~ਸਿੱਖੀ ਦਾ ਅੰਬਰ~

ਰਿਤੂ ਵਾਸੂਦੇਵ

(ਸਮਾਜ ਵੀਕਲੀ)

ਉਹ ਸਿੱਖੀ ਦੇ ਅੰਬਰ ਦਾ
ਪਹਿਲਾ ਸਿਤਾਰਾ
ਉਹ ਬਾਣੀ ਦਾ ਆਸ਼ਕ
ਤੇ ਬਾਲੇ ਦਾ ਪਿਆਰਾ

ਐਰਾਵਤ ਦੀ ਗਰਜਣ
ਪਹਾੜਾਂ ਦੀ ਮਰਦੰਗ
ਉਤਰਿਆ ਹੈ ਕੋਈ
ਰੂਹਾਨੀ ਸਫ਼ੀਨਾ
ਤੇ ਚਾਰੇ ਹੀ ਕੂਟਾਂ ਨੇ
ਅਰਦਾਸ ਅੰਦਰ
ਉਹ ਚਾਨਣ ਦੀ ਬਾਰਿਸ਼
ਤੇ ਕੱਤਕ ਮਹੀਨਾ

ਉਹ ਜਪੁਜੀ ਦਾ ਸਿਰਜਕ
ਗੁਰੂ ਪੀਰ ਸਭ ਦਾ
ਰਤਨ ਤੇਹਰਵੇਂ ‘ਤੇ ਜੋ
ਫੁੱਲਾਂ ਨੂੰ ਤਾਰੇ
ਉਹ ਕਾਮਲ, ਉਹ ਮੁਰਸ਼ਦ
ਸ਼ਹਿਨਸ਼ਾਹ, ਉਹ ਸਤਿਗੁਰੂ
ਉਹ ਸਿੱਧਾਂ ਦੇ ਮਨ ਦੇ
ਭੁਲੇਖੇ ਨਿਵਾਰੇ

ਉਹ ਲਾਲੋ ਦੇ ਕੋਧਰ ‘ਚ
ਬਾਬੇ ਦੀ ਬਰਕਤ
ਤੇ ਭਾਗੋ ਮਲਿਕ ਦੇ ਨੇ
ਮਿਸਠਾਨ ਜ਼ਹਿਰੀ
ਉਹ ਬਾਬਰ ਨੂੰ ਚੋਖੀ
ਖ਼ਰੀ ਕਹਿਣ ਵਾਲ਼ਾ
ਰਿਹਾ ਕਰ ਮਨੁੱਖਤਾ ਦੇ
ਮਸਤਕ ਸੁਨਹਿਰੀ

ਉਹ ਧਰਤੀ ਦੇ ਪੰਨੇ ‘ਤੇ
ਲਿਖਦਾ ਮੁਹੱਬਤ
ਉਹ ਅੰਬਰ ਦੀ ਤਾਕੀ’ ਚੋਂ
ਲਾਉੰਦਾ ਜੈਕਾਰੇ
ਉਹ ਬਣ-ਤ੍ਰਿਣ ਦਾ ਵਾਲੀ
ਅਮੂਰਤ ਦਾ ਦਿਲਬਰ
ਉਹ ਪਾਣੀ ਨੂੰ ਪੂਜੇ
ਤੇ ਅਗਨੀ ਨੂੰ ਠਾਰੇ

ਸਮਾਧੀ ‘ਚ ਬਾਪੂ ਦੇ
ਖ਼ੇਤਾਂ ਦੀ ਰਾਖੀ
ਤੇ ਸਮਿਆਂ ਦੀ ਚਾਦਰ’ ਤੇ
ਲਿਖਦਾ ਏ ਬਾਣੀ
ਉਹ ਆਖੇ ਰਬਾਬੀ ਨੂੰ
ਸੁਰ ਛੇੜ ਕੋਈ
ਤੇ ਵੇਖੇ ਹਯਾਤੀ ਨੂੰ
ਬੰਦ ਅੱਖਾਂ ਥਾਣੀ

ਉਹ ਘਾੜਤ ਘੜੇ ਨਾ ਹੀ
ਯੁਕਤ ਲੜਾਵੇ
ਤੇ ਕਰ ਦੇਵੇ ਚੁਪ ਬੈਠਾ
ਫੁਰਮਾਣ ਕੋਈ
ਜੋ ਨਿੱਤ ਖੰਡ-ਮੰਡਲ
ਦੀ ਛੇੜੇ ਕਹਾਣੀ
ਤੇ ਸਿਰਜੇ ਨਵਾਂ ਰੋਜ਼
ਨਿਰਵਾਣ ਕੋਈ

ਉਦਾਸੀ ਨੂੰ ਤੁਰਦੇ
ਉਹ ਪੈਰਾਂ ਦੇ ਸਦਕੇ
ਜੋ ਆਪਣੀ ਹੀ ਧਰਤੀ ਦੀ
ਨਿਗਰਾਨੀ ਕਰਦੇ
ਉਹ ਕੁਦਰਤ ਵੀ ਜਿਸਦੇ ਹੈ
ਭਾਣੇ ‘ਚ ਰਹਿੰਦੀ
ਤੇ ਦਿਨ-ਰਾਤ ਜੀਵਨ ਦੀ
ਆਸਾਨੀ ਕਰਦੇ

ਉਹ ਕੀਰਤਨ, ਉਹ ਸੋਹਿਲਾ,
ਉਹ ਵਾਰਾਂ ਦੇ ਕੌਤਕ
ਉਹ ਸਾਜ਼ੀ ਤੇ ਰਾਗੀ
ਜੋ ਬਾਬੇ ਦੇ ਸਾਰੇ
ਹੈ ਤ੍ਰਿਪਤਾ ਨੇ ਜਿਸਨੂੰ
ਕਲਾਵੇ ‘ਚ ਵਲ਼ਿਆ
ਉਹਨੂੰ ਸ਼੍ਰਿਸ਼ਟੀ
ਕਾਲ਼ੂ ਦਾ ਨਾਨਕ ਪੁਕਾਰੇ

~ ਰਿਤੂ ਵਾਸੂਦੇਵ

Previous articleਮਰਦਾਨੀ ਜਨਾਨੀ -9
Next article** ਧੰਨਿਆ ਇਹ ਕੀ ਹੁੰਦਾ**