ਕਿਰਤੀ

ਖੁਸ਼ੀ ਮੁਹੰਮਦ "ਚੱਠਾ"

(ਸਮਾਜ ਵੀਕਲੀ)

ਅਸੀਂ ਕਿਰਤੀਆਂ ਦੇ ਘਰ ਜੰਮੇਂ ਆਂ
ਅਸੀਂ ਕਿਰਤੀ ਹੋਏ
ਸਾਡੇ ਗੁਰਬਤ ਨਾਲ ਯਾਰਾਨੇ ਆਂ
ਅਸੀਂ ਜਿਉਂਦੇ ਮੋਏ

ਅਸੀਂ ਬੋਹਲ਼ ਦੁੱਖਾਂ ਦੇ ਲਾ ਲਏ
ਛੱਟ ਜ਼ਖ਼ਮ ਉਡਾਏ
ਸਾਡੀ ਖੁਸ਼ੀਆਂ ਨਾਲ ਨਹੀਂ ਬਣਦੀ
ਗ਼ਮ ਯਾਰ ਬਣਾਏ

ਸਾਡੇ ਪਿੰਡੇ ਗਿੱਠ ਗਿੱਠ ਮੈਲ਼ਾਂ
ਤਨ ਪਾਟੀਆਂ ਲੀਰਾਂ
ਸਾਡੇ ਪੈਰ ਬਿਆਈਆਂ ਪਾਟੀਆਂ
ਸਾਡੀਆਂ ਤਕਦੀਰਾਂ

ਸਾਡੇ ਅੱਗ ਸੀਨੇ ਵਿੱਚ ਬਲ਼ਦੀ
ਪਰ ਚੁੱਲ੍ਹੇ ਠੰਢੇ
ਸਾਡੇ ਬੱਚੇ ਨੰਗ ਧੜੰਗੜੇ
ਨੱਕ ਬੁੱਲ੍ਹਾਂ ਕੰਢੇ

ਸਾਡੀ ਅੱਖੀਆਂ ਨੂੰ ਨਹੀਂ ਸੁਰਮਾ
ਵਿੱਚ ਭਰੀਆਂ ਗਿੱਦਾਂ
ਸਾਡੇ ਦੰਦ ਬੁਰਸ਼ ਨੂੰ ਤਰਸਦੇ
ਰੰਗ ਪੀਲਾ ਜਿੱਦਾਂ

ਸਾਡੇ ਨਹੁੰਆਂ ਦੇ ਵਿੱਚ ਮਿੱਟੀਆਂ
ਮੂੰਹ ਡੱਬ – ਖੜੱਬੇ
ਸਾਡੀ ਦੇਹ ਹੱਡੀਆਂ ਦੀ ਮੁੱਠ ਹੈ
ਜਿਉਂ ਖੜਕਣ ਡੱਬੇ

ਹੋਰਾਂ ਦੇ ਮਹਿਲ ਉਸਾਰਦੇਂ
ਸਾਡੇ ਕੁੱਝ ਨਾ ਪੱਲੇ
ਸਾਡੀ ਕੁੱਲੀ ‘ਤੇ ਜੋ ਕੱਖ ਸੀ
ਉਹ ਵੀ ਉੱਡ ਚੱਲੇ

ਕੰਮੀਆਂ ਦਾ “ਖੁਸ਼ੀ ਮੁਹੰਮਦਾ”
ਜਿੱਥੇ ਰੈਣਬਸੇਰਾ
ਓਥੇ ਅਰਜ਼ ਕਰਾਂ ਮੈਂ ਮਾਲਕਾ
ਨਾ ਕਰੀਂ ਹਨ੍ਹੇਰਾ
ਓਥੇ ਅਰਜ਼ ਕਰਾਂ ਮੈਂ ਮਾਲਕਾ
ਨਾ ਕਰੀਂ ਹਨ੍ਹੇਰਾ……

ਖੁਸ਼ੀ ਮੁਹੰਮਦ “ਚੱਠਾ”
ਮੋਬਾ: 9779025356

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਮਜ਼ਦੂਰ ਚੌਂਕ”
Next articleਮਜ਼ਦੂਰ