਤੁਹਾਨੂੰ ਸਾਡਾ ਕੁੱਝ ਪੁੱਛਣਾ ਦਖਲਅੰਦਾਜ਼ੀ ਹੈ ਤਾਂ ਇਸਨੂੰ ਤੁਸੀਂ ਕੀ ਕਹੋਗੇ, ਉਨ੍ਹਾਂ ਤੋਂ ਹੀ ਜਵਾਬ ਲਵੋ।ਇਹ ਸਾਰਾ ਕੁੱਝ ਬਹੁਤ ਔਖਾ ਵੀ ਹੋਏਗਾ।ਪਰ ਕੋਸ਼ਿਸ਼ ਤਾਂ ਕਰਨੀ ਹੀ ਚਾਹੀਦੀ ਹੈ।ਘੁੱਟ ਘੁੱਟ ਕੇ ਜਿਊਣਾ ਸੈਂਕੜੇ ਬੀਮਾਰੀਆਂ ਨੂੰ ਜਨਮ ਦਿੰਦਾ ਹੈ।

ਨੌਜਵਾਨ ਪੀੜ੍ਹੀ ਨੂੰ ਘਰ ਵਿੱਚ ਪਿਆਰ,ਸਤਿਕਾਰ ਅਤੇ ਖੁਸ਼ਗਵਾਰ ਮਾਹੌਲ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ।ਘਰ ਸਾਫ ਸੁਥਰਾ ਹੋਣਾ ਚਾਹੀਦਾ ਹੈ ਅਤੇ ਆਰਾਮਦਾਇਕ ਹੋਣਾ ਚਾਹੀਦਾ ਹੈ। ਵਿਖਾਵੇ ਦੀ ਦੌੜ ਵਿੱਚ ਪਰਿਵਾਰ ਵਿੱਚ ਹਰ ਵੇਲੇ ਦੀ ਰੋਕਾ ਟੋਕੀ ਘਰ ਦਾ ਮਾਹੌਲ ਵਿਗਾੜ ਦਿੰਦੀ ਹੈ।ਮਾਪਿਆਂ ਨੂੰ ਵਧੇਰੇ ਮੱਤਾਂ ਦੇਣ ਦੀ ਥਾਂ,ਉਨ੍ਹਾਂ ਨੂੰ ਉਨ੍ਹਾਂ ਦਾ ਬੁਢਾਪਾ ਚੈਨ ਨਾਲ ਜਿਊਣ ਦਿਉ।ਮਾਪਿਆਂ ਦੀ ਖੁਸ਼ੀ ਤਾਂ ਤੁਹਾਡੇ ਦੋ ਪਿਆਰ ਭਰੇ ਲਫਜ਼ਾਂ ਵਿੱਚ ਹੁੰਦੀ ਹੈ।ਮਾਪਿਆਂ ਨੂੰ ਆਪਣੇ ਨਾਲ ਬਾਹਰ ਘੁੰਮਣ ਲੈਕੇ ਜਾਉ।ਉਨ੍ਹਾਂ ਦਾ ਸਾਥ ਬੋਝ ਨਹੀਂ ਹੁੰਦਾ,ਤੁਹਾਨੂੰ ਖੁੱਲ ਕੇ ਜਿਊਣ ਦਾ ਰਾਹ ਦੱਸੇਗਾ।

ਖੁੱਲ ਕੇ ਹੱਸਣ ਨਾਲ ਸਿਹਤ ਵਧੀਆ ਰਹਿੰਦੀ ਹੈ।ਤੰਦਰੁਸਤੀ ਰਹਿੰਦੀ ਹੈ।ਹੱਸਦਿਆਂ ਨਾਲ ਸਾਰੇ ਹੱਸਦੇ ਹਨ,ਰੋਂਦੇ ਚਿਹਰੇ ਕਿਸੇ ਨੂੰ ਵੀ ਚੰਗੇ ਨਹੀਂ ਲੱਗਦੇ।ਕੁਦਰਤ ਦਾ ਨਿਯਮ ਹੈ ਜੋ ਹੋਣਾ ਹੈ ਉਹ ਹੋਕੇ ਹੀ ਰਹਿਣਾ ਹੈ ਤਾਂ ਮਾੜਾ ਵਕਤ ਵੀ ਹੌਂਸਲੇ ਨਾਲ ਕੱਟਣ ਦੀ ਕੋਸ਼ਿਸ਼ ਕਰੀਏ।ਦੂਸਰਿਆਂ ਦੀ ਚੁਗਲੀ ਨਿੰਦਿਆ ਕਰਨਾ ਵੀ ਜ਼ਿੰਦਗੀ ਦੇ ਹਰ ਪੱਖ ਤੇ ਮਾੜਾ ਅਸਰ ਪਾਉਂਦੇ ਹਨ।ਇਸਤੋਂ ਗੁਰੇਜ਼ ਕਰੋ।ਦੂਸਰਿਆਂ ਦੀ ਪਿੱਠ ਪਿੱਛੇ ਗੱਲਾਂ ਕਰਨ ਨਾਲ ਆਪਣਾ ਚੈਨ ਅਤੇ ਸਕੂਨ ਖਤਮ ਹੁੰਦਾ ਹੈ।ਲੋਕਾਂ ਦੀ ਪ੍ਰਵਾਹ ਕਰਨੀ ਛੱਡਣਾ ਵੀ ਬਹੁਤ ਜ਼ਰੂਰੀ ਹੈ।ਦਾਤੀ ਦੇ ਇਕ ਬੰਨੇ ਦਿੰਦੇ ਹੁੰਦੇ ਹਨ ਦੁਨੀਆਂ ਦੇ ਦੋਨੋਂ ਬੰਨੇ।

ਛੋਟੀਆਂ ਛੋਟੀਆਂ ਚੀਜ਼ਾ ਮਿਲਣ ਤੇ ਖੁਸ਼ ਹੋਈਏ।ਵੱਡੀਆਂ ਦੀ ਉਡੀਕ ਵਿੱਚ ਛੋਟੀਆਂ ਖੁਸ਼ੀਆਂ ਤੋਂ ਵੀ ਵਾਂਝੇ ਨਾ ਰਹੀਏ।ਹਰ ਕਿਸੇ ਦੀ ਖੁਸ਼ੀ ਵਿੱਚ ਖੁਸ਼ ਹੋਣਾ ਸਿਖੀਏ।ਉਹ ਉਸਦੀ ਮਿਹਨਤ ਦਾ ਫਲ ਉਸਨੂੰ ਮਿਲਿਆ ਹੈ,ਉਸਦੀ ਖੁਸ਼ੀ ਵਿੱਚ ਖੁਸ਼ ਪ੍ਰਗਟ ਜ਼ਰੂਰ ਕਰੋ।ਨਫਰਤ,ਸਾੜਾ ਹੰਕਾਰ ਜਿੰਦਾ ਦਿਲੀ ਦੀ ਨਿਸ਼ਾਨੀ ਨਹੀਂ ਹੈ।ਖੁਸ਼ ਰਹਿਣ ਵਾਲਾ ਹੀ ਖੁਸ਼ੀਆਂ ਦੇ ਸਕਦਾ ਹੈ।ਸਹਿਣਸ਼ੀਲਤਾ ਬਹੁਤ ਜ਼ਰੂਰੀ ਹੈ।ਪੈਸੇ ਨਾਲ ਨਾ ਰਿਸ਼ਤੇ ਟਿਕਦੇ ਹਨ ਅਤੇ ਨਾ ਬਣਦੇ ਹਨ।ਜੇਕਰ ਦੇਣਾ ਨਹੀਂ ਜਾਣਦੇ ਤਾਂ ਤੁਹਾਨੂੰ ਕੋਈ ਦੇਵੇ ਉਸਦੀ ਉਮੀਦ ਕਰਨਾ ਵੀ ਗਲਤ ਹੈ।

ਜਿੰਨਾ ਘੱਟ ਲੈਣ ਦੇਣ ਉਨ੍ਹਾਂ ਨਾਲ ਕਰੋਗੇ ਜੋ ਹਰ ਚੀਜ਼ ਦੀ ਕੀਮਤ ਲਗਾਉਂਦੇ ਹਨ ਤਾਂ ਜ਼ਿੰਦਗੀ ਬਹੁਤ ਵਧੀਆ ਗੁਜ਼ਰੇਗੀ।ਜਿਹੜੇ ਤੋਹਫਿਆਂ ਦੀ ਕੀਮਤ ਵੇਖਦੇ ਹਨ,ਉਨ੍ਹਾਂ ਦੀ ਸੌੜੀ ਸੋਚ ਤਕਲੀਫ਼ ਦਿੰਦੀ ਹੈ।ਤੋਹਫਾ ਦੀ ਕੀਮਤ ਨਹੀਂ ਭਾਵਨਾਵਾਂ ਵੀ ਉਹ ਹੀ ਸਮਝ ਸਕਦਾ ਹੈ,ਜਿਹੜਾ ਜਿੰਦਾ ਦਿਲ ਹੋਏਗਾ।ਜ਼ਿੰਦਗੀ ਕੁਦਰਤ ਦਾ ਵਡਮੁੱਲਾ ਤੋਹਫ਼ਾ ਹੈ।ਇਸਦੀ ਕਦਰ ਕਰੀਏ ਅਤੇ ਜਿੰਦਾ ਦਿਲ ਨਾਲ,ਖੁੱਲੀ ਸੋਚ ਨਾਲ ਇਸਨੂੰ ਜਿਊਣ ਦਾ ਢੰਗ ਤਰੀਕਾ ਅਪਣਾਈਏ।

ਪ੍ਰਭਜੋਤ ਕੌਰ ਢਿੱਲੋਂ ਮੁਹਾਲੀ

ਮੋਬਾਈਲ ਨੰਬਰ 9815030221

 

Previous articleNIA seizes 3 cars used by terrorists in J&K
Next articleCM Gehlot accepts Raj Cong Chief Whip Mahesh Joshi’s resignation