
* ਮਨਜੀਤ ਕੌਰ ਜੌਹਲ ਬਣੇ ਲੇਡੀ ਮੇਅਰ
* ਵੱਖ ਵੱਖ ਭਾਈਚਾਰਿਆ ਦੇ ਸੈਕੜੇ ਆਗੂਆਂ ਨੇ ਕੀਤੀ ਸਿਰਕਤ
ਲੈਸਟਰ (ਇੰਗਲੈਂਡ) (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)– ਇੰਗਲੈਂਡ ਦੇ ਸ਼ਹਿਰ ਲੈਸਟਰ ਦੀ ਸਿਆਸਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੂਰਨ ਗੁਰਸਿੱਖ ਅੰਮ੍ਰਿਤਧਾਰੀ ਸਿੱਖ ਕੌਂਸਲਰ ਕੁਲਵਿੰਦਰ ਸਿੰਘ ਜੋਹਲ ਨੇ ਲਾਰਡ ਮੇਅਰ ਵਜੋਂ ਆਪਣਾ ਕਾਰਜਕਾਲ ਆਰੰਭ ਕਰਦਿਆਂ ਨਵਾਂ ਇਤਿਹਾਸ ਸਿਰਜ ਦਿੱਤਾ। ਲੈਸਟਰ ਕੈਥੀਡਰਲ ਵਿਖੇ ਕਰਵਾਈ ਗਈ ਸ਼ਾਨਦਾਰ ਸਿਵਿਕ ਸਰਵਿਸ ਦੌਰਾਨ ਉਨ੍ਹਾਂ ਨੇ ਸਹੁੰ ਚੁੱਕ ਕੇ ਅਧਿਕਾਰਤ ਤੌਰ ‘ਤੇ ਆਪਣੀਆਂ ਜ਼ਿੰਮੇਵਾਰੀਆਂ ਸੰਭਾਲੀਆਂ। ਸਮਾਗਮ ਧਾਰਮਿਕ ਮਰਯਾਦਾ, ਭਾਈਚਾਰਕ ਸਾਂਝ ਅਤੇ ਬਹੁ-ਸੱਭਿਆਚਾਰਕ ਏਕਤਾ ਦਾ ਵਿਲੱਖਣ ਪ੍ਰਤੀਕ ਬਣਿਆ। ਇਸ ਵਿਸ਼ੇਸ਼ ਸਮਾਗਮ ਵਿੱਚ ਸ਼ਹਿਰ ਦੀਆਂ ਸਮਾਜਿਕ, ਧਾਰਮਿਕ, ਰਾਜਨੀਤਿਕ ਅਤੇ ਵਲੰਟਰੀ ਸੰਸਥਾਵਾਂ ਨਾਲ ਜੁੜੀਆਂ ਪ੍ਰਮੁੱਖ ਸ਼ਖਸੀਅਤਾਂ ਸਮੇਤ ਵੱਖ-ਵੱਖ ਭਾਈਚਾਰਿਆਂ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦਿਆਂ ਨਵੇਂ ਲਾਰਡ ਮੇਅਰ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆ । ਸਮਾਗਮ ਦੀ ਸ਼ੁਰੂਆਤ ਵਿਸ਼ੇਸ਼ ਅਰਦਾਸ ਅਤੇ ਪ੍ਰਾਰਥਨਾ ਨਾਲ ਹੋਈ। ਇਸ ਮੌਕੇ ਸ਼ਹਿਰ ਦੀ ਤਰੱਕੀ, ਸਮਾਜਿਕ ਏਕਤਾ ਅਤੇ ਵੱਖ-ਵੱਖ ਭਾਈਚਾਰਿਆਂ ਵਿਚਕਾਰ ਆਪਸੀ ਸਦਭਾਵਨਾ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਦੁਹਰਾਇਆ ਗਿਆ। ਵੱਖ-ਵੱਖ ਧਰਮਾਂ ਦੇ ਆਗੂਆਂ ਨੇ ਆਪਣੇ ਸੰਬੋਧਨਾਂ ਦੌਰਾਨ ਮਨੁੱਖਤਾ, ਸੇਵਾ ਭਾਵਨਾ, ਸਹਿਣਸ਼ੀਲਤਾ ਅਤੇ ਆਪਸੀ ਸਤਿਕਾਰ ਦੇ ਮੁੱਲਾਂ ਨੂੰ ਅਪਣਾਉਣ ਦਾ ਸੱਦਾ ਦਿੱਤਾ। ਆਪਣੇ ਸੰਬੋਧਨ ਵਿੱਚ ਲਾਰਡ ਮੇਅਰ ਕੌਂਸਲਰ ਕੁਲਵਿੰਦਰ ਸਿੰਘ ਜੋਹਲ ਨੇ ਕਿਹਾ ਕਿ ਲੈਸਟਰ ਦੁਨੀਆ ਦੇ ਸਭ ਤੋਂ ਸਫਲ ਬਹੁ-ਸੱਭਿਆਚਾਰਕ ਸ਼ਹਿਰਾਂ ਵਿੱਚੋਂ ਇੱਕ ਹੈ, ਜਿਸਦੀ ਅਸਲ ਤਾਕਤ ਇਸ ਦੀ ਵਿਭਿੰਨਤਾ ਵਿੱਚ ਵਸਦੀ ਏਕਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਿਲਿਆ ਇਹ ਮਾਣ ਸਿਰਫ਼ ਨਿੱਜੀ ਪ੍ਰਾਪਤੀ ਨਹੀਂ, ਸਗੋਂ ਸਮੁੱਚੇ ਸਿੱਖ ਭਾਈਚਾਰੇ ਅਤੇ ਉਨ੍ਹਾਂ ਸਾਰੇ ਲੋਕਾਂ ਦੀ ਨੁਮਾਇੰਦਗੀ ਹੈ ਜਿਨ੍ਹਾਂ ਨੇ ਸਮਾਜਿਕ ਸੇਵਾ ਅਤੇ ਭਾਈਚਾਰਕ ਵਿਕਾਸ ਲਈ ਯੋਗਦਾਨ ਪਾਇਆ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਨਿਸ਼ਠਾ, ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਉਣਗੇ। ਉਨ੍ਹਾਂ ਨੌਜਵਾਨਾਂ ਦੀ ਭਲਾਈ, ਸਮਾਜਿਕ ਸੇਵਾ, ਕਮਿਊਨਿਟੀ ਵਿਕਾਸ ਅਤੇ ਵੱਖ-ਵੱਖ ਭਾਈਚਾਰਿਆਂ ਵਿਚਕਾਰ ਆਪਸੀ ਸਹਿਯੋਗ ਨੂੰ ਆਪਣੇ ਕਾਰਜਕਾਲ ਦੀਆਂ ਮੁੱਖ ਤਰਜੀਹਾਂ ਦੱਸਦਿਆਂ ਕਿਹਾ ਕਿ ਸਾਂਝੇ ਯਤਨਾਂ ਰਾਹੀਂ ਹੀ ਸ਼ਹਿਰ ਦੀ ਹੋਰ ਤਰੱਕੀ ਯਕੀਨੀ ਬਣਾਈ ਜਾ ਸਕਦੀ ਹੈ। ਸਮਾਗਮ ਵਿੱਚ ਸ਼ਾਮਲ ਮਹਿਮਾਨਾਂ ਨੇ ਲਾਰਡ ਮੇਅਰ ਦੇ ਸਮਾਜਿਕ ਅਤੇ ਜਨ ਸੇਵਾ ਖੇਤਰ ਵਿੱਚ ਪਾਏ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਲੈਸਟਰ ਵਿੱਚ ਭਾਈਚਾਰਕ ਏਕਤਾ, ਆਪਸੀ ਸਹਿਯੋਗ ਅਤੇ ਵਿਕਾਸ ਨੂੰ ਹੋਰ ਹੁਲਾਰਾ ਮਿਲੇਗਾ। ਸਿਵਿਕ ਸਰਵਿਸ ਦੌਰਾਨ ਪੇਸ਼ ਕੀਤੇ ਗਏ ਧਾਰਮਿਕ ਭਜਨਾਂ ਅਤੇ ਸੰਗੀਤਕ ਪੇਸ਼ਕਾਰੀਆਂ ਨੇ ਸਮਾਗਮ ਨੂੰ ਹੋਰ ਪ੍ਰਭਾਵਸ਼ਾਲੀ ਬਣਾ ਦਿੱਤਾ। ਹਾਜ਼ਰ ਵੱਖ-ਵੱਖ ਭਾਈਚਾਰਿਆਂ ਦੇ ਆਗੂਆਂ ਅਤੇ ਨੁਮਾਇੰਦਿਆਂ ਨੇ ਇਸ ਸਮਾਗਮ ਨੂੰ ਆਪਸੀ ਸਤਿਕਾਰ, ਸਹਿਯੋਗ ਅਤੇ ਸਮਾਜਿਕ ਸਾਂਝ ਦੀ ਸ਼ਾਨਦਾਰ ਮਿਸਾਲ ਕਰਾਰ ਦਿੱਤਾ। ਸਮਾਗਮ ਉਪਰੰਤ ਮਹਿਮਾਨਾਂ ਲਈ ਰਿਫਰੈਸ਼ਮੈਂਟਸ ਦਾ ਪ੍ਰਬੰਧ ਵੀ ਕੀਤਾ ਗਿਆ, ਜਿੱਥੇ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੇ ਆਪਸੀ ਮਿਲਣ-ਮਿਲਾਪ ਰਾਹੀਂ ਏਕਤਾ ਅਤੇ ਸਦਭਾਵਨਾ ਦਾ ਸੰਦੇਸ਼ ਦਿੱਤਾ। ਇਹ ਸਮਾਗਮ ਨਾ ਸਿਰਫ਼ ਲੈਸਟਰ ਦੀ ਰਾਜਨੀਤਿਕ ਯਾਤਰਾ ਦਾ ਇੱਕ ਇਤਿਹਾਸਕ ਪਲ ਸਾਬਤ ਹੋਇਆ, ਸਗੋਂ ਬ੍ਰਿਟੇਨ ਵਿੱਚ ਵੱਸਦੇ ਸਿੱਖ ਭਾਈਚਾਰੇ ਲਈ ਵੀ ਮਾਣ ਅਤੇ ਸਨਮਾਨ ਦਾ ਵਿਸ਼ੇਸ਼ ਮੌਕਾ ਬਣਿਆ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


