HOME ਲਾਹੌਰ

ਲਾਹੌਰ

1
ਮਨਪ੍ਰੀਤ ਕੌਰ ਬਖ਼ਸ਼ੀਵਾਲਾ

 (ਸਮਾਜ ਵੀਕਲੀ) 

ਨਿੱਕਾ ਜਿਹਾ ਮੇਰਾ ਘਰ ਹੁੰਦਾ ਸੀ ਵਿੱਚ ਨਿੱਕੀਆਂ – ਨਿੱਕੀਆਂ ਬਾਰੀਆਂ ਸੀ,
ਮਿੱਟੀ ਦੇ ਨਾਲ ਲਿੱਪੀਆਂ ਕੰਧਾ ਲੱਗਦੀਆ ਬਹੁਤ ਪਿਆਰੀਆਂ ਸੀ,
ਮਾਂ ਮੇਰੀ ਵੀ ਚਾਵਾਂ ਦੇ ਨਾਲ ਪਾਉਂਦੀ ਮੋਰਨੀਆਂ,
ਦੱਸ ਦਿਲ ਚੋ ਕਿੱਦਾ ਕੱਢ ਦਿਆ ਪੁੱਤਰਾ ਯਾਦਾਂ ਲਾਹੌਰ ਦੀਆ।
ਦੱਸ ਖਾਂ ਕੀ ਖਾਕੇ ਭੁੱਲ ਜਾ ਗਲੀਆਂ ਲਾਹੌਰ ਦੀਆ।

ਚੁੱਲ੍ਹੇ ਮੂਹਰੇ ਬਹਿ ਕੇ ਰੋਟੀ ਕੱਠਿਆਂ ਖਾਣੀ ਸਾਰੇ ਸੀ,
ਇੱਕ ਦੂਜੇ ਨੂੰ ਕਰਦੇ ਟਿੱਚਰਾਂ ਲੱਗਦੇ ਕਿੰਨੇ ਪਿਆਰੇ ਸੀ,
ਫ਼ੇਰ ਸੁਣਨੀਆਂ ਰਾਤੀ ਬਾਤਾਂ ਦਾਦੀ ਤੋਂ ਚੰਨ ਚਕੋਰ ਦੀਆ,
ਦੱਸ ਚਿੱਤ ਚੋ ਕਿੱਦਾ ਕੱਢ ਦਿਆ ਪੁੱਤਰਾ ਯਾਦਾਂ ਲਾਹੌਰ ਦੀਆਂ।

ਭੈਣ ਮੇਰੀ ਦਾ ਵਿਆਹ ਸੀ ਧਰਿਆ ਰੌਣਕਾਂ ਲੱਗੀਆਂ ਉੱਚੀਆਂ ਸੀ,
ਸ਼ਗਨਾਂ ਦੇ ਸੀ ਗੀਤ ਗੂੰਜਦੇ ਚਾਰੇ ਪਾਸੇ ਖੁਸ਼ੀਆਂ ਸੀ,
ਭੈਣ ਮੇਰੀ ਵੀ ਚਾਵਾਂ ਵਿੱਚ ਝੂਟੇ ਪੀਂਘਾਂ ਵਿਆਹ ਵਾਲੀ ਲੋਰ ਦੀਆ,
ਦੱਸ ਦਿਲ ਚੋ ਕਿੱਦਾ ਕੱਢ ਦਿਆ ਪੁੱਤਰਾ ਯਾਦਾਂ ਲਾਹੌਰ ਦੀਆ।

ਅੱਜ ਭੈਣ ਮੇਰੀ ਦੀ ਜੰਞ ਸੀ ਆਉਣੀ ਪਏ ਉਡੀਕਾਂ ਕਰਦੇ ਸੀ,
ਹੱਲਾ – ਹੱਲਾ ਕੋਈ ਨਾ ਸੀ ਲੈਂਦੇ ਲੋਕੀ ਡਰਦੇ – ਡਰਦੇ ਸੀ,
ਧੁਰ ਅੰਦਰ ਤੱਕ ਕੰਬਦੀ ਰੂਹ ਸੁਣ ਅਵਾਜ਼ਾ ਡਾਂਗਾਂ ਦੇ ਸ਼ੋਰ ਦੀਆਂ,
ਦੱਸ ਚਿੱਤ ਚੋ ਕਿੱਦਾ ਕੱਢ ਦਿਆ ਪੁੱਤਰਾ ਯਾਦਾਂ ਲਾਹੌਰ ਦੀਆ।

ਵੱਸਦਿਆ ਨੂੰ ਸਾਨੂੰ ਉਜੜਨਾ ਪੈ ਗਿਆ ਮੱਚੀ ਪੂਰੀ ਤਬਾਹੀ ਸੀ,
ਭੈਣ ਮੇਰੀ ਵੀ ਖਾ ਗਈ ਗੋਲ਼ੀ ਜੋਂ ਬਾਪੂ ਨੇ ਆਪ ਫੜਾਈ ਸੀ,
ਬੜਾ ਧਾਹਾਂ ਮਾਰ ਮੇਰਾ ਪਿਓ ਸੀ ਰੋਇਆ ਕੋਲ ਦੀ ਲੰਘਦੇ ਭੈਣ ਦਿਆ,
ਦੱਸ ਖਾਂ ਕੀ ਖਾਕੇ ਭੁੱਲਜਾ ਯਾਦਾਂ ਲਾਹੌਰ ਦੀਆ।

ਲਾਸ਼ਾਂ ਦੇ ਨਾਲ ਭਰੀ ਸੀ ਧਰਤੀ ਦਿੱਸਦੀ ਨੀ ਸੀ ਭੌ ਪੁੱਤਰਾ,
ਮੇਰੇ ਬਾਪੂ ਦੇ ਵੀ ਮਾਰ ਗੰਡਾਸਾ ਟੋਟੇ ਕਰਤੇ ਦੋ ਪੁੱਤਰਾਂ,
ਉੱਚੀਆਂ ਨਿਕਲੀਆਂ ਮਾਂ ਮੇਰੀ ਦੀਆਂ ਚੀਕਾਂ ਹਿੱਕ ਅੰਬਰਾਂ ਦੀ ਤੋੜ ਦੀਆ,
ਦੱਸ ਚਿੱਤ ਚੋ ਕਿੱਦਾ ਕੱਢ ਦਿਆ ਪੁੱਤਰਾ ਯਾਦਾਂ ਲਾਹੌਰ ਦੀਆ।

ਸਾਰਾ ਖ਼ਾਨਦਾਨ ਮੇਰਾ ਖਤਮ ਸੀ ਕਰਤਾ ਇੱਕ ਲੁੱਕਿਆ ਛੁਪਿਆ ਮੈਂ ਰਹਿ ਗਿਆ,
ਲਾਸ਼ਾਂ ਦੇ ਵਿੱਚ ਲਾਸ਼ ਬਣ ਗਿਆ ਜਿਉਂਦਾ ਕਿਹੜਾ ਮੈਂ ਰਹਿ ਗਿਆ,
ਚੱਕ ਤੁਰਿਆ ਭੈਣ ਦਾ ਚੂੜਾ ਭਿੱਜੀ ਖੂਨ ਚ ਪੱਗ ਬਾਪੂ ਦੀ ਨਿਸ਼ਾਨੀਆ ਮੇਰੀ ਮਾਂ ਦੇ ਸ਼ੋਲ ਦੀਆ,
ਦੱਸ ਦਿਲ ਚੋ ਕਿੱਦਾ ਕੱਢ ਦਿਆ ਪੁੱਤਰਾ ਓਹ ਥਾਵਾਂ ਲਾਹੌਰ ਦੀਆ।
ਦੱਸ ਪੁੱਤਰਾ ਕਿੱਥੇ ਦਫ਼ਨ ਕਰਾ?

ਮਨਪ੍ਰੀਤ ਕੌਰ ਬਖ਼ਸ਼ੀਵਾਲਾ।

Previous articleਕੈਨੇਡਾ ਦੀ ਮਹਿਲਾ ਓਲੰਪਿਕ ਹਾਕੀ ਟੀਮ ਦੀ ਚੋਣ ਪ੍ਰਕਿਰਿਆ ਅੰਤਿਮ ਪੜਾਅ ’ਚ ਪੁੱਜੀ
Next articleਬੈਂਕ ਆਫ਼ ਇੰਗਲੈਂਡ ਵੱਲੋਂ ਬਿਆਜ ਦਰਾਂ ‘ਚ ਕਟੌਤੀ ਦੀ ਤਿਆਰੀ