(ਸਮਾਜ ਵੀਕਲੀ)
*ਮਹਤਾਬਉਦਦੀਨ +919815703226
ਮੁਹੰਮਦ ਰਫ਼ੀ ਸਾਹਿਬ ਕਰ ਕੇ ਸਾਨੂੰ ਅੱਜ ਵੀ ਦੁਨੀਆ ਦਾ ਪਿਆਰ ਤੇ ਦੁਆਵਾਂ ਮਿਲਦੀਆਂ ਹਨ: ਫ਼ੁਜ਼ੈਲ ਰਫ਼ੀ
ਨਾਮਵਰ ਪੱਤਰਕਾਰ ਹਿਤਾਬ–ਉਦ–ਦੀਨ ਨੇ ਫ਼ੁਜ਼ੈਲ ਰਫ਼ੀ ਨਾਲ ਖ਼ਾਸ ਗੱਲਬਾਤ ਕੀਤੀ ਸੀ, ਪੇਸ਼ ਹਨ ਉਸ ਦੇ ਕੁਝ ਚੋਣਵੇਂ ਅੰਸ਼:
ਭਾਰਤ ਦੇ ਮਹਾਨ ਗਾਇਕ ਮੁਹੰਮਦ ਰਫ਼ੀ ਦੇ ਨਾਂਅ ਨਾਲ ਸ਼ਬਦ ‘ਸਵਰਗੀ’ ਲਾਉਣਾ ਕੁਝ ਅਜੀਬ ਜਿਹਾ ਲੱਗਦਾ ਹੈ ਕਿਉਂਕਿ ਸਾਡੀ ਜ਼ਿੰਦਗੀ ਦਾ ਕੋਈ ਵੀ ਦਿਨ ਅਜਿਹਾ ਨਹੀਂ ਲੰਘਦਾ, ਜਿਸ ਦਿਨ ਅਸੀਂ ਰਫ਼ੀ ਸਾਹਿਬ ਦੀ ਮਿੱਠੀ, ਮਨਮੋਹਕ ਤੇ ਦਿਲਕਸ਼ ਆਵਾਜ਼ ਕੰਨਾਂ ਤੋਂ ਆਪਣੇ ਦਿਲਾਂ ਤੱਕ ਪੁੱਜਦੀ ਮਹਿਸੂਸ ਨਾ ਕਰਦੇ ਹੋਈਏ। ਕਦੇ ਬਾਜ਼ਾਰ ’ਚੋਂ ਲੰਘਦੇ ਸਮੇਂ, ਕਦੇ ਕਾਰ, ਬੱਸ ’ਚ ਯਾਤਰਾ ਕਰਦੇ ਸਮੇਂ ਰੇਡੀਓ ਤੋਂ, ਕੋਈ ਮਿਊਜ਼ਿਕਲ ਟੀਵੀ ਚੈਨਲ ਵੇਖਦੇ ਸਮੇਂ ਅਤੇ ਕਦੇ ਕਿਸੇ ਦੋਸਤ ਤੇ ਮਿੱਤਰ–ਪਿਆਰੇ ਦੇ ਮੋਬਾਇਲ ’ਤੇ ਲੱਗੀ ਕਾੱਲਰ–ਟਿਊਨ ਤੋਂ ਰਫ਼ੀ ਸਾਹਿਬ ਦੀ ਆਵਾਜ਼ ਰੋਜ਼ਾਨਾ ਕੰਨੀਂ ਪੈ ਹੀ ਜਾਂਦੀ ਹੈ।
ਮੁਹੰਮਦ ਰਫ਼ੀ ਸਾਹਿਬ ਸਾਢੇ 42 ਵਰ੍ਹੇ ਪਹਿਲਾਂ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਆਖ ਗਏ ਸਨ ਪਰ ਅੱਜ ਵੀ ਇੰਝ ਲੱਗਦਾ ਹੈ ਕਿ ਜਿਵੇਂ ਉਹ ਸਾਡੇ ‘ਆਸ–ਪਾਸ’ (ਉਨ੍ਹਾਂ ਦਾ ਆਖ਼ਰੀ ਗੀਤ ਇਸੇ ਫ਼ਿਲਮ ਦਾ ਸੀ) ਹੀ ਹੋਣ। ਉਨ੍ਹਾਂ ਦੇ ਹਜ਼ਾਰਾਂ ਗੀਤ ਅੱਜ ਵੀ ਕਰੋੜਾਂ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ।
ਰਫ਼ੀ ਸਾਹਿਬ ਦੀ ਮਿੱਠੜੀ ਆਵਾਜ਼ ਅੱਜ ਵੀ ਓਨੀ ਹੀ ਤਰੋਤਾਜ਼ਾ ਜਾਪਦੀ ਹੈ ਤੇ ਉਸ ਦਾ ਅੱਜ ਤੱਕ ਕੋਈ ਤੋੜ ਨਾ ਤਾਂ ਸਾਹਮਣੇ ਆ ਸਕਿਆ ਹੈ ਤੇ ਅਤੇ ਨਾ ਹੀ ਆਵੇਗਾ। ਬਹੁਤ ਸਾਰੇ ਗਾਇਕਾਂ ਨੇ ਰਫ਼ੀ ਸਾਹਿਬ ਵਰਗੀ ਆਵਾਜ਼ ’ਚ ਗਾਉਣਾ ਚਾਹਿਆ ਪਰ ਉਸ ਮਹਾਨ ਸ਼ਖ਼ਸੀਅਤ ਦਾ ਅੰਦਾਜ਼ ਕੌਣ ਕਿੱਥੋਂ ਲਿਆਵੇਗਾ? ਰਫ਼ੀ ਸਾਹਿਬ ਅਮਰ ਹਨ ਤੇ ਉਨ੍ਹਾਂ ਦੀ ਅੱਜ ਤੱਕ ਨਾ ਤਾਂ ਕੋਈ ਨਕਲ ਕਰ ਸਕਿਆ ਹੈ ਤੇ ਨਾ ਹੀ ਕਰ ਸਕੇਗਾ। ਉਹ ਹਰ ਪੱਖੋਂ ਸੰਪੂਰਨ ਸਨ। ਉੱਤੋਂ ਉਨ੍ਹਾਂ ਦੇ ਇੰਨੇ ਵਧੀਆ ਦਿਆਲੂ, ਪਰਉਪਕਾਰੀ ਸੁਭਾਅ ਦੀਆਂ ਅੱਜ ਵੀ ਹਜ਼ਾਰਾਂ ਕਹਾਣੀਆਂ ਪ੍ਰਚਲਿਤ ਹਨ।
ਮੁਹੰਮਦ ਰਫ਼ੀ ਮਿਊਜ਼ੀਕਲ ਇੰਸਟੀਚਿਊਟ
ਮੁਹੰਮਦ ਰਫ਼ੀ ਸਾਹਿਬ ਦੀ ਮਹਾਨ ਵਿਰਾਸਤ ਨੂੰ ਹੁਣ ਉਨ੍ਹਾਂ ਦੇ ਪੋਤਰੇ ਫ਼ੁਜ਼ੈਲ ਰਫ਼ੀ ਬਹੁਤ ਹੀ ਲਗਨ ਤੇ ਗੰਭੀਰਤਾ ਨਾਲ ਅੱਗੇ ਵਧਾ ਰਹੇ ਹਨ। ਉਨ੍ਹਾਂ ਨੇ ਪਿਛਲੇ ਵਰ੍ਹੇ ‘ਮੁਹੰਮਦ ਰਫ਼ੀ ਮਿਊਜ਼ੀਕਲ ਇੰਸਟੀਚਿਊਟ’ (https://mohammedrafiinstitute.com/home) ਦੀ ਸ਼ੁਰੂਆਤ ਕੀਤੀ ਸੀ। ਫ਼ੁਜ਼ੈਲ ਰਫ਼ੀ ਆਪਣੇ ਪਿਤਾ ਸ਼ਾਹਿਦ ਰਫ਼ੀ (ਮੁਹੰਮਦ ਰਫ਼ੀ ਸਾਹਿਬ ਦੇ ਸਪੁੱਤਰ) ਤੇ ਆਪਣੀ ਮਾਂ ਫ਼ਿਰਦੌਸ ਸ਼ਾਹਿਦ ਰਫ਼ੀ ਨਾਲ ਮਿਲ ਕੇ ਇਸ ਸੰਸਥਾਨ ਨੂੰ ਚਲਾ ਰਹੇ ਹਨ। ਉਨ੍ਹਾਂ ਨੂੰ ਹਰ ਪਾਸਿਓਂ ਬਹੁਤ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਹਰ ਪਾਸੇ ਇਸ ਇੰਸਟੀਚਿਊਟ ਦਾ ਸੁਆਗਤ ਹੋ ਰਿਹਾ ਹੈ।
ਫ਼ੁਜ਼ੈਲ ਰਫ਼ੀ ਅਮਰੀਕਾ ’ਚ ਕਰ ਰਹੇ ਉਚੇਰੀ ਸਿੱਖਿਆ ਹਾਸਲ
ਬੀਤੇ ਦਿਨੀਂ ਅਮਰੀਕੀ ਸੂਬੇ ਜਾਰਜੀਆ ਦੇ ਸ਼ਹਿਰ ਐਟਲਾਂਟਾ ਤੋਂ ਫ਼ੁਜ਼ੈਲ ਰਫ਼ੀ ਨੇ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਆਪਣੇ ਦਿਲ ਦੀਆਂ ਪਰਤਾਂ ਖੋਲ੍ਹੀਆਂ। ਫ਼ੁਜ਼ੈਲ ਇਸ ਵੇਲੇ ਉੱਥੇ ਫ਼ਾਈਨਾਂਸ ਵਿਸ਼ੇ ’ਚ ਪੋਸਟ–ਗ੍ਰੈਜੂਏਸ਼ਨ ਕਰ ਰਹੇ ਹਨ। ਉੱਥੇ ਉਹ ਆਪਣੇ ਮਾਮੇ ਕੋਲ ਰਹਿ ਰਹੇ ਹਨ।
ਫ਼ੁਜ਼ੈਲ ਰਫ਼ੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸ਼ਾਹਿਦ ਰਫ਼ੀ ਹੁਰਾਂ ਨੇ ਕਦੇ ਵੀ ਨਹੀਂ ਦੱਸਿਆ ਸੀ ਕਿ ਉਹ ਇੱਕ ‘ਸੈਲੀਬ੍ਰਿਟੀ’ ਪਰਿਵਾਰ ਨਾਲ ਸਬੰਧਤ ਹਨ ਤੇ ਦੁਨੀਆ ਦੇ ਬਹੁਤ ਸਾਰੇ ਲੋਕ ਉਨ੍ਹਾਂ ਤੇ ਉਨ੍ਹਾਂ ਦੇ ਪਿਤਾ ਮੁਹੰਮਦ ਰਫ਼ੀ ਸਾਹਿਬ ਬਾਰੇ ਹਰ ਗੱਲ ਜਾਣਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਘਰ ਵਿੱਚ ਵੱਡਿਆਂ ਨੇ ਸਦਾ ਹੀ ਸਨਿਮਰ ਰਹਿਣਾ ਤੇ ਵੱਡਿਆਂ ਦਾ ਆਦਰ–ਸਤਿਕਾਰ ਕਰਨਾ ਸਿਖਾਇਆ ਗਿਆ ਹੈ।
ਨਿੱਕੇ ਫ਼ੁਜ਼ੈਲ ਨੂੰ ਪਹਿਲੀ ਵਾਰ ਪਤਾ ਲੱਗੀ ਆਪਣੇ ਦਾਦਾ ਮੁਹੰਮਦ ਰਫ਼ੀ ਦੀ ਮਹਾਨਤਾ
ਸ਼ਾਹਿਦ ਰਫ਼ੀ ਨੇ ਆਪਣੀ ਗੱਲ ਜਾਰੀ ਰੱਖਦਿਆਂ ਦੱਸਿਆ – ‘ਮੈਂ ਇੱਕ ਵਾਰ ਨਿੱਕਾ ਹੁੰਦਾ ਆਪਣੀ ਮੌਮ (ਮੰਮੀ) ਨਾਲ ਆਟੋ–ਰਿਕਸ਼ਾ ’ਤੇ ਸਕੂਲ ਤੋਂ ਘਰ ਵਾਪਸ ਜਾ ਰਿਹਾ ਸਾਂ। ਆਟੋ–ਰਿਕਸ਼ਾ ਚਾਲਕ ਜਦੋਂ ਰਫ਼ੀ ਸਾਹਿਬ ਦੇ ਘਰ ਅੱਗੇ ਆ ਕੇ ਰੁਕਿਆ, ਤਾਂ ਉਸ ਨੇ ਪੁੱਛਿਆ ਕਿ ਤੁਸੀਂ ਇੱਥੇ ਰਹਿੰਦੇ ਹੋ? ਤਾਂ ਮੌਮ ਨੇ ਜਵਾਬ ਦਿੱਤਾ ਕਿ ਜੀ ਹਾਂ, ਅਸੀਂ ਇੱਥੇ ਹੀ ਰਹਿੰਦੇ ਹਾਂ। ਮੈਂ ਵੀ ਕਿਹਾ – ਜੀ ਅੰਕਲ ਅਸੀਂ ਇੱਥੇ ਰਹਿੰਦੇ ਹਾਂ ਉੱਪਰ। ਆਟੋ ਰਿਕਸ਼ਾ–ਚਾਲਕ ਨੇ ਪੁੱਛਿਆ ਕਿ ਕੀ ਤੁਸੀਂ ਰਫ਼ੀ ਸਾਹਿਬ ਦੇ ਰਿਸ਼ਤੇਦਾਰ ਹੋ, ਤਦ ਮੌਮ ਨੇ ਮੇਰੇ ਬਾਰੇ ਦੱਸਿਆ ਕਿ ਇਹ ਰਫ਼ੀ ਸਾਹਿਬ ਦਾ ਪੋਤਰਾ ਹੈ। ਤਦ ਉਹ ਚਾਲਕ ਤੁਰੰਤ ਹੇਠਾਂ ਉੱਤਰ ਆਇਆ ਤੇ ਮੈਨੂੰ ਘੁੱਟ ਕੇ ਪਿਆਰ ਕਰਨ ਲੱਗਾ। ਮੈਂ ਮੌਮ ਨੂੰ ਪੁੱਛਿਆ ਕਿ ਇਹ ਅਚਾਨਕ ਇਨ੍ਹਾਂ ਨੂੰ ਕੀ ਹੋ ਗਿਆ ਹੈ? ਤਦ ਮੌਮ ਨੇ ਜਵਾਬ ਦਿੱਤਾ ਕਿ ਇਹ ਤੇਰੇ ਦਾਦਾ–ਅੱਬਾ ਨੂੰ ਪਿਆਰ ਕਰਨ ਵਾਲੇ ਲੋਕ ਹਨ ਤੇ ਤੈਨੂੰ ਵੇਖ ਕੇ ਇਨ੍ਹਾਂ ਨੂੰ ਇੰਝ ਜਾਪਦਾ ਹੈ ਕਿ ਜਿਵੇਂ ਉਨ੍ਹਾਂ ਰਫ਼ੀ ਸਾਹਿਬ ਨੂੰ ਹੀ ਵੇਖ ਲਿਆ ਹੋਵੇ।’
ਰਫ਼ੀ ਸਾਹਿਬ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਕਰੋੜਾਂ ’ਚ ਹੈ।
ਉਸ ਤੋਂ ਬਾਅਦ ਹੌਲੀ–ਹੌਲੀ ਫ਼ੁਜ਼ੈਲ ਰਫ਼ੀ ਨੂੰ ਅਹਿਸਾਸ ਹੋਣ ਲੱਗਾ ਕਿ ਉਨ੍ਹਾਂ ਦੇ ਦਾਦਾ ਭਾਰਤ ਦੀ ਕਿੰਨੀ ਵੱਡੀ ਹਸਤੀ ਸਨ। ਫ਼ੁਜ਼ੈਲ ਨੇ ਇਹ ਵੀ ਦੱਸਿਆ – ‘ਕਈ ਵਾਰ ਜਦੋਂ ਕਿਸੇ ਨੂੰ ਮੇਰੇ ਤੇ ਰਫ਼ੀ ਸਾਹਿਬ ਦੇ ਰਿਸ਼ਤੇ ਬਾਰੇ ਪਤਾ ਲੱਗਦਾ, ਤਾਂ ਉਹ ਮੇਰੇ ਪੈਰ ਛੋਹਣ ਲੱਗ ਪੈਂਦਾ ਸੀ। ਮੈਨੂੰ ਇੰਝ ਅਹਿਸਾਸ ਹੁੰਦਾ ਚਲਾ ਗਿਆ ਕਿ ਮੇਰੇ ਦਾਦਾ–ਅੱਬਾ ਰਫ਼ੀ ਸਾਹਿਬ ਕਿੰਨੀ ਮਹਾਨ ਸ਼ਖ਼ਸੀਅਤ ਸਨ। ਉਹ ਸਾਡੇ ਲਈ ਕਿੰਨਾ ਵੱਡਾ ਨਾਂਅ ਛੱਡ ਕੇ ਗਏ ਹਨ।’
ਸੱਚਮੁਚ ਰਫ਼ੀ ਸਾਹਿਬ ਦੀ ਤਾਰੀਫ਼ ਵਿੱਚ ‘ਮਹਾਨ’ ਸ਼ਬਦ ਬਹੁਤ ਛੋਟਾ ਜਾਪਦਾ ਹੈ।
ਫ਼ੁਜ਼ੈਲ ਰਫ਼ੀ ਨੇ ਇਹ ਵੀ ਦੱਸਿਆ ਕਿ – ਹੌਲੀ–ਹੌਲੀ ਅਮਰੀਕਨ ਯੂਨੀਵਰਸਿਟੀ ’ਚ ਪੜ੍ਹਦੇ ਭਾਰਤੀ, ਪਾਕਿਸਤਾਨੀ, ਨੇਪਾਲੀ, ਸ੍ਰੀਲੰਕਾਈ, ਬੰਗਲਾਦੇਸ਼ੀ ਤੇ ਹੋਰ ਏਸ਼ੀਆਈ ਮੂਲ ਦੇ ਲੋਕਾਂ ਨੂੰ ਜਦੋਂ ਪਤਾ ਲੱਗਾ ਮੈਂ ਰਫ਼ੀ ਸਾਹਿਬ ਦਾ ਪੋਤਰਾ ਹਾਂ, ਤਾਂ ਉਹ ਬੜੇ ਹੈਰਾਨ ਹੋਏ। ਉਨ੍ਹਾਂ ਗਿਲਾ ਪ੍ਰਗਟਾਇਆ ਕਿ ਮੈਂ ਉਨ੍ਹਾਂ ਨੂੰ ਇੰਨੀ ਵੱਡੀ ਹਕੀਕਤ ਪਹਿਲਾਂ ਕਿਉਂ ਨਹੀਂ ਦੱਸੀ। ਮੌਮ–ਡੈਡ ਨੇ ਮੈਨੂੰ ਕਦੇ ਨਹੀਂ ਦੱਸਿਆ ਸੀ ਕਿ ਰਫ਼ੀ ਸਾਹਿਬ ਦਾ ਦੇਸ਼ ’ਚ ਕੀ ਮੁਕਾਮ ਹੈ? ਇਸੇ ਲਈ ਮੈਂ ਵੀ ਕਦੇ ਆਪਣੇ ਕਿਸੇ ਜਾਣਕਾਰ ਨੂੰ ਇਸ ਬਾਰੇ ਨਹੀਂ ਦੱਸਿਆ ਸੀ। ਲੋਕਾਂ ਨੂੰ ਜਦੋਂ ਪਤਾ ਲੱਗਦਾ ਹੈ, ਤਾਂ ਉਹ ਦਿਲੋਂ ਦੁਆਵਾਂ ਦਿੰਦੇ ਹਨ। ਦਾਦਾ–ਅੱਬਾ ਕਰਕੇ ਹੀ ਪੂਰੀ ਦੁਨੀਆ ’ਚ ਅੱਜ ਵੀ ਸਾਨੂੰ ਪੂਰਾ ਮਾਣ–ਤਾਣ ਮਿਲ ਰਿਹਾ ਹੈ।
ਫ਼ੁਜ਼ੈਲ ਰਫ਼ੀ ਨੇ ਸਾਂਝਾ ਕੀਤਾ ਆਪਣੇ ‘ਮਨ ਦਾ ਡਰ’
ਫ਼ੁਜ਼ੈਲ ਰਫ਼ੀ ਨੇ ਆਪਣੇ ਮਨ ਦਾ ਇੱਕ ਡਰ ਵੀ ਸਾਂਝਾ ਕੀਤਾ। ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਸੀ ਕਿ ਕੀ ਉਨ੍ਹਾਂ ਦਾ ਵੀ ਆਪਣੇ ਦਾਦਾ–ਅੱਬਾ ਮੁਹੰਮਦ ਰਫ਼ੀ ਸਾਹਿਬ ਵਾਂਗ ਗਾਉਣ, ਐਕਟਿੰਗ ਕਰਨ ਜਾਂ ਅਜਿਹੀ ਕੋਈ ਪ੍ਰਾਪਤੀ ਕਰਨ ਦਾ ਮਨ ਨਹੀਂ ਕਰਦਾ? ਉਨ੍ਹਾਂ ਜਵਾਬ ਦਿੱਤਾ ਕਿ ਸ਼ੁਰੂ ਤੋਂ ਇਹੋ ਡਰ ਮਨ ’ਚ ਹੈ ਕਿ ਲੋਕ ਮੇਰੇ ਹਰੇਕ ਕੰਮ ਦੀ ਤੁਲਨਾ ਰਫ਼ੀ ਸਾਹਿਬ ਨਾਲ ਕਰਨਗੇ। ‘ਮੇਰੇ ’ਤੇ ਇਹ ਪ੍ਰੈਸ਼ਰ ਸਦਾ ਬਣਿਆ ਰਿਹਾ ਹੈ। ਫਿਰ ਵੀ ਮੈਂ ਹੁਣ ਟ੍ਰੇਨਿੰਗ ਲੈ ਰਿਹਾ ਹਾਂ। ਮੈਂ ਇਹ ਨਹੀਂ ਕਹਿੰਦਾ ਕਿ ਮੈਂ ਸਿੰਗਰ ਬਣਾਂਗਾ, ਸਿਰਫ਼ ਕੋਸ਼ਿਸ਼ ਕਰ ਰਿਹਾ ਹਾਂ।’
ਨਿੱਤ ਵਧਦੀ ਜਾ ਰਹੀ ਹੈ ਰਫ਼ੀ ਸਾਹਿਬ ਦੀ ਹਰਮਨਪਿਆਰਤਾ
ਮੁਹੰਮਦ ਰਫ਼ੀ ਸਾਹਿਬ ਨੂੰ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਆਖਿਆਂ ਭਾਵੇਂ ਹੁਣ 42 ਵਰ੍ਹੇ ਹੋ ਚੱਲੇ ਹਨ ਪਰ ਉਨ੍ਹਾਂ ਦੀ ਹਰਮਨਪਿਆਰਤਾ ’ਚ ਨਿੱਤ ਵਾਧਾ ਹੁੰਦਾ ਜਾ ਰਿਹਾ ਹੈ। ਇਹ ਸੱਚਾਈ ਹੈ। ਫ਼ੁਜ਼ੈਲ ਨੇ ਵੀ ਦੱਸਿਆ ਕਿ ਹਰ ਸਾਲ ਰਫ਼ੀ ਸਾਹਿਬ ਦੇ ਜਨਮ ਦਿਨ 24 ਦਸੰਬਰ ਤੇ ਬਰਸੀ 31 ਜੁਲਾਈ ਨੂੰ ਮੁੰਬਈ ਸਥਿਤ ਉਨ੍ਹਾਂ ਦੇ ਘਰ ਆਉਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੁੰਦਾ ਜਾ ਰਿਹਾ ਹੈ। ਰਫ਼ੀ ਸਾਹਿਬ ਦੇ ਪ੍ਰਸ਼ੰਸਕ ਇਨ੍ਹਾਂ ਦੋਵੇਂ ਦਿਨਾਂ ਨੂੰ ਸਵੇਰੇ 5:00 ਵਜੇ ਤੋਂ ਆਉਣਾ ਸ਼ੁਰੂ ਹੋ ਜਾਂਦੇ ਹਨ ਤੇ ਉਹ ਰਫ਼ੀ ਸਾਹਿਬ ਦੀ ਸੰਭਾਲ਼ ਕੇ ਰੱਖੀ ਹਰ ਚੀਜ਼ ਨੂੰ ਵੇਖ ਕੇ ਬਹੁਤ ਖ਼ੁਸ਼ ਹੁੰਦੇ ਹਨ। ਇਹ ਸਿਲਸਿਲਾ ਫਿਰ ਸਾਰਾ ਦਿਨ ਤੇ ਰਾਤ ਦੇ 1 ਤੋਂ 2 ਵਜੇ ਤੱਕ ਵੀ ਜਾਰੀ ਰਹਿੰਦਾ ਹੈ।
ਗੱਲਬਾਤ ਦੌਰਾਨ ਫ਼ੁਜ਼ੈਲ ਨੇ ਦੱਸਿਆ ਕਿ ਉਨ੍ਹਾਂ ਦੀ ‘ਮੁਹੰਮਦ ਰਫ਼ੀ ਮਿਊਜ਼ੀਕਲ ਇੰਸਟੀਚਿਊਟ’ ਨੂੰ ਇਕੱਲੇ ਭਾਰਤ ਹੀ ਨਹੀਂ, ਸਗੋਂ ਪੂਰੀ ਦੁਨੀਆ ’ਚ ਹੀ ਬਹੁਤ ਭਰਵਾਂ ਹੁੰਗਾਰਾ ਮਿਲਿਆ ਹੈ।
ਫ਼ੁਜ਼ੈਲ ਨੇ ਦੱਸਿਆ ਕਿ – ਮੇਰੇ ਅੱਬਾ (ਸ਼ਾਹਿਦ ਰਫ਼ੀ) ਨੇ ਮੈਨੂੰ ਦੱਸਿਆ ਕਿ ਮੇਰੇ ਦਾਦਾ–ਅੱਬਾ (ਮੁਹੰਮਦ ਰਫ਼ੀ ਸਾਹਿਬ) ਆਪਣੇ ਬੱਚਿਆਂ ਨੂੰ ਸਦਾ ਇਹੋ ਸਿਖਾਉਂਦੇ ਹੁੰਦੇ ਸਨ ਕਿ ਤੁਸੀਂ ਭਾਵੇਂ ਜ਼ਿੰਦਗੀ ’ਚ ਕਿੰਨੇ ਵੀ ਉੱਚੇ ਮੁਕਾਮ ’ਤੇ ਪੁੱਜ ਜਾਓ, ਕਦੇ ਉਸ ਦਾ ਮਾਣ ਤੇ ਹੰਕਾਰ ਨਾ ਕਰੋ। ਸਦਾ ਸਿਰ ਝੁਕੇ ਕੇ ਭਾਵ ਨਿਮਾਣੇ ਬਣ ਕੇ ਚੱਲੋ।
ਨਵੇਂ ਕਲਾਕਾਰਾਂ ਨੂੰ ਸਦਾ ਹੱਲਾਸ਼ੇਰੀ ਦਿੰਦੇ ਸਨ ਰਫ਼ੀ ਸਾਹਿਬ
ਦਰਅਸਲ, ਰਫ਼ੀ ਸਾਹਿਬ ਸਦਾ ਇਸੇ ਗੱਲ ’ਤੇ ਚੱਲੇ। ਉਨ੍ਹਾਂ ਨੇ ਕਦੇ ਵੀ ਆਪਣੇ ਵੱਡਾ ਗਾਇਕ ਹੋਣ ’ਤੇ ਮਾਣ ਨਹੀਂ ਕੀਤਾ। ਉਨ੍ਹਾਂ ਨਵੇਂ ਗਾਇਕਾਂ ਤੇ ਗਾਇਕਾਵਾਂ ਨੂੰ ਸਦਾ ਹੱਲਾਸ਼ੇਰੀ ਦਿੱਤੀ। ਇਹ ਗੱਲ ਸੈਂਕੜੇ ਸੈਲੀਬ੍ਰਿਟੀਜ਼ ਨੇ ਖ਼ੁਦ ਦੱਸੀ ਹੈ।
ਦਸੰਬਰ 2014 ’ਚ ਜਦੋਂ ਮੈਂ (ਮਹਿਤਾਬ–ਉਦ–ਦੀਨ) ਬਾਲੀਵੁੱਡ ਦੀ ਗਾਇਕਾ ਊਸ਼ਾ ਤਿਮੋਥੀ ਨਾਲ ਗੱਲਬਾਤ ਕੀਤੀ ਸੀ, ਤਦ ਉਨ੍ਹਾਂ ਨੇ ਵੀ ਇਹੋ ਦੱਸਿਆ ਸੀ ਕਿ ਰਫ਼ੀ ਸਾਹਿਬ ਸਦਾ ਉਨ੍ਹਾਂ ਨੂੰ ਤੇ ਹੋਰ ਸਾਰੇ ਹੀ ਨਵੇਂ ਗਾਇਕਾਂ ਤੇ ਗਾਇਕਾਵਾਂ ਨੂੰ ਹੱਲਾਸ਼ੇਰੀ ਦਿੰਦੇ ਰਹਿੰਦੇ ਸਨ। ਇਸ ਗੱਲ ਤੋਂ ਅੱਜ ਵੀ ਕੁਝ ਪੁਰਾਣੇ ਅਖੌਤੀ ਮਹਾਨ ਸੈਲੀਬ੍ਰਿਟੀਜ਼ ਚਿੜਦੇ ਹਨ।
ਫ਼ੁਜ਼ੈਲ ਰਫ਼ੀ ਨੇ ਇਹ ਵੀ ਦੱਸਿਆ – ਮੇਰੇ ਦਾਦਾ–ਅੱਬਾ ਜਦੋਂ ਵੀ ਕਦੇ ਸੱਜੇ ਹੱਥ ਨਾਲ ਕਿਸੇ ਨੂੰ ਕੁਝ ਦਾਨ ਕਰਦੇ ਸਨ, ਤਾਂ ਉਨ੍ਹਾਂ ਦੇ ਆਪਣੇ ਖੱਬੇ ਹੱਥ ਤੱਕ ਨੂੰ ਵੀ ਇਸ ਦੀ ਕੋਈ ਜਾਣਕਾਰੀ ਨਹੀਂ ਹੁੰਦੀ ਸੀ ਤੇ ਇਸ ਮਾਮਲੇ ’ਚ ਉਹ ਅਸੂਲਾਂ ਦੇ ਪੂਰੀ ਤਰ੍ਹਾਂ ਪੱਕੇ ਸਨ।
ਦਾਦਾ–ਅੱਬਾ ਦੇ ਇਹ ਗੀਤ ਪਸੰਦ ਹਨ ਫ਼ੁਜ਼ੈਲ ਰਫ਼ੀ ਨੂੰ
ਸੁਆਲਾਂ ਦੇ ਜੁਆਬ ਦਿੰਦਿਆਂ ਫ਼ੁਜ਼ੈਲ ਰਫ਼ੀ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਦਾਦਾ–ਅੱਬਾ ਮੁਹੰਮਦ ਰਫ਼ੀ ਸਾਹਿਬ ਦੇ ਸਾਰੇ ਹੀ ਗੀਤ ਦਿਲ ਦੀਆਂ ਡੂੰਘਾਣਾਂ ਤੋਂ ਬਹੁਤ ਜ਼ਿਆਦਾ ਪਸੰਦ ਹਨ ਤੇ ਉਨ੍ਹਾਂ ਦਾ ਕੋਈ ਇੱਕ ਸਭ ਤੋਂ ਵੱਧ ਮਨਪਸੰਦ ਗੀਤ ਨਹੀਂ ਦੱਸ ਸਕਦੇ ਪਰ ਕਦੇ ਕਿਸੇ ਪਾਰਟੀ ’ਚ ਜਾਂ ਦੋਸਤਾਂ ’ਚ ਬੈਠਿਆਂ ਉਹ ‘ਗੁਲਾਬੀ ਆਂਖੇਂ ਜੋ ਤੇਰੀ ਦੇਖੀਂ, ਸ਼ਰਾਬੀ ਯੇ ਦਿਲ ਹੋ ਗਿਆ’ (ਦਿ ਟ੍ਰੇਨ – 1970) ਗਾਉਣਾ ਵਧੇਰੇ ਪਸੰਦ ਕਰਦੇ ਰਹੇ ਹਨ। ਇਸ ਤੋਂ ਇਲਾਵਾ ਫ਼ੁਜ਼ੈਲ ਨੂੰ ਨਿਜੀ ਤੌਰ ’ਤੇ ‘ਦੀਵਾਨਾ ਹੂਆ ਬਾਦਲ…’ (ਕਸ਼ਮੀਰ ਕੀ ਕਲੀ – 1964) ਵੀ ਬਹੁਤ ਜ਼ਿਆਦਾ ਪਸੰਦ ਹੈ।
ਫ਼ੁਜ਼ੈਲ ਨੇ ਇਹ ਵੀ ਦੱਸਿਆ,‘‘ਸਕੂਲ ਦੇ ਦਿਨਾਂ ’ਚ ਮੈਨੂੰ ‘ਮੇਰੇ ਦੁਸ਼ਮਨ ਤੂ ਮੇਰੀ ਦੋਸਤੀ ਕੋ ਤਰਸੇ’ (ਆਏ ਦਿਨ ਬਹਾਰ ਕੇ – 1966) ਗੀਤ ਬਹੁਤ ਪਸੰਦ ਹੁੰਦਾ ਸੀ। ਮੈਨੂੰ ਜਿਹੜਾ ਡਰਾਇਵਰ ਸਕੂਲ ਛੱਡ ਕੇ ਆਉਂਦਾ ਸੀ ਤੇ ਫਿਰ ਲੈਣ ਵੀ ਆਉਂਦਾ ਸੀ, ਉਸ ਨਾਲ ਮੇਰੀ ਬਹੁਤ ਦੋਸਤੀ ਸੀ। ਉਸ ਨੂੰ ਕਦੇ ਆਖਣਾ ਕਿ ਅੱਜ ਮੈਨੂੰ ਇਹ ਖੁਆ ਦੇ ਤੇ ਜਦੋਂ ਉਸ ਨੇ ਨਾ ਖੁਆਉਣਾ, ਤਾਂ ਫਿਰ ਮੈਂ ਇਹੋ ਗੀਤ ‘ਮੇਰੇ ਦੁਸ਼ਮਨ ਤੂ…’ ਗਾ ਕੇ ਉਸ ਨੂੰ ਖਿਝਾਉਂਦਾ ਹੁੰਦਾ ਸਾਂ।’’
ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਫ਼ੁਜ਼ੈਲ ਰਫ਼ੀ ਨੇ ਆਖਿਆ – ਤੁਸੀਂ ਭਾਵੇਂ ਕਿੰਨੇ ਵੀ ਵੱਡੇ ਕਿਉਂ ਨਾ ਬਣ ਜਾਓ, ਕਦੇ ਆਪਣੀਆਂ ਜੜ੍ਹਾਂ ਨੂੰ ਨਾ ਭੁੱਲੋ। ਆਪਣੀਆਂ ਜੜ੍ਹਾਂ ਨਾਲ ਸਦਾ ਜੁੜੇ ਰਹੋ। ਸਨਿਮਰ ਰਹਿ ਕੇ ਸਦਾ ਹਰੇਕ ਦਾ ਆਦਰ–ਸਤਿਕਾਰ ਕਰੋ।
ਸੱਚਮੁਚ ਫ਼ੁਜ਼ੈਲ ਰਫ਼ੀ ਤੇ ਉਨ੍ਹਾਂ ਦਾ ਪੂਰਾ ਪਰਿਵਾਰ ਮੁਹੰਮਦ ਰਫ਼ੀ ਸਾਹਿਬ ਦੀਆਂ ਪੈੜ–ਚਾਲਾਂ ’ਤੇ ਹੀ ਚੱਲ ਰਿਹਾ ਹੈ।
ਜਾਂਦੇ–ਜਾਂਦੇ
ਫ਼ੁਜ਼ੈਲ ਰਫ਼ੀ ਨਾਲ ਇਹ ਇੰਟਰਵਿਊ ਮੈਂ 15 ਸਤੰਬਰ, 2021 ਨੂੰ ਲਿਆ ਸੀ ਪਰ ਘਰ ’ਚ ਕੁਝ ਦੁਖਾਂਤਕ ਘਟਨਾਵਾਂ ਵਾਪਰ ਜਾਣ ਕਾਰਣ ਮੈਂ ਫ਼ੁਜ਼ੈਲ ਰਫ਼ੀ ਦੇ ਅੰਮੀ ਫ਼ਿਰਦੌਸ ਸ਼ਾਹਿਦ ਰਫ਼ੀ ਨੂੰ ਵ੍ਹਟਸਐਪ ’ਤੇ ਸੰਦੇਸ਼ ਛੱਡ ਕੇ ਇੰਟਰਵਿਊ ਦੇ ਪ੍ਰਕਾਸ਼ਿਤ ਹੋਣ ’ਚ ਦੇਰੀ ਦੀ ਵਜ੍ਹਾ ਬਿਆਨ ਕੀਤੀ। ਤਦ ਉਹ ਮੈਸੇਜ ਪੜ੍ਹ ਕੇ ਤੁਰੰਤ ਫ਼ਿਰਦੌਸ ਮੈਡਮ ਦਾ ਫ਼ੋਨ ਆਇਆ ਤੇ ਉਨ੍ਹਾਂ ਅਫ਼ਸੋਸ ਪ੍ਰਗਟਾਇਆ।
ਆਪਣਾ ਕੀਮਤੀ ਸਮਾਂ ਕੱਢ ਕੇ ਉਨ੍ਹਾਂ ਫ਼ੋਨ ਕੀਤਾ, ਇਸ ਲਈ ਧੰਨਵਾਦ। ਉਨ੍ਹਾਂ ਦੀ ਗੱਲਬਾਤ ’ਚੋਂ ਵੀ ਮੁਹੰਮਦ ਰਫ਼ੀ ਸਾਹਿਬ ਦੇ ਸੰਸਕਾਰ ਸਪੱਸ਼ਟ ਝਲਕ ਰਹੇ ਸਨ। ਇਹ ਪਰਿਵਾਰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ। ਰਫ਼ੀ ਪਰਿਵਾਰ ਨੂੰ ਕੋਟਿ–ਕੋਟਿ ਪ੍ਰਣਾਮ!