ਚੱਲ ਦਫ਼ਾ ਹੋ 

ਡਾ ਇੰਦਰਜੀਤ ਕਮਲ 
  (ਸਮਾਜ ਵੀਕਲੀ)-  ਪਿਛਲੇ ਦਿਨੀਂ ਇੱਕ ਅਧਖੜ ਉਮਰ ਦੀ ਔਰਤ ਨੂੰ ਮੇਰੇ ਕੋਲ ਲੈਕੇ ਆਏ, ਜਿਹਦੀਆਂ ਤਕਰੀਬਨ ਦੋ ਹਫਤੇ ਤੋਂ ਉਲਟੀਆਂ ਨਹੀਂ ਸਨ ਰੁਕ ਰਹੀਆਂ ! ਕੁਝ ਵੀ ਖਾਣਪੀਣ ਤੋਂ ਤੁਰੰਤ ਬਾਅਦ ਉਹ ਉਲਟੀ ਕਰ ਦਿੰਦੀ ਸੀ ! ਉਹਨਾਂ ਦੱਸਿਆ ਕਿ ਕਈ ਡਾਕਟਰਾਂ  ਤੋਂ ਦਵਾਈ ਲੈ ਲਈ ਹੈ , ਪਰ ਕੋਈ ਫਰਕ ਨਹੀਂ ਪਿਆ ! ਉਹ ਕਈ ਸਿਆਣਿਆਂ ਕੋਲੋਂ ਫਾਂਡੇ ਵੀ ਕਰਵਾ ਆਏ ਸਨ !
   ਜਦੋਂ ਮੈਂ ਉਹਦੇ ਨਾਲ ਗੱਲਬਾਤ ਕੀਤੀ ਤਾਂ ਉਹ ਇੱਕ ਬਹੁਤ ਹੀ ਭੋਲੀ ਜਿਹੀ ਪੇਂਡੂ ਔਰਤ ਲੱਗੀ ! ਅਲਾਮਤਾ ਪੁੱਛਣ ਤੋਂ ਬਾਅਦ ਮੈਂ ਉਹਨੂੰ ਦਵਾਈ ਦੀ ਇੱਕ ਖੁਰਾਕ ਦੇਕੇ ਕੁਝ ਦੇਰ ਬੈਠਣ ਲਈ ਕਿਹਾ ! ਇੱਕ ਦੋ ਮਰੀਜ਼ ਵੇਖਣ ਤੋਂ ਬਾਅਦ ਮੈਂ ਉਹਨੂੰ ਬੁਲਾਕੇ ਕੁਝ ਗੱਲਾਂਬਾਤਾਂ ਕਰਦੇ ਹੋਏ ,ਇੱਕ ਗਿਲਾਸ ਵਿੱਚ ਥੋੜਾ ਜਿਹਾ ਪਾਣੀ ਪੀਣ ਨੂੰ ਦਿੱਤਾ ਤਾਂ ਉਹ ਪੀ ਗਈ ! ਉਹਦੇ ਨਾਲ ਆਏ ਪੁੱਤ ਅਤੇ ਪਤੀ ਨੂੰ ਖੁਸ਼ੀ ਭਰੀ ਹੈਰਾਨੀ ਸੀ ਕਿ ਉਹਨੂੰ ਉਲਟੀ ਨਹੀਂ ਆਈ ! ਇੱਕ ਹਫਤੇ ਦੀ ਦਵਾਈ ਦੇਣ ਤੋਂ ਬਾਅਦ ਮੈਂ ਉਹਨਾਂ ਨੂੰ ਭੇਜ ਦਿੱਤਾ
  ਅਗਲੇ ਦਿਨ ਉਸਦੇ ਪਤੀ ਦਾ ਫੋਨ ਆਇਆ ਕਿ ਉਹਦਾ ਫਿਰ ਉਹੀ ਹਾਲ ਹੋ ਗਿਆ ਹੈ ! ਮੈਂ ਉਹਨੂੰ ਤੁਰੰਤ ਲੈਕੇ ਆਉਣ ਲਈ ਕਿਹਾ ! ਜਦੋਂ ਉਹ ਮੇਰੇ ਕੋਲ ਪਹੁੰਚੇ ਮੈਂ ਦੁਪਹਿਰ ਦੇ ਖਾਣੇ ਲਈ ਘਰ ਜਾਣ ਦੀ ਤਿਆਰੀ ਵਿੱਚ ਸਾਂ ! ਮਰੀਜ਼ ਔਰਤ ਨਾਲ ਥੋੜੀ ਬਹੁਤ ਗੱਲਬਾਤ ਤੋਂ ਬਾਅਦ ਮੈਂ ਕਿਹਾ ਕਿ ਇਹਨੇ ਆਪਣੇ ਮਨ ਉੱਪਰ ਕੋਈ ਬੋਝ ਰੱਖਿਆ ਹੈ ਜਿਸ ਕਾਰਨ ਇਹਦੀ ਇਹ ਹਾਲਤ ਹੋਈ ਹੈ ! ਪਰ ਨਾਲ ਆਏ ਪਿਓ ਪੁੱਤ ਇਹ ਮੰਨਣ ਨੂੰ ਤਿਆਰ ਨਹੀਂ ਸਨ ! ਉਹ ਕਹਿੰਦੇ ਕਿ ਘਰ ‘ਚ ਸਭ ਕੁਝ ਹੈ , ਦੁੱਧ ਅਨਾਜ ਸਭ ਕੁਝ ਘਰਦਾ ਹੈ ਅਤੇ ਇਹਦੇ ਹੱਥ ਹੀ ਹੈ , ਫਿਰ ਬੋਝ ਕਾਹਦਾ
  ਮੈਂ ਉਹਨਾਂ ਦੋਹਾਂ ਨੂੰ ਬਾਹਰ ਭੇਜਕੇ  ਆਪਣੇ ਕੋਲ ਬੈਠੀ ਉਸ ਮਰੀਜ਼ ਨੂੰ ਕਿਹਾ ਕਿ ਉਹ ਮੈਨੂੰ ਡਾਕਟਰ ਨਾ ਸਮਝਕੇ ਬਲਕਿ ਆਪਣਾ ਭਰਾ ਸਮਝਕੇ ਆਪਣੇ ਦਿਲ ਦੀ ਗੱਲ ਦੱਸੇ ਕਿ ਉਹਨੇ ਆਪਣੇ ਮਨ ਅੰਦਰ ਕੀ ਬੋਝ ਰੱਖਿਆ ਹੈ ! ਇੰਨਾਂ ਕਹਿਣ ਦੀ ਦੇਰ ਸੀ ਕਿ ਉਹਦੀਆਂ ਅੱਖਾਂ ਵਿੱਚੋਂ ਪਰਲ ਪਰਲ ਹੰਝੂ ਵਹਿ ਤੁਰੇ ਅਤੇ ਉਹ ਫੁੱਟ ਫੁੱਟ ਕੇ ਰੋ ਪਈ ! ਮੈਂ ਉਹਨੂੰ ਇੱਕ ਵਾਰ ਰੋ ਕੇ ਗੁਬਾਰ ਕੱਢ ਲੈਣ ਦਿੱਤਾ ਅਤੇ ਫਿਰ ਆਪਣਾ ਦੁੱਖ ਸਾਂਝਾ ਕਰਨ ਲਈ ਕਿਹਾ !
ਉਹਨੇ ਦੱਸਿਆ  ਕਿ ਪਿਛਲੇ ਵਰ੍ਹੇ ਹੀ ਉਹਨੇ ਬੜੇ ਚਾਅਵਾਂ ਨਾਲ ਆਪਣੇ ਵੱਡੇ ਪੁੱਤ  ਦਾ ਵਿਆਹ ਕੀਤਾ ਹੈ , ਪਰ ਉਹਦੇ ਨੂੰਹ-ਪੁੱਤ ਅਲੱਗ ਹੋ ਗਏ ! ਬੇਸ਼ੱਕ ਘਰ ਵਿੱਚ ਕੋਈ ਕਲੇਸ਼ ਨਹੀਂ ਹੈ , ਪਰ ਨੂੰਹ ਨੇ ਕਦੇ ਉਹਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ! ਉਹਨੇ ਦੱਸਿਆ ਕਿ ਘਰਦਾ ਸਾਰਾ ਕੰਮ ਉਹ ਖੁਦ ਕਰਦੀ ਹੈ | ਮੱਝ ਚੋਣ ਤੋਂ ਬਾਅਦ ਉਹ ਆਪਣੀ ਨੂੰਹ ਨੂੰ ਬੁਲਾਕੇ ਖੁਦ ਕਹਿੰਦੀ ਹੈ ਕਿ ਉਹਨੂੰ ਜਿੰਨਾ ਦੁੱਧ ਚਾਹੀਦਾ  ਹੈ ਉਹ ਲੈ ਲਵੇ | ਬਾਕੀ ਕੰਮਾਂ ਵਿੱਚ ਵੀ ਉਹ ਨੂੰਹ ਨੂੰ ਸਭ ਤੋਂ ਅੱਗੇ ਰੱਖਦੀ ਹੈ , ਪਰ ਫਿਰ ਵੀ ਨੂੰਹ ਹਮੇਸ਼ਾ ਆਪਣੀ ਮਰਜ਼ੀ ਕਰਦੀ ਹੈ !
 ਕੁਦਰਤੀ ਗੱਲ ਸੀ ਕਿ ਉਹਨਾਂ ਦੀ ਨੂੰਹ ਵੀ ਇੱਕ ਵਾਰ ਦਵਾਈ ਲੈਣ ਮੇਰੇ ਕੋਲ ਆ ਚੁੱਕੀ ਸੀ, ਜਿਸ ਕਾਰਨ  ਉਹਦੇ ਨਖਰੇਲੂ ਸੁਭਾਅ ਬਾਰੇ ਮੈਨੂੰ ਪਤਾ ਸੀ | ਮੈਂ ਇਸ ਔਰਤ ਦੇ ਬੇਟੇ  ਨੂੰ ਬਾਹਰ ਹੀ ਰਹਿਣ ਦਿੱਤਾ ਅਤੇ ਪਤੀ ਨੂੰ ਅੰਦਰ ਬੁਲਾਕੇ ਸਾਰੀ ਗੱਲ ਸਮਝਾਈ !
 ਅਖੀਰ ਦਵਾਈ ਬਦਲਕੇ ਦੇਣ ਦੇ ਨਾਲ ਮੈਂ ਉਹਨੂੰ ਕੁਝ ਨੁਕਤੇ ਵੀ ਦਿੱਤੇ ! ਮੈਂ ਉਹਨੂੰ ਕਿਹਾ ਕਿ ਤੂੰ ਘਰ ਦੀ ਵੱਡੀ ਮਾਲਕਿਨ ਹੈਂ, ਅਗਰ ਨੂੰਹ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਤੈਨੂੰ ਸਤਿਕਾਰ ਨਹੀਂ ਦਿੰਦੀ ਤਾਂ ਤੂੰ ਵੀ ਉਹਨੂੰ ਅਣਗੌਲਿਆਂ ਕਰ ਛੱਡ | ਨੂੰਹ ਦੇ ਅੱਗੇ ਦੁੱਧ ਵਾਲੀ ਬਾਲਟੀ ਰੱਖਣ ਦੀ ਥਾਂ ਉਹਨੂੰ ਦੁੱਧ ਆਪਣੇ ਹੱਥੀਂ ਲੋੜ ਮੁਤਾਬਿਕ ਪਾਕੇ ਦਿਓ, ਉਹ ਵੀ ਉੰਨਾਂ ਚਿਰ ਨਹੀਂ ਜਿੰਨਾਂ ਚਿਰ ਉਹ ਆਪ ਲੈਣ  ਨਾ ਆਵੇ | ਉਹਦੇ ਪਤੀ ਨੂੰ ਵੀ ਆਪਣੀ ਪਤਨੀ ਦਾ ਬਣਦਾ ਸਤਿਕਾਰ ਦੇਣ ਲਈ ਅਤੇ ਘਰਦੇ ਬਾਕੀ ਜੀਆਂ ਨੂੰ ਵੀ ਇਸ ਗੱਲ ਦਾ ਅਹਿਸਾਸ ਕਰਵਾਉਣ ਲਈ ਕੁਝ ਨੁਕਤੇ ਦਿੱਤੇ ! ਆਪਣੇ ਮਨ ਉੱਪਰ ਬੋਝ ਪਾਕੇ ਆਪਣਾ ਸਰੀਰ ਅਤੇ ਪੈਸੇ ਖਰਾਬ ਕਰਨ ਦੀ ਬਜਾਏ ‘ਚੱਲ ਦਫ਼ਾ ਹੋ ‘ ਵਾਲੀ ਲਾਪਰਵਾਹੀ ਵਰਤਣ ਦੀ ਸਲਾਹ ਦੇਕੇ ਭੇਜ ਦਿੱਤਾ ! ਅੱਜ ਕਈ ਦਿਨ ਹੋ ਗਏ ਹਨ ਦੋ ਵਾਰ ਫੋਨ ‘ਤੇ ਗੱਲ ਹੋਈ ਹੈ ,ਘਰ ਦਾ ਮਾਹੌਲ ਹੀ ਬਦਲ ਗਿਆ ਹੈ !
ਡਾ ਇੰਦਰਜੀਤ ਕਮਲ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿੰਨੀ ਕਹਾਣੀ   ਕਮਾਈਆਂ 
Next article12 LS seats in K’taka to witness high-stake contest