ਆਉ ਜਾਣੀਏ ਲੰਮੇਰੀ ਉਮਰ ਦੇ ਰਾਜ ਇਕੀਗਾਈ ਵਿਸ਼ੇ ਬਾਰੇ –

ਜਸਪ੍ਰੀਤ ਸਿੰਘ ਮਾਂਗਟ
 (ਸਮਾਜ ਵੀਕਲੀ)-ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇਕੀਗਾਈ ਵਿਸ਼ੇ ਦੇ ਉਪਰ ਜੋ ਕਿ ਜਾਪਾਨੀ ਜੀਵਨ ਸ਼ੈਲੀ ਤੇ ਆਧਾਰਿਤ ਹੈ। ਇਕੀਗਾਈ ਦਾ ਅਰਥ ਹੈ ਜੀਵਨ ਦਾ ਮਨੋਰਥ। ਜੇਕਰ ਇਸ ਵਿਸ਼ੇ ਦੇ ਜਨਮ ਬਾਰੇ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ ਜਾਪਾਨ ਦੇ ੳਕੀਨਾਵਾ ਟਾਪੂ ਵਿੱਚ ਹੋਈ। ਇਕੀਗਾਈ ਦੋ ਸ਼ਬਦਾ ਦੇ ਮੇਲ ਤੋਂ ਬਣਿਆ ਹੈ, ਇਕੀ+ਗਾਈ ਇਕੀ ਦਾ ਅਰਥ ਹੈ ਜਿੰਦਗੀ ਅਤੇ ਗਾਈ ਦਾ ਅਰਥ ਹੈ ਕੀਮਤ, ਕੁੱਲ ਮਿਲਾ ਕੇ ਇਸ ਦਾ ਅਰਥ ਹੈ ਜ਼ਿੰਦਗੀ ਦੀ ਅਸਲ ਕੀਮਤ। ੳਕੀਨਾਵਾ ਟਾਪੂ ਦੇ ਲੋਕਾਂ ਨੇ ਇਸ ਯੋਜਨਾ ਨੂੰ ਆਪਣੀ ਜਿੰਦਗੀ ਵਿੱਚ ਅਪਣਾਇਆ, ਇਸ ਟਾਪੂ ਦੇ ਉਪਰ ਰਹਿਣ ਵਾਲੇ ਲੋਕਾਂ ਦੀ ਉਮਰ 100 ਸਾਲ ਦੇ ਲਗਭਗ ਹੈ, ਕਿਉਂਕਿ ਉਹਨਾਂ ਨੂੰ ਆਪਣਾ ਇਕੀਗਾਈ ਮਿਲ ਚੁੱਕਾ ਹੈ (ਭਾਵ) ਜਿੰਦਗੀ ਜਿਉਣ ਦਾ ਮਕਸਦ। ਗੱਲ ਕੀਤੀ ਜਾਵੇ ਤਾਂ ਇਕੀਗਾਈ ਵਿਸਾ 10 ਨਿਯਮਾਂ ਤੇ ਆਧਾਰਤ ਹੈ, ਆਉ ਜਾਣੀਏ ਇਹਨਾਂ ਨਿਯਮਾਂ ਬਾਰੇ –
1 ਹਮੇਸ਼ਾ ਚੁਸਤ ਰਹਿਣਾ ਅਤੇ ਰਿਟਾਇਰਮੈਂਟ ਨਾ ਲੈਣਾ- ਇਕੀਗਾਈ ਵਿਧੀ ਦਾ ਨਿਯਮ ਹੈ ਹਮੇਸ਼ਾ ਕੁੱਝ ਨਾ ਕੁੱਝ ਕਰਦੇ ਰਹਿਣਾ ਵਹਿਲਾ ਕਦੇ ਨਾ ਬੈਠਣਾ ਅਤੇ ਕਦੇ ਵੀ ਆਪਣੇ ਕੰਮ ਤੋਂ ਰਿਟਾਇਰਮੈਂਟ ਬਾਰੇ ਨਾ ਸੋਚਣਾ ਕਿਉਂਕਿ ਜਿੰਦਗੀ ਸਿਰਫ ਚਲਦੇ ਰਹਿਣ ਦਾ ਨਾਮ ਹੈ।
2 ਹੋਲੀ ਚੱਲਣਾ – ਇਕੱਗਾਈ ਦਾ ਦੂਸਰਾ ਨਿਯਮ ਦੱਸਦਾ ਹੈ ਕਿ ਸਾਨੂੰ ਜਿੰਦਗੀ ਵਿੱਚ ਹੌਲੀ ਹੋਲੀ ਚੱਲਣਾ ਚਾਹੀਦਾ ਹੈ। ਕਿਉਂਕਿ ਕਾਹਲੀ ਵਿੱਚ ਕੀਤਾ ਗਿਆ ਕੰਮ ਹੀ ਚਿੰਤਾ ਵਧਾਉਂਦਾ ਹੈ। ਜਿਸ ਨਾਲ ਸਿਹਤ ਵਿਗੜਦੀ ਹੈ ਅਤੇ ਸਰੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਸੌ ਸਾਨੂੰ ਜਿੰਦਗੀ ਦੇ ਹਰ ਪਲ ਦਾ ਆਨੰਦ ਮਾਨਣਾ ਚਾਹਿੰਦਾ ਹੈ।
3. ਘੱਟ ਖਾਣਾ- ਤੀਜੇ ਨਿਯਮ ਵਿੱਚ ਸਾਡੀ ਭੋਜਨ ਸ਼ੈਲੀ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਦੱਸਿਆ ਗਿਆ ਹੈ ਕਿ ਸਾਨੂੰ ਕਦੇ ਵੀ ਖਾਣਾ ਪੇਟ ਭਰ ਕੇ ਨਹੀਂ ਖਾਣਾ ਚਾਹੀਦਾ ਅਤੇ ਹਮੇਸ਼ਾ ਭੋਜਨ ਵਿੱਚ ਫਲ-ਸਬਜੀਆਂ ਅਤੇ  ਸਲਾਦ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੇ ਪੇਟ ਦੇ ਨਾਲ ਨਾਲ ਮਨ ਨੂੰ ਵੀ ਤੰਦਰੁਸਤ ਰੱਖ ਸਕੀਏ ਔਰ ਲੰਮੀ ਉਮਰ ਭੋਗ ਸਕੀਏ।
4. ਚੰਗੇ ਵਿਅਕਤੀਆਂ ਦੀ ਸੰਗਤ ਕਰਨੀ। ਚੌਥਾ ਨਿਯਮ ਦੱਸਦਾ ਹੈ ਕਿ ਸਾਨੂੰ ਹਮੇਸ਼ਾ ਚੰਗੇ ਵਿਅਕਤੀਆਂ ਦੀ ਸੰਗਤ ਕਰਨੀ ਚਾਹੀਦੀ ਹੈ, ਕਿਉਂਕਿ ਇੱਕ ਚੰਗਾ ਵਿਅਕਤੀਤਵ ਵਾਲਾ ਇਨਸਾਨ  ਸਾਡਾ ਚੰਗਾ ਮਾਰਗ ਦਰਸ਼ਨ ਕਰ ਸਕਦਾ ਹੈ। ਇੱਕ ਚੰਗੇ ਵਿਅਕਤੀ ਦੀ ਦਿੱਤੀ ਚੰਗੀ ਸਲਾਹ ਸੰਜੀਵਨੀ ਬੂਟੀ ਦੀ ਤਰ੍ਹਾਂ ਕੰਮ ਕਰਦੀ ਹੈ।
5. ਹਰ ਰੋਜ ਸਰੀਰਕ ਸਿਹਤ ਲਈ ਸਮਾਂ ਕੱਢਣਾ-  ਸਾਨੂੰ ਹਰ ਰੋਜ ਕਸਰਤ ਕਰਨੀ ਚਾਹੀਦੀ ਹੈ ਅਤੇ ਹੌਲੀ ਹੌਲੀ ਦੌੜ ਲਾਉਣੀ ਚਾਹੀਦੀ ਹੈ ਤਾਂ ਜੋ ਸਾਡਾ ਸਰੀਰ ਅਤੇ ਮਨ ਤੰਦਰੁਸਤ ਰਹਿ ਸਕਣ।
6. ਹਰ ਸਮੇਂ ਖੁਸ਼ ਰਹਿਣਾ – ਇਸ ਆਧੁਨਿਕ ਯੁੱਗ ਵਿੱਚ ਦੌੜ-ਭੱਜ ਅਤੇ ਰੁਝੇਵਿਆਂ ਭਰਪੂਰ ਜਿੰਦਗੀ ਵਿੱਚ ਸਾਨੂੰ ਆਪਣੀ ਸਿਹਤ ਦਾ ਖ਼ਿਲਕੁਲ ਵੀ ਖਿਆਲ ਨਹੀਂ ਰਹਿੰਦਾ ਅਤੇ ਅਸੀਂ ਬਹੁਤ ਸਾਰੀਆ ਮਾਨਸਿਕ ਅਤੇ ਸਰੀਰਕ ਸਮੱਸਿਆਵਾਂ ਦੇ ਸ਼ਿਕਾਰ ਹੋ ਜਾਂਦੇ ਹਾਂ। ਕੁਦਰਤੀ ਹਾਸੇ ਅਲੋਪ ਹੋ ਰਹੇ ਹਨ, ਜਦ ਕਿ ਅਸੀਂ ਹੱਸਣ ਲਈ ਕਈ ਤਰਾਂ ਦੇ ਕਲੱਬ ਜਾ ਯੋਗਾ  ਕਲਾਸਾਂ ਵੀ ਜੁਆਇਨ ਕਰਦੇ ਹਾਂ ਅਤੇ ਪੈਸੇ ਖਰਚ ਕੇ ਹੱਸਣਾ ਮੁੱਲ ਖਰੀਦਦੇ ਹਾਂ, ਪਰ ਸਾਨੂੰ ਹਰ ਸਮੇਂ ਹੀ ਖੁਸ਼ ਰਹਿਣਾ ਚਾਹੀਦਾ ਹੈ। ਛੋਟੀ ਛੋਟੀ ਖੁਸ਼ੀ ਦਾ ਵੀ ਆਨੰਦ ਮਾਨਣਾ ਚਾਹੀਦਾ ਹੈ ਤਾਂ ਕਿ ਅਸੀਂ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿ ਸਕੀਏ, ਕਿਉਂਕਿ ਹੱਸਣਾ ਤੇ ਸਾਡੀ ਰੂਹ ਦੀ ਖੁਰਾਕ ਹੈ।
7 ਕੁਦਰਤ ਨਾਲ ਸੁਮੇਲ ਬਣਾ ਕੇ ਰੱਖਣਾ- ਸਾਨੂੰ ਕੁਦਰਤ ਨਾਲ ਮੇਲ-ਮਿਲਾਪ, ਨੇੜਤਾ ਰੱਖਣੀ ਚਾਹੀਦੀ ਹੈ। ਪੇੜ-ਪੌਦੇ ਅਤੇ ਫੁੱਲਦਾਰ ਬੂਟੇ ਲਾਉਣੇ ਚਾਹੀਦੇ ਹਨ ਅਸੀਂ ਇਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ, ਇਹਨਾਂ ਦੀ ਸਾਂਭ ਸੰਭਾਲ ਕਰਨੀ ਪਾਣੀ ਦੇਣਾ ਅਤੇ ਖੁਦਾਈ ਕਰਨੀ ਚਾਹੀਦੀ ਹੈ, ਕਿਉਂਕਿ ਇਹ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ ਅਤੇ ਸਾਡਾ ਆਲਾ ਦੁਆਲਾ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਦੇ ਹਨ ਅਤੇ ਇਸ ਤਰ੍ਹਾਂ ਕਰਨ ਨਾਲ ਸਾਡਾ ਸਮਾਂ ਵੀ ਚੰਗਾ ਬਤੀਤ ਹੁੰਦਾ ਹੈ।
8. ਧੰਨਵਾਦੀ ਬਣਨਾ— ਸਾਨੂੰ ਹਮੇਸ਼ਾ ਹੀ ਧੰਨਵਾਦੀ ਬਣਨਾ ਚਾਹੀਦਾ ਹੈ। ਜੋ ਕੁੱਝ ਵੀ ਸਾਡੇ ਆਲੇ ਦੁਆਲੇ ਹੋ ਰਿਹਾ ਹੈ ਜਾਂ ਸਾਡੀ ਜ਼ਿੰਦਗੀ ਵਿੱਚ ਵਾਪਰ ਰਿਹਾ ਹੈ ਉਸ ਹਰ ਇੱਕ ਪਲ ਲਈ ਉਸ ਪਰਮ ਪਿਤਾ ਪ੍ਰਮਾਤਮਾ ਦਾ ਧੰਨਵਾਦ ਕਰਨਾ ਚਾਹੀਦਾ ਹੈ ਹਰ ਰੋਜ਼ ਦਿਨ ਦੀ ਸ਼ੁਰੂਆਤ ਤੋ ਲੈ ਦੇ ਰਾਤ ਨੂੰ ਸੌਣ ਵੇਲੇ ਤੱਕ ਹਰ ਇੱਕ ਚੀਜ਼ ਲਈ ਧੰਨਵਾਦੀ ਬਣੋ, ਆਪਣੀ ਚੰਗੀ ਸਿਹਤ ਲਈ, ਪਰਿਵਾਰ ਲਈ ਚੰਗੇ ਕਾਰੋਬਾਰ ਲਈ, ਚੰਗੀ ਜ਼ਿੰਦਗੀ ਲਈ ਹਰ ਪਲ ਲਈ। ਧੰਨਵਾਦੀ ਬਣਨ ਨਾਲ ਸਕਾਰਾਤਮਕ ਊਰਜਾ ਪੈਦਾ ਹੁੰਦੀ ਹੈ। ਸੋ ਪ੍ਰਮਾਤਮਾ ਅਤੇ ਲੋਕਾਂ ਦਾ ਧੰਨਵਾਦ ਕਰਨਾ ਹੈ।
9. ਵਰਤਮਾਨ ਸਮੇਂ ਵਿੱਚ ਰਹਿਣਾ— ਜ਼ਿਆਦਾਤਰ ਲੋਕ ਭੂਤਕਾਲ ਅਤੇ ਭਵਿੱਖ ਦੀਆਂ ਸੋਚਾਂ ਸੋਚਦੇ ਰਹਿੰਦੇ ਹਨ ਅਤੇ ਆਪਣੇ ਮਾਨਸਿਕ ਸੰਤੁਲਨ ਨੂੰ ਵਿਗਾੜ ਲੈਂਦੇ ਹਨ, ਅਤੇ ਦੁਖੀ ਰਹਿੰਦੇ ਹਨ। ਕੱਲ੍ਹ ਦਾ ਕੀ ਪਤਾ ਕੇ ਆਵੇ ਕੇ ਨਾ ਆਵੇ। ਸੋ ਸਾਨੂੰ ਅੱਜ ਵਿੱਚ ਹੀ ਜਿਉਣਾ ਚਾਹੀਦਾ ਹੈ ਕਿਉਂਕਿ ਬੀਤ ਚੁੱਕਾ ਸਮਾਂ ਅਸੀ ਮੋੜ ਕੇ ਨਹੀਂ ਲਿਆ ਸਕਦੇ।
10. ਆਪਣੀ ਰੁਚੀ ਨੂੰ ਪਛਾਣਨਾ- ਇਕੀਗਾਈ ਦੇ ਦੱਸਵੇਂ ਨਿਯਮ ਮੁਤਾਬਿਕ ਹਰ ਇੱਕ ਬੰਦੇ ਦੀ ਕੋਈ ਨਾ ਕੋਈ ਰੁਚੀ ਹੁੰਦੀ ਹੈ। ਜਿਹੜਾ ਕੰਮ ਸਾਨੂੰ ਚੰਗਾ ਲੱਗਦਾ ਹੈ ਉਹ ਹੀ ਸੱਚੇ ਮਨ ਨਾਲ
ਕਰਨਾ ਚਾਹੀਦਾ ਹੈ ਤਾਂ ਜੋ ਇੱਕ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ।
ਕੁੱਲ ਮਿਲਾ ਦੇ ਇਕੀਗਾਈ ਵਿਸ਼ਾ ਸਾਨੂੰ ਦੱਸਦਾ ਹੈ ਕਿ ਸਾਡਾ ਇਸ ਦੁਨੀਆਂ ਤੇ ਆਉਣ ਦਾ
ਕੋਈ ਨਾ ਕੋਈ ਮਕਸਦ ਹੈ ਅਤੇ ਸਾਨੂੰ ਇਹਨਾਂ ਨਿਯਮਾਂ ਦੀ ਮੱਦਦ ਨਾਲ ਅਸੀਂ ਜੀਵਨ ਨੂੰ ਸਹੀ ਢੰਗ ਨਾਲ ਜਿਉਣ ਅਤੇ ਤੰਦਰੁਸਤ ਅਤੇ ਖੁਸ਼ੀ ਭਰੀ ਉਮਰ ਭੋਗ ਸਕਦੇ ਹਾਂ। ਅਕਾਲ-ਪੁਰਖ ਦਾ ਹਮੇਸ਼ਾ ਧੰਨਵਾਦੀ ਰਹਿਣਾ ਅਤੇ ਲੋਕਾਂ ਦਾ ਮਦਦਗਾਰ ਬਣਨਾ ਹੈ।
ਜਸਪ੍ਰੀਤ ਸਿੰਘ
ਮਾਂਗਟ ਪਿੰਡ ਕੁੱਬਾ, ਜ਼ਿਲ੍ਹਾ ਲੁਧਿਆਣਾ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧੀ
Next articleਜਖ਼ਮ