ਨਾਨਕ ਦੀ ਧਰਤੀ

ਕੇਵਲ ਸਿੰਘ ਰੱਤੜਾ

(ਸਮਾਜ ਵੀਕਲੀ)

ਕਲਯੁਗ ਕਹਿੰਦੇ ਦੇਸ਼ ਦੇ ਅੰਦਰ ,
ਪਰ ਸਤਯੁੱਗ ਪ੍ਰਦੇਸ ਦੇ ਅੰਦਰ
ਬੰਦੇ ਨੇ ਕਿਰਤੀ ਬਣਨਾ ਸੀ ,
ਪਰ ਬਣ ਬੈਠਾ ਮਹਾਂ ਕਲੰਦਰ ,
ਉੰਜ ਅਜ਼ਾਦੀ, ਚਾਰੇ ਪਾਸੇ, ਧਰਨੇ, ਰੋਸ ਮੁਜ਼ਾਹਰੇ ਨੇ
ਨਾਨਕ ਦੀ ਧਰਤੀ ਤੇ, ਖੁਦਕਸ਼ੀਆਂ ਨੇ ਪੈਰ ਪਸਾਰੇ ਨੇ।

ਸਭਨਾ ਜੀਆਂ ਕਾ ਇੱਕ ਦਾਤਾ ,
ਬਾਬੇ ਨੇ ਸੌਖਾ ਸਮਝਾਤਾ,
ਰੱਬ ਦੇ ਨਾਂ ਤੇ ਲੋਕ ਵੰਡਤੇ,
ਕੁਰਸੀ ਲਈ ਮਹੱਲਾ ਜਲਵਾਤਾ,
ਹਾਲੇ ਵੀ ਬਾਲਾ, ਮਰਦਾਨਾ,
ਲਾਲੋ ਸਾਰੇ ਮੁਜਾਹਿਰੇ ਨੇ,
ਬਾਬੇ ਦੀ ਧਰਤੀ ਤੇ, ਕਿਉਂ ਖੁਦਕਸ਼ੀਆਂ ਪੈਰ ਪਸਾਰੇ ਨੇ।

ਮੋਦੀਖਾਨੇ ‘ਤੇਰਾ’ ਤੋਲਿਆ,
ਜਿੰਨਾ ਬਣਦਾ, ਉੁੰਨਾ ਬੋਲਿਆ,
ਵੱਡਾ ਛੋਟਾ ਸਭਦਾ ਹੋ ਲਿਆ,
ਲੋਧੀ ਨੇ ਵਹੀ ਖਾਤਾ ਖੋਲਿਆ ,
ਜਦੋਂ ਹਿਸਾਬ ਨਿਕਲਿਆ ਪੂਰਾ,
ਹੱਥ ਬੰਨ੍ਹ ਅਰਜ਼ ਗੁਜਾਰੇ ਨੇ,
ਪਰ ਸਾਡੇ ਜ਼ਿਹਨਾਂ ਵਿੱਚ, ਕਿਉਂ ਰਿਸ਼ਵਤ ਨੇ ਪੈਰ ਪਸਾਰੇ ਨੇ।

ਬਾਬਰ ਨੂੰ ਜਾਬਰ ਕਹਿ ਦਿੰਦਾ,
ਵਲੀ, ਠੱਗ ਜਾਂ ਹੋਰ ਕੋਈ ਵਿੰਗਾ,
ਹਰਿਦੁਆਰ ਦੇ ਪਾਂਡੇ ਸੁਧਰੇ,
ਮੱਕੇ ਵਿੱਚ ਸਿਰ ਘੁੰਮਿਆ ਡਿੰਗਾ,
ਗੁਰੂ, ਪੀਰ ਜਾਂ ਲਾਮਾ ਸਭਦਾ,
ਸਭਦੇ ਰਹਿਬਰ ਨਿਆਰੇ ਨੇ ।
ਧਰਮਾਂ ਦੇ ਝੰਡਿਆ ਥੱਲੇ, ਨੇਤਾ ਕਰਦੇ ਕਈ ਕਾਰੇ ਨੇ।

ਸਾਲ ਬਾਅਦ ਗੁਰਪੁਰਬ ਮਨਾਉਂਦੇ,
ਕੀਰਤਨ ਤੇ ਦਰਬਾਰ ਸਜਾਉਂਦੇ,
ਕਦੇ ਵਿਆਹ ਜਾਂ ਹੋਰ ਅਡੰਬਰ,
ਰੱਚਕੇ, ਮਾਇਆ ਹੀ ਵਧਵਾਉਂਦੇ,
ਪੜ੍ਹਕੇ, ਅਮਲ ਕਰਾਂਗੇ ਹੋ ਜਾਣ,
‘ਰੱਤੜਾ’ ਵਾਰੇ ਨਿਆਰੇ ਨੇ,
ਭਰਮ ਛੱਡ, ਬਾਬੇ ਵਰਗੇ, ਲੋਕੀਂ ਬਣ ਸਕਦੇ ਸਾਰੇ ਨੇ ।

Kewal Singh Ratra
Bureau Chief

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੱਡਿਆਂ ਦਾ ਏਕਾ ਐਪਰ ਸਾਡਾ
Next articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵੱਲੋਂ ਨਗਰ ਕੀਰਤਨ ਸਜਾਇਆ ਗਿਆ