ਰੋਟੀ ਹੱਕ ਦੀ ਖਾਈਏ

 ਮਨਪ੍ਰੀਤ ਕੌਰ ਭਾਟੀਆ
 ਮਨਪ੍ਰੀਤ ਕੌਰ ਭਾਟੀਆ
(ਸਮਾਜ ਵੀਕਲੀ) ਰਮੇਸ਼ ਬਾਬੂ ਜਿਹੜੇ ਦਫਤਰ ਤੋਂ ਕਲਰਕ ਰਿਟਾਇਰ ਹੋਏ ਉਹਨਾਂ ਦਾ ਪੁੱਤਰ ਵੀ ਉਸੇ ਦਫਤਰ ਵਿੱਚ ਹੀ ਕਲਰਕ ਲੱਗ ਗਿਆ। ਇਸ ਲਈ ਰਮੇਸ਼ ਬਹੁਤ ਹੀ ਖੁਸ਼ ਸੀ। ਰਮੇਸ਼ ਨੇ ਆਪਣੀ ਸਾਰੀ ਨੌਕਰੀ ਇਮਾਨਦਾਰੀ ਤੇ ਹੱਕ ਹਲਾਲ ਦੀ ਕਮਾਈ ਨਾਲ ਕੀਤੀ ਤੇ ਉਸ ਨੇ ਆਪਣੇ ਪੁੱਤਰ ਨੂੰ ਵੀ ਇਹੀ ਸੀਖ ਦਿੱਤੀ।
     ਵਕਤ ਗੁਜ਼ਰਦਾ ਗਿਆ ਰਮੇਸ਼ ਦੇ ਪੁੱਤਰ ਰਾਜਨ ਨੇ ਕੁਝ ਵਰਿਆਂ ਦੀ ਨੌਕਰੀ ਵਿੱਚ ਹੀ ਬਹੁਤ ਵਧੀਆ ਕੋਠੀ ਬਣਾ ਲਈ ਤੇ ਹੁਣ ਸੁੱਖ ਸਹੂਲਤ ਦੀ ਵੀ ਹਰ ਚੀਜ਼ ਉਸ ਦੇ ਘਰ ਸੀ। ਰਮੇਸ਼ ਹੈਰਾਨ ਸੀ…. ਉਹ ਅਕਸਰ ਆਪਣੇ ਪੁੱਤਰ ਨੂੰ ਪੁੱਛਦਾ ਤਾਂ ਪੁੱਤਰ ਟਾਲ ਮਟੋਲ ਕਰ ਦਿੰਦਾ ਤੇ ਕਈ ਵਾਰ ਗੁੱਸੇ ਵਿੱਚ ਚੀਕਦਾ, “ਤੁਸੀਂ ਬਸ ਆਰਾਮ ਕਰੋ ਤੇ ਮੇਰੇ ਕੰਮ ਕਾਰ ਵਿੱਚ ਦਖਲ ਅੰਦਾਜੀ ਨਾ ਕਰੋ.. ਨਹੀਂ ਤੇ ਸਾਰੀ ਉਮਰ ਤੁਹਾਡੇ ਵਾਂਗ ਬਸ ਗੁਜ਼ਾਰਾ ਹੀ ਕਰਾਂਗਾ।”
        ਵਕਤ ਲੰਘਣ ਨਾਲ ਰਮੇਸ਼ ਹੁਣ ਕਾਫੀ ਬੁੱਢਾ ਹੋ ਚੁੱਕਾ ਸੀ ਪਰ ਫਿਰ ਵੀ ਉਹ ਪੂਰੀ ਤਰ੍ਹਾਂ ਤੰਦਰੁਸਤ ਸੀ। ਤੇ ਆਪਣਾ ਹਰ ਕੰਮ ਆਪ ਕਰਦਾ ਸੀ। ਉਧਰ ਰਾਜਨ ਕੁਝ ਬਿਮਾਰ ਰਹਿਣ ਲੱਗਾ। ਉਸ ਦੇ ਸਾਰੇ ਟੈਸਟ ਹੋਏ ਤਾਂ ਪਤਾ ਲੱਗਾ ਕਿ ਰਾਜਨ ਨੂੰ ਚੌਥੀ ਸਟੇਜ ਦਾ ਕੈਂਸਰ ਹੈ। ਇਸ ਕਾਰਨ ਸਾਰੇ ਘਰ ਵਿੱਚ ਮਾਤਮ ਛਾ ਗਿਆ।
         ਹੁਣ ਡਾਕਟਰ ਵੱਲੋਂ ਲਗਾਏ ਜਾਣ ਵਾਲੇ ਚਾਰ-ਚਾਰ ਲੱਖ ਦੇ ਟੀਕਿਆਂ ਨਾਲ ਦਿਨਾਂ ਵਿੱਚ ਹੀ ਉਸਦਾ ਬੈਂਕ ਬੈਲੈਂਸ ਖਾਲੀ ਹੋਣ ਦੇ ਨੇੜੇ ਪਹੁੰਚ ਗਿਆ। ਪਰ ਫਿਰ ਵੀ ਉਹ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਹੋ ਸਕਿਆ ਤੇ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਡਾਕਟਰਾਂ ਤੇ ਹੀ ਨਿਰਭਰ ਹੋ ਕੇ ਰਹਿ ਗਈ।
       ਅੱਜ ਜਦੋਂ 80 ਸਾਲ ਦਾ ਉਸ ਦਾ ਪਿਤਾ ਰਮੇਸ਼ ਸ਼ਾਮ ਵੀ ਸੈਰ ਕਰਕੇ ਘਰ ਵਾਪਸ ਆਇਆ ਤਾਂ ਰਾਜਨ ਉਸ ਦੇ ਗਲੇ ਲੱਗ ਭੁੱਬੀ ਰੋ ਪਿਆ, “ਪਿਤਾ ਜੀ ਤੁਸੀਂ ਠੀਕ ਕਹਿੰਦੇ ਸੀ ਕਿ ਰੋਟੀ ਹੱਕ ਦੀ ਖਾਈਏ… ਮੇਰੇ ਕੋਲ ਤਾਂ ਕੋਈ ਦਿਹਾੜੀ ਕਰਨ ਵਾਲਾ ਬੰਦਾ ਵੀ ਆ ਜਾਂਦਾ ਸੀ ਤਾਂ ਮੈਂ ਉਸਦਾ ਮੋਟੇ ਪੈਸੇ ਲਏ ਬਿਨਾਂ ਕੰਮ ਨਹੀਂ ਸੀ ਕਰਦਾ। ਸ਼ਾਇਦ ਸਭ ਦੀਆਂ ਬਦ ਦੁਆਵਾਂ ਹੀ ਲੈ ਬੈਠੀਆਂ ਮੈਨੂੰ…ਤੇ ਮੇਰੀ ਸਾਰੀ ਹਰਾਮ ਦੀ ਕਮਾਈ ਮੇਰੀ ਬਿਮਾਰੀ ਹੀ ਖਾ ਗਈ…. ਕਾਸ਼! ਵਕਤ ਰਹਿੰਦੇ ਮੈਨੂੰ ਤੁਹਾਡੀ ਗੱਲ ਦੀ ਸਮਝ ਆ ਗਈ ਹੁੰਦੀ ਤਾਂ ਅੱਜ ਸ਼ਾਇਦ ਮੇਰੀ ਇਹ ਹਾਲਤ ਨਾ ਹੁੰਦੀ।”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮੁਦਕੀ ਦੀ ਪਹਿਲੀ ਅੰਗਲੋ-ਸਿੱਖ ਲੜਾਈ: ਪੰਜਾਬ ਵਿੱਚ ਸੰਘਰਸ਼ ਦਾ ਇੱਕ ਮੂਲ ਭਾਗ
Next articleਸ਼ਹਾਦਤਾਂ ਦਾ ਦੌਰ…