ਜਲੰਧਰ, ਫਿਲੌਰ, ਅੱਪਰਾ (ਜੱਸੀ)-ਦੇਸ਼ ਭਗਤ ਯਾਦਗਾਰ ਹਾਲ ਜਲੰਧਰ 30 ਅਕਤੂਬਰ ਤੋਂ ਪਹਿਲੀ ਨਵੰਬਰ ਤੱਕ ਲੱਗਣ ਵਾਲੇ ਗ਼ਦਰੀ ਬਾਬਿਆਂ ਦੇ ਮੇਲੇ ‘ਚ ਲੱਗ ਰਹੀ ਚਿਤ੍ਰਕਲਾ ਅਤੇ ਫੋਟੋ ਕਲਾ ਪ੍ਰਦਰਸ਼ਨੀ ਲਈ ਬੇਟੀ ਸਾਰਾ ਖਟਕੜ ਕਲਾਂ ਤੋਂ ਲਿਆਂਦੀ ਮਿੱਟੀ ਨਾਲ਼ ਤਿਆਰ ਕੀਤੀ ਸ਼ਹੀਦ ਭਗਤ ਸਿੰਘ ਦੀ ਤਸਵੀਰ ਲੈਕੇ ਆਈ ਤਾਂ ਜੋ ਲੱਗ ਰਹੀ ਪ੍ਰਦਰਸ਼ਨੀ ਵਿੱਚ ਮੇਲਾ ਪ੍ਰੇਮੀ ਦਰਸ਼ਕਾਂ ਦੇ ਰੂਬਰੂ ਕੀਤੀ ਜਾ ਸਕੇ।
ਉਸਦੇ ਕਲਾਕਾਰ ਪਿਤਾ ਵਰੁਨ ਟੰਡਨ ਵੀ ਉਸਦੇ ਨਾਲ਼ ਸਨ।
ਇਹਨਾਂ ਜਜ਼ਬਾਤੀ ਪਲਾਂ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਸਭਿਆਚਾਰਕ ਵਿੰਗ ਦੇ ਕਾਮਿਆਂ ਨੇ ਬੇਟੀ ਸਾਰਾ ਨੂੰ ਹੱਥਾਂ ਤੇ ਚੁੱਕ ਲਿਆ।ਇਸ ਮੌਕੇ ਇਉਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਭਗਤ ਸਿੰਘ ਦੀ ਕਹੇ ਬੋਲ ਪੌਣਾਂ ਵਿਚ ਗੂੰਜ ਰਹੇ ਹੋਣ:
“ਹਵਾ ਮੇਂ ਰਹੇਗੀ ਮੇਰੇ
ਖ਼ਿਆਲ ਕੀ ਬਿਜਲੀ,
ਯਹ ਮੁਸਤੇ ਖ਼ਾਕ ਹੈ ਫ਼ਾਨੀ
ਰਹੇ ਰਹੇ ਨਾ ਰਹੇ”
ਇਹ ਪਿਓ ਧੀ ਜਲ੍ਹਿਆਂਵਾਲਾ ਬਾਗ਼ ਤੋਂ ਵੀ ਮਿੱਟੀ ਲੈ ਕੇ ਆਏ ਹਨ। ਉਸ ਮਿੱਟੀ ਨਾਲ਼ ਬਣਾਈ ਸ਼ਹੀਦ ਊਧਮ ਸਿੰਘ ਦੀ ਤਸਵੀਰ ਵੀ ਚਿਤ੍ਰਕਲਾ ਪ੍ਰਦਰਸ਼ਨੀ ‘ਚ ਸ਼ਸ਼ੋਭਿਤ ਹੋਏਗੀ।
ਜ਼ਿਕਰਯੋਗ ਹੈ ਕਿ ਚਿਤ੍ਰਕਲਾ ਅਤੇ ਫੋਟੋ ਕਲਾ ਪ੍ਰਦਰਸ਼ਨੀ ‘ਚ ਗੁਰਦੀਸ਼ ਜਲੰਧਰ, ਗੁਰਪ੍ਰੀਤ ਆਰਟਿਸਟ ਬਠਿੰਡਾ , ਰਵਿੰਦਰ ਰਵੀ ਲੁਧਿਆਣਾ, ਸਵਰਨਜੀਤ ਸਵੀ ਲੁਧਿਆਣਾ, ਇੰਦਰਜੀਤ ਸਿੰਘ ਜਲੰਧਰ, ਰਣਜੋਧ ਲੁਧਿਆਣਾ ਰਣਦੀਪ ਮੱਦੋਕੇ ਅਤੇ ਪੀਪਲਜ਼ ਵਾਇਸ ਵਲੋਂ ਆਰਟ ਫੋਟੋਗਰਾਫ਼ਸ ਅਤੇ ਚਿਤ੍ਰ, ਪ੍ਰਦਰਸ਼ਨੀ ਵੇਖਣ ਆਉਣ ਵਾਲਿਆਂ ਦੇ ਮਨਾਂ ਅੰਦਰ ਸੂਖ਼ਮ ਸੰਵਾਦ ਦੀ ਹਲਚਲ ਪੈਦਾ ਕਰਨਗੇ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੱਜ ਸਾਰਾ ਦਿਨ ਦੇਸ਼ ਭਗਤ ਯਾਦਗਾਰ ਹਾਲ ‘ਚ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਮਿਊਜ਼ੀਅਮ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ, ਚਿਤ੍ਰਕਲਾ ਪ੍ਰਦਰਸ਼ਨੀ ਦੇ ਕਨਵੀਨਰ ਵਿਜੈ ਬੰਬੇਲੀ, ਪੇਂਟਿੰਗ ਮੁਕਾਬਲੇ ਦੇ ਕਨਵੀਨਰ ਡਾ. ਸੈਲੇਸ਼, ਇਤਿਹਾਸ ਕਮੇਟੀ ਦੇ ਕਨਵੀਨਰ ਹਰਵਿੰਦਰ ਭੰਡਾਲ, ਤਿਆਰੀ ਕਮੇਟੀ ਦੇ ਆਗੂ ਪ੍ਰੋ. ਤੇਜਿੰਦਰ ਵਿਰਲੀ, ਲੰਗਰ, ਰਹਾਇਸ਼ ਅਤੇ ਦੇਖ ਰੇਖ ਦੇ ਕਨਵੀਨਰ ਰਣਜੀਤ ਸਿੰਘ ਔਲਖ ਤੋਂ ਇਲਾਵਾ ਸਭਿਆਚਾਰਕ ਵਿੰਗ ਨਾਲ਼ ਜੁੜੇ ਤੇਜਿੰਦਰ, ਬੱਬੀ, ਪਰਮਜੀਤ ਸਿੰਘ ਕਲਸੀ, ਪ੍ਰੋ. ਨਿਰਮਲਾ, ਬਿਮਲਾ, ਸਾਹਿਲ, ਪੁਸ਼ਕਰ, ਜਸਬੀਰ ਜੱਸੀ, ਡਾ. ਹਰਜੀਤ, ਕੁਲਵੰਤ ਕਾਕਾ, ਗੁਰਦੀਪ, ਸੁਰਿੰਦਰ ਖੀਵਾ ਅਤੇ ਸਾਥੀ ਸਮੇਤ ਦੇਸ਼ ਭਗਤ ਯਾਦਗਾਰ ਹਾਲ ਦਾ ਕਾਮਾਂ ਸਟਾਫ ਮੇਲੇ ਦੀਆਂ ਲੋੜਾਂ ਦੀ ਪੂਰਤੀ ਕਰਨ ਲਈ ਜੁਟੇ ਰਹੇ। ਸਭਨਾਂ ਨੇ ਮਹਿਸੂਸ ਕੀਤਾ ਕਿ ਮੇਲੇ ‘ਚੋਂ ਸ਼ਹੀਦਾਂ ਦੀ ਮਿੱਟੀ ਦੀ ਮਹਿਕ ਆਏਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly