(ਸਮਾਜ ਵੀਕਲੀ)
ਗੱਲ 60-61 ਦੀ ਆ
ਮਿੱਠੂ, ਮੱਝਾਂ ਦਾ ਛੋਟਾ – ਮੋਟਾ ਵਪਾਰ ਕਰਦਾ ਸੀ ,ਨੇੜ -ਦੂਰ ਦੇ ਪਿੰਡਾਂ ਚੋਂ ਮੱਝਾਂ -ਕੱਟੀਆਂ ਖ਼ਰੀਦ ਲਾਉਣੀਆਂ,ਚਾਰ – ਛੇ ਮੀਹਨੇ ਸਾਂਭਣੀਆਂ ਤੇ ਵਿੱਗ -ਸਿਰ ਹੋਣ ਤੇ ਦਸ-ਵੀਹ ਰੁਪੈ ਨਫ਼ਾ ਲੈ ਕੇ ਵੇਚ ਦੇਣੀਆਂ । ਉਹਦੇ ਘਰ ਆਲ਼ੀ ਬੜੀ ਛੈਲ ਸੀ ,ਮਿੱਠੂ ਜਿੱਥੋਂ ਤੱਕ ਵਾਹ ਚਲਦੀ ਰਾਤ ਨੂੰ ਘਰ ਮੁੜ ਈ ਆਉਂਦਾ ਸੀ ।
ਉਦੋਂ ਪਿੰਡਾਂ ਆਲ਼ੇ ਰਾਹ ਕੱਚੇ ਸਨ, ਤੇ ਬੱਸਾਂ , ਪਿੰਡਾਂ ਤੋਂ ਤਿੰਨ ਚਾਰ ਕੋਹ ਪਾਸੇ ਤੇ ਜੀ.ਟੀ .ਰੋਡ ਜਾਂ ਮੇਨ ਸੜ੍ਹਕ ਤੇ ਹੀ ਖੜ੍ਹਦੀਆਂ ਸਨ । ਗਰਮੀਆਂ ਦਾ ਮੀਹਨਾ ਸੀ ਮਿੱਠੂ ਅੱਡੇ ਤੇ ਬੈਠਾ ਬੱਸ ਡੀਕ ਰਿਹਾ ਸੀ , ਲੰਮਾ ਸਮਾਂ ਕੋਈ ਬੱਸ ਨਾ ਆਈ, ਕੋਲ ਈ ਥੋੜ੍ਹੀ ਦੂਰੀ ਤੇ ਇੱਕ ਸੱਠ ਕੁ ਸਾਲ ਦਾ ਬਾਬਾ ਬੈਠਾ ਸੀ ,ਟੈਮ ਲੰਘਾਉਣ ਲਈ ਮਿੱਠੂ ਉੱਠ ਕੇ ਬਾਬੇ ਲਾਗੇ ਚਲਾ ਗਿਆ ਤੇ ਬੋਲਿਆ, “ਸਾਸਰੀ ਕਾਲ ,ਬਾਬਾ ਜੀ , ਕੋਈ ਗੱਲਬਾਤ ਈ ਸਣਾ ਦਿਓ।”
“ਸਾਸਰੀ ਕਾਲ..! ਗੱਲਬਾਤ,ਤਾਂ ਸਣਾ ਦੂਂ ਬਿੱਲਿਆ ਪਰ, ਮੇਰਾ ਇੱਕ ਅਸੂਲ ਆ,!” ਬਾਬਾ ਚਿੱਟੀ ਦਾੜ੍ਹੀ ਤੇ ਹੱਥ ਫੇਰਦਾ ਹੋਇਆ ਬੋਲਿਆ ।
“ਮੈਂ ,ਇੱਕ ਗੱਲ ਸਣਾਉਣ ਦੇ ਸੌ ਰੂਪੈ ਲੈਨਾ ।”
ਮਿੱਠੂ ਸੋਚਣ ਲੱਗਿਆ ਐਹੋ ਜੀ ਕਿਹੜੀ ਗੱਲ ਆ ਸਾਲ਼ੀ, ਜਿਹੜੀ ਇੱਕ ਮੱਝ ਦੇ ਮੁੱਲ ‘ਚ ਪੈਂਦੀ ਆ…! ਉਹ ਨੀਸਲ ਜਾ ਹੋ ਕੇ ਚੁੱਪ ਕਰ ਗਿਆ !
ਥੋੜ੍ਹੇ ਟੈਮ ਪਿੱਛੋਂ ਉਹਦੇ ਫਿਰ ਕੁਤਕਤਾੜੀਆਂ ਜੀਆਂ ਉੱਠੀਆਂ , ਕਹਿੰਦਾ ਚਲੋ ਇੱਕ ਮੱਝ ਘੱਟ ਖਰੀਦ ਲਾਂ ਗੇ , ਇੱਕ ਗੱਲ ਤਾਂ ਸੁਣੀਏ …!
“ਚੱਲ ਠੀਕ ਆ..!, ਸਣਾ ਬਾਬਾ”
“ਵੇਖ ਲਾ ,ਪੂਰੇ ਸੌ ਰੂਪੇ ਲੱਗਣਗੇ।”
“ਕੋਈ ਨਾ ਵੇਖੀ ਜਾਊ , ਤੂੰ ਸਣਾ..!”
“ਚੱਲ ਸੁਣ , ਅੱਡੇ ਤੇ ਬੱਸ ਡੀਕਦੇ ਹੋਈਏ , ਜਦੋਂ ਬੱਸ ਆਜੇ ਛੇਤੀ ਦੇਣੇ ਚੜ੍ਹ ਜੋ,ਤੇ ਉਤਰਨ ਵੇਲ਼ੇ ਰਾਮ ਨਾਲ਼ ਸਾਰਿਆਂ ਤੋਂ ਮਗਰੋਂ ਉਤਰੋ।”
“ਲਿਆ ਫੜਾ ਸੌ..!”
ਮਿੱਠੂ ਨੇ ਸੋਚਿਆ ,ਇਹ ਕੀ ਗੱਲ ਹੋਈ ਯਰ,ਬਾਬਾ ਤਾ ਜਮਾ ਈ ਝੁੱਡੂ ਬਣਾ ਗਿਆ, ਚੱਲ ਕੋਈ ਨਾ, ਜ਼ਬਾਨ ਕੀਤੀ ਆ,ਹੁਣ ਦੇਣੇ ਈ ਪੈਣਗੇ!”
ਮਿੱਠੂ ਨੇ ਸੌ ਰੁਪਿਆ ਬਾਬੇ ਦੇ ਹੱਥ ਤੇ ਧਰਤਾ ਤੇ ਠੰਡਾ ਜਾ ਹੋ ਕੇ ਪਾਸੇ ਤੇ ਬਹਿ ਗਿਆ ।
ਥੋੜ੍ਹੇ ਟੈਮ ਪਿੱਛੋਂ ਉਹਦੇ ਫੇਰ ਖ਼ੁਰਕ ਜੀ ਉੱਠੀ ,ਕਹਿੰਦਾ ,”ਸੁਣਾ ਬਾਬਾ ਕੋਈ ਗੱਲ..!”
“ਵੇਖ ਲਾ…!”
“ਵੇਖ ਲਿਆ, ਸੁਣਾ ਤੂੰ ,ਅੱਜ ਗਾਂਹ ਨੀ ਜਾਣਾ ,ਤੇਰੀਆਂ ਗੱਲਾਂ ਈ ਸੁਣਨੀਆਂ..!”
“ਚੱਲ ਸੁਣ ਫੇਰ , ਗਰਮੀ ਦਾ ਮੀਹਨਾ ਹੋਵੇ ,ਲੋਕ ਛੱਪੜ ,ਨਹਿਰ ਤੇ ਨੌਂਹਦੇ ਹੋਣ ,ਉਹਨਾਂ ਦੇ ਕੋਲ ਨਾ ਨਾਓ , ਥੋੜ੍ਹਾ ਪੱਤਣ ਛੱਡ ਕੇ ਪਾਸੇ ਤੇ ਨਾਓ।”
“ਲਿਆ ਫੜਾ ਸੌ..!” ਮਿੱਠੂ ਨੇ ਸੌ ਫੜਾ ਤਾ ਭਾਈ ,
“ਹੋਰ ਸਣਾ ਬਾਬਾ..!”
“ਸੁਣ ਫੇਰ, ਕੋਈ ਬਾਹਰ ਦੀ ਗੁੱਝੀ ਗੱਲ ਹੋਵੇ , ਮਾਜਨੇ ਆਲ਼ੀ ,ਪਚਾਉਣ ਆਲ਼ੀ ,ਉਸਨੂੰ ਢਿੱਡ ‘ ਚ ਰੱਖੀਏ ,ਕਦੇ ਵੀ ਭੁੱਲ ਕੇ ਵੀ ਘਰ ਆਲ਼ੀ ਨੂੰ ਨਾ ਦੱਸੀਏ ..,,
ਕੱਢ ਸੌ..!”
ਮਿੱਠੂ ਭਾਈ ਵੇਹਲਾ ਹੋ ਗਿਆ ,ਏਨੇ ਨੂੰ ਬਾਬੇ ਦੀ ਬੱਸ ਆਗੀ, ਬਾਬਾ ਖੂੰਡੇ ਦੇ ਸਹਾਰੇ ਉੱਠਿਆ ਤੇ ਜਾਣ ਲੱਗਿਆ ਆਹਦਾ,” ਬੀ ਮੈਨੂੰ ਪਤਾ ਸ਼ੇਰਾ, ” ਤੈਨੂੰ ਲੋੜ ਪਊ, ਜਦੋਂ ਮਰਜੀ ਬਲਾਂ ਲੀ, ਮੇਰਾ ਨਾਓਂ ਆਹ ਬਾ ਤੇ ਗਰਾਂ ਆਹ.!”
ਬਾਬਾ ਵਗ ਕੇ ਬੱਸ ਚੜ੍ਹ ਗਿਆ ..
ਮਿੱਠੂ ਮਸੋਸਾ ਜਾ ਹੋ ਕੇ ਸੋਚੀ ਜਾਵੇ ਬੀ ਯਰ ਖਾਲੀ ਹੱਥ ਘਰ ਕਿਵੇਂ ਬੜੂਂ ,ਝੁੱਗੇ ‘ ਚ ਤਾਂ ਢਾਈ ਰੂਪੈ ਰੈਹਗੇ..! ਐਨੇ ਨੂੰ ਅੱਡੇ ਤੇ ਕਾਫ਼ੀ ਸਵਾਰੀਆਂ ਆ ਗੀਆਂ..ਥੋੜ੍ਹੇ ਟੈਮ ਬਾਅਦ ਪਿੰਡਾਂ ਆਲ਼ੇ ਪਾਸੇ ਦੀ ਬੱਸ ਵੀ ਆਗੀ ,ਮਿੱਠੂ ਵਗ ਕੇ ਬੱਸ ‘ ਚ ਚੜ੍ਹ ਗਿਆ ,ਕਾਫ਼ੀ ਭੀੜ ਸੀ ਪਰ ਇੱਕ ਦੋ ਸਵਾਰੀਆਂ ਉਤਰਨ ਨਾਲ਼ ਉਸ ਨੂੰ ਵਧੀਆ ਸੀਟ ਮਿਲਗੀ..!
ਬੱਸ ਉਸ ਦੇ ਪਿੰਡ ਆਲ਼ੇ ਅੱਡੇ ਤੋਂ ਈ ਵਾਪਸ ਮੁੜਦੀ ਸੀ , ਉਤਰਨ ਵੇਲ਼ੇ ਉਸ ਨੇ ਸੋਚਿਆ ਬੀ ਯਰ ,ਬਾਬੇ ਨੂੰ ਸੌ ਰੂਪੇ ਦਿੱਤੇ ਆ ,ਅਜਮਾ ਕੇ ਤਾਂ ਵੇਖੀਏ , ਅਖੀਰ ‘ ਚ ਉਤਰਾਂ ਗੇ ਅੱਜ…!
ਜਦੋਂ ਸਾਰੇ ਉਤਰਗੇ ਤੇ ਬੱਸ ਕੱਲੀ ਰਹਿ ਗੀ ,ਮਿੱਠੂ ਰਾਮ ਨਾਲ਼ ਉੱਠਿਆ, ਵੇਂਹਦਾ ਕੀ ਆ ,ਬੀ ਕੋਈ ਸਵਾਰੀ ਆਵਦਾ ਝੋਲਾ ਭੁੱਲਗੀ ਉਸਨੇ ਝੋਲਾ ਖੋਲਿਆ ,ਝੋਲਾ ਭਾਈ ਨੋਟਾਂ ਦਾ ਭਰਿਆ ,ਉਹਨੇ ਆਸੇ- ਪਾਸੇ ਵੇਖਿਆ,ਕੋਈ ਜੀਅ ਨਹੀਂ ਸੀ ,ਡਰੈਵਰ -ਕਨੈਟਰ ਦੂਰ ਕੱਚੀ ਆੜ ਤੇ ਟਾਹਲੀ ਹੇਠਾਂ ਬੈਠੇ ਸਨ।
ਮਿੱਠੂ ਦਬਬੇਂ ਪੈਰੀਂ ਪਿੰਡ ਆਲ਼ੇ ਰਾਹ ਪੈ ਗਿਆ..
ਮਿੱਠੂ ਦੇ ਭਾਈ ਪੈਰ ਥੱਲੇ ਨਾ ਲੱਗਣ ,ਸੋਚਿਆ, ਬਾਈ ਆਹ ਸੌ ਰੁਪਿਆ ਤਾਂ ਬਾਬੇ ਨੇ ਸੱਚੀਂ ਹੱਕ ਦਾ ਲਿਆ, ਹੁਣ ਆਹ ਭਕਾਈ ਆਲ਼ਾ ਕੰਮ ਛੱਡ ਕੇ ਹੱਟ ਪਾਊਂ, ਦਰਸ਼ੂ ਬਾਣੀਏ ਦੇ ਬਰੋਬਰ, ਦਰਸ਼ੂ ਨਾਲ਼ ਓਹਦੀ ਘੱਟ ਈ ਬਣਦੀ ਸੀ…! ਦਰਸ਼ੂ ,ਮਿੱਠੂ ਦੀ ਜਨਾਨੀ ਤੇ ਮੈਲ਼ੀ ਅੱਖ ਵੀ ਰਖਦਾ ਸੀ ..!
ਰਸਤੇ ‘ ਚ ਕੱਚੀ ਨਹਿਰ ਤੇ ਜਵਾਕ ਤੇ ਖੇਤਾਂ ਆਲ਼ੇ ਨਾਹੀ ਜਾਂਦੇ ਸਨ,ਗਰਮੀ ਬਹੁਤ ਸੀ ਉਸਦਾ ਵੀ ਨੌਹਣ ਨੂੰ ਮਨ ਕੀਤਾ ,ਮਿੱਠੂ ਨੇ ਕੁੜਤਾ ,ਪਜ਼ਾਮਾ ਲਾਹਿਆ ਝੋਲਾ ਤੇ ਕੁੜਤਾ ਪਜਾਮਾ ਪਾਸੇ ਤੇ ਧਰ ਕੇ ਜਦੋਂ ਪਾਣੀ ‘ ਚ ਵੜਨ ਲੱਗਿਆ ਤਾਂ ਉਸ ਦੇ ਯਾਦ ਆਇਆ ਵੀ ,ਯਰ ਬਾਬੇ ਨੇ ਕਿਹਾ ਸੀ ਪੱਤਣ ਛੱਡ ਕੇ ਨੌਹਣਾ, ਉਸ ਨੇ ਝੋਲਾ ਤੇ ਕੁੜਤਾ ਪਜਾਮਾ ਚੱਕਿਆ ਤੇ ਉੱਥੋਂ ਪੰਦਰ੍ਹਾਂ- ਵੀਹ ਕਿੱਲੇ ਪਾਸੇ ਤੇ ਜਾ ਕੇ ਨੌਹਣ ਲੱਗਾ, ਨੌਂਹਦਾ- ਨੌਂਹਦਾ…..ਸੋਚੀ ਜਾਂਦਾ ਵੀ ਯਰ ਪੈਸੇ ਬਾਹਵਾ …ਆਪਾਂ ਪਿੰਡ ਦੇ ਲਾਗੇ ਦੋ – ਚਾਰ ਘਮਾ ਪੈਲ਼ੀ ਵੀ ਲਵਾਂਗੇ ,ਉੱਥੇ ਮੱਝਾਂ ਦਾ ਵਾੜਾ ਬਣਾਊਂ , ਇਹ ਕੰਮ ਨੀ ਛੱਡਦੇ , ਦੁਕਾਨ ਤੇ ਪਾਲੀ ਬਹਿ ਜਿਆ ਕਰੂ ,ਚਾਰ ਜਮਾਤਾਂ ਪੜ੍ਹੀ ਆ…….ਉਹ.!
ਬਾਕੀ ਅਗਲ਼ੀ ਕਿਸ਼ਤ ‘ ਚ….!ਚਲਦਾ
ਸੋਚਦਾ…ਸੋਚਦਾ ਮਿੱਠੂ ਨੈਹਰ ‘ਚੋਂ ਨਿਕਲਿਆ , ਤੇੜ ਪਰਨਾ ਬੰਨ੍ਹਿਆ, ਗਿੱਲੀ ਨਿੱਕਰ ਤਾਰ ਕੇ ਨਿਚੋੜਦੇ ਹੋਏ ਨੇ ਕਾਹਲੀ ‘ ਚ ਕੁੜਤਾ-ਪਜਾਮਾ ਮੋਢੇ ਤੇ ਧਰਿਆ ਤੇ ਲੰਮੇ ਪੈਰੀਂ ਪਿੰਡ ਅੱਲ ਨੀ ਹੋ ਗਿਆ.… ਖਾਸੀ ਦੂਰ ਜਾ ਕੇ ਉਹਨੂੰ ਚੇਤਾ ਆਇਆ ਵੀ ਨੋਟਾਂ ਆਲ਼ਾ ਝੋਲਾ ਤਾਂ ਨੈਹਰ ਤੇ ਈ ਭੁੱਲ ਆਏ ਯਰ…
ਉਹ ਉਹਨੀ ਪੈਰੀਂ ਪੁੱਠਾ ਭੱਜਿਆ ,ਕੀ ਵੇਂਹਦਾ ਵੀ ਝੋਲਾ ਉੱਥੇ ਉਵੇਂ ਈ ਪਿਆ ..ਲੋਕ ਥੋੜ੍ਹੀ ਦੂਰ ਨਾਹੀ ਜਾਂਦੇ ਆ..ਝੋਲਾ ਚਕਦੇ ਹੋਏ ਮਿੱਠੂ ਨੇ ਆਪਣੇ -ਆਪ ਕਿਹਾ ” ਪੈਹੇ ,ਆਹ ਗੱਲ ਦੇ ਵੀ ਬਾਬੇ ਨੇ ਹੱਕ ਦੇ ਈ ਲਏ ਆ ਮਿੱਠੂਆ …! ਜੇ ਉੱਥੇ ਸਾਰਿਆਂ ‘ ਚ ਨੌਂਹਦਾ ਹੁੰਦਾ ਤਾਂ ਬਣ ਜਾਂਦਾ ਢੇਕਾ …! ”
ਮਿੱਠੂ ਪਿੰਡ ਦੇ ਕੱਚੇ ਰਾਹ ਤੋਂ ਖੇਤਾਂ ਵਿਚਾਲ ਦੀ ਆਉਂਦੇ ਪਹੇ ਤੋਂ ਪਿੰਡ ਆਨੀ ਸਿੱਧਾ ਸੋ ਗਿਆ , ਕੀ ਵੇਂਹਦਾ ਵੀ ਇੱਕ ਕੁੱਪ ਤੇ ਪੇਠਾ,ਕੱਦੂ,ਖੱਖੜੀ,ਮਤੀਰਾ ਕੱਠੇ ਈ ਲੱਗੇ ਪਏ ਆ…ਐਂ ਲਗਦਾ ਵੀ ਉਹਨਾਂ ਦੀ ਇੱਕੋ ਵੱਲ ਆ … ਮਿੱਠੂ ਨੇ ਸੋਚਿਆ ..! ਵੀ
” ਅੱਜ ਲਾਉਣੇ ਆ ਸ਼ਰਤ ,ਦਰਸੂ ਨਾਲ਼ ,ਰੁਜ਼ਾਨਾ ਸੱਥ ‘ ਚ ਫੜ੍ਹਾਂ ਮਾਰੀ ਜਾਂਦਾ !”
ਮਿੱਠੂ ਨੇ ਘਰ ਜਾ ਕੇ ਘਰ ਆਲ਼ੀ ਨੂੰ ਝੋਲਾ ਫੜਾਇਆ ,ਚਾਹ ਪੀਤੀ ਤੇ ਸੱਥ ਨੂੰ ਚਲਾ ਗਿਆ….
” ਲੈ ਵੀ ਦਰਸ਼ਿਆ ,ਵਾਹਵਾ ਚਾਅ ਤੈਨੂੰ, ਲਾਉਣੀ ਆ ਸ਼ਰਤ!.”
“ਕਾਹਦੀ…!”
“ਮੈਂ ਥੋਨੂੰ ਇੱਕੋ ਥਾਂ ਤੇ ਇੱਕ ਜੜ੍ਹ ਆਲ਼ੀ ਵੱਲ ਤੇ ਮਤੀਰਾ,ਪੇਠਾ,ਖੱਖੜੀ,ਕੱਦੂ ਕੱਠੇ ਲੱਗੇ ਵਿਖਾ ਸਕਦਾ .. ਹਾਂ, ਇਹ ਹੋ ਸਕਦਾ ਵੀ ਸਾਰੇ ਬੀ ਕੱਠੇ ਏਕੋ ਥਾਂ ਤੇ ਉਗਰੇ ਹੋਣ ,ਪਰ ਵੱਲ ਇੱਕ ਈ ਲਗਦੀ ਆ!”
“ਹਾ ਹਾ ਹਾ…! ਹੋ ਈ ਸਕਦਾ …! ਐਂਵੇ ਰੋੜੀ ਜਾਂਦਾ …ਐਂ ਕਿਵੇਂ ਹੋ ਜੂ…? ਦਰਸ਼ੂ ਚਿੜੌਂਉਂਦਾ ਹੋਇਆ ਬੋਲਿਆ..
“ਸ਼ਰਤ ਲਾ ਲੈ …!”
“ਲੱਗ ਗੀ ਫਿਰ ,!”
“ਕਾਹਦੀ !”
“ਜੇਹੜਾ ਜਿੱਤ ਗਿਆ, ਉਹ ਦੂਜੇ ਦੇ ਘਰੇ ਜਿਹੜੀ ਚੀਜ਼ ਨੂੰ ਹੱਥ ਲਾਊ ,ਉਹ ਉਹਦੀ ਹੋ ਜੂ…!”
“ਠੀਕ ਆ…!”
“ਲੈ ਵੀ ਪੰਚੈਤੇ ,ਗੱਲ ਹੋ ਗੀ ਹੁਣ.।”
“ਚੱਲ ਵਖਾ ..!”
” ਹੁਣ ਨ੍ਹੇਰਾ ਹੋ ਗਿਆ, ਤੜਕੇ ਸਰੀ ।”
“ਠੀਕ ਆ ..ਤੜਕੇ ਜਾਵਾਂਗੇ ਸਾਜਰੇ..!”
ਮਿੱਠੂ …ਚਾਅ ‘ ਚ ਵਗ ਕੇ ਘਰ ਆਇਆ ਤੇ ਬੋਲਿਆ, “ਭਾਗਵਾਨੇ … ਐਧਰ ਆ , ਐਂ ਦੱਸ ਵੀ ਦਰਸੂ ਕੀ ਕਿਹੜੀ ਚੀਜ਼ ਨੂੰ ਹੱਥ ਲਾਈਏ..! ਆਪਾਂ ਆਹ ਸ਼ਰਤ ਲਾਈ ਆ ਤੇ ਫਲਾਣਿਆ ਦੇ ਕੁੱਪ ਤੇ ਵੱਲ ਖੜ੍ਹੀ ਆ ,ਆਪਣੀ ਜਿੱਤ ਪੱਕੀ ,ਤੂੰ ਨਾਲ਼ੇ ਰੋਟੀਆਂ ਲਾਹ ਨਾਲ਼ੇ ਸੋਚ ! ਮੈਂ ਰੰਟੇ ਕੀ ਝੋਟੀ ਵੇਖ ਕੇ ਆਉਣਾ ,ਆਥਣ -ਉੱਗਣ ਸੂਣ ਆਲ਼ੀ ਆ … ਦੋ ਰੁਪਏ ਛੱਡਣ ਆਲ਼ੀ ਆ, ਲੈ ਲਾਂ ਗੇ..!”
ਮਿੱਠੂ ਦੇ ਜਾਣ ਮਗਰੋਂ ਉਹਦੀ ਜ਼ਨਾਨੀ ਨਾਲ਼ ਦੀ ਨਾਲ਼ ਦਰਸ਼ੂ ਕੇ ਘਰੇ ਵੱਜੀ ਤੇ ਬੋਲੀ, ” ਵੇਖੀਂ ਕਿਤੇ ਸ਼ਰਤ ਲਾ ਲੇਂ ਦਰਸ਼ਿਆ ,ਸਾਡੇ ਆਲ਼ਾ ਕਮਲਾ ,ਫਲਾਣਿਆ ਦੇ ਖੇਤ ਕੁੱਪ ਤੇ ਵੱਲ ਦੇਖ ਕੇ ਆਇਆ..! ”
“ਠੀਕ ਆ ਭਾਬੀ ,”ਨਹੀਂ ਲੌਂਦਾ..!”
ਦਰਸ਼ੂ ਨੇ ਕੀ ਕੀਤਾ ਭਾਈ ਰਾਤ ਨੂੰ ਜਾ ਕੇ ਸਣੇ ਵੱਲ ਪੱਟ ਕੇ ਮੁੱਦਾ ਈ ਨਬੇੜਤਾ…!
ਤੜਕੇ ਜਦੋਂ ਪੰਚੈਤ ਲੈ ਕੇ ਮਿੱਠੂ ਤੇ ਦਰਸ਼ੂ ਖੇਤ ਗਏ, ਤਾਂ ,ਉੱਥੇ ਕੀ ਹੋਣਾ ਸੀ …!
ਦਰਸ਼ੂ ਜਿੱਤ ਗਿਆ ਭਾਈ …!
ਮਿੱਠੂ ਨੂੰ ਪਤਾ ਲੱਗ ਗਿਆ ਵੀ ਉਹਨੇ ਬਾਬੇ ਦੀ ਆਹ ਗੱਲ ਨੀ ਮੰਨੀ ਤੇ ਸ਼ਰਤ ਹਾਰ ਗਿਆ ਜੇ ਉਹ ਪਾਲੀ ਨੂੰ ਨਾ ਦਸਦਾ ਤਾਂ ਜਿੱਤ ਪੱਕੀ ਸੀ..!
ਹੁਣ ਦਰਸ਼ੂ ਪੱਕਾ ,ਮੇਰੀ ਜ਼ਨਾਨੀ ਨੂੰ ਹੱਥ ਲਾਊ ,ਉਸ ਨੇ ਪੰਚੈਤ ਤੋਂ ਸ਼ਰਤ ਦੇਣ ਲਈ ਪੰਜ ਦਿਨ ਲੈ ਲੇ..
ਮਿੱਠੂ, ਭਾਈ ਭਾਲ- ਭੂਲ ਕੇ ਬਾਬੇ ਤੱਕ ਅੱਪੜ ਗਿਆ..
ਮਿੱਠੂ ਨੂੰ ਨਿੰਮੋਝੂਣਾ ਜਾ ਦੇਖ ਕੇ ਬਾਬਾ ਹੱਸਿਆ ਤੇ ਖੂੰਡਾ ਪਾਸੇ ਕਰਦਾ ਹੋਇਆ ਬੋਲਿਆ..,
“ਕਿਉਂ…? ਕਰਤਾ ਉਹੀ ਕੰਮ ,ਮੈਨੂੰ ਪਤਾ ਸੀ ਬੀ ਕੋਈ ……! .ਚੱਲ ਕੋਈ ਨਾ ,ਗੱਲ ਦਸ ਮੈਨੂੰ..!”
“ਆਹ ਗੱਲ ਆ ਬਾਬਾ ..! ” ਮਿੱਠੂ ਨੇ ਸਾਰੀ ਰਾਮ ਕਹਾਣੀ ਸੁਣਾਈ..!
“ਕੋਈ ਨਾ ਘਾਬਰ ਨਾ, ਐਂ ਕਰੀ ..! ਬੀ ਸ਼ਰਤ ਆਲ਼ੇ ਦਿਨ ,ਤੇਰੀ ਜ਼ਨਾਨੀ ਨੂੰ ਵਧੀਆ ਸੂਟ ਪਵਾ ਕੇ ,ਸੁਰਖੀ- ਬਿੰਦੀ ਲਵਾ ਕੇ ,ਐਨ ਪੂਰੀ ਸਜਾ ਕੇ ,ਕੋਠੇ ਤੇ ਬਿਠਾਂ ਦੀ …!ਅੱਗੇ ਮੇਰਾ ਕੰਮ …! ਜਾ ਹੁਣ!”
“ਠੀਕ ਆ ਬਾਬਾ…”
ਸ਼ਰਤ ਆਲ਼ੇ ਦਿਨ ਭਾਈ ਸਾਰੀ ਪੰਚੈਤ ਆਗੀ ..! ਮਿੱਠੂ ਨੇ ਉਵੇਂ ਕੀਤਾ ..! ਬਾਬਾ ਵੀ ਆ ਗਿਆ ..!
ਬਾਬਾ ਆਹਦਾ ,”ਲੈ ਬੀ ,ਪੰਚੈਤੇ ਆਹੀ ਸ਼ਰਤ ਆ ਨਾ ਬੀ ,ਦਰਸ਼ੂ ਜੇਹੜੀ ਚੀਜ਼ ਨੂੰ ਪਹਿਲਾਂ ਹੱਥ ਲਾਉ, ਉਹ ਏਹਦੀ ਹੋਜੂ..!”
“ਜਮਾ ਆਹੀ ਆ ..!”
ਬਾਬਾ ਆਪ ਪੌੜੀ ਕੋਲ਼ੇ ਖੂੰਡਾ ਲੈ ਕੇ ਖਲੋ ਗਿਆ…
“ਲੈ ਬੀ ਦਰਸ਼ੂ ,ਲਾ ਹੱਥ ..!”
ਦਰਸ਼ੂ ਨੂੰ ਸਾਰੇ ਘਰ ‘ ਚ ਕੋਠੇ ਤੇ ਲਾਲ ਆਗੂਂ ਮਘਦੀ ਪਾਲੀ ਈ ਦਿਖ ਰਹੀ ਸੀ ,ਉਹ ਛਈ ਦੇਣੇ ਉਹਨੂੰ ਹੱਥ ਲੌਣ ਲਈ ਕੋਠੇ ਵੱਲ ਵਹੁੜਿਆ ,ਜਿਉਂ ਈ ਉਹਨੇ ਪੌੜੀ ਦੇ ਦੂਜੇ ਟੰਬੇ ਨੂੰ ਹੱਥ ਪਾਇਆ ,ਕੋਲ ਖੜ੍ਹੇ ਬਾਬੇ ਨੇ ਜੋੜ ਕੇ ਖੂੰਡਾ ਉਹਦੇ ਮੌਰਾ ‘ ਚ ਧਰਤਾ ..!
ਦਰਸ਼ੂ ਭਾਈ ਦੁ ਕਰਮਾ ਤੇ ਮੂੰਹ ਪਰਨੇ ਜਾ ਵੱਜੇ,
“ਲੈ ਬੀ ਬੜਾ ਸ਼ਾਤਰ ਆਂ ,ਸ਼ਰਤ ਏਹ ਵਾ ਕਿ ਜੇਹੜੀ ਚੀਜ਼ ਨੂੰ ਤੂੰ ਪਹਿਲਾਂ ਹੱਥ ਲਾਵੇਂਗਾ ਉਸ ਤੇਰੀ ਹੋਜੂ…..ਤੂੰ ਆਹ ਪੌੜੀ ਦੇ ਪਹਿਲੇ ਟੰਬੇ ਨੂੰ ਹੱਥ ਲਾਇਆ , ਸ਼ਰਤ ਮਤਾਬਕ ਇਹ ਤੇਰਾ ਹੁਣ ,ਇਹਨੂੰ ਪੱਟ ਤੇ ਘਰ ਲੈ ਜਾ …ਤੂੰ ਤਾਂ ਯਰ ਸਾਰੀ ਪੌੜੀ ਨੂੰ ਈ ਪੈ ਗਿਆ…”
ਸਾਰੀ ਪੰਚੈਤ ਸੈਂ ਹੋ ਗੀ …ਦਰਸ਼ੂ ਚੁੱਪ ਕਰਕੇ ਉੱਠਿਆ ਤੇ ਪਾਸੇ ਜੇ ਝਾੜਦਾ ਘਰੋਂ ਬਾਹਰ ਹੋ ਗਿਆ ..
ਲਿਆ ਬਈ ਮਿੱਠੂ ,ਦੁੱਧ- ਲੱਸੀ ਲਿਆ ਭੋਰਾ…”ਠੀਕ ਆ ਪੰਚੈਤੇ ..! ਆਹੀ ਸ਼ਰਤ ਸੀ ਨਾ..!” ਬਾਬਾ ਮੁੱਛਾਂ ਤੇ ਹੱਥ ਮਾਰਦਾ ਹੋਇਆ ਖੂੰਡੇ ਦੇ ਸਾਹਰੇ ਮੰਜੇ ਏ ਬੈਠਦਾ ਹੋਇਆ ਬੋਲਿਆ…!
ਜਗਸੀਰ ਸਿੰਘ ‘ ਝੁੰਬਾ’
ਅੰਗਰੇਜ਼ੀ ਮਾਸਟਰ
ਸਮਸਸਸ ਰਾਏ -ਕੇ ਕਲਾਂ
95014-33344
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly