ਗਿਆਨ ਅਤੇ ਸਿਆਣਪ

(ਸਮਾਜ ਵੀਕਲੀ)

ਗਿਆਨ ਅਤੇ ਸਿਆਣਪ ਵਿਚ ਕਾਫ਼ੀ ਫ਼ਰਕ ਹੈ ਪਰ ਹਨ ਦੋਨੋਂ ਇੱਕੋ ਸਿੱਕੇ ਦੇ ਦੋ ਪਹਿਲੂ।ਗਿਆਨਵਾਨ ਮਨੁੱਖ ਸਿਆਣਾ ਹੋਵੇ ਇਹ ਜ਼ਰੂਰੀ ਨਹੀਂ ਪਰ ਸਿਆਣਾ ਮਨੁੱਖ ਗਿਆਨਵਾਨ ਹੁੰਦਾ ਹੈ।

ਗਿਆਨਵਾਨ ਹੋਣ ਦਾ ਮਤਲਬ ਹੈ ਦੂਜਿਆਂ ਨੂੰ ਜਾਣਨਾ।ਤੱਥਾਂ ਦੀ ਜਾਣਕਾਰੀ ਹੋਣਾ।ਦੁਨੀਆਂ ਦੇ ਵਰਤਾਰੇ ਨੂੰ ਸਮਝਣਾ।ਵੱਖ ਵੱਖ ਵਿਸ਼ਿਆਂ ਵਿਚ ਗਹਿਨ ਜਾਣਕਾਰੀ ਹੋਣਾ ।ਦੂਜਿਆਂ ਨੂੰ ਤੇ ਉਨ੍ਹਾਂ ਦੇ ਵਤੀਰੇ ਨੂੰ ਸਮਝਣਾ।ਜੋ ਵਿਅਕਤੀ ਇਹ ਸਾਰੇ ਗੁਣ ਰੱਖਦਾ ਹੈ ਉਹ ਗਿਆਨਵਾਨ ਹੁੰਦਾ ਹੈ।ਉਹ ਹਰ ਵਰਤਾਰੇ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਹੈ ਜੋ ਉਸਦੇ ਆਲੇ ਦੁਆਲੇ ਵਾਪਰਦਾ ਹੈ।ਕੁਦਰਤ ਅਤੇ ਦੂਸਰਿਆਂ ਨੂੰ ਜਾਨਣ ਨਾਲ ਉਸ ਦੇ ਵਿਹਾਰ ਵਿੱਚ ਬਹੁਤ ਫ਼ਰਕ ਪੈਂਦਾ ਹੈ।ਉਹ ਦੂਜਿਆਂ ਨਾਲ ਸੁਲਝੇ ਹੋਏ ਤਰੀਕੇ ਨਾਲ ਪੇਸ਼ ਆਉਂਦਾ ਹੈ।ਉਸ ਨੂੰ ਹਰ ਤਰ੍ਹਾਂ ਦੀ ਜਾਣਕਾਰੀ ਹੋਣ ਦੇ ਕਾਰਨ ਉਹ ਸਥਿਤੀਆਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਹੈ।ਇਸ ਤਰ੍ਹਾਂ ਗਿਆਨਵਾਨ ਮਨੁੱਖ ਸਮਾਜ ਲਈ ਲਾਭਦਾਇਕ ਕੰਮ ਕਰਦਾ ਹੈ।ਦੂਸਰਿਆਂ ਨੂੰ ਉਸ ਤੋਂ ਮਦਦ ਮਿਲਦੀ ਹੈ।

ਗਿਆਨਵਾਨ ਮਨੁੱਖ ਸਿਆਣਾ ਹੋਵੇ ਇਹ ਜ਼ਰੂਰੀ ਨਹੀਂ।ਸਿਆਣਪ ਦਾ ਅਰਥ ਹੈ ਆਪਣੇ ਆਪ ਨੂੰ ਸਮਝਣਾ।ਦੂਜਿਆਂ ਦੀ ਸਮਝ ਹੋਣ ਤੇ ਆਪਣੇ ਆਪ ਦੀ ਸਮਝ ਹੋਣ ਵਿੱਚ ਬਹੁਤ ਜ਼ਿਆਦਾ ਅੰਤਰ ਹੈ।ਜਦੋਂ ਮਨੁੱਖ ਆਪਣੇ ਆਪ ਨੂੰ ਸਮਝਦਾ ਹੈ ਜਿੰਨਾ ਉਹ ਦੂਜਿਆਂ ਨੂੰ ਹੋਰ ਬਾਰੀਕੀ ਵਿੱਚ ਸਮਝ ਸਕਦਾ ਹੈ।ਉਸ ਦਾ ਵਿਹਾਰ ਹੀ ਬਦਲ ਜਾਂਦਾ ਹੈ।ਉਹ ਸਹਿਜ ਰੂਪ ਵਿੱਚ ਪੇਸ਼ ਆਉਂਦਾ ਹੈ।ਉਸ ਦੇ ਅੰਦਰ ਇਕ ਠਹਿਰਾਓ ਦਿਖਾਈ ਦਿੰਦਾ ਹੈ।ਉਸ ਨੂੰ ਆਪਣੇ ਗੁਣਾਂ ਤੇ ਦੋਸ਼ਾਂ ਦੀ ਚੰਗੀ ਤਰ੍ਹਾਂ ਜਾਣਕਾਰੀ ਹੁੰਦੀ ਹੈ।ਜਦੋਂ ਮਨੁੱਖ ਨੂੰ ਆਪਣੀਆਂ ਕਮੀਆਂ ਦੀ ਸਮਝ ਆ ਜਾਂਦੀ ਹੈ ਤਾਂ ਉਹ ਉਨ੍ਹਾਂ ਤੇ ਕੰਮ ਕਰਦਾ ਹੈ।ਇਸ ਤਰ੍ਹਾਂ ਉਹ ਆਪਣੇ ਆਪ ਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ।ਆਪਣੇ ਮਨ ਨੂੰ ਜਿੱਤ ਲੈਣਾ ਕੋਈ ਸੌਖਾ ਕੰਮ ਨਹੀਂ।ਇਹ ਇਕ ਸਿਆਣਾ ਮਨੁੱਖ ਹੀ ਕਰ ਸਕਦਾ ਹੈ।ਜਿਸ ਨੂੰ ਆਪਣੇ ਆਪ ਦੀ ਸਮਝ ਆ ਜਾਂਦੀ ਹੈ ਉਸ ਨੂੰ ਦੂਜਿਆਂ ਬਾਰੇ ਤਾਂ ਜਾਣਕਾਰੀ ਹੁੰਦੀ ਹੀ ਹੈ।ਸਿਆਣਾ ਮਨੁੱਖ ਗਿਆਨਵਾਨ ਵੀ ਹੁੰਦਾ ਹੈ।

ਗਿਆਨ ਤੇ ਸਿਆਣਪ ਦੋਹਾਂ ਦੀ ਆਪਣੀ ਮਹੱਤਤਾ ਹੈ।ਦੂਜਿਆਂ ਬਾਰੇ ਜਾਣਕਾਰੀ ਹੋਣ ਦੇ ਨਾਲ ਨਾਲ ਜੇਕਰ ਮਨੁੱਖ ਆਪਣੇ ਆਪ ਨੂੰ ਵੀ ਸਮਝਦਾ ਹੈ ਤਾਂ ਉਸ ਦੇ ਰਿਸ਼ਤੇ ਬਿਹਤਰ ਹੋ ਜਾਂਦੇ ਹਨ।ਉਹ ਗੁੰਝਲਦਾਰ ਹਾਲਾਤ ਨੂੰ ਵੀ ਸੁਲਝਾ ਲੈਂਦਾ ਹੈ ।ਅਜਿਹਾ ਮਨੁੱਖ ਛੇਤੀ ਕੀਤੇ ਘਬਰਾਉਂਦਾ ਨਹੀਂ।ਵਿਪਰੀਤ ਪਰਿਸਥਿਤੀਆਂ ਵਿਚ ਵੀ ਧੀਰਜ ਦਾ ਪੱਲਾ ਫੜੀ ਰੱਖਦਾ ਹੈ।ਅਜਿਹਾ ਮਨੁੱਖ ਇੱਕ ਸਰਮਾਇਆ ਹੁੰਦਾ ਹੈ।

ਕੋਸ਼ਿਸ਼ ਕਰਨੀ ਚਾਹੀਦੀ ਹੈ ਅਸੀਂ ਗਿਆਨਵਾਨ ਹੋਣ ਦੇ ਨਾਲ ਨਾਲ ਸੂਝਵਾਨ ਵੀ ਹੋਈਏ।ਦੂਜਿਆਂ ਨੂੰ ਸਮਝਣ ਤੋਂ ਪਹਿਲਾਂ ਆਪਣੇ ਆਪ ਨੂੰ ਸਮਝੀਏ।ਅਸੀਂ ਬੜੀ ਛੇਤੀ ਕਿਸੇ ਤੇ ਕੋਈ ਜੱਜਮੈਂਟ ਪਾਸ ਕਰ ਦਿੰਦੇ ਹਾਂ।ਇਸ ਤੋਂ ਪਹਿਲਾਂ ਪਰਿਸਥਿਤੀਆਂ ਨੂੰ ਜਾਣ ਲੈਣਾ ਜ਼ਰੂਰੀ ਹੈ।ਇਕ ਸੂਝਵਾਨ ਮਨੁੱਖ ਹਮੇਸ਼ਾ ਤੱਥਾਂ ਦੀ ਜਾਣਕਾਰੀ ਲੈਂਦਾ ਹੈ।ਹਾਲਾਤ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਅਤੇ ਫਿਰ ਆਪਣੀ ਰਾਇ ਬਣਾਉਂਦਾ ਹੈ।

ਆਓ ਆਪਣੇ ਆਪ ਨੂੰ ਜਾਨਣ ਤੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਜੋ ਆਪਣੀ ਤੇ ਆਪਣੇ ਦੀ ਜ਼ਿੰਦਗੀ ਨੂੰ ਸੁਖਾਲਾ ਕਰ ਸਕੀਏ।

ਹਰਪ੍ਰੀਤ ਕੌਰ ਸੰਧੂ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀ ਸਪਤਾਹ ਮੌਕੇ ਜਗਤਾਰ ਸਿੰਘ ਹਿੱਸੋਵਾਲ ਦੀ ਕਾਵਿ ਪੁਸਤਕ “ਨਾਬਰੀ ਦਾ ਗੀਤ” ਲੋਕ ਅਰਪਣ
Next articleਕਰਕੇ ਮਿਹਰ ਇਸ ਦਾ ਮਨ ਸ਼ਾਂਤ ਕਰ ਦੇ