ਸਰਕਾਰ ਨੇ ਲਾਰਿਆਂ ਨਾਲ ਹੀ ਬੁੱਤਾ ਸਾਰਿਆ – ਖਿਡਾਰਨ ਦੇ ਪਿਤਾ ਜੀ
ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਵਾਕੋ ਇੰਡੀਆ ਸੀਨੀਅਰ ਅਤੇ ਮਾਸਟਰਸ ਨੈਸ਼ਨਲ ਕਿੱਕ-ਬਾਕਿਸੰਗ ਚੈਂਪੀਅਨ 2024 ਮਾਪੂਸਾ ਗੋਆ 24 ਜੁਲਾਈ ਤੋਂ 28 ਜੁਲਾਈ ਤੱਕ ਹੋਈਆਂ ਖੇਡਾਂ ਵਿੱਚ ਸਾਡੀ ਧੀ ਨੇ ਫਿਰ ਇਲਾਕੇ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਇਹ ਵਿਚਾਰ ਪ੍ਰਗਟ ਕਰਦਿਆਂ ਕਿੱਕ-ਬਾਕਸਿੰਗ ਦੀ ਨੈਸ਼ਨਲ ਖਿਡਾਰਨ ਤੇ ਬੰਗਾ ਇਲਾਕੇ ਦੇ ਨਾਮਵਰ ਪੱਤਰਕਾਰ ਤੇ ਪਿੰਡ ਸੱਲ ਕਲਾਂ ਦੇ ਨੰਬਰਦਾਰ ਡਾਕਟਰ ਚਰਨਜੀਤ ਸੱਲ੍ਹਾਂ ਦੀ ਬੇਟੀ ਮੁਸਕਾਨ ਅੱਜ ਜਦੋਂ ਗੋਆ ਤੋਂ ਆਖਰੀ ਖੇਡ ਵਿਚ ਜਿੱਤ ਕੇ ਪਿੰਡ ਪਹੁੰਚੀ ਤਾਂ ਨਗਰ ਨਿਵਾਸੀਆਂ, ਵੱਖ ਵੱਖ ਧਾਰਮਿਕ ਆਗੂਆਂ, ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਜਥੇਬੰਦੀਆਂ ਦੇ ਆਗੂਆਂ ਵਲੋਂ ਸਵਾਗਤ ਕੀਤਾ ਗਿਆ। ਉਹਨਾਂ ਦੱਸਿਆ ਕਿ ਨੈਸ਼ਨਲ ਪੱਧਰ ਤੇ ਕਿੱਕ-ਬਾਕਸਿੰਗ ਵਿੱਚ ਨਾਮ ਕਮਾ ਚੁੱਕੀ ਖਿਡਾਰਨ ਮੁਸਕਾਨ ਨੇ ਮਹਾਂਰਾਸ਼ਟਰ, ਉੱਤਰ ਪ੍ਰਦੇਸ਼, ਕਰਨਾਟਕ, ਹਰਿਆਣਾ, ਸਿੱਕਮ ਸਮੇਤ ਹੋਰ ਸੂਬਿਆਂ ਦੀਆਂ ਖਿਡਾਰਨਾਂ ਨਾਲ ਮੈਦਾਨ ਵਿੱਚ ਦੋ-ਦੋ ਹੱਥ ਕਰਕੇ ਖੂਬ ਵਾਹ-ਵਾਹ ਖੱਟੀ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਇਹਨਾਂ ਖੇਡਾਂ ਵਿੱਚ ਮੁਸਕਾਨ ਨੇ ਆਪਣੀ ਵਧੀਆ ਖੇਡ ਤੇ ਕਾਬਲੀਅਤ ਨਾਲ ਸੋਨੇ ਦੇ ਮੈਡਲ ਤੇ ਕਬਜਾ ਕਰਕੇ ਆਪਣੀ ਲੈਅ ਨੂੰ ਬਰਕਰਾਰ ਰੱਖਿਆ। ਇਸ ਮੌਕੇ ਮੁਸਕਾਨ ਦੇ ਕੋਚ ਮਨਜੀਤ ਸਿੰਘ ਲੌਂਗੀਆ ਨੇ ਦੱਸਿਆ ਕਿ ਮੇਰੀ ਟੀਮ ਦਾ ਹਿੱਸਾ ਬਣੀ ਮੁਸਕਾਨ ਤੇ ਮੈਨੂੰ ਬਹੁਤ ਹੀ ਆਸਾਂ ਤੇ ਉਮੀਦਾਂ ਹਨ, ਇਹ ਧੀ ਇਕ ਦਿਨ ਅਸਮਾਨ ਦੀਆਂ ਬੁਲੰਦੀਆਂ ਜਰੂਰ ਜਿੱਤ ਲਵੇਗੀ। ਇਸ ਵਿੱਚ ਹੁਨਰ ਤੇ ਮਿਹਨਤ ਦੀ ਕੋਈ ਕਮੀ ਨਹੀਂ ਹੈ। ਬੱਸ ਪਰਿਵਾਰ ਦਾ ਗਰੀਬ ਹੋਣਾ ਕਈ ਵਾਰ ਤਕਲੀਫ ਜਰੂਰ ਪਹੁੰਚਾ ਦਿੰਦਾ ਹੈ, ਜਦੋਂ ਕਿ ਸਰਕਾਰ ਦੀ ਤਰਫੋਂ ਵੀ ਕੋਈ ਮੱਦਦ ਨਾ ਮਿਲਣਾ ਵੀ ਸਾਡੀ ਰੂਹ ਨੂੰ ਬਹੁਤ ਝੰਜੋੜਦਾ ਹੈ। ਪਰ ਫਿਰ ਵੀ ਇਲਾਕੇ ਦੇ ਐਨ ਆਰ ਆਈ ਤੇ ਹੋਰ ਬੇਸ਼ੁਮਾਰ ਲੋਕਾਂ ਦੇ ਪਿਆਰ ਦਾ ਮੁੱਲ ਇਹ ਧੀ ਮੈਡਲ ਜਿੱਤ ਕੇ ਜਰੂਰ ਮੋੜ ਰਹੀ ਹੈ। ਸਰਕਾਰ ਨੂੰ ਵੀ ਇਸ ਬੱਚੀ ਦੀ ਹੌਂਸਲਾ ਅਫਜਾਈ ਕਰਦਿਆਂ ਮਾਲੀ ਮੱਦਦ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ। ਕੋਚ ਨੇ ਦੱਸਿਆ ਕਿ ਮੁਸਕਾਨ ਨੇ ਮਹਾਂਰਾਸ਼ਟਰ ਤੇ ਉੱਤਰ ਪ੍ਰਦੇਸ਼ ਦੇ ਖਿਡਾਰੀਆਂ ਨੂੰ ਕਿੱਕ-ਬਾਕਸਿੰਗ ਤੇ ਆਪਣੀ ਮਜਬੂਤ ਪਕੜ ਨਾੜ ਮੂਧੇ ਮੂੰਹ ਪਟਕਾ ਮਾਰਿਆ ਤੇ ਤਕੜੀ ਜਿੱਤ ਦਰਜ ਕਰਵਾਈ। ਇਸ ਮੌਕੇ ਮੁਸਕਾਨ ਦਾ ਸਵਾਗਤ ਤੇ ਵਧਾਈ ਦੇਣ ਪਹੁੰਚੇ ਪਿੰਡ ਦੇ ਸਰਪੰਚ ਸੁਖਦੀਪ ਸਿੰਘ ਖਾਲਸਾ ਤੇ ਹੋਰ ਪਤਵੰਤਿਆਂ ਨੇ ਵੀ ਦੱਸਿਆ ਕਿ ਇਸ ਹੋਣਹਾਰ ਬੱਚੀ ਨੇ ਸਾਡੇ ਪਿੰਡ ਦਾ ਨਾਮ ਚਮਕਾਇਆ ਹੈ। ਸਾਨੂੰ ਇਸ ਤੋਂ ਹੋਰ ਵੀ ਬਹੁਤ ਉਮੀਦਾਂ ਹਨ। ਸਾਡੀ ਸਰਕਾਰ ਨੂੰ ਵੀ ਬੇਨਤੀ ਹੈ ਕਿ ਇਸ ਬੱਚੀ ਦੀ ਬਾਂਹ ਜਰੂਰ ਫੜੀ ਜਾਵੇ, ਤਾਂ ਜੋ ਇਹ ਬੱਚੀ ਹੋਰ ਮੰਜਿਲਾਂ ਤਹਿ ਕਰ ਸਕੇ। ਇਸ ਮੌਕੇ ਵਧਾਈ ਦੇਣ ਵਾਲਿਆਂ ਵਿੱਚ ਸਰਪੰਚ ਸੁਖਦੀਪ ਸਿੰਘ ਖਾਲਸਾ, ਪਰਮਿੰਦਰ ਸਿੰਘ ਨੰਬਰਦਾਰ, ਸੁਰਜੀਤ ਕੁਮਾਰ ਵਾਲੀਆਂ, ਕੁਲਦੀਪ ਸਿੰਘ ਵਾਲੀਆ, ਜਸਵੀਰ ਸਿੰਘ, ਸਤਨਾਮ ਸਿੰਘ ਵਾਲੀਆ, ਰਾਜਵਿੰਦਰ ਕੌਰ ਪੰਚ, ਗੁਰਮੀਤ ਕੌਰ, ਅਵਤਾਰ ਭੱਟੀ, ਜਸਪ੍ਰੀਤ ਭੱਟੀ, ਰਾਹੁਲ ਬੰਗਾ, ਅੰਕੁਸ਼ ਭੱਟੀ, ਸੋਮ ਨਾਥ ਭੱਟੀ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly