ਕੇਜਰੀਵਾਲ ਨੇ ਪੰਜਾਬ ਲਈ ਹੋਰ ਗਾਰੰਟੀਆਂ ਐਲਾਨੀਆਂ

 

  • ਰੇਤੇ ਦੀ ਚੋਰੀ ਰੋਕ ਕੇ ਮਾਵਾਂ ਤੇ ਭੈਣਾਂ ਨੂੰ ਦੇਵਾਂਗੇ 1000 ਰੁਪਏ ਮਹੀਨਾ: ਕੇਜਰੀਵਾਲ

ਜਲੰਧਰ (ਸਮਾਜ ਵੀਕਲੀ): ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਦੁਆਬੇ ਦੇ ਦੋ ਜ਼ਿਲ੍ਹਿਆਂ ਜਲੰਧਰ ਤੇ ਹੁਸ਼ਿਆਰਪੁਰ ਦਾ ਦੌਰਾ ਕੀਤਾ ਅਤੇ ਪੰਜਾਬ ਵਾਸੀਆਂ ਨੂੰ ਪਾਰਟੀ ਵੱਲੋਂ ਦੋ ਹੋਰ ਗਾਰੰਟੀਆਂ ਦਿੱਤੀਆਂ। ਉਨ੍ਹਾਂ ਕਰਤਾਰਪੁਰ ’ਚ ਮਹਿਲਾ ਸ਼ਕਤੀਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਜਦਕਿ ਹੁਸ਼ਿਆਰਪੁਰ ’ਚ ਐੱਸਸੀ ਭਾਈਚਾਰੇ ਦੇ ਰੂਬਰੂ ਹੋਏ।

ਜ਼ਿਲ੍ਹਾ ਜਲੰਧਰ ਦੇ ਹਲਕਾ ਕਰਤਾਰਪੁਰ ਦੇ ਪਿੰਡ ਸਰਾਏ ਖਾਸ ’ਚ ਮਹਿਲਾ ਸਸ਼ਕਤੀਕਰਨ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕੇਜਰੀਵਾਲ ਨੇ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦੀ ਤੀਜੀ ਗਾਰੰਟੀ ਦਿੱਤੀ ਤੇ ਇਸ ਲਈ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਨਾਲ ‘ਆਪ’ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਵੀ ਹਾਜ਼ਰ ਸਨ। ਕੇਜਰੀਵਾਲ ਨੇ ਪਾਰਟੀ ਵੱਲੋਂ ਰਜਿਸਟ੍ਰੇਸ਼ਨ ਲਈ ਜਾਰੀ ਨੰਬਰ ’ਤੇ ਮਿਸਡ ਕਾਲ ਕਰਕੇ ਇਲਾਕੇ ਦੀਆਂ ਔਰਤਾਂ ਦੀ ਤੀਜੀ ਗਾਰੰਟੀ ਲਈ ਰਜਿਸਟ੍ਰੇਸ਼ਨ ਕੀਤੀ ਤਾਂ ਜੋ ਸੂਬੇ ’ਚ ‘ਆਪ’ ਦੀ ਸਰਕਾਰ ਬਣਨ ’ਤੇ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਪ੍ਰਾਪਤ ਹੋਵੇ। ਇਕੱਠ ਦੌਰਾਨ ਔਰਤਾਂ ਵੱਡੀ ਗਿਣਤੀ ’ਚ ਹਾਜ਼ਰ ਸਨ ਤੇ ਉਹ ‘ਆਪ’ ਵੱਲੋਂ ਸ਼ੁਰੂ ਕੀਤੀ ਗਈ ਰਜਿਸਟ੍ਰੇਸ਼ਨ ਵਿਚ ਹਿੱਸਾ ਲੈ ਰਹੀਆਂ ਸਨ। ਪਿੰਡ ਸਰਾਏ ਖ਼ਾਸ ਵਿੱਚ ਕਰਾਏ ਸਮਾਗਮ ’ਚ ਅਰਵਿੰਦ ਕੇਜਰੀਵਾਲ ਨੇ ਔਰਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਮੇਤ ਦੇਸ਼ ਦੀਆਂ ਔਰਤਾਂ ਬਹੁਤ ਮਿਹਨਤੀ ਹਨ।

‘ਆਪ’ ਦੀ ਸਰਕਾਰ ਵੱਲੋਂ 18 ਸਾਲ ਤੋਂ ਵੱਧ ਉਮਰ ਦੀਆਂ ਮਾਵਾਂ-ਭੈਣਾਂ ਨੂੰ 1000 ਰੁਪਏ ਦੇਣ ਨਾਲ ਉਹ ਹੋਰ ਮਜ਼ਬੂਤ ਹੋਣਗੀਆਂ। ਅਰਵਿੰਦ ਕੇਜਰੀਵਾਲ ਨੇ ਦੋਸ਼ ਲਾਇਆ ਕਿ ਪੰਜਾਬ ’ਚ 20 ਹਜ਼ਾਰ ਕਰੋੜ ਦਾ ਰੇਤਾ ਚੋਰੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਬਣਾ ਕੇ ਰੇਤ ਦੀ 20 ਹਜ਼ਾਰ ਕਰੋੜ ਦੀ ਚੋਰੀ ਬੰਦ ਕਰਾਉਣਗੇ ਅਤੇ ਇਸ ਪੈਸੇ ਵਿੱਚੋਂ ਹੀ ਮਾਵਾਂ-ਭੈਣਾਂ ਨੂੰ ਇੱਕ ਹਜ਼ਾਰ ਰੁਪਏ ਦੇਣ ਦਾ ਪ੍ਰਬੰਧ ਕਰਨਗੇ। ਇਸ ਮਗਰੋਂ ਕੇਜਰੀਵਾਲ ਹੁਸ਼ਿਆਰਪੁਰ ਪਹੁੰਚੇ ਜਿੱਥੇ ਉਨ੍ਹਾਂ ਅਨੁਸੂਚਿਤ ਜਾਤੀ ਭਾਈਚਾਰੇ ਲਈ ਚਾਰ ਗਾਰੰਟੀਆਂ ਦਾ ਐਲਾਨ ਕੀਤਾ। ਉਨ੍ਹਾਂ ਵਾਅਦਾ ਕੀਤਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਅਨੁਸੂਚਿਤ ਜਾਤੀ ਪਰਿਵਾਰਾਂ ਦੇ ਹਰੇਕ ਬੱਚੇ ਨੂੰ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ। ਜਿਹੜੇ ਨੌਜਵਾਨ ਇੰਜਨੀਅਰਿੰਗ, ਮੈਡੀਕਲ ਜਾਂ ਹੋਰ ਕੋਈ ਕਿੱਤਾਮੁਖੀ ਕੋਰਸ ਕਰਨਾ ਚਾਹੁਣਗੇ, ਉਨ੍ਹਾਂ ਨੂੰ ਮੁਫ਼ਤ ਕੋਚਿੰਗ ਦਿੱਤੀ ਜਾਵੇਗੀ।

ਜਿਹੜੇ ਨੌਜਵਾਨ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਲਈ ਵਿਦੇਸ਼ ਜਾਣਾ ਚਾਹੁਣਗੇ, ਉਸ ਦਾ ਸਾਰਾ ਖਰਚਾ ਸਰਕਾਰ ਦੇਵੇਗੀ। ਪਰਿਵਾਰ ਦਾ ਕੋਈ ਵੀ ਮੈਂਬਰ ਜੇਕਰ ਬਿਮਾਰ ਹੁੰਦਾ ਹੈ ਤਾਂ ਉਸ ਦਾ ਮੁਫ਼ਤ ਇਲਾਜ ਕਰਵਾਇਆ ਜਾਵੇਗਾ। ਉਨ੍ਹਾਂ ਮਹਿਲਾਵਾਂ ਨੂੰ ਹਰ ਮਹੀਨੇ ਇੱਕ ਹਜ਼ਾਰ ਰੁਪਏ ਦੇਣ ਦੀ ਗਾਰੰਟੀ ਵੀ ਦੁਹਰਾਈ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਜਰਨੈਲ ਸਿੰਘ, ਸਹਿ ਇੰਚਾਰਜ ਰਾਘਵ ਚੱਢਾ, ਕੁੰਵਰ ਵਿਜੈ ਪ੍ਰਤਾਪ ਸਿੰਘ ਤੇ ਬਲਕਾਰ ਸਿੰਘ ਵੀ ਮੌਜੂਦ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਾਨ ਗੁਆਉਣ ਵਾਲੇ ਕਿਸਾਨਾਂ ਦੇ ਵਾਰਿਸਾਂ ਨੂੰ ਨੌਕਰੀ-ਮੁਆਵਜ਼ਾ ਮਿਲੇ: ਰਾਹੁਲ
Next articleਮੁੱਖ ਮੰਤਰੀ ਦੇ ਹਲਕੇ ’ਚ ਹੁੰਦੀ ਹੈ ਰੇਤੇ ਦੀ ਨਾਜਾਇਜ਼ ਮਾਈਨਿੰਗ: ਕੇਜਰੀਵਾਲ