ਪਾਕਿਸਤਾਨ ’ਚ ਰਿਕਾਰਡ 6825 ਨਵੇਂ ਕੇਸ, 80 ਹੋਰ ਮੌਤਾਂ

ਇਸਲਾਮਾਬਾਦ (ਸਮਾਜਵੀਕਲੀ):  ਪਾਕਿਸਤਾਨ ਵਿੱਚ ਇਕ ਦਿਨ ’ਚ ਰਿਕਾਰਡ 6825 ਨਵੇਂ ਮਰੀਜ਼ਾਂ ਨਾਲ ਕਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 1,39,230 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ 80 ਹੋਰ ਲੋਕਾਂ ਨੇ ਕਰੋਨਾ ਕਰਕੇ ਜਾਨ ਗੁਆ ਲਈ ਹੈ। ਕੌਮੀ ਸਿਹਤ ਸੇਵਾਵਾਂ ਬਾਰੇ ਮੰਤਰਾਲੇ ਨੇ ਕਿਹਾ ਕਿ 81 ਹੋਰ ਮੌਤਾਂ ਨਾਲ ਕੋਵਿਡ-19 ਕਰਕੇ ਦਮ ਤੋੜਨ ਵਾਲਿਆਂ ਦਾ ਅੰਕੜਾ ਵੱਧ ਕੇ 2632 ਹੋ ਗਿਆ ਹੈ।

ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਹੁਣ ਤਕ 51,735 ਵਿਅਕਤੀ ਲਾਗ ਤੋਂ ਉਭਰ ਕੇ ਸਿਹਤਯਾਬ ਹੋ ਚੁੱਕੇ ਹਨ। ਉਧਰ ਮੁਲਕ ਦੇ ਦੋ ਸਭ ਤੋਂ ਵੱਡੇ ਸੂਬਿਆਂ ਪੰਜਾਬ ਤੇ ਸਿੰਧ ਵਿੱਚ ਕਰੋਨਾ ਪੀੜਤਾਂ ਦਾ ਅੰਕੜਾ 50-50 ਹਜ਼ਾਰ ਨੂੰ ਟੱਪ ਗਿਆ ਹੈ।

ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪੰਜਾਬ ਵਿੱਚ 52,601 ਕਰੋਨਾ ਪੀੜਤ ਮਰੀਜ਼ ਹਨ। ਸਿੰਧ ’ਚ 51,518, ਖੈਬਰ ਪਖਤੂਨਖਵਾ 17,450, ਬਲੋਚਿਸਤਾਨ 8028, ਇਸਲਾਮਾਬਾਦ 7934, ਗਿਲਗਿਤ-ਬਾਲਤਿਸਤਾਨ 1095 ਤੇ ਮਕਬੂਜ਼ਾ ਕਸ਼ਮੀਰ 604 ਵਿਅਕਤੀ ਕਰੋਨਾ ਮਹਾਮਾਰੀ ਦੀ ਮਾਰ ਹੇਠ ਹਨ।

ਹੁਣ ਤਕ ਮੁਲਕ ਭਰ ਵਿੱਚ 8,68,565 ਟੈਸਟ ਕੀਤੇ ਜਾ ਚੁੱਕੇ ਹਨ ਤੇ ਪਿਛਲੇ 24 ਘੰਟਿਆਂ ’ਚ 29,546 ਟੈਸਟ ਹੋਏ ਹਨ। ਜੌਹਨ ਹਾਪਕਿਨਜ਼ ਕਰੋਨਾਵਾਇਰਸ ਰਿਸੋਰਸ ਸੈਂਟਰ ਮੁਤਾਬਕ ਆਲਮੀ ਪੱਧਰ ’ਤੇ ਹੁਣ ਤਕ 77 ਲੱਖ ਲੋਕ ਕਰੋਨਾ ਦੀ ਜ਼ੱਦ ਵਿੱਚ ਆ ਚੁੱਕੇ ਹਨ ਜਦੋਂਕਿ 4.30 ਲੱਖ ਰੱਬ ਨੂੰ ਪਿਆਰੇ ਹੋ ਗਏ ਹਨ। 20.7 ਲੱਖ ਕੇਸਾਂ ਤੇ 1.15 ਲੱਖ ਮੌਤਾਂ ਨਾਲ ਕਰੋਨਾ ਪ੍ਰਭਾਵਿਤ ਮੁਲਕਾਂ ਦੀ ਸੂਚੀ ਵਿੱਚ ਅਮਰੀਕਾ ਸਿਖਰ ’ਤੇ ਹੈ।

Previous articleਜ਼ਿੰਦਗੀ ਤੋਂ ਹਾਰ ਗਿਆ ‘ਧੋਨੀ’ ਵਾਲਾ ਸੁਸ਼ਾਂਤ
Next articleਦਿੱਲੀ ਵਿੱਚ ਦੋ ਦਿਨਾਂ ’ਚ ਹੋਣਗੇ ਦੁੱਗਣੇ ਟੈਸਟ