ਅੰਮ੍ਰਿਤਸਰ (ਸਮਾਜ ਵੀਕਲੀ): ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਮੰਨਿਆ ਕਿ ਹਲਕੇ ਦੇ ਲੋਕਾਂ ਅਤੇ ਸਮਰਥਕਾਂ ਨਾਲ ਸੰਪਰਕ ਬਣਾਉਣ ਵਿਚ ਉਨ੍ਹਾਂ ਕੋਲੋਂ ਤਾਲਮੇਲ ਦੀ ਘਾਟ ਰਹੀ ਹੈ ਪਰ ਉਹ ਭਵਿੱਖ ਵਿਚ ਇਹ ਘਾਟ ਦੂਰ ਕਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਜਨਤਕ ਤੌਰ ’ਤੇ ਇਸ ਗਲਤੀ ਲਈ ਮੁਆਫੀ ਵੀ ਮੰਗੀ ਹੈ।
ਜ਼ਿਕਰਯੋਗ ਹੈ ਕਿ ਪੂਰਬੀ ਹਲਕੇ ਦੇ ਲੋਕਾਂ ਦੀ ਵੱਡੀ ਸ਼ਿਕਾਇਤ ਹੈ ਕਿ ਸਿੱਧੂ ਲੋਕਾਂ ਨਾਲ ਸੰਪਰਕ ਨਹੀਂ ਰੱਖਦੇ। ਸਿੱਧੂ ਨੇ ਕਿਹਾ ਕਿ ਲੋਕਾਂ ਦੀ ਇਹ ਸ਼ਿਕਾਇਤ ਦੂਰ ਕਰਨ ਲਈ ਉਹ ਇਕ ਵਿਸ਼ੇਸ਼ ਟੈਲੀਫੋਨ ਲਾਈਨ ਰਾਖਵੀਂ ਰੱਖਣਗੇ, ਜਿਥੇ ਹਲਕੇ ਦੇ ਲੋਕ ਉਨ੍ਹਾਂ ਨਾਲ ਸੰਪਰਕ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਗਲਤੀ ਸੀ ਕਿ ਉਹ ਲੋਕਾਂ ਦੇ ਸੰਪਰਕ ਵਿਚ ਨਹੀਂ ਰਹੇ। ਹੁਣ ਉਹ ਇਸ ਗਲਤੀ ਨੂੰ ਪਹਿਲ ਦੇ ਆਧਾਰ ’ਤੇ ਦੂਰ ਕਰਨਗੇ। ਹਲਕੇ ਦੇ ਬਕਾਇਆ ਰਹਿੰਦੇ ਵਿਕਾਸ ਦੇ ਕੰਮ ਪਹਿਲ ਦੇ ਆਧਾਰ ’ਤੇ ਪੂਰੇ ਕੀਤੇ ਜਾਣਗੇ। ਉਨ੍ਹਾਂ ਸਪੱਸ਼ਟੀਕਰਨ ਦਿੱਤਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਚੱਲ ਰਹੀ ਜੰਗ ਕਾਰਨ ਉਹ ਵਧੇਰੇ ਵਿਅਸਤ ਰਹੇ ਅਤੇ ਲੋਕਾਂ ਨਾਲ ਸੰਪਰਕ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਅੰਮ੍ਰਿਤਸਰ ਪੂਰਬੀ ਹਲਕੇ ਲਈ ਆਪਣੇ ਪੰਜ ਸਾਲਾਂ ਦੀ ਯੋਜਨਾ ਦਾ ਖੁਲਾਸਾ ਕਰਨਗੇ। ਜੋੜਾ ਫਾਟਕ ’ਤੇ ਬਣਨ ਵਾਲੇ ਪੁਲ ਨੂੰ ਪੂਰਾ ਕੀਤਾ ਜਾਵੇਗਾ। ਲੋਕਾਂ ਨੂੰ ਘਰ ਬੈਠਿਆਂ ਵੱਡੀਆਂ ਸਹੂਲਤਾਂ ਮਿਲਣਗੀਆਂ।
ਇਸ ਦੌਰਾਨ ਪੂਰਬੀ ਹਲਕੇ ਦੇ ਵਾਰਡ ਨੰਬਰ-47 ਤੋਂ ਕਾਂਗਰਸੀ ਕੌਂਸਲਰ ਜਤਿੰਦਰ ਕੌਰ ਸੋਨੀਆ, ਜੋ ਸਾਬਕਾ ਜ਼ਿਲਾ ਪ੍ਰਧਾਨ ਵੀ ਹਨ, ਕਾਂਗਰਸ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਪਾਰਟੀ ’ਚ ਮਾਣ-ਸਨਮਾਨ ਦੇਣ ਦਾ ਭਰੋਸਾ ਦਿੱਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly