ਅੰਮ੍ਰਿਤਸਰ (ਸਮਾਜ ਵੀਕਲੀ): ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ‘ਮੁੰਗੇਰੀ ਲਾਲ ਦੇ ਸੁਫ਼ਨੇ’ ਵਿਖਾ ਰਹੇ ਹਨ, ਜੋ ਲੋਕਾਂ ਨੂੰ ਗੁਮਰਾਹ ਕਰਨ ਵਾਲੀ ਗੱਲ ਹੈ। ਉਹ ਅੱਜ ਇਥੇ ਦਰਬਾਰ ਸਾਹਿਬ ਮੱਥਾ ਟੇਕਣ ਆਏ ਸਨ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਆਖਿਆ ਕਿ 2017 ਵਿਚ ਪੰਜਾਬ ਦੇ ਲੋਕਾਂ ਨੇ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ ਇੰਨੀ ਤਾਕਤ ਦਿੱਤੀ ਸੀ ਕਿ ਉਨ੍ਹਾਂ ਨੂੰ ਵਿਰੋਧੀ ਧਿਰ ਦਾ ਸਥਾਨ ਪ੍ਰਾਪਤ ਹੋਇਆ। ਉਸ ਵੇਲੇ ਵੀ ਉਨ੍ਹਾਂ ਨੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ, ਜਿਸ ’ਤੇ ਭਰੋਸਾ ਕਰ ਕੇ ਪੰਜਾਬੀਆਂ ਨੇ ਉਨ੍ਹਾਂ ਨੂੰ ਤਾਕਤ ਦਿੱਤੀ ਪਰ ਉਹ ਪੰਜ ਸਾਲ ਨਜ਼ਰ ਨਹੀਂ ਆਏ। ਉਨ੍ਹਾਂ ਦੇ ਵਾਅਦੇ ਝੂਠ ਸਾਬਤ ਹੋਏ। ਉਨ੍ਹਾਂ ਦੇ 11 ਵਿਧਾਇਕ ਕਾਂਗਰਸ ਵਿਚ ਚਲੇ ਗਏ ਅਤੇ ਉਹ ਕਾਂਗਰਸ ਦੀ ਬੀ ਟੀਮ ਸਾਬਤ ਹੋਈ। ਹੁਣ ਵੀ ਚੋਣਾਂ ਆਈਆਂ ਹਨ ਤਾਂ ਕੇਜਰੀਵਾਲ ਪੰਜਾਬ ਵਿਚ ਨਜ਼ਰ ਆ ਰਹੇ ਹਨ। ਇਥੇ ਮੁੜ ਲੋਕਾਂ ਨਾਲ ਵੱਡੇ ਵਾਅਦੇ ਕਰ ਰਹੇ ਹਨ ਪਰ ਇਹ ਸਾਰੇ ਵਾਅਦੇ ਮੁੰਗੇਰੀ ਲਾਲ ਦੇ ਸੁਫ਼ਨੇ ਹਨ। ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਲੋਕ ਕਾਂਗਰਸੀ ਆਗੂਆਂ ਤੋਂ ਸਵਾਲ ਪੁੱਛਣ ਅਤੇ ਵਾਅਦਾਖ਼ਿਲਾਫ਼ੀ ਦਾ ਜਵਾਬ ਲੈਣ। ਹਰਸਿਮਰਤ ਨੇ ਦੱਸਿਆ ਕਿ ਅੱਜ ਉਨ੍ਹਾਂ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਨੂੰ ਸੌ ਸਾਲ ਪੂਰੇ ਹੋ ਗਏ ਹਨ। ਪਾਰਟੀ ਨੇ 100ਵਾਂ ਸਥਾਪਨਾ ਦਿਵਸ ਮਨਾਇਆ ਹੈ। ਇਹ ਯੋਧਿਆਂ ਦੀ ਪਾਰਟੀ ਹੈ ਅਤੇ ਉਹ ਇਨ੍ਹਾਂ ਯੋਧਿਆਂ ਨੂੰ ਸਲਾਮ ਕਰਦੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly