ਮਰਹੂਮ ਗਾਇਕ ‘ਸਿੱਧੂ ਮੂਸੇਆਲੇ’ ਦਾ ਗੜਕਾ ਜਿਉਂ ਦਾ ਤਿਉਂ

ਅੱਜ ਵੀ ‘ਖੇਤਾਂ ਦਾ ਪੁੱਤ’ ਗਾ ਰਿਹਾ ਨਲੂਏ ਸਰਦਾਰ ਦੀਆਂ ਵਾਰਾਂ

ਭਲੂਰ ਤੋਂ ਬੇਅੰਤ ਗਿੱਲ, ਮੋਗਾ (ਸਮਾਜ ਵੀਕਲੀ) : ਮਣਾਮੂੰਹੀਂ ਮਾਣ ਸਤਿਕਾਰ ਕਿਸੇ ਵਿਰਲੇ ਟਾਵੇਂ ਵਿਆਕਤੀ ਦੇ ਹਿੱਸੇ ਆਉਂਦਾ ਹੈ। ਇੱਥੇ ਹਰ ਇਕ ਖੇਤਰ ਵਿਚ ਹਰ ਕੋਈ ਮਿਹਨਤ ਕਰਦਾ ਹੈ।ਹਰ ਕੋਈ ਆਪਣੇ ਕੰਮ ਲਈ ਜੱਦੋਜਹਿਦ ਕਰਦਾ ਹੈ। ਬੜੇ ਖੇਤਰਾਂ ਵਿੱਚ ਲੋਕ ਬੇਹੱਦ ਸਲਾਹੁਣਯੋਗ ਕਾਰਜ ਕਰਦੇ ਵੇਖੇ ਜਾ ਸਕਦੇ ਹਨ, ਪਰ ਫਿਰ ਵੀ ਕਿਸੇ ਨੂੰ ਬਹੁਤਾ ਮਾਣ ਸਤਿਕਾਰ ਨਸੀਬ ਨਹੀਂ ਹੁੰਦਾ। ਇੰਝ ਲੱਗਦਾ ਜਿਵੇਂ ਨੌਜਵਾਨ ‘ਸਿੱਧੂ ਮੂਸੇਆਲਾ’ ਰੱਬ ਵੱਲੋਂ ਹੀ ਸਭ ਦਾ ਪਿਆਰ ਆਪਣੀ ਤਕਦੀਰ ਦੀ ਝੋਲੀ ਪਵਾ ਕੇ ਧਰਤੀ ‘ਤੇ ਉਤਰਿਆ ਹੋਵੇ। ਐਨੀ ਛੋਟੀ ਉਮਰੇ ਐਨਾ ਵੱਡਾ ਮਾਣ ਸਤਿਕਾਰ ਪ੍ਰਾਪਤ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ।

ਗਾਇਕੀ ਖੇਤਰ ਵਿੱਚ ਬੜੇ ਲੋਕ ਆਏ ਤੇ ਚਲੇ ਗਏ ਪਰ ਲੋਕਾਂ ਨੇ ਏਦਾਂ ਦਾ ਪਿਆਰ ਕਿਸੇ ਨੂੰ ਨਹੀਂ ਦਿੱਤਾ ਹੋਣਾ, ਜਿਹੋ ਜਿਹਾ ਨੌਜਵਾਨ ਸਿੱਧੂ ਮੂਸੇਆਲਾ ਦੀ ਝੋਲੀ ਪਾਇਆ। ਨਾਲੇ ਇਹ ਪਿਆਰ ਦੀ ਹੱਦ ਪੰਜਾਬ ਜਾਂ ਭਾਰਤ ਤੱਕ ਹੀ ਸੀਮਿਤ ਨਹੀਂ ਰਹੀ, ਇਹ ਤਾਂ ਦੁਨੀਆ ਦੀਆਂ ਹੱਦਾਂ ਸਰਹੱਦਾਂ ਨੂੰ ਪਾਰ ਕਰ ਚੁੱਕੀ ਹੈ। ਉਸਦੇ ਜਿਉਂਦੇ ਜੀਅ ਤਾਂ ਉਸਦੀ ਚੜ੍ਹਤ ਦਾ ਰੰਗ ਚੜ੍ਹਨ ਦੀ ਹੈਰਾਨੀ ਨਹੀਂ ਹੁੰਦੀ ਪਰ ਦੁਨੀਆ ਤੋਂ ਤੁਰ ਜਾਣ ਮਗਰੋਂ ਵੀ ਇਹ ਰੰਗ ਚਾਰ ਚੁਫੇਰੇ ਬਿਖਰਦਾ ਤੇ ਗੂੜ੍ਹਾ ਹੁੰਦਾ ਜਾ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਜਾਣੀ ਕਿ 8 ਨਵੰਬਰ ਨੂੰ ਰੀਲੀਜ਼ ਹੋਇਆ ਗੀਤ ‘ਵਾਰ’

ਸਿੱਖ ਯੋਧੇ ਸਰਦਾਰ ਹਰੀ ਸਿੰਘ ਨਲੂਆ ਦੀ ਚੜਤ ਨੂੰ ਦਰਸਾਉਂਦਾ ਹੈ। ਗੀਤ ਨੂੰ ਲਗਾਤਾਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਲੋਕ ਇਸ ਗੀਤ ਦੇ ਰੀਲੀਜ਼ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਲੋਕਾਂ ਤੱਕ ਸਿੱਧੂ ਮੂਸੇਆਲੇ ਦੇ ਸ਼ਬਦ ਸੁਣਨ ਦੀ ਚਾਹਤ ਬਣੀ ਰਹਿੰਦੀ ਹੈ। ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਸਿੱਧੂ ਮੂਸੇਆਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਕੋਲ ਕਾਫੀ ਮੈਟਰ ਪਿਆ ਹੈ ਜੋ ਹੌਲੀ ਦਰਸ਼ਕਾਂ ਦੇ ਰੂਬਰੂ ਹੁੰਦਾ ਰਹੇਗਾ। ਉਨ੍ਹਾਂ ਨੂੰ ਆਪਣੇ ਪੁੱਤ ਦੇ ਇਹੋ ਜਿਹੇ ਸੂਰਬੀਰ ਯੋਧਿਆਂ ਲਈ ਲਿਖੇ ਸ਼ਬਦਾਂ ਉੱਪਰ ਬੇਹੱਦ ਮਾਣ ਹੈ।

ਇਸ ਗੱਲ ਦਾ ਵੀ ਮਾਣ ਹੈ ਕਿ ਦੁਨੀਆ ਉਨ੍ਹਾਂ ਦੇ ਪੁੱਤਰ ਦੀ ਆਵਾਜ਼ ਸੁਣਨ ਲਈ ਬੇਸਬਰ ਰਹਿੰਦੀ ਹੈ।ਓਧਰ ਦੂਜੇ ਪਾਸੇ ਨਿਗ੍ਹਾ ਮਾਰ ਕੇ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਕਈ ਫ਼ੁਕਰੇ ਕਲਾਕਾਰਾਂ ਨੂੰ ਸਿੱਧੂ ਨੇ ਅੱਜ ਵੀ ਵਾਹਣੀ ਪਾ ਰੱਖਿਆ ਹੈ। ਉਸਦੇ ‘ਵਾਰ’ ਗੀਤ ਨੇ ਰੀਲੀਜ਼ ਹੋਣ ਤੋਂ ਪਹਿਲਾਂ ਹੀ ਐਸੇ ਵਾਰ ਕਰ ਦਿੱਤੇ ਹਨ ਕਿ ਕਈਆਂ ਨੇ ਆਪਣੇ ਗੀਤਾਂ ਦੀਆਂ ਤਰੀਕਾਂ ਲੰਬੀਆਂ ਕਰ ਲਈਆਂ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੁੱਝ ਕਲਾਕਾਰਾਂ ਨੇ ਸਿੱਧੂ ਮੂਸੇਆਲੇ ਦੇ ਨਵੇਂ ਗੀਤ ਨੂੰ ਆਪਣੇ ਪੇਜ਼ ਤੋਂ ਸਾਂਝਾ ਕਰਕੇ ਸ਼ਲਾਘਾਯੋਗ ਕਾਰਜ ਵੀ ਕੀਤਾ ਹੈ। ਧੱਕੜ ਗਾਇਕਾ ਜਸਵਿੰਦਰ ਬਰਾੜ ਨੇ ਬਹੁਤ ਸੋਹਣੇ ਸ਼ਬਦਾਂ ‘ਚ ਸਿੱਧੂ ਨੂੰ ਯਾਦ ਕਰਦਿਆਂ ਉਸਦੇ ਗਾਣੇ ਨੂੰ ਲੋਕਾਂ ਨਾਲ ਸਾਂਝਾ ਕਰਿਆ ਹੈ। ਯੂਟਿਊਬ ਚੈਨਲਾਂ ਉੱਪਰ ਇਹ ਗੀਤ ਲਗਾਤਾਰ ਚੱਲ ਰਿਹਾ ਹੈ। ਟਰੈਕਟਰਾਂ, ਗੱਡੀਆਂ ਉੱਪਰ ਵੀ ‘ਵਾਰ’ ਨੂੰ ਖੂਬ ਸੁਣਿਆ ਜਾ ਰਿਹਾ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲੋੜਵੰਦ ਸਕੂਲੀ ਵਿਦਿਆਰਥਣ ਨੂੰ ਸਾਈਕਲ ਭੇਂਟ
Next articleਬੋਹੜ ਦੀ ਛਾਂ ਮੇਰੀ ਦਾਦੀ ਮਾਂ