(ਸਮਾਜ ਵੀਕਲੀ)-ਕਿਤਾਬਾਂ ਦੀ ਮਹਿਮਾ ਅਪਰਮਪਾਰ ਹੈ। ਕਿਤਾਬਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਨੇ। ਕਿਤਾਬਾਂ ਤੁਹਾਡੀ ਦ੍ਰਿਸ਼ਟੀ ਨੂੰ ਦ੍ਰਿਸ਼ਟੀਕੋਣ, ਵਿਚਾਰਾਂ ਨੂੰ ਵਿਚਾਰਧਾਰਾ ਵਿੱਚ ਬਦਲਣ ਦੇ ਸਮਰੱਥ ਹਨ। ਅਜਿਹਾ ਮਨੋਰੰਜਨ ਦਾ ਖ਼ਜ਼ਾਨਾ ਹੈ ਜਿਹੜਾ ਅਮੁੱਕ ਹੈ, ਜਿਹੜਾ ਤੁਹਾਨੂੰ ਅੱਚਵੀ ਨਹੀਂ ਲਾਉਂਦਾ। ਕਿਤਾਬਾਂ ਵਿੱਚ ਕਲਾ ਹੈ, ਕਲਾਤਮਕਤਾ ਹੈ, ਰਚਨਾਤਮਕਤਾ, ਸਿਰਜਨਾਤਮਕਤਾ, ਸੁਹਜਾਤਮਕਤਾ ਹੈ; ਇਹ ਤੁਹਾਨੂੰ ਠੀਕ–ਠੀਕ ਤੋਂ ਠੀਕ, ਠੀਕ ਤੋਂ ਵਧੀਆ, ਵਧੀਆ ਤੋਂ ਬਿਹਤਰ, ਬਿਹਤਰ ਤੋਂ ਬਿਹਤਰੀਨ ਬਣਾ ਸਕਦੀਆਂ ਹਨ।
ਪਰ…..
ਇਸ ਨੁਕਤੇ ਵੱਲ੍ਹ ਜ਼ਰੂਰ ਗ਼ੌਰ ਕਰਨਾ ਕਿ ਮਹੱਤਵਪੂਰਨ ਗੱਲ ਇਹ ਹੈ ਕਿ ਜਦੋਂ ਤੁਸੀਂ ਕਿਸੇ ਕਿਤਾਬ ਦੀ ਚੋਣ ਕਰ ਰਹੇ ਓਂ ਤਾਂ ਤੁਹਾਡਾ ਮਨੋਰਥ ਕੀ ਹੈ, ਤੁਹਾਡੀ ਨੀਅਤ ਕੀ ਹੈ ? ਤੁਹਾਡਾ ਮਨੋਰਥ, ਤਹਾਡੀ ਨੀਅਤ ਹੀ ਤੁਹਾਨੂੰ ਬਣਾਉਂਦੀ ਹੈ। ਜੇ ਤੁਸੀਂ ਕਿਤਾਬ ਨੂੰ ਪੜ੍ਹਨ, ਪੜ੍ਹ ਕੇ ਸਮਝਣ ਤੇ ਸਮਝੇ ਨੂੰ ਢਾਲ਼ ਕੇ ਖ਼ੁਦ ਨੂੰ ਬਿਹਤਰ ਬਣਾਉਣ ਲਈ ਯਤਨਸ਼ੀਲ ਹੁੰਦੇ ਹੋ ਤਾਂ ਕਿਤਾਬ ਤੁਹਾਡੇ ਲਈ ਅੰਮ੍ਰਿਤ ਹੈ
ਪਰ ਜੇ ਤੁਸੀਂ ਕਿਤਾਬ ਇਸ ਸਿਆਸਤ ਨਾਲ਼ ਚੁੱਕਦੇ ਹੋ ਕਿ ਇਹ ਪੜ੍ਹ ਕੇ ਤੁਸੀਂ ਦੂਜਿਆ ਨੂੰ ਨਿਰਉੱਤਰ ਕਰਨਾ ਹੈ। ਇਹਨੂੰ ਪੜ੍ਹ ਕੇ ਤੁਸੀਂ ਦੂਜਿਆਂ ਦਾ ਬੁੱਥਾ ਭੰਨਣਾ ਹੈ। ਫਲਾਂ ਕਿਤਾਬ ਪੜ੍ਹ ਕੇ ਤੁਸੀਂ ਆਪਣੀ ਆਸਥਾ ਨੂੰ ਤਰਕ ਦਾ ਠੁੰਮਣਾ ਦੇਣਾ ਹੈ ਅਤੇ ਅਸਲ/ਸੱਚ ਨੂੰ ਗਧੀਗੇੜ ਵਿੱਚ ਪਾਉਣਾ ਹੈ….
ਤਾਂ ਮੁਆਫ਼ ਕਰਨਾ ਤੁਹਾਡੀ ਸੋਚ ਵਿੱਚ ਕਾਣ ਹੈ। ਫੇਰ ਕਿਤਾਬਾਂ ਤੁਹਾਨੂੰ ਬਿਹਤਰ ਬਣਾਉਣ ਵਿੱਚ ਸਹਾਈ ਨਹੀਂ ਹੋ ਸਕਦੀਆਂ। ਫੇਰ ਤਾਂ ਤੁਸੀਂ ਬੈਂਕ ਵਿੱਚ ਬੈਠੇ ਕੈਸ਼ੀਅਰ ਵਰਗੇ ਹੋ ਜਿਹਦੇ ਹੱਥਾਂ ਵਿੱਚ ਰੋਜ਼ ਲੱਖਾਂ–ਕਰੋੜਾਂ ਰੁਪਈਏ ਘੁੰਮਦੇ ਨੇ, ਪਰ ਜਿਨ੍ਹਾਂ ਪੈਸਿਆਂ ਦਾ ਉਹਨੂੰ ਕੋਈ ਭਾਅ ਨਹੀਂ ਹੁੰਦਾ।
ਤੁਸੀਂ ਵਹਿਮੀ ਹੋ, ਅੰਧਵਿਸ਼ਵਾਸੀ ਹੋ, ਭਰਮੀ ਹੋ, ਕਿਸੇ ਵੀ ਪੱਖ ਨੂੰ ਲੈ ਕੇ ਕੱਟੜ ਹੋ ਅਤੇ ਜਦੋਂ ਤੁਸੀਂ ਅਜਿਹੀ ਅਵਸਥਾ ਵਿੱਚ ਕੋਈ ਕਿਤਾਬ ਚੁਣਦੇ ਹੋ ਤਾਂ ਉਹ ਤੁਹਾਡੇ ਵਹਿਮ, ਭਰਮ, ਅੰਧਵਿਸ਼ਵਾਸ, ਕੱਟੜਤਾ ਨੂੰ ਹੋਰ ਵਧਾਵੇਗੀ। ਫੇਰ ਕਿਤਾਬ ਤੁਹਾਡੇ ਦਿਮਾਗ਼ ਨੂੰ ਰੋਸ਼ਨ ਨਹੀਂ ਕਰੇਗੀ, ਬਲਕਿ ਤੁਹਾਡੇ ਦਿਮਾਗ਼ ਵਿੱਚ ਭਰੇ ਹਨੇਰੇ ਨੂੰ ਹੋਰ ਗਾੜ੍ਹਾ ਤੇ ਗੂੜ੍ਹਾ ਕਰ ਦੇਵੇਗੀ।
ਅਜਿਹੀ ਅਵਸਥਾ ਵਿੱਚ ਜੇ ਤੁਸੀਂ ਕਿਤਾਬਾਂ ਪੜ੍ਹੋਂਗੇ ਤਾਂ ਇਹ ਤੁਹਾਡੀ ਪਰੇਸ਼ਾਨੀ ਨੂੰ ਹੋਰ ਵਧਾ ਦੇਣਗੀਆਂ, ਤੁਹਾਨੂੰ ਕਿਨਾਰੇ ਤੋਂ ਹੋਰ ਦੂਰ ਕਰ ਦੇਣਗੀਆਂ। ਤੁਸੀਂ ਜੇ ਉਹੀ ਕਿਤਾਬਾਂ ਪੜ੍ਹੋਂਗੇ ਜਿਹੜੀਆਂ ਕਿ ਤੁਹਾਡੇ ਅਨੁਸਾਰੀ ਹੀ ਚੱਲਦੀਆਂ ਹੋਣ ਫੇਰ ਤੁਸੀਂ ਕਦੇ ਵੀ, ਕੁਝ ਵੀ ਨਹੀਂ ਸਿੱਖ ਸਕਦੇ। ਇਹ ਕਿਤਾਬਾਂ ਦਾ ਢੇਰ ਤੁਹਾਡੀ ਹਉਮੈ ਨੂੰ ਹੀ ਵਧਾਵੇਗਾ, ਹੋਰ ਕੁਝ ਨਹੀਂ।
ਯਾਦ ਰੱਖੋ ਜਿਉਂ ਜਿਉਂ ਟਾਹਣੀ ਨੂੰ ਫਲ਼ ਲਗਦਾ ਜਾਂਦਾ ਹੈ, ਉਹ ਝੁਕਦੀ ਜਾਂਦੀ ਹੈ; ਫਲ਼ਾਂ ਤੋਂ ਸੱਖਣੀ ਟਾਹਣੀ ਸਾਰਿਆਂ ਤੋਂ ਉੱਚੀ ਹੋਵੇਗੀ।
ਇਸੇ ਤਰ੍ਹਾਂ ਯਾਦ ਰੱਖੋ ਜਦੋਂ ਤੁਸੀਂ ਪਹਾੜ ‘ਤੇ ਚੜ੍ਹਦੇ ਹੋ ਤਾਂ ਝੁਕ ਕੇ ਚੜ੍ਹਨਾ ਪੈਂਦਾ ਹੈ, ਉਤਰਦੇ ਹੋ ਤਾਂ ਆਕੜ ਕੇ ਉਤਰਨਾ ਪੈਂਦਾ ਹੈ; ਬੱਸ ਦੇਖ ਲਵੋ ਆਪਣੇ ਵੱਲ੍ਹ ਆਕੜੇ ਹੋਏ ਓਂ ਕਿ ਝੁਕੇ ਹੋਏ ਓਂ !! ਪਤਾ ਲੱਗ ਜਾਵੇਗਾ ਕਿ ਚੜ੍ਹ ਰਹੇ ਓਂ ਕਿ ਉਤਰ ਰਹੇ ਓਂ !!
ਜਦੋਂ ਪਾਣੀ ਗੰਧਲਾ ਹੁੰਦਾ ਤਾਂ ਉਸ ਵਿੱਚ ਅਕਸ ਨਹੀਂ ਵੇਖਿਆ ਜਾ ਸਕਦਾ। ਪਾਣੀ ਨੂੰ ਨਿਤਾਰਨ ਲਈ ਉਸ ਨੂੰ ਰੱਖਣਾ ਪੈਂਦਾ ਹੈ, ਇੰਤਜ਼ਾਰ ਕਰਨਾ ਪੈਂਦਾ ਹੈ, ਠਰੰਮਾ, ਸਹਿਜਤਾ ਤੇ ਸੰਜਮ ਨੂੰ ਬਰਕਰਾਰ ਰੱਖਣਾ ਪੈਂਦਾ ਹੈ; ਜਦੋਂ ਗਾਰ ਥੱਲੇ ਬਹਿ ਜਾਂਦੀ ਹੈ ਪਾਣੀ ਨਿੱਤਰ ਜਾਂਦਾ ਹੈ ਤਾਂ ਧੁੰਧਲਾ ਅਕਸ ਵੀ ਨਿੱਖਰ ਜਾਂਦਾ ਹੈ।
ਤੁਸੀਂ ਆਪਣੇ ਮਨਾਂ ਦੇ ਪਾਣੀਆਂ ਵਿੱਚ ਨਿਗ੍ਹਾ ਮਾਰੋ, ਅਕਸ ਦੀਂਹਦਾ ਹੈ ਕਿ ਨਹੀਂ ??
ਕੀ ਪੜ੍ਹਨਾ ਹੈ ? ਇਹ ਤੁਹਾਡੀ ਚੋਣ ਹੋ ਸਕਦੀ ਹੈ।
ਪਰ ਕਿਉਂ ਪੜ੍ਹਨਾ ਹੈ ? ਇਹੋ ਵਜ੍ਹਾ ਦੱਸਦੀ ਹੈ ਕਿ ਤੁਹਾਡੇ ‘ਤੇ ਕਿਤਾਬ ਦਾ ਕੀ ਅਸਰ ਹੋਵੇਗਾ।
ਕਿਰਪਾ ਕਰਕੇ ਕਿਤਾਬਾਂ ਨੂੰ ਆਪਣੀ ਰਖੇਲ ਨਾ ਸਮਝੋ।
ਕਿਤਾਬ ਦੀ ਆਪਣੀ ਕੋਈ ਮਰਜ਼ੀ ਨਹੀਂ ਹੁੰਦੀ, ਮਰਜ਼ੀ ਪੜ੍ਹਨ ਵਾਲ਼ੇ ਦੀ ਹੁੰਦੀ ਹੈ। ਇਹ ਤੁਹਾਡੇ ‘ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਤਾਬ ਪੜ੍ਹ ਕੇ ਆਪਣਾ ਗਿਆਨ ਵਧਾਉਣਾ ਹੈ ਕਿ ਆਪਣੀ ਈਗੋ….
ਸਿਆਣੇ ਕਹਿੰਦੇ ਨੇ ਜੇ ਖਲੋ ਕੇ, ਬਿਨਾਂ ਸਤਿਕਾਰ ਤੋਂ ਲਈਏ ਤਾਂ ਕੜਾਹ ਹੈ; ਜੇ ਮਨ ਵਿੱਚ ਆਸਥਾ ਦਾ ਭਾਵ ਹੈ ਤਾਂ ਹੀ ਦੇਗ ਹੈ।
ਕਿਤਾਬਾਂ ਪੜ੍ਹਨ ਵਾਲ਼ੇ ਮਾਮਲੇ ਵਿੱਚ ਵੀ ਇੰਝ ਹੀ ਹੈ
ਹੁਣ ਇਹ ਤੁਸੀਂ ਹੀ ਨਿਰਧਾਰਤ ਕਰਨਾ ਹੈ ਕਿ ਤੁਸੀਂ ਕੜਾਹ ਲੈਣਾ ਹੈ ਕਿ ਦੇਗ ??
ਤੁਹਾਡਾ ਸ਼ੁਭਚਿੰਤਕ
ਡਾ. ਸਵਾਮੀ ਸਰਬਜੀਤ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly