ਲੀਕੇਜਾਂ ਵੀ ਨਹੀਂ ਕੀਤੀਆਂ ਜਾ ਰਹੀਆਂ ਠੀਕ ਇਲਾਕੇ ਦੇ ਲੋਕ ਗੰਧਲਾ ਪਾਣੀ ਪੀਣ ਨੂੰ ਮਜਬੂਰ ਪਰ ਵਿਭਾਗ ਕੁੰਭਕਰਨੀ ਨੀਂਦ ਸੁੱਤਾ
ਨਵਾਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਲੋਕਾਂ ਨੂੰ ਸ਼ੁੱਧ ਪਾਣੀ ਪਿਲਾਉਣ ਵਾਲਾ ਕਾਠਗੜ੍ਹ ਦਾ ਜਲ ਘਰ ਦੇਖਭਾਲ ਦੀ ਘਾਟ ਕਾਰਨ ਖੁਦ ਬੀਮਾਰ ਹੈ ਅਤੇ ਜੰਗਲ ਦਾ ਰੂਪ ਧਾਰ ਗਿਆ ਹੈ ਅਤੇ ਹੋ ਰਹੀਆਂ ਲੀਕੇਜਾਂ ਨੂੰ ਠੀਕ ਨਾ ਕੀਤੇ ਜਾਣ ਕਾਰਨ ਪਾਣੀ ਦੀ ਬਰਬਾਦੀ ਦਾ ਪ੍ਰਮੁੱਖ ਸਰੋਤ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਕਾਠਗੜ੍ਹ ਦੇ ਜਲ ਘਰ ਦੀ ਲੰਬੇ ਸਮੇਂ ਤੋਂ ਸਾਫ ਸਫਾਈ ਨਾ ਕੀਤੇ ਜਾਣ ਕਾਰਨ ਜੰਗਲੀ ਘਾਹ ਬੂਟੀ ਅਤੇ ਹੋਰ ਝਾੜੀਆਂ ਨੇ ਜਲ ਘਰ ਨੂੰ ਇਸ ਤਰ੍ਹਾਂ ਘੇਰ ਲਿਆ ਹੈ ਜਿਵੇਂ ਕੋਈ ਜੰਗਲ ਹੋਵੇ। ਜੰਗਲ ਬਣੇ ਇਸ ਜਲ ਘਰ ਵਿੱਚ ਖਤਰਨਾਕ ਕੀੜੇ ਮਕੌੜਿਆਂ ਦਾ ਵੀ ਅਕਸਰ ਡਰ ਬਣਿਆ ਰਹਿੰਦਾ ਹੈ ਜਲ ਘਰ ਵਿੱਚ ਮਹਿਕਮੇ ਦੇ ਕਰਮਚਾਰੀਆਂ ਲਈ ਬਣਾਇਆ ਗਿਆ ਕਮਰਾ ਜਿੱਥੇ ਬੂਟੀਆਂ ਵਿੱਚ ਘਿਰਿਆ ਹੋਇਆ ਹੈ ਉੱਥੇ ਹੀ ਦੇਖਭਾਲ ਦੀ ਘਾਟ ਕਾਰਨ ਕਮਰੇ ਦੀ ਹਾਲਤ ਵੀ ਖਸਤਾ ਹੋ ਰਹੀ ਹੈ। ਇਸ ਤੋਂ ਇਲਾਵਾ ਜਲ ਘਰ ਦੀ ਸਪਲਾਈ ਦੀ ਤਿੰਨ ਥਾਵਾਂ ਤੋਂ ਲੰਬੇ ਸਮੇਂ ਤੋਂ ਲੀਕੇਜ ਹੋ ਰਹੀ ਹੈ ਜਿਨਾਂ ਵਿੱਚੋਂ ਇੱਕ ਲੀਕੇਜ ਤਾਂ ਜਲ ਘਰ ਦੇ ਬਿਲਕੁਲ ਨਜ਼ਦੀਕ ਹੋ ਰਹੀ ਹੈ ਪਰੰਤੂ ਲੰਬੇ ਸਮੇਂ ਤੋਂ ਸਾਫ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਅਜੇ ਤੱਕ ਕਿਸੇ ਵੀ ਲੀਕੇਜ ਨੂੰ ਠੀਕ ਨਹੀਂ ਕੀਤਾ ਜਾ ਰਿਹਾ। ਜਾਣਕਾਰੀ ਮੁਤਾਬਿਕ ਕੁੱਝ ਸਾਲ ਪਹਿਲਾਂ ਕਾਠਗੜ੍ਹ ਦੇ ਜਲਘਰ ਵਿੱਚ ਇੱਕ ਕਰਮਚਾਰੀ ਹੁਣ ਤਾਂ ਅਸੀਂ ਜਿਸ ਨੇ ਜਲ ਘਰ ਨੂੰ ਇਨਾ ਸਾਫ ਤੇ ਫੁੱਲਾਂ ਵਾਲੇ ਬੂਟੇ ਲਗਾ ਕੇ ਸੁੰਦਰ ਬਣਾ ਦਿੱਤਾ ਸੀ ਕਿ ਜਲ ਘਰ ਕਿਸੇ ਪਾਰਕ ਦਾ ਭੁਲੇਖਾ ਪਾਉਂਦਾ ਸੀ। ਕਸਬੇ ਦੇ ਕੁੱਝ ਲੋਕ ਤਾਂ ਆਪਣੇ ਫੁਰਸਤ ਦੇ ਪਲ ਬਿਤਾਉਣ ਲਈ ਇਸ ਜਲ ਘਰ ਵਿੱਚ ਹੀ ਚਲੇ ਜਾਂਦੇ ਸਨ ਜਦਕਿ ਦੂਜੇ ਲੋਕਾਂ ਵੱਲੋਂ ਜਲ ਘਰ ਦੀ ਤਾਰੀਫ ਵੀ ਕੀਤੀ ਜਾਂਦੀ ਸੀ ਪ੍ਰੰਤੂ ਹੁਣ ਕੁੱਝ ਸਾਲਾਂ ਤੋਂ ਜਲ ਘਰ ਦੀ ਹਾਲਤ ਤਰਸਯੋਗ ਬਣ ਚੁੱਕੀ ਹੈ ਅਤੇ ਹੋ ਰਹੀਆਂ ਲੀਕੇਜਾਂ ਕਾਰਨ ਪਾਣੀ ਦੀ ਬਰਬਾਦੀ ਨਿਰੰਤਰ ਜਾਰੀ ਹੈ। ਕਸਬਾ ਵਾਸੀਆਂ ਨੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਹੋ ਰਹੀਆਂ ਲੀਕੇਜਾਂ ਨੂੰ ਤੁਰੰਤ ਠੀਕ ਕਰਵਾਇਆ ਜਾਵੇ ਅਤੇ ਸਾਫ ਸਫਾਈ ਕਰਵਾਕੇ ਜਲ ਘਰ ਦੀ ਹਾਲਤ ਨੂੰ ਸੁਧਾਰਿਆ ਜਾਵੇ।



