ਕਿਰਤੀ ਦੀ ਜਿੱਤ

ਬਰਜਿੰਦਰ ਕੌਰ ਬਿਸਰਾਓ.

(ਸਮਾਜ ਵੀਕਲੀ)-ਇਤਿਹਾਸ ਦੁਹਰਾਇਆ ਜਾ ਰਿਹਾ ਹੈ। ਫਿਰ ਤੋਂ ਕਿਰਤੀਆਂ ਦੀਆਂ ਕਹਾਣੀਆਂ ਘਰ-ਘਰ ਵਿੱਚ ਹੋ ਰਹੀਆਂ ਹਨ। ਜਿੱਤ ਦੇ ਜਸ਼ਨ ਮਨਾਏ ਜਾ ਰਹੇ ਹਨ। ਉਹਨਾਂ ਦਾ ਜੋਸ਼ ਦੇਖਣ ਵਾਲ਼ਾ ਹੈ, ਉਹਨਾਂ ਦੀ ਹਿੰਮਤ ਅਤੇ ਹੌਸਲੇ ਬੁਲੰਦ ਹੋ ਗਏ ਹਨ। ਕਹਿੰਦੇ ਹਨ ਕਿ ਜਦ ਮਿਹਨਤ ਪੱਲੇ ਹੋਵੇ,ਇਰਾਦਾ ਨੇਕ ਹੋਵੇ, ਹੌਸਲਾ ਹੋਵੇ , ਜੋਸ਼ ਅਤੇ ਹੋਸ਼ ਹੋਵੇ, ਨਾਲ਼ ਹੀ ਖੁਦ ਤੇ ਅਟੱਲ ਵਿਸ਼ਵਾਸ ਹੋਵੇ ਤਾਂ ਪਹਾੜ ਜਿੱਡੀਆਂ ਤਾਕਤਾਂ ਵੀ ਰਾਈ ਜਿੰਨੀਆਂ ਰਹਿ ਜਾਂਦੀਆਂ ਹਨ। ਉਹਨਾਂ ਨੂੰ ਸਰ ਕਰਨਾ ਕੋਈ ਮੁਸ਼ਕਲ ਨਹੀਂ ਹੁੰਦਾ।ਇਹ ਕਰ ਵਿਖਾਇਆ ਹੈ ਸਾਡੇ ਕਿਰਤੀਆਂ ਨੇ। ਅੱਜ ਦੀ ਪੀੜ੍ਹੀ ਨੇ ਕਿਰਤੀ ਦੀ ਜਿੱਤ ਦੀਆਂ ਕਹਾਣੀਆਂ ਪੜ੍ਹੀਆਂ ਸੁਣੀਆਂ ਹੋਣਗੀਆਂ ਪਰ ਅੱਜ ਸਭ ਨੇ ਅੱਖੀਂ ਵੇਖ ਲਿਆ ਹੈ। ਇਸ ਜਿੱਤ ਦਾ ਸਿਹਰਾ ਭਾਰਤ ਦੇ ਸਾਰੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਸਿਰ ਆਉਂਦਾ ਹੈ , ਕਿਰਤੀਆਂ ਦੇ ਸਿਰ ਆਉਂਦਾ ਹੈ।
ਤਿੰਨ ਕਾਲ਼ੇ ਕਾਨੂੰਨ ਜ਼ਬਰੀ ਲਾਗੂ ਕਰਨਾ ਚਾਹੁੰਦੀ ਸੀ ਸਾਡੀ ਮੌਜੂਦਾ ਸਰਕਾਰ,ਉਸ ਦੇ ਵਿਰੋਧ ਵਿੱਚ,ਉਹ ਕਾਲ਼ੇ ਕਾਨੂੰਨ ਰੱਦ ਕਰਵਾਉਣ ਲਈ ਵੱਖ ਵੱਖ ਸੂਬਿਆਂ ਦੇ ਕਿਸਾਨਾਂ ਵੱਲੋਂ ਸਾਲ ਪਹਿਲਾਂ ਦਿੱਲੀ ਦੀ ਚਾਰੋਂ ਤਰਫ਼ ਤੋਂ ਘੇਰਾਬੰਦੀ ਕਰ ਦਿੱਤੀ ਗਈ।ਇਸ ਸੰਘਰਸ਼ ਦੌਰਾਨ ਕਿਸਾਨਾਂ ਨੂੰ , ਮਜ਼ਦੂਰਾਂ ਨੂੰ,ਪਾਣੀ ਦੀਆਂ ਬੁਛਾੜਾਂ,ਝੂਠੇ ਪੁਲਿਸ ਪਰਚੇ, ਸਮੇਂ ਸਮੇਂ ਤੇ ਉਹਨਾਂ ਉੱਪਰ ਸਰਕਾਰ ਦੀਆਂ ਸਾਜ਼ਿਸ਼ਾਂ , ਗੋਦੀ ਮੀਡੀਆ ਦਾ ਭੰਡੀ ਪ੍ਰਚਾਰ ਅਤੇ ਹੋਰ ਅਨੇਕਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਪਰ ਨੌਂ-ਨੌਂ ਸਾਲ ਦੇ ਬੱਚਿਆਂ ਤੋਂ ਲੈ ਕੇ ਨੱਬੇ-ਨੱਬੇ ਸਾਲ ਦੇ ਬਜ਼ੁਰਗ, ਬੁੱਢੀਆਂ ਮਾਵਾਂ ਸਭ ਸੜਕਾਂ ਉੱਪਰ ਝੱਖੜ- ਤੁਫ਼ਾਨ, ਜੇਠ ਹਾੜ ਦੀਆਂ ਧੁੱਪਾਂ,ਪੋਹ ਮਾਘ ਦੀਆਂ ਬਰਫ਼ੀਲੀਆਂ ਰਾਤਾਂ ਵਿੱਚ ਡਟੇ ਰਹੇ। ਸਾਡੀਆਂ ਮਾਵਾਂ, ਭੈਣਾਂ ਅਤੇ ਧੀਆਂ ਨੇ ਮੋਰਚੇ ਨੂੰ ਭਰਪੂਰ ਸਹਿਯੋਗ ਦਿੱਤਾ।ਉਹ ਹਰ ਮੋੜ ਤੇ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਦਿਖਾਈ ਦਿੱਤੀਆਂ।ਇਸ ਦੌਰਾਨ ਮੋਰਚੇ ਨੂੰ ਸਾਰੇ ਵਰਗਾਂ ਦਾ ਭਰਪੂਰ ਹੁੰਗਾਰਾ ਮਿਲਿਆ। ਚਾਹੇ ਸਮਾਜਿਕ, ਸਾਹਿਤਕ ਤੇ ਦਲਿਤ ਜਥੇਬੰਦੀਆਂ, ਸੋਸ਼ਲ ਮੀਡੀਆ,ਆਮ ਲੋਕਾਂ ਅਤੇ ਸਥਾਨਕ ਲੋਕਾਂ ਨੇ ਮੋਰਚੇ ਵਿੱਚ ਭਰਪੂਰ ਯੋਗਦਾਨ ਪਾਇਆ। ਇੱਥੋਂ ਤੱਕ ਕਿ ਵਿਦੇਸ਼ੀ ਸੰਸਦਾਂ ਅਤੇ ਮੀਡੀਆ ਵਿੱਚ ਵੀ ਸੰਘਰਸ਼ ਪੱਖੀ ਅਵਾਜ਼ ਗੂੰਜੀ। ਪਰ ਇਹ ਸਿਰਫ਼ ਕਿਰਤੀਆਂ ਦੇ ਉੱਦਮ, ਕਿਰਦਾਰ ਅਤੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਨਾਲ ਹੀ ਸੰਭਵ ਹੋਇਆ। ਉਹਨਾਂ ਦੀ ਅਵਾਜ਼ ਦੇਸ਼ਾਂ- ਵਿਦੇਸ਼ਾਂ ਵਿੱਚ ਭਾਵ ਸੰਸਾਰ ਦੇ ਕੋਨੇ ਕੋਨੇ ਵਿੱਚ ਗੂੰਜੀ।ਇਸੇ ਦੌਰਾਨ ਕਿਸਾਨਾਂ ਨੇ ਐਨੇ ਲੰਮੇ ਸੰਘਰਸ਼ ਵਿੱਚ ਦੇਸ਼ ਦੀ ਕਿਸੇ ਵੀ ਰਾਜਨੀਤਕ ਪਾਰਟੀ ਦਾ ਸਮਰਥਨ ਨਾ ਲੈਣ ਦਾ ਫੈਸਲਾ ਕੀਤਾ।ਇਸ ਫੈਸਲੇ ਦੀ ਪੂਰੇ ਸੰਘਰਸ਼ ਕਾਲ ਵਿੱਚ ਕਿਰਤੀਆਂ ਵੱਲੋਂ ਸਖ਼ਤੀ ਨਾਲ ਪਾਲਣਾ ਵੀ ਕੀਤੀ ਗਈ।

ਆਖਿਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਉਹ ਭਾਗਾਂ ਭਰੀ ਸਵੇਰ ਚੜ੍ਹੀ ਜਿਸ ਵਿੱਚ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਇਹ ਕਾਨੂੰਨ ਹੁਣ ਖ਼ਤਮ ਹੋ ਜਾਣਗੇ। ਸਾਰੇ ਦੇਸ਼ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਪਰ ਬਹੁਤ ਸਾਰੇ ਲੋਕਾਂ ਦੇ ਮਨ ਵਿਚ ਇਹ ਸਵਾਲ ਉੱਠਦਾ ਹੈ ਕਿ ਆਖਰ ਇਨ੍ਹਾਂ ਕਾਨੂੰਨਾਂ ਨੂੰ ਅਚਾਨਕ ਕਿਉਂ ਵਾਪਸ ਲਿਆ ਗਿਆ ਹੈ, ਐਨੇ ਲੰਮੇ ਸਮੇਂ ਤੱਕ ਆਪਣੀ ਗੱਲ ’ਤੇ ਅੜੀ ਰਹੀ ਕੇਂਦਰ ਸਰਕਾਰ ਅਚਾਨਕ ਪਿਘਲ ਕਿਵੇਂ ਗਈ ਹੈ? ਸਿਆਸੀ ਦਿ੍ਸ਼ਟੀਕੋਣ ਤੋਂ ਵੇਖਿਆ ਜਾਵੇ ਤਾਂ ਲੱਗਦਾ ਹੈ ਕਿ ਪੰਜਾਬ ਤੇ ਉੱਤਰ ਪ੍ਰਦੇਸ਼ ਦੀਆਂ ਆਉਣ ਵਾਲੀਆਂ ਚੋਣਾਂ ਕਾਰਨ ਇਹ ਕਦਮ ਚੁੱਕਿਆ ਗਿਆ ਹੈ।ਇਹ ਧਿਆਨ ਗੋਚਰੇ ਰੱਖਿਆ ਜਾਵੇ ਕਿ ਕਿਸਾਨੀ ਸੰਘਰਸ਼ ਦੀ ਜਿੱਤ ਕਿਸੇ ਵੀ ਸਿਆਸੀ ਪਾਰਟੀ ਦੇ ਦਖ਼ਲ ਅੰਦਾਜ਼ੀ ਤੋਂ ਬਿਨਾਂ ਹੋਈ ਹੈ , ਨਿਰੋਲ ਕਿਰਤੀਆਂ ਦੀ ਜਿੱਤ ਹੈ,ਸਬਰ ਸਿਦਕ ਦੀ ਜਿੱਤ ਹੈ ਹੌਸਲੇ ਹਿੰਮਤ ਦੀ ਜਿੱਤ ਹੈ। ਕਿਰਤੀਆਂ ਦੇ ਏਕੇ ਦੀ ਅਵਾਜ਼ ਵਿੱਚ ਦਮ ਹੀ ਐਨਾ ਹੁੰਦਾ ਹੈ ਕਿ ਉਹ ਵੱਡਿਆਂ ਵੱਡਿਆਂ ਨੂੰ ਝੁਕਣਾ ਸਿਖਾਂ ਦਿੰਦੀ ਹੈ।
ਕਿਰਤੀਆਂ ਦੀ ਇੱਕਜੁਟਤਾ,ਸਬਰ ਸਿਦਕ , ਹਿੰਮਤ ਅਤੇ ਚੇਤੰਨਤਾ ਕਾਰਨ ਹੀ ਸੰਘਰਸ਼ ਐਨਾ ਲੰਬਾ ਚੱਲ ਸਕਿਆ ਹੈ ਜਿਸ ਕਰਕੇ ਕਿਸਾਨ ਮੋਰਚਾ ਫ਼ਤਿਹ ਕਰਨ ਵਿੱਚ ਕਾਮਯਾਬ ਹੋਏ ਹਨ। ਕਿਸਾਨਾਂ ਨੇ ਜਿਹੜੀ ਚੇਤਨਾ ਨਾਲ ਮੋਰਚਾ ਜਿੱਤਿਆ ਹੈ ਉਹੀ ਚੇਤੰਨਤਾ ਸਦਾ ਬਰਕਰਾਰ ਰੱਖਣ ਦੀ ਲੋੜ ਹੈ। ਕਿਸਾਨਾਂ ਲਈ ਹੁਣ ਸਿਆਸੀ ਹੇਰਫੇਰ ਦੇ ਜਾਲ਼ ਤੋਂ ਬਚਣ ਦਾ ਸਮਾਂ ਆ ਗਿਆ ਹੈ । ਹੁਣ ਸੁਚੇਤ ਰਹਿਣ ਦੀ ਲੋੜ ਹੈ। ਤੁਸੀਂ ਉਹ ਕਿਰਤੀ ਹੋ ਜੋ ਸਾਲ ਭਰ ਸੜਕਾਂ ਤੇ ਰੈਣ ਬਸੇਰਾ ਬਣਾਇਆ, ਸਰਕਾਰਾਂ ਨੇ ਸੜਕਾਂ ਤੇ ਕਿੱਲ ਬੀਜੇ ਤੁਸੀਂ ਉੱਥੇ ਵੀ ਛੋਟੀਆਂ ਛੋਟੀਆਂ ਖੇਤੀਆਂ ਕੀਤੀਆਂ। ਹੁਣ ਉਹ ਰਾਹਾਂ ਨੂੰ ਸਲਾਮਾਂ ਹੋਣਗੀਆਂ ਅਤੇ ਵਰ੍ਹਿਆਂ ਬੱਧੀ ਯਾਦ ਕੀਤਾ ਜਾਵੇਗਾ । ਕਿਰਤੀਆਂ ਨੇ ਆਪਣਾ ਢਿੱਡ ਭਰਨ ਦੇ ਉਪਰਾਲੇ ਕੀਤੇ ਪ੍ਰੰਤੂ ਉੱਥੇ ਵਸਦੇ ਕਿੰਨੇ ਗਰੀਬ ਲੋਕਾਂ ਦੇ ਵੀ ਪਰਿਵਾਰ ਪਾਲੇ। ਕਿਸਾਨਾਂ ਦੇ ਕਿੰਨੇ ਵਿਸ਼ਾਲ ਹਿਰਦੇ ਹਨ।

ਇਹ ਉਦਾਰਤਾ ਦੀਆਂ ਕਹਾਣੀਆਂ ਸਿਰਫ਼ ਸਾਡੇ ਕਿਰਤੀਆਂ ਦੇ ਹਿੱਸੇ ਹੀ ਆਈਆਂ ਹਨ।ਜਿਹੜੇ ਕਿਸਾਨ ਸ਼ਹੀਦ ਹੋਏ ਉਹਨਾਂ ਦੀਆਂ ਸ਼ਹਾਦਤਾਂ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ। ਉਹਨਾਂ ਦੀਆਂ ਸ਼ਹਾਦਤਾਂ ਵਿਅਰਥ ਨਹੀਂ ਗਈਆਂ।
ਹੁਣ ਕਿਰਤੀਆਂ ਨੂੰ ਆਪਣੀ ਤਾਕਤ ਦੀ ਕੀਮਤ ਨੂੰ ਸਮਝਦੇ ਹੋਏ ਉਸ ਨੂੰ ਆਪਣੀ ਕਮਜ਼ੋਰੀ ਨੂੰ ਤਾਕਤ ਬਣਾਉਣਾ ਪਵੇਗਾ। ਕਿਸਾਨ ਹੁਣ ਕਿਸੇ ਦੇ ਮੁਹਤਾਜ ਨਹੀਂ ਰਹਿ ਗਏ ਹਨ । ਉਹਨਾਂ ਨੂੰ ਵਿਅਕਤੀ ਪਛਾਣ ਕੇ ਆਪਣੀ ਤਾਕਤ ਦਾ ਸਾਥੀ ਬਣਾਉਣਾ ਪਵੇਗਾ ‌। ਆਪਣੀ ਇੱਕਜੁਟਤਾ ਨੂੰ ਸਦਾ ਕਾਇਮ ਰੱਖਣਾ ਪਵੇਗਾ।ਕਿਸਾਨਾਂ ਦੀ ਜਿੱਤ ਚਾਹੇ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਹੋਈ ਹੋਵੇ ਜਾਂ ਕਿਸੇ ਹੋਰ ਕਾਰਨ ਕਰਕੇ ਪਰ ਇਹ ਜਿੱਤ ਕਿਰਤੀ ਦੀ ਅਣਖ, ਇੱਕਜੁਟਤਾ, ਸਬਰ, ਸਿਰੜ ਅਤੇ ਹਿੰਮਤ ਦੀ ਜਿੱਤ ਹੈ ।ਇਸ ਜਿੱਤ ਨੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ।

ਸ਼ਾਬਾਸ਼ ! ਮੇਰੇ ਕਿਸਾਨ ਵੀਰੋ,ਕਿਰਤੀਓ! ਤੁਹਾਡੀ ਜਿੱਤ ਸਿਰਫ਼ ਇੱਕ ਸੂਬੇ ਜਾਂ ਦੇਸ਼ ਵਿਚਲੀ ਜਿੱਤ ਨਹੀਂ ਹੈ।ਇਹ ਇੱਕ ਅੰਤਰਰਾਸ਼ਟਰੀ ਪੱਧਰ ਦੀ ਜਿੱਤ ਬਣ ਗਈ ਹੈ। ਪਹਿਲਾਂ ਸੰਸਾਰ ਦੇ ਕੋਨੇ ਕੋਨੇ ਵਿੱਚ ਤੁਹਾਡੀ ਆਵਾਜ਼ ਗੂੰਜ ਰਹੀ ਸੀ ਅੱਜ ਤੁਹਾਡੀ ਜਿੱਤ ਅਤੇ ਜਸ਼ਨ ਦੀ ਅਵਾਜ਼ ਗੂੰਜ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਕਈ ਦੇਸ਼ਾਂ ਦੇ ਕਿਰਤੀ ਕਾਮੇ ਤੁਹਾਡੀਆਂ ਪੈੜਾਂ ਤੇ ਤੁਰਨਗੇ। ਅੱਜ ਸਾਰੇ ਕਿਸਾਨ ,ਮਜ਼ਦੂਰ,ਕਿਰਤੀ ਆਪਣੀ ਜਿੱਤ ਉੱਤੇ ਵਧਾਈ ਦੇ ਹੱਕਦਾਰ ਹਨ।

ਬਰਜਿੰਦਰ ਕੌਰ ਬਿਸਰਾਓ…
9988901324

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਰਕਸ਼ੀਲਾਂ ਨੇ ਮੌੜਾਂ ਸਕੂਲ ਵਿਖੇ ਦਿੱਤਾ ਵਿਗਿਆਨਕ ਸੋਚ ਦਾ ਸੱਦਾ
Next articleਕਬੱਡੀ ਦੇ ਧਨੰਤਰ ਖਿਡਾਰੀ ਸੋਮਾ ਘਰਾਚੋਂ ਨੂੰ ਸਅਦ ਸਯੁੰਕਤ ਨੇ ਲਾਇਆ ਦਿੜ੍ਹਬਾ ਤੋਂ ਇੰਚਾਰਜ ।