ਸਬਕ

0
17
ਮਨਜੀਤ ਕੌਰ ਧੀਮਾਨ

(ਸਮਾਜ ਵੀਕਲੀ)

ਲਿਆ ਪੁੱਤ, ਪਾਣੀ ਦਾ ਗਿਲਾਸ ਦੇ। ਅੱਜ ਤਾਂ ਥੱਕ ਗਈ ਹਾਂ ਬਹੁਤ। ਪਰ ਕਮਾਈ ਸੋਹਣੀ ਹੋ ਗਈ ਅੱਜ। ਪ੍ਰੀਤਮ ਕੌਰ ਨੇ ਸੋਫ਼ੇ ‘ਤੇ ਬੈਠਦਿਆਂ ਕਿਹਾ।

 

ਹੈਂ! ਤੁਸੀਂ ਕਿਹੜੀ ਕਮਾਈ ਕਰ ਆਏ? ਵੱਡੀ ਨੂੰਹ ਨੇ ਪਾਣੀ ਦਾ ਗਿਲਾਸ ਫੜਾਉਂਦਿਆਂ ਪੁੱਛਿਆ।

ਲੈ ਕੁੜੇ! ਮੈਂ ਕਿਤੇ ਐਵੇਂ ਈ ਆਂ। ਪੂਰੇ 15 ਹਜ਼ਾਰ ਕਮਾ ਕੇ ਲਿਆਈਂ ਹਾਂ। ਪ੍ਰੀਤਮ ਕੌਰ ਨੇ ਸ਼ੇਖੀ ਮਾਰਦਿਆਂ ਕਿਹਾ।

ਅੱਛਾ ਜੀ! ਕਮਾਲ ਹੋ ਗਿਆ। ਪਰ ਇਹ ਕਮਾਲ ਹੋਇਆ ਕਿਵੇਂ? ਛੋਟੀ ਨੂੰਹ ਨੇ ਕੋਲ਼ ਆ ਕੇ ਬੈਠਦਿਆਂ ਕਿਹਾ।

ਠੀਕ ਹੈ, ਆਜੋ ਫ਼ੇਰ ਤੁਹਾਨੂੰ ਦੱਸਾਂ। ਪ੍ਰੀਤਮ ਕੌਰ ਨੇ ਇਸ਼ਾਰਾ ਕਰਕੇ ਦੋਵਾਂ ਨੂੰ ਕੋਲ਼ ਬਿਠਾ ਲਿਆ।

ਅਖੇ, ਤੁਹਾਨੂੰ ਪਤਾ ਹੀ ਹੈ ਕਿ ਮੇਰੀ ਸਹੇਲੀ ਕੁਲਦੀਪ ਕੌਰ ਦੀ ਕੁੜੀ ਦਾ ਵਿਆਹ ਹੈ। ਅੱਜ ਉਹ ਮੈਨੂੰ ਆਪਣੇ ਨਾਲ਼ ਖ਼ਰੀਦਦਾਰੀ ਕਰਨ ਲੈ ਗਈ ਸੀ। ਮੈਂ ਉਸਨੂੰ ਆਪਣੇ ਜੇਠ ਦੇ ਮੁੰਡੇ ਦੀ ਕੱਪੜੇ ਦੀ ਦੁਕਾਨ ‘ਤੇ ਲੈ ਗਈ।

ਅੱਛਾ! ਉਹ ਜੀਤੇ ਵੀਰੇ ਦੀ ਦੁਕਾਨ ‘ਤੇ। ਵੱਡੀ ਨੂੰਹ ਨੇ ਹੁੰਗਾਰਾ ਭਰਿਆ।

ਆਹੋ, ਆਹੋ! ਓਹੀ, ਬਾਹਲ਼ਾ ਈ ਮੋਹ ਕਰਦਾ ਮੇਰਾ, ਚੰਦਰਾ,ਪ੍ਰੀਤਮ ਕੌਰ ਨੇ ਗੱਲ ਅੱਗੇ ਤੋਰੀ।

ਕੱਪੜਿਆਂ ਦੀ ਖ਼ਰੀਦਦਾਰੀ ਹੋ ਗਈ ਤਾਂ ਮੈਂ ਕੁਲਦੀਪ ਨੂੰ ਕਿਹਾ ਕਿ ਤੂੰ ਥੱਕ ਗਈ ਹੈ, ਔਹ ਜੀਤੇ ਆਲ਼ੀ ਕੁਰਸੀ ‘ਤੇ ਬੈਠ ਥੋੜੀ ਦੇਰ, ਮੈਂ ਬਿੱਲ ਬਣਵਾਉਂਦੀ ਹਾਂ, ਨਾਲ਼ੇ ਭਾਅ ਵੀ ਠੀਕ-ਠੀਕ ਲਗਵਾਉਂਦੀ ਹਾਂ।

ਫੇਰ? ਵੱਡੀ ਨੂੰਹ ਬੋਲੀ।

ਫੇਰ ਕੀ?ਕੁਲਦੀਪ ਜਾ ਕੇ ਸਾਈਡ ਤੇ ਬੈਠ ਗਈ। ਮੈਂ ਜੀਤੇ ਨੂੰ ਬਿੱਲ ਪੁੱਛਿਆ। ਉਹਨੇ ਇੱਕ ਲੱਖ ਪੰਦਰ੍ਹਾਂ ਹਜ਼ਾਰ ਦਾ ਬਿੱਲ ਫੜਾ ਦਿੱਤਾ।
ਬੂ.. ਅ.. ਅ… ਐਡਾ ਬਿੱਲ? ਮੈਂ ਤਾਂ ਤੇਰੀ ਦੁਕਾਨ ਤੇ ਆਈ ਸੀ ਮਾਣ ਨਾਲ। ਉਹ ਮੇਰੀ ਖਾਸ ਸਹੇਲੀ ਹੈ।

ਮੈਂ ਤਾਂ ਗਲ਼ ਪੈ ਗਈ ਜੀਤੇ ਦੇ। ਪ੍ਰੀਤਮ ਕੌਰ ਆਪਣੀ ਬਹਾਦਰੀ ਸੁਣਾ ਰਹੀ ਸੀ।ਚਾਚੀ, ਮੈਂ ਤਾਂ ਪਹਿਲਾਂ ਹੀ ਰੇਟ ਘੱਟ ਲਗਾਏ ਹਨ, ਤੁਹਾਡੇ ਕਰਕੇ।ਪਰ ਫੇਰ ਵੀ ਜੇ ਤੁਹਾਨੂੰ ਲੱਗਦਾ ਤਾਂ ਪੰਜ ਹਜ਼ਾਰ ਹੋਰ ਘੱਟ ਕਰ ਦਿਓ, ਜੀਤੇ ਨੇ ਕਿਹਾ ਤਾਂ ਮੈਂ ਕਿਹਾ ਕਿ ਪੰਜ-ਪੁੰਜ ਛੱਡ ਤੂੰ, ਮੈਂ ਤਾਂ ਪੂਰਾ ਲੱਖ ਹੀ ਦੇਣਾ।ਮੈਂ ਤਾਂ ਗੱਲ ਹੀ ਨਬੇੜ ‘ਤੀ। ਪ੍ਰੀਤਮ ਕੌਰ ਬੋਲੀ ਜਾ ਰਹੀ ਸੀ।

ਹਾਏ ਨੀ, ਉਹ ਮੰਨ ਗਿਆ,ਛੋਟੀ ਨੂੰਹ ਬੋਲੀ।

ਲੈ ਹੋਰ, ਮਰਦਾ ਕੀ ਨੀ ਕਰਦਾ? ਮੰਨਣਾ ਹੀ ਸੀ। ਮੈਂ ਕੁਲਦੀਪ ਨੂੰ ਬਿਲ ਫੜਾਇਆ ਤੇ ਉਹਨੇ ਪੈਸੇ ਮੇਰੇ ਹੱਥ ਤੇ ਰੱਖ ਦਿੱਤੇ। ਮੈਂ ਪੰਦਰ੍ਹਾਂ ਹਜ਼ਾਰ ਆਪਣੇ ਪਰਸ ‘ਚ ਪਾਇਆ ਤੇ ਇੱਕ ਲੱਖ ਜੀਤੇ ਨੂੰ ਫੜਾ ਦਿੱਤਾ। ਉਹਨੇ ਨਾਂ-ਨਾਂ ਕਰਦੇ ਨੇ ਫੜ੍ਹ ਹੀ ਲਏ। ਤੇ ਇੰਝ ਮੈਂ ਪੰਦਰ੍ਹਾਂ ਹਜ਼ਾਰ ਕਮਾ ਲਏ।ਆਖਰ ਮੈਂ ਵੀ ਤਾਂ ਸਵੇਰ ਦੀ ਉਹਦੇ ਨਾਲ ਗਈ ਹੋਈ ਸੀ,ਵਿਹਲ਼ੀ ਥੋੜੀ ਹਾਂ ਮੈਂ,ਪ੍ਰੀਤਮ ਕੌਰ ਨੇ ਗੱਲ ਖਤਮ ਕਰ ਦਿੱਤੀ।

ਅੱਛਾ ਭੈਣੇ! ਫ਼ੇਰ ਤਾਂ ਤੈਨੂੰ ਇਨਾਮ ਮਿਲਣਾ ਚਾਹੀਦਾ, ਪਿੱਛੋਂ ਕੁਲਦੀਪ ਕੌਰ ਦੀ ਆਵਾਜ਼ ਨਾਲ ਸਾਰੇ ਚੌਂਕ ਗਏ।

ਕੁਲਦੀਪ ਤੂੰ ਏਥੇ ਕਿਵੇਂ? ਤੂੰ ਤਾਂ ਘਰ ਚਲੀ ਗਈ ਸੀ। ਪ੍ਰੀਤਮ ਕੌਰ ਬੌਂਦਲ਼ ਜਿਹੀ ਗਈ ਸੀ।

ਹਾਂ, ਚਲੀ ਤਾਂ ਗਈ ਸੀ, ਪਰ ਤੇਰਾ ਪਰਸ ਭਲੇਖੇ ਨਾਲ਼ ਮੇਰੇ ਕੱਪੜਿਆਂ ਵਿੱਚ ਹੀ ਆ ਗਿਆ ਸੀ, ਓਹੀ ਵਾਪਸ ਕਰਨ ਆਈ ਸੀ।ਕੁਲਦੀਪ ਕੌਰ ਨੇ ਪਰਸ ਮੇਜ਼ ‘ਤੇ ਰੱਖ ਦਿੱਤਾ। ਮੈਂ ਤੈਨੂੰ ਆਪਣੀ ਖਾਸ ਸਹੇਲੀ ਸਮਝ ਕੇ ਮਾਣ ਨਾਲ ਲੈ ਗਈ ਸੀ, ਪਰ ਤੂੰ……! ਚੱਲ ਕੋਈ ਨੀਂ, ਬਹੁਤ-ਬਹੁਤ ਧੰਨਵਾਦ ਤੇਰਾ, ਮੇਰੀ ਐਨੀ ਮਦਦ ਕਰਨ ਲਈ। ਮਾਫ਼ ਕਰੀਂ ਮੈਂ ਤੈਨੂੰ ਕਾਫ਼ੀ ਤਕਲੀਫ਼ ਦਿੱਤੀ… ਚਲਦੀ ਹਾਂ…. ਕੁਲਦੀਪ ਕੌਰ ਬਾਹਰ ਨਿਕਲ ਗਈ।

ਪ੍ਰੀਤਮ ਕੌਰ ਨੂੰ ਸਬਕ ਮਿਲ਼ ਗਿਆ ਸੀ, ਉਹ ਪਰਸ ਚੁੱਕੀ ਕੁਲਦੀਪ ਕੌਰ ਦੇ ਮਗਰੇ ਭੱਜ ਤੁਰੀ।

ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ ।
ਸੰ:9464633059

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly