ਜਲੰਧਰ (ਸਮਾਜ ਵੀਕਲੀ) 26 ਜਨਵਰੀ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਸਰਬੱਤ ਖਾਲਸਾ ਹੋਇਆ ਸੀ। ਸਰਬੱਤ ਖਾਲਸਾ ਵੱਲੋਂ ਬਣਾਈ ਗਈ ਪੰਜ ਮੈਂਬਰੀ ਪੰਥਕ ਕਮੇਟੀ ਨੇ 29 ਅਪ੍ਰੈਲ 1986 ਵਾਲੇ ਦਿਨ ਆਜ਼ਾਦ ਸਿੱਖ ਰਾਜ ਖਾਲਿਸਤਾਨ ਦਾ ਐਲਾਨ ਕੀਤਾ ਸੀ। ਇਸ ਐਲਾਨ ਦਿਵਸ ਦੀ ਚਾਲੀਵੀਂ ਵਰ੍ਹੇਗੰਢ ਦੀ ਪੂਰਬ ਸੰਧਿਆ ਮੌਕੇ ਸੰਘਰਸ਼ ਦੌਰਾਨ ਆਪਾ ਨਿਛਾਵਰ ਕਰ ਗਏ ਸ਼ਹੀਦਾਂ ਦੇ ਪਰਿਵਾਰਾਂ ਅਤੇ ਜਲਾਵਤਨੀ ਯੋਧਿਆਂ ਦੀ ਦਾਸਤਾਨ ‘ਤੇ ਅਧਾਰਿਤ ਨਿਵੇਕਲੀ ਅਤੇ ਇਤਿਹਾਸਕ ਕਿਤਾਬ “ਸਿੱਦਕੀ ਅਤੇ ਸੰਘਰਸ਼ੀ” ਜਾਰੀ ਕੀਤੀ ਗਈ। ਸ਼ਹੀਦ ਸਿੰਘਾਂ ਦੀਆਂ ਸਿੰਘਣੀਆਂ ਵੱਲੋਂ ਅੱਜ ਜਲੰਧਰ ਵਿਖੇ ਇਸ ਨਵੀਂ ਕਿਤਾਬ ਨੂੰ ਲੋਕ ਅਰਪਣ ਕੀਤਾ ਗਿਆ। ਇਹ ਕਿਤਾਬ ‘ਪੀਂਘਾਂ ਸੋਚ ਦੀਆਂ ਪਬਲਿਕੇਸ਼ਨ’ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸਦੇ ਲੇਖਕ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਹਨ ਅਤੇ ਇਸਦੀ ਸੰਪਾਦਨਾ ਬੀਬੀ ਰਸ਼ਪਿੰਦਰ ਕੌਰ ਗਿੱਲ ਵੱਲੋਂ ਕੀਤੀ ਗਈ ਹੈ।
ਕਿਤਾਬ ਬਾਰੇ ਮੁੱਖ ਜਾਣਕਾਰੀ:- ਵਰਤਮਾਨ ਸਮੇਂ ਵਿੱਚ ਸਿੱਖ ਹੱਕਾਂ, ਹਿੱਤਾਂ ਦੀ ਪੂਰਤੀ ਅਤੇ ਸਿੱਖ ਕੌਮ ਦੀ ਆਜ਼ਾਦੀ ਵਾਸਤੇ ਦਮਦਮੀ ਟਕਸਾਲ ਦੇ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਆਰੰਭੇ ਗਏ ਕੌਮੀ ਸੰਘਰਸ਼ ਵਿੱਚ ਅਣਗਿਣਤ ਸਿੱਖ ਸ਼ਹੀਦ ਹੋ ਚੁੱਕੇ ਹਨ। ਸਿੱਖਾਂ ਬਾਰੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਸਿੱਖ ਇਤਿਹਾਸ ਬਣਾਉਣਾ ਜਾਣਦੇ ਹਨ ਪਰ ਸਾਂਭਣਾ ਨਹੀਂ ਜਾਣਦੇ। ਇਸ ਧਾਰਨਾ ਨੂੰ ਰੱਦ ਕਰਦਿਆਂ, ਸਿੱਖ ਸੰਘਰਸ਼ ਦਾ ਅਹਿਮ ਹਿੱਸਾ ਰਹੇ ਜੁਝਾਰੂ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵੱਲੋਂ ਵਰਤਮਾਨ ਸਿੱਖ ਇਤਿਹਾਸ ਨੂੰ ਕਲਮਬੱਧ ਕਰਨ ਦਾ ਯਤਨ ਕੀਤਾ ਗਿਆ ਹੈ। ਇਹ ਕਿਤਾਬ ਇਤਿਹਾਸ ਦੀ ਇੱਕ ਨਿਵੇਕਲੀ ਅਤੇ ਸ਼ਾਇਦ ਪਹਿਲੀ ਅਜਿਹੀ ਕਿਤਾਬ ਹੈ, ਜੋ ਸ਼ਹੀਦ ਸਿੰਘਾਂ ਦੀ ਥਾਂ ਉਹਨਾਂ ਦੀਆਂ ਸਿੰਘਣੀਆਂ (ਪਤਨੀਆਂ) ਦੇ ਸੰਘਰਸ਼ ਨੂੰ ਬਿਆਨ ਕਰਦੀ ਹੈ। ਜਿਹਨਾਂ ਬੀਬੀਆਂ ਨੇ ਆਪਣੇ ਪਤੀਆਂ ਦੀਆਂ ਸ਼ਹਾਦਤਾਂ ਤੋਂ ਬਾਅਦ ਆਰਥਿਕ ਅਤੇ ਸਮਾਜਿਕ ਮੁਸ਼ਕਲਾਂ ਦਾ ਦ੍ਰਿੜਤਾ ਨਾਲ ਸਾਹਮਣਾ ਕੀਤਾ, ਬੱਚਿਆਂ ਦੀ ਪਰਵਰਿਸ਼ ਕੀਤੀ ਅਤੇ ਉਹਨਾਂ ਨੂੰ ਜ਼ਿੰਦਗੀ ਦੇ ਚੰਗੇ ਮੁਕਾਮ ‘ਤੇ ਪਹੁੰਚਾਇਆ। ਇਸ ਦੇ ਨਾਲ ਹੀ ਇਸ ਕਿਤਾਬ ਵਿੱਚ ਆਜ਼ਾਦ ਸਿੱਖ ਰਾਜ ਖਾਲਿਸਤਾਨ ਲਈ ਗੁੰਮਨਾਮੀ ਦੀ ਜ਼ਿੰਦਗੀ ਬਸਰ ਕਰ ਰਹੇ ਉਹਨਾਂ ਜਲਾਵਤਨੀ ਯੋਧਿਆਂ ਦਾ ਵੀ ਜ਼ਿਕਰ ਹੈ, ਜਿਹਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਕੌਮੀ ਨਿਸ਼ਾਨੇ ਪ੍ਰਤੀ ਦ੍ਰਿੜ ਰਹਿੰਦੇ ਹੋਏ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ।
ਲੇਖਕ ਦਾ ਪਿਛੋਕੜ:- ਇਸ ਤੋਂ ਪਹਿਲਾਂ ਲਵਸ਼ਿੰਦਰ ਸਿੰਘ ਡੱਲੇਵਾਲ ਵੱਲੋਂ ਆਪਣੇ ਅੱਖੀਂ ਡਿੱਠੇ ਅਤੇ ਹੱਡੀਂ ਹੰਢਾਏ ਤਜਰਬਿਆਂ ਅਤੇ ਐਕਸ਼ਨਾਂ ‘ਤੇ ਆਧਾਰਿਤ ਕਿਤਾਬ “ਸੰਘਰਸ਼ ਦਾ ਦੌਰ” ਸਾਲ 2024 ਵਿੱਚ ਲਿਖੀ ਗਈ ਸੀ, ਜਿਸਦਾ ਦੂਜਾ ਐਡੀਸ਼ਨ ਸਾਲ 2025 ਵਿੱਚ ਆਇਆ। ਉਸ ਕਿਤਾਬ ਦੀਆਂ ਤਕਰੀਬਨ 80 ਫੀਸਦੀ ਕਾਪੀਆਂ ਸੰਗਤਾਂ ਨੂੰ ਨਿਸ਼ਕਾਮ ਭਾਵਨਾ ਨਾਲ ਵੰਡੀਆਂ ਜਾ ਚੁੱਕੀਆਂ ਹਨ।
ਪ੍ਰਾਪਤੀ ਅਤੇ ਵੰਡ:- “ਸਿੱਦਕੀ ਤੇ ਸੰਘਰਸ਼ੀ” ਕਿਤਾਬ ਪੰਜਾਬ ਵਿੱਚ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਅਤੇ ਜੁਝਾਰੂ ਸਿੰਘਾਂ ਨੂੰ ਬੀਬੀ ਰਸ਼ਪਿੰਦਰ ਕੌਰ ਗਿੱਲ ਵੱਲੋਂ ਬਿਲਕੁਲ ਮੁਫਤ ਭੇਂਟ ਕੀਤੀ ਜਾਵੇਗੀ। ਡਿਸਟ੍ਰੀਬਿਊਟਰ ਅਤੇ ਚਾਹਵਾਨ ਪਾਠਕ ਇਸ ਕਿਤਾਬ ਨੂੰ ਖਰੀਦਣ ਲਈ ਬੀਬੀ ਰਸ਼ਪਿੰਦਰ ਕੌਰ ਗਿੱਲ ਨਾਲ ਸੰਪਰਕ ਕਰ ਸਕਦੇ ਹਨ।
ਪ੍ਰੈਸ ਕਾਨਫਰੰਸ ਵਿੱਚ ਹਾਜ਼ਰ ਸ਼ਖਸੀਅਤਾਂ ਅਤੇ ਉਹਨਾਂ ਦਾ ਸੰਘਰਸ਼
ਇਸ ਮੌਕੇ ਹੇਠ ਲਿਖੀਆਂ ਸਤਿਕਾਰਯੋਗ ਸ਼ਖਸੀਅਤਾਂ ਹਾਜ਼ਰ ਸਨ: ਬੀਬੀ ਰਸ਼ਪਿੰਦਰ ਕੌਰ ਗਿੱਲ (ਪ੍ਰਧਾਨ, ਪੀਂਘਾਂ ਸੋਚ ਦੀਆਂ ਪਬਲਿਕੇਸ਼ਨ), ਬੀਬੀ ਜਸਮੀਤ ਕੌਰ ਛੀਨਾ (ਪਤਨੀ, ਸ਼ਹੀਦ ਭਾਈ ਸਤਨਾਮ ਸਿੰਘ ਛੀਨਾ), ਬੀਬੀ ਸੋਹਣਜੀਤ ਕੌਰ (ਪਤਨੀ, ਸ਼ਹੀਦ ਭਾਈ ਖੜਕ ਸਿੰਘ ਘਿੱਲੀ), ਬੀਬੀ ਹਰਜਿੰਦਰ ਕੌਰ (ਪਤਨੀ, ਸ਼ਹੀਦ ਭਾਈ ਗੁਰਪਾਲ ਸਿੰਘ ਪਾਲਾ ਬਿਲਗਾ), ਬੀਬੀ ਕਿਰਪਾਲ ਕੌਰ ਮਾਨ ਫਗਵਾੜਾ
ਹਾਜ਼ਰ ਪਰਿਵਾਰਾਂ ਦਾ ਨਿੱਜੀ ਸੰਘਰਸ਼: ਬੀਬੀ ਜਸਮੀਤ ਕੌਰ ਛੀਨਾ ਅਤੇ ਬੀਬੀ ਸੋਹਣਜੀਤ ਕੌਰ ਦੇ ਜਿੱਥੇ ਪਤੀ ਸ਼ਹੀਦ ਹੋਏ ਹਨ, ਉੱਥੇ ਉਹਨਾਂ ਨੇ ਖੁਦ ਵੀ ਸੰਘਰਸ਼ਮਈ ਜੀਵਨ ਹੰਢਾਇਆ, ਰੂਪੋਸ਼ ਜ਼ਿੰਦਗੀ ਬਸਰ ਕੀਤੀ ਅਤੇ ਲੰਬਾ ਸਮਾਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਕੈਦ ਕੱਟੀ। ਇਸੇ ਤਰ੍ਹਾਂ ਬੀਬੀ ਹਰਜਿੰਦਰ ਕੌਰ ਬਿਲਗਾ ਦੇ ਪਤੀ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੀ ਬੇਟੀ ਨੂੰ ਸਹੁਰੇ ਪਰਿਵਾਰ ਨੇ ਰੱਖ ਲਿਆ ਪਰ ਉਹਨਾਂ ਨੂੰ ਘਰੋਂ ਕੱਢ ਦਿੱਤਾ ਗਿਆ। ਅੱਜ ਤੱਕ ਉਹ ਆਪਣੇ ਪੇਕੇ ਘਰ ਰਹਿ ਰਹੇ ਹਨ।
ਜਾਰੀ ਕਰਤਾ: ਪੀਂਘਾਂ ਸੋਚ ਦੀਆਂ ਪਬਲਿਕੇਸ਼ਨ
ਰਸ਼ਪਿੰਦਰ ਕੌਰ ਗਿੱਲ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


