(ਸਮਾਜ ਵੀਕਲੀ)
ਆ ਵੇ ਰਾਮਿਆਂ ਯੋਗਾ ਕਰੀਏ
ਹਜ਼ਮ ਕਰਨ ਦੇ ਜੋਗਾ ਕਰੀਏ
ਹਾਰੇ ਹੋਏ ਵਜ਼ੀਰ ਬਣਾਈਏ
ਬਹੁਮਤ ਹੈ! ਕਿਉਂ ਕਿਸੇ ਤੋਂ ਡਰੀਏ
ਜਨ-ਧਨ ਨਾਮ ਦਾ ਦੇ ਕੇ ਛੁਣਛੁਣਾ
ਖੇਡੀਏ ਦਾਅ ‘ਤੇ ਬੈਂਕਾਂ ਭਰੀਏ
ਬਹੁਤ ਵਿਰੋਧ ‘ਚ ਸੰਘ ਫਾੜਿਆ
ਪਰ ਹੁਣ ਜੀ ਐਸ ਟੀ ਹੱਕ ਖੜੀਏ
ਸਵੱਛ ਭਾਰਤ ਕੋਈ ਸ਼ੁਗਲ ਬਣਾ ਕੇ
ਮੀਡੀਆ ਦੇ ਵਿੱਚ ਕੋਕੇ ਜੜੀਏ
ਨੋਟਬੰਦੀ ਕਰ ਯਾਰਾਂ ਖਾਤਿਰ
ਚਿੱਟਾ ਦੇ ਕੇ ਕਾਲਾ ਫੜੀਏ
ਪੰਦਰਾਂ ਲੱਖ ਹੁਣ ਨਹੀਉਂ ਚਲਣਾ
ਦੱਸ ਨਵਾਂ ਕੀ ਜੁਮਲਾ ਘੜੀਏ
ਜਨਤਾ ਤੇਲ ਜੋਗੀ ਨਹੀਂ ਛੱਡਣੀ
ਗੱਲੀਂ ਬੁਲੇਟ ਟਰੇਨ ‘ਚ ਚੜ੍ਹੀਏ
ਬੇਟੀ ਬਚਾਓ ਦੀ ਰੋਲ਼ੀ ਪਾ ਕੇ
ਹਰ ਥਾਂ ਬਾਂਹ ਛੜਿਆਂ ਦੀ ਫੜੀਏ
ਆਪੇ ਲੁਕ-ਛਿਪ ਜਾਊ ਯੋਗਤਾ
ਪ੍ਰੇਮ ਦੇ ਨਾਂ ਤੇ ਹਿੰਦੀ ਪੜ੍ਹੀਏ
ਫਰਕ ਕੀ ਪੈਂਦੈ? ਮਰ ਜਾਣ ਬੰਦੇ
ਡੰਗਰਾਂ ਦੇ ਲਈ ਮੱਚੀਏ ਸੜੀਏ
ਦੌਰੇ ਕਰ ਕਰ ਦੁਨੀਆਂ ਗਾਹੀਏ
ਕਦੇ ਕਦੇ ਉੰਝ ਮੁਲਕ ਵੀ ਵੜੀਏ
ਕਲਮਕਾਰ ਕੋਈ ਸਿਰ ਜੇ ਚੁੱਕੇ
ਸੌਖਾ ਹੱਲ ਕੋਈ ਧਾਰਾ ਮੜ੍ਹੀਏ
ਪਰ ਟਿਕਦੇ ਨਾ ਪਿੰਡ ਘੜਾਮੇਂ
ਕਿੰਝ ਹੱਥ ‘ਰੋਮੀ’ ਜ੍ਹਿਆਂ ਦਾ ਫੜੀਏ
ਐਨਾ ਕੁਝ ਜਦ ਕਰੂ ਅਫ਼ਾਰਾ
ਜਾ ਕੇ ਕਿਤੇ ਏਕਾਂਤ ‘ਚ ਖੜ੍ਹੀਏ
ਆ ਵੇ ਰਾਮਿਆ ਯੋਗਾ ਕਰੀਏ
ਹਜ਼ਮ ਕਰਨ ਦੇ ਜੋਗਾ ਕਰੀਏ
ਰੋਮੀ ਘੜਾਮੇਂ ਵਾਲਾ
9855281105
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly