ਛੱਡ ਗਿਆ ਸਾਡੇ ਲਈ

ਗੁਰਮਾਨ ਸੈਣੀ

(ਸਮਾਜ ਵੀਕਲੀ)

ਛੱਡ ਗਿਆ ਸਾਡੇ ਲਈ ਪਾਣੀ ‘ਚ ਮਧਾਣੀਆਂ।
ਗਿਆ ਜੋ ਸਮੁੰਦਰਾਂ ਨੂੰ ਪਾਰ ਪਿਆ ਹਾਣੀਆਂ।

ਬੀਤੀਆਂ ਜੋ ਸਾਡੇ ਉੱਤੇ ਤੇਰੇ ਤੁਰ ਜਾਣ ਬਾਅਦ
ਸਮਝ ਨਾ ਆਉਣੀ ਤੈਨੂੰ ਸਾਡੀਆਂ ਕਹਾਣੀਆਂ।

ਰੱਕੜਾਂ ‘ਚ ਬੈਠੇ ਨਾ ਕੋਈ ਯਾਦ ਕਰੇ ਭੁਲਿਆਂ ਨੂੰ
ਬੀਤ ਗਈਆਂ ਰੁੱਤਾਂ ਸਾਡੀ ਰੂਹ ਰੁਸਨਾਉਣੀਆਂ।

ਦੱਸ ਕੋਈ ਕਸੂਰ ਸਾਡਾ ਆਵੇ ਤਾਂ ਰਮਾਨ ਸਾਨੂੰ
ਫਿਰਦੀਆਂ ਸਾਡੀਆਂ ਕਿਉਂ ਰੂਹਾਂ ਤਰਸਾਉਣੀਆਂ।

ਗਿੱਠ-ਗਿੱਠ ਲੱਕ-ਲੱਕ ਅੰਬਰਾਂ ਦਾ ਚਾਅ ਸਾਡਾ
ਉੱਡਿਆ ਗਿਆ ਤੋਹ ਵਾਂਗ ਉੱਡਦੇ ਡਰਾਉਣਿਆਂ।

ਤੋੜ ਦਿੱਤੀ ਰੀਝ ਸਾਡੀ ਘੁਣ ਖਾਦੀ ਲੱਕੜੀ ਜਿਉਂ
ਭੋਲੀ ਭਾਲੀ ਰੀਝ ਸਾਡੀ ਭੋਲਿਆਂ ਸਿਆਣਿਆਂ।

ਕਾਨਿਆਂ ਦੀ ਅੱਗ ਜਿਉਂ ਫਲੂਹਾ ਬਣ ਉੱਡ ਜਾਂਦੀ
ਉੱਡ ਚੱਲੀ ਜਿੰਦ ਸਾਡੀ ਘਾਟੀਆਂ ਵੀਰਾਨੀਆਂ।

ਖੱਟਣੇ ਨੂੰ ਖੱਟਣਾ ਸੀ ਰੰਗ ਮੈਂ ਉਨਾਭੀ ਰੰਗਾ…
ਸਾਡਿਆਂ ਨਸੀਬਾਂ ਵਿੱਚ ਆਈਆਂ ਬਦਨਾਮੀਆਂ।

ਖਦੱਰੀ ਜ਼ਮੀਨ ਸਾਡੇ ਦੱਸ ਕਿਹੜੇ ਕੰਮ ਆਈ ?
ਦਿਨ ਖੜ੍ਹੇ ਲੁੱਟ ਲਈਆਂ ਸਾਡੀਆਂ ਨਿਆਮੀਆਂ।

ਗੋਰੇ ਵਾਲੇ ਖੇਤ ਖਾ ਲਏ ਉੱਚੀਆਂ ਇਮਾਰਤਾਂ ਨੇ
ਹਲਾਂ ਦੀਆਂ ਕਿੱਲੀਆਂ ਹੋ ਗਈਆਂ ਪੁਰਾਣੀਆਂ।

ਬਾਪੂ ਦੀ ਸਮਾਧ ਆ ਗਈ ਵਿੱਚ ਬਾਈਪਾਸ ਦੇ
ਰੰਡੀ ਹੋ ਗਈ ਫੇਰ ਬੇਬੇ ਚੱਲਦੀਆਂ ਕਹਾਣੀਆਂ।

ਜਾਮਣਾਂ, ਮਰੂਦ, ਅੰਬ , ਟਾਲੀਆਂ ਤੇ ਕਿੱਕਰਾਂ ਵੀ
ਵੱਢਿਆ ਕਹਿ ‘ਲੱਕੜਾਂ’ ਜੋ ਕੋਠੀਆਂ ਬਿਠਾਣੀਆਂ।

ਪਿੱਪਲਾਂ ਦੇ ਢਾਣਿਆਂ ਤੇ ਪੀਂਘਾਂ ਸੀ ਜੋ ਝੂਟਦੀਆਂ
ਕਿੱਧਰ ਉਹ ਤੁਰ ਗਈਆਂ ਧੀਆਂ ਧਿਆਣੀਆਂ ?

ਬੇਬੇ ਵਾਲਾ ਟੇਰਨਾ ਤੇ ਬਾਪੂ ਦਾ ਘਰਾਟਣਾ
ਰੁਲਦਾ ਹੈ ਪਿਆ ਅੱਜ ਗਲੀਆਂ ਪੁਰਾਣੀਆਂ।

ਗੁਰਮਾਨ ਸੈਣੀ
ਰਾਬਤਾ: 8360487488
9256346906

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਰਸ਼ਕਾਂ ਦਾ ਹੜ੍ਹ /ਤਖ਼ਤੂਪੁਰਾ/ਸੰਮਾਂ ਵਾਲ਼ੀ ਡਾਂਗ !
Next articleਸਪਸ਼ਟੀਕਰਨ