HOME ” ਕਾਸ਼ੀ ਰਾਮ ਦਾ ਸੰਘਰਸ਼, ਸਮਾਜਿਕ ਬਰਾਬਰੀ ਦੀ ਜੰਗ”

” ਕਾਸ਼ੀ ਰਾਮ ਦਾ ਸੰਘਰਸ਼, ਸਮਾਜਿਕ ਬਰਾਬਰੀ ਦੀ ਜੰਗ”

8
ਕਾਸ਼ੀ ਰਾਮ
   (ਸਮਾਜ ਵੀਕਲੀ)   ਸੰਸਾਰ ਦੇ ਕਈ ਦੇਸ਼ਾਂ ਵਿੱਚ ਨਸਲ, ਰੰਗ, ਧਰਮ, ਜਾਤ ਆਦਿ ਦੇ ਅਧਾਰ ਤੇ ਭੇਦਭਾਵ ਹੁੰਦਾ ਰਿਹਾ ਹੈ। ਸਾਡੇ ਦੇਸ਼ ਭਾਰਤ ਵਿੱਚ ਵੀ ਸਦੀਆਂ ਤੱਕ ਜ਼ਾਤ ਅਧਾਰਤ ਭੇਦਭਾਵ ਕਾਇਮ ਰਿਹਾ ਹੈ ਜਿਸਦਾ ਸ਼ਿਕਾਰ ਵਰਣ ਵਿਵਸਥਾ ਵਿੱਚ ਹਾਸ਼ੀਏ ਅਤੇ ਚੌਥੇ ਪੌਡੇ ਤੇ ਰੱਖੇ ਗਏ ਸ਼ੋਸ਼ਿਤ ਸਮਾਜ ਨੂੰ ਹੋਣਾ ਪਿਆ। ਬੇਸ਼ੱਕ ਭਾਰਤ ਕਈ ਸਦੀਆਂ ਵਿਦੇਸ਼ੀਆਂ ਦਾ ਗੁਲਾਮ ਰਿਹਾ ਪਰੰਤੂ ਦੇਸ਼ ਵਿੱਚ ਰਹਿਣ ਵਾਲੇ ਇੱਕ ਵਿਸ਼ੇਸ਼ ਵਰਣ ਦੇ ਲੋਕ ਵੀ ਅਪਣੇ ਹੀ ਦੇਸ਼ ਦੇ ਲੋਕਾਂ ਦੇ ਗੁਲਾਮ ਰਹੇ ਹਨ। ਇਸ ਵਰਣ ਵਿਵਸਥਾ ਅਤੇ ਜਾਤ ਅਧਾਰਤ ਵਿਤਕਰੇ ਖਿਲਾਫ ਸਮੇਂ ਸਮੇਂ ਤੇ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਰਹਿਬਰਾਂ ਨੇ ਅਵਾਜ਼ ਉਠਾਈ ਹੈ ਅਤੇ ਇਸ ਸਮਾਜਿਕ ਢਾਂਚੇ ਨੂੰ ਬਦਲਣ ਲਈ ਮੁਹਿੰਮ ਚਲਾਈ। ਇਨ੍ਹਾਂ ਰਹਿਬਰਾਂ ਵਿੱਚ ਦਲਿਤ ਆਗੂ ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਬਾਬੂ ਕਾਂਸ਼ੀ ਰਾਮ ਜੀ ਵੀ ਸਨ ਜਿਨ੍ਹਾਂ ਨੂੰ ਸਾਹਿਬ ਅਤੇ ਮਾਨਿਆਵਰ ਕਾਂਸ਼ੀ ਰਾਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਡਾਕਟਰ ਭੀਮ ਰਾਓ ਅੰਬੇਦਕਰ ਜੀ ਤੋਂ ਬਾਅਦ ਭਾਰਤ ਦੇਸ਼ ਦੇ 85% ਬਹੁਜਨ ਸਮਾਜ ਦੇ ਦੱਬੇ ਕੁਚਲੇ ਅਤੇ ਸ਼ੋਸ਼ਿਤ ਵਰਗ ਦੇ ਲੋਕਾਂ ਨੂੰ ਜ਼ਾਤੀ ਭੇਦਭਾਵ ਅਤੇ ਗਰੀਬੀ ਦੀ ਦਲਦਲ ਵਿਚੋਂ ਬਾਹਰ ਕੱਢਣ ਲਈ ਸੰਘਰਸ਼ ਕਰਨ ਵਾਲੇ ਮਾਨਿਆਵਰ ਸਾਹਿਬ ਕਾਸ਼ੀ ਰਾਮ ਜੀ ਆਪਣੀ ਹਿੰਮਤ ਅਤੇ ਦਲੇਰੀ ਲਈ ਵੀ ਪੁਰੇ ਦੇਸ਼ ਵਿੱਚ ਜਾਣੇ ਜਾਂਦੇ ਹਨ ਉਨ੍ਹਾਂ ਨੂੰ ਗਰੀਬ ਵਰਗ ਦੇ ਲੋਕਾਂ ਨੂੰ ਆਪਣੇ ਹੱਕਾਂ ਅਤੇ ਰਾਜਨੀਤਕ ਸੱਤਾ ਲਈ ਜਾਗਰੂਕ ਕਰਨ ਕਰਕੇ “ਕੰਮੀਆਂ ਦੇ ਵਿਹੜੇ ਦਾ ਮੱਘਦਾ ਸੂਰਜ” ਕਰਕੇ ਵੀ ਜਾਣਿਆ ਜਾਂਦਾ ਹੈ। ਕਾਂਸ਼ੀ ਰਾਮ ਜੀ ਦਾ ਮੰਨਣਾ ਸੀ ਕਿ ਸਦੀਆਂ ਤੋਂ ਗੁਲਾਮ ਬਣਾਏ ਗਏ ਸ਼ੋਸ਼ਿਤ ਸਮਾਜ ਦਾ ਕਲਿਆਣ ਰਾਜਨੀਤੀ ਤੋਂ ਬਗੈਰ ਨਹੀਂ ਹੋ ਸਕਦਾ ਉਨ੍ਹਾਂ ਦਾ ਮੰਨਣਾ ਸੀ ਕਿ ਜਦੋਂ ਤੱਕ ਸ਼ੋਸ਼ਿਤ ਵਰਗ ਰਾਜਨੀਤਕ ਤੌਰ ਤੇ ਮਜਬੂਤ ਨਹੀਂ ਹੋਵੇਗਾ ਉਹ ਸਮਾਜਿਕ ਬਰਾਬਰਤਾ ਦਾ ਹੱਕ ਹਾਸਿਲ ਨਹੀਂ ਕਰ ਸਕਦਾ ਉਹ ਕਹਿਆ ਕਰਦੇ ਸਨ ਕਿ ਸ਼ੋਸ਼ਿਤ ਵਰਗ ਨੂੰ ਪੈਦਾ ਕਰਨ ਵਾਲੀ ਵਰਣ ਵਿਵਸਥਾ ਉਦੋਂ ਹੀ ਖਤਮ ਹੋ ਸਕਦੀ ਹੈ ਜਦੋਂ ਸ਼ੋਸ਼ਿਤ ਵਰਗ ਖੁਦ ਹੁਕਮਰਾਨ ਹੋਵੇਗਾ। ਸ਼ੋਸ਼ਿਤ ਵਰਗ ਨੂੰ ਖੁਦ ਹੁਕਮਰਾਨ ਬਣਾਉਣ ਲਈ ਸੰਘਰਸ਼ ਕਰਨ ਵਾਲੇ ਦਲਿਤ ਆਗੂ ਮਾਨਿਆਵਰ ਸਾਹਿਬ ਕਾਸ਼ੀ ਰਾਮ ਦਾ ਜਨਮ 15 ਮਾਰਚ 1934 ਨੂੰ ਉਨ੍ਹਾਂ ਦੇ ਨਾਨਕੇ ਘਰ ਨਾਨਾ ਸਾਹਿਬ ਦਿਤਾ ਅਤੇ ਨਾਨੀ ਪ੍ਰਸਿੰਨੀ ਦੇਵੀ ਨੰਗਲ-ਚੰਡੀਗੜ੍ਹ ਮੁੱਖ ਮਾਰਗ ਤੇ ਬੂੰਗਾ ਸਾਹਿਬ ਕੋਲ ਪੈਂਦੇ ਪਿੰਡ ਪ੍ਰਿਥੀਪੁਰ ਜ਼ਿਲ੍ਹਾ ਰੂਪਨਗਰ ਵਿੱਚ ਹੋਇਆ। ਸਾਹਿਬ ਕਾਸ਼ੀ ਰਾਮ ਮਾਤਾ ਬਿਸ਼ਨ ਕੌਰ ਅਤੇ ਪਿਤਾ ਹਰੀ ਸਿੰਘ ਦੇ 7 ਬੱਚਿਆਂ ਵਿਚੋਂ ਸਭ ਤੋਂ ਵੱਡੇ ਸਨ। ਉਨ੍ਹਾਂ ਦਾ ਆਪਣਾ ਪਿੰਡ ਖੁਆਸਪੁਰ ਜਿਲਾ ਰੋਪੜ ਸੀ। ਉਨ੍ਹਾਂ ਨੇ ਮੁੱਢਲੀ ਪੜ੍ਹਾਈ ਪਿੰਡ ਮਲਿਕਪੁਰ ਦੇ ਸਰਕਾਰੀ ਸਕੂਲ ਅਤੇ ਇਸਲਾਮਿਕ ਸਕੂਲ ਰੋਪੜ ਤੋਂ ਕਰਨ ਉਪਰੰਤ ਸਰਕਾਰੀ ਕਾਲਜ ਰੋਪੜ ਤੋਂ 1956 ਵਿੱਚ ਵਿਗਿਆਨ ਵਿਸੇ ਵਿੱਚ ਗ੍ਰੈਜੂਏਸ਼ਨ ਕੀਤੀ। ਇਸ ਦੌਰਾਨ ਉਨ੍ਹਾਂ ਦੀ ਮੰਗਣੀ ਇੱਕ ਕਾਂਗਰਸੀ ਵਿਧਾਇਕ ਦੀ ਲੜਕੀ ਨਾਲ ਹੋ ਚੁੱਕੀ ਸੀ ਪਰ ਉਨ੍ਹਾਂ ਨੇ ਵਿਆਹ ਕਰਵਾਉਣ ਤੋਂ ਮਨ੍ਹਾਂ ਕਰ ਦਿਤਾ ਅਤੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ। ਬੀ.ਐਸ.ਸੀ ਕਰਨ ਤੋਂ ਬਾਦ ਉਹ ਸਰਕਾਰੀ ਨੌਕਰੀ ਕਰਨ ਲਈ ਪਹਿਲਾਂ ਦੇਹਰਾਦੂਨ, ਉੱਤਰਾਖੰਡ ਅਤੇ ਫਿਰ ਪੂਨਾ, ਮਹਾਰਾਸ਼ਟਰ ਵਿਖੇ ਪਹੁੰਚੇ; ਜਿੱਥੇ ਬਤੌਰ ਵਿਗਿਆਨੀ ਕੰਮ ਕਰਣ ਲੱਗੇ। ਐਥੇ ਹੀ 1964 ਨੂੰ ਬਾਬਾ ਸਾਹਿਬ ਅੰਬੇਡਕਰ ਅਤੇ ਮਹਾਤਮਾ ਬੁੱਧ ਦੀਆਂ ਛੁੱਟੀਆਂ ਨੂੰ ਰੱਦ ਕਰਣ ਦੇ ਫੈਸਲੇ ਨੂੰ ਲੈਕੇ ਮੈਨੇਜਮੈਂਟ ਨਾਲ ਵਿਵਾਦ ਖੜਾ ਹੋ ਗਿਆ। ਦਲਿਤ ਲੀਡਰ ਦੀਨਾ ਭਾਨਾ ਨਾਮ ਦੇ ਰਾਜਸਥਾਨ ਦੇ ਇਕ ਮੁਲਾਜਿਮ ਨੇ ਇਸਦੇ ਖਿਲਾਫ ਆਵਾਜ ਚੁੱਕੀ ਤਾਂ ਉਸ ਨੂੰ ਬਰਖਾਸਤ ਕੀਤਾ ਗਿਆ। ਜਾਤੀ ਵਿਤਕਰੇ ਦੀ ਇਸ ਘਟਨਾ ਨੇ ਸਾਹਿਬ ਕਾਸ਼ੀ ਰਾਮ ਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਉਹ ਦੀਨਾ ਭਾਨਾ ਦੇ ਹੱਕ ਵਿੱਚ ਅਦਾਲਤ ਗਏ। ਮੁਕੱਦਮਾ ਜਿੱਤ ਕੇ ਦੋਵੇਂ ਛੁਟੀਆਂ ਬਹਾਲ ਕਰਵਾਈਆਂ ਅਤੇ ਦੀਨਾ ਭਾਨਾ ਨੂੰ ਵਾਪਸ ਨੌਕਰੀ ਵਿੱਚ ਲਿਆ ਗਿਆ। ਮਹਾਰਾਸ਼ਟਰ ਦੇ ਡੀ.ਕੇ. ਖਾਪਰੜੇ ਜੋ ਉਨ੍ਹਾਂ ਨਾਲ ਕੰਮ ਕਰਦੇ ਸਨ ਨੇ ਕਾਸ਼ੀ ਰਾਮ ਜੀ ਨੂੰ ਬਾਬਾ ਸਾਹਿਬ ਦੀ ਕਿਤਾਬ “ਜਾਤ-ਪਾਤ ਦਾ ਖਾਤਮਾ” ਪੜ੍ਹਣ ਨੂੰ ਦਿੱਤੀ ਅਤੇ ਉਸਤੋਂ ਬਾਅਦ ਸਾਹਿਬ ਕਾਸ਼ੀ ਰਾਮ  ਦੇ ਜੀਵਨ ਦੀ ਪੂਰੀ ਦਿਸ਼ਾ ਹੀ ਬਦਲ ਗਈ। ਜਾਤ-ਪਾਤ ਦੀ ਬਿਮਾਰੀ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਅਤੇ ਉਨ੍ਹਾਂ ਆਪਣਾ ਪੂਰਾ ਜੀਵਨ ਦੇਸ਼ ਵਿੱਚ ਇਸ ਗੈਰ-ਬਰਾਬਰੀ ਵਾਲੇ ਸਮਾਜ ਨੂੰ ਬਦਲ ਕੇ ਇਕ ਮਾਨਵਤਾਵਾਦੀ ਸਮਾਜ ਬਣਾਉਣ ਲਈ ਕੁਰਬਾਨ ਕਰਣ ਦਾ ਫੈਸਲਾ ਕੀਤਾ। ਆਪਣੇ ਪਰਿਵਾਰ ਨੂੰ ਇਕ ਚਿੱਠੀ ਲਿਖ ਕੇ ਸਾਰਾ ਜੀਵਨ ਆਪਣਾ ਘਰ ਨਾ ਵਸਾਉਣ ਅਤੇ ਕੋਈ ਜਮੀਨ, ਬੈਂਕ ਬੱਚਤ
ਔਰਤ ਨਾ ਬਣਾਉਣ ਦੇ ਫੈਸਲੇ ਤੋਂ ਜਾਣੂ ਕਰਵਾਇਆ। ਮਹਾਰਾਸ਼ਟਰ ਅਤੇ ਦੇਸ਼ ਵਿੱਚ ਬਾਬਾ ਸਾਹਿਬ ਦੇ ਅੰਦੋਲਨ ਨੂੰ ਰਿਪਬਲਿਕਨ ਪਾਰਟੀ ਆਫ ਇੰਡੀਆ ਚਲਾ ਰਹੀ ਸੀ। ਸਾਹਿਬ ਨੇ ਉਨ੍ਹਾਂ ਨਾਲ ਕੰਮ ਸ਼ੁਰੂ ਕੀਤਾ ਪਰ ਪਹਿਲੇ ਹੀ ਕੁਝ ਸਾਲਾਂ ਵਿੱਚ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਇਸ ਦੇ ਆਗੂ ਸਮਾਜ ਦੇ ਭਲੇ ਲਈ ਨਹੀਂ ਬਲਕਿ ਆਪਣੇ ਨਿਜੀ ਸਵਾਰਥਾਂ ਵਿੱਚ ਲੱਗੇ ਹੋਏ ਹਨ। ਬਾਰ-ਬਾਰ ਹੋ ਰਹੀ ਚੋਣਾਂ ਵਿੱਚ ਹਾਰ ਤੋਂ ਲੋਕ ਇਨ੍ਹਾਂ ਦਾ ਸਾਥ ਛੱਡ ਚੁਕੇ ਸਨ ਅਤੇ ਇਨ੍ਹਾਂ ਆਗੂਆਂ ਵਿੱਚ ਮਹਾਤਮਾ ਫੂਲੇ, ਛਤ੍ਰਪਤਿ ਸ਼ਾਹ ਜੀ ਮਹਾਰਾਜ ਅਤੇ ਬਾਬਾ ਸਾਹਿਬ ਅੰਬੇਡਕਰ ਦੇ ਮਿਸ਼ਨ ਨੂੰ ਪੂਰਾ ਕਰਣ ਦੀ ਕੋਈ ਚਾਹਤ ਨਹੀਂ ਬਚੀ ਸੀ। ਇਸ ਸਭ ਤੋਂ ਨਿਰਾਸ਼ ਹੋਕੇ ਉਨ੍ਹਾਂ ਨੇ ਕਿਸੇ ਹੋਰ ਜਗਾ ਤੋਂ ਬਾਬਾ ਸਾਹਿਬ ਦੀ ਇਸ ਲਹਿਰ ਨੂੰ ਸ਼ੁਰੂ ਕਰਨ ਬਾਰੇ ਵਿਚਾਰ ਕੀਤਾ ਅਤੇ 1970 ਦੇ ਦਹਾਕੇ ਵਿੱਚ ਸਾਹਿਬ ਕਾਸ਼ੀ ਰਾਮ ਨੇ ਪੰਜਾਬ ਦਾ ਰੁੱਖ ਕੀਤਾ। ਜ਼ਾਤੀ ਅਤੇ ਧਰਮ ਭੇਦਭਾਵ ਦਾ ਸ਼ਿਕਾਰ ਦੇਸ਼ ਦੀਆਂ ਧਾਰਮਿਕ ਘੱਟਗਿਣਤੀਆਂ, ਪੱਛੜੀਆਂ ਜਾਤਾਂ, ਆਦਿਵਾਸੀ ਵੀ ਓਵੇਂ ਹੀ ਸਨ ਜਿਵੇ ਕਿ ਅਨੁਸੂਚਿਤ ਜਾਤਾਂ, ਇਸ ਕਰਕੇ ਇਨ੍ਹਾਂ ਸਾਰਿਆਂ ਦੇ ਸਰਕਾਰੀ ਕਰਮਚਾਰੀਆਂ ਨੂੰ ਇਕਜੁੱਟ ਕਰਣ ਲਈ ਬਾਮਸੇਫ ਨਾਮ ਦੇ ਸੰਗਠਨ ਦੀ ਸਾਹਿਬ ਨੇ 6 ਦਸੰਬਰ, 1978 ਨੂੰ ਨੀਂਹ ਰੱਖੀ। ਜਦੋਂ ਇਸ ਵਿੱਚ ਉਨ੍ਹਾਂ ਨੂੰ ਕਾਫੀ ਸਫਲਤਾ ਮਿਲੀ ਤਾਂ ਉਨ੍ਹਾਂ ਦੂਜਾ ਵਿਚਾਰ ਬਣਾਇਆਂ ਕਿ “ਸੱਤਾ ਸੰਘਰਸ਼ ਵਿਚੋਂ ਨਿਕਲਦੀ ਹੈ।” ਜੇਕਰ ਅਸੀਂ ਹੁਕਮਰਾਨ ਬਣਨਾ ਚਾਹੁੰਦੇ ਹਾਂ ਤਾਂ ਸਾਨੂੰ ਸੰਘਰਸ ਲਈ ਮੈਦਾਨ ਵਿੱਚ ਉੱਤਰਨਾ ਪਵੇਗਾ। ਇਸ ਵਾਸਤੇ ਉਨ੍ਹਾਂ 6 ਦਸੰਬਰ 1981 ਨੂੰ ਡੀ ਐਸ ਫ਼ੋਰ (ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸਮਿਤੀ) ਦਾ ਗਠਨ ਕੀਤਾ। ਅਨੁਸੂਚਿਤ ਅਤੇ ਪੱਛੜੀਆਂ ਜਾਤਾਂ ਆਰਥਿਕ ਤੌਰ ਤੇ ਕਮਜੋਰ ਸਨ, ਇਸ ਕਰਕੇ ਸਾਹਿਬ ਕਾਸ਼ੀ ਰਾਮ ਨੇ ਸਾਈਕਲਾਂ ਤੇ ਪ੍ਰਚਾਰ ਕਰਣ ਦਾ ਪ੍ਰੋਗਰਾਮ ਬਣਾਇਆਂ। ਬਾਬੂ ਮੰਗੂ ਰਾਮ ਮੰਗੋਵਾਲੀਆ ਅਤੇ ਬਾਬਾ ਸਾਹਿਬ ਅੰਬੇਡਕਰ ਦੇ ਜਾਣ ਤੋਂ ਬਾਦ ਕੋਈ ਯੋਗ ਅਗਵਾਈ ਨਾ ਮਿਲਣ ਕਰਕੇ ਨਿਰਾਸ਼ ਹੋ ਚੁਕਿਆ ਪੰਜਾਬ ਦਾ ਐਸ. ਸੀ ਭਾਈਚਾਰਾ, ਸਾਹਿਬ ਕਾਸ਼ੀ ਰਾਮ ਦੇ ਦੱਬੇ ਕੁੱਚਲੇ ਅਤੇ ਸ਼ੋਸ਼ਿਤ ਸਮਾਜ ਪ੍ਰਤੀ ਦਰਦ ਅਤੇ ਉਸਨੂੰ ਆਪਣੇ ਪੈਰਾਂ ਤੇ ਖੜਾ ਕਰਨ ਲਈ ਆਪਣਾ ਸਭ ਕੁਛ ਕੁਰਬਾਨ ਕਰਨ ਦੇ ਜਜ਼ਬੇ ਨੂੰ ਦੇਖ, ਫਿਰ ਤੋਂ ਪੂਰੇ ਜੋਸ਼ੋ ਖਰੋਸ਼ ਨਾਲ ਮੈਦਾਨ ਵਿੱਚ ਆ ਗਿਆ ਹਜ਼ਾਰਾਂ ਹੀ ਲੋਕ ਸਾਈਕਲਾਂ ਤੇ ਸਾਹਿਬ ਨਾਲ ਦੇਸ਼ ਅੰਦਰੋਂ ਜਾਤ-ਪਾਤ ਦੇ ਕੋਹੜ ਨੂੰ ਖਤਮ ਕਰਣ ਲਈ ਤੁਰ ਪਏ।1978 ਵਿੱਚ ਬਾਮਸੇਫ ਅਤੇ 1981 ਵਿੱਚ ਡੀ ਐਸ ਫ਼ੋਰ ਬਣਾਉਣ ਦੇ ਇਸ ਛੋਟੇ ਜਿਹੇ ਸਮੇਂ ਵਿੱਚ ਹੀ ਸਾਹਿਬ ਕਾਸ਼ੀ ਰਾਮ ਦੀ ਚਲਾਈ ਇਸ ਨਵੀ ਲਹਿਰ ਨੇ ਪੂਰੇ ਪੰਜਾਬ ਅਤੇ ਉੱਤਰੀ ਭਾਰਤ ਦਾ ਮਾਹੌਲ ਬਦਲ ਕੇ ਰੱਖ ਦਿੱਤਾ। ਪੰਜਾਬ ਨੇ ਇਸ ਵਿੱਚ ਅਹਿਮ ਭੂਮਿਕਾ ਨਿਭਾਈ। ਸਾਈਕਲਾਂ ਦੇ ਝੁੰਡ ਹਰ ਪਾਸੇ ਜਾਤ-ਪਾਤ ਦੇ ਖਿਲਾਫ ਨਾਰੇ ਲਾਉਂਦੇ ਹੋਏ ਨਜ਼ਰ ਆਉਣ ਲੱਗੇ। ਬਾਬਾ ਸਾਹਿਬ ਦਾ ਨੀਲਾ ਝੰਡਾ ਜੋ ਕਿ ਸਾਰਿਆਂ ਦੇ ਦਿਲ ਅਤੇ ਦਿਮਾਗ ਤੋਂ ਗਾਇਬ ਹੋ ਗਿਆ ਸੀ ਫਿਰ ਤੋਂ ਹਰ ਪਾਸੇ ਛਾ ਗਿਆ। ਜਾਤ-ਪਾਤ ਖਿਲਾਫ ਪਹਿਲਾਂ ਵੀ ਕਈ ਵਾਰ ਜੰਗ ਲੜ ਚੁਕਿਆਂ ਪੰਜਾਬ ਫਿਰ ਤੋਂ ਮੋਹਰੀ ਬਣਕੇ ਉਭਰਿਆ। ਹਜ਼ਾਰਾਂ ਹੀ ਛੋਟੀਆਂ-ਵੱਢੀਆਂ ਸਭਾਵਾਂ, ਨੁੱਕੜ ਨਾਟਕਾਂ, ਸਾਈਕਲ ਯਾਤਰਾਵਾਂ ਰਾਹੀਂ ਹੁਣ ਤੱਕ ਸਮਾਜ ਦੇ ਹਾਸ਼ੀਏ ਤੇ ਖੜਾ ਐਸ.ਸੀ ਵਰਗ, ਸਾਹਿਬ ਕਾਸ਼ੀ ਰਾਮ  ਦੀ ਅਗਵਾਈ ਵਿੱਚ ਇਸ ਸਮਾਜਿਕ ਲਹਿਰ ਦੀ ਧੁਰ ਬਣ ਗਿਆ। ਉਨ੍ਹਾਂ ਦੇ ਜ਼ੋਸ਼ੀਲੇ ਨਾਹਰੇ ਪੂਰੇ ਪੰਜਾਬ ਅਤੇ ਭਾਰਤ ਵਿੱਚ ਗੂੰਜ ਪਏ ਅਤੇ ਹਾਕਮਾਂ ਦੇ ਤਖਤ ਡੋਲਣ ਲੱਗ ਪਏ। ਇਸ ਤੋਂ ਉਤਸ਼ਾਹਿਤ ਹੋ ਕੇ ਸਾਹਿਬ ਨੇ ਅਗਲਾ ਬੜਾ ਕਦਮ ਚੁੱਕਿਆ ਅਤੇ 14 ਅਪ੍ਰੈਲ 1984 ਨੂੰ ਰਾਜਨੀਤੀ ਵਿੱਚ ਦਖਲ ਦੇਣ ਲਈ ਬਹੁਜਨ ਸਮਾਜ ਪਾਰਟੀ ਦੀ ਸਥਾਪਨਾ ਕੀਤੀ। ਇਸ ਪਿੱਛੇ ਉਨ੍ਹਾਂ ਦੀ ਸੋਚ ਸੀ ਕਿ ਜੇਕਰ ਤੁਸੀਂ ਕਿਸੇ ਵਿਵਸਥਾ ਦਾ ਵਿਰੋਧ ਕਰਦੇ ਹੋ ਤਾਂ ਤੁਹਾਨੂੰ ਉਸ ਨੂੰ ਬਦਲ ਕੇ ਇਕ ਸਹੀ ਵਿਵਸਥਾ ਦੇਣ ਦਾ ਵੀ ਬੰਦੋਬਸਤ ਕਰਨਾ ਪਵੇਗਾ। ਇਸ ਲਈ ਰਾਜਨੀਤੀ ਵਿੱਚ ਕਦਮ ਰੱਖਣਾ ਜ਼ਰੂਰੀ ਹੈ। ਠੀਕ ਅਗਲੇ ਸਾਲ 1985 ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਇਆਂ। ਹੁਣ ਤੱਕ ਕੀਤੀ ਗਈ ਸਮਾਜਿਕ ਜੀ-ਤੋੜ ਮਿਹਨਤ ਦਾ ਰਾਜਨੀਤੀ ਵਿੱਚ ਨਤੀਜਾ ਦੇਖਣ ਦਾ ਵਕ਼ਤ ਸੀ। ਇਸ ਦੇ ਨਤੀਜਿਆਂ ਨੇ ਨਾ ਸਿਰਫ ਪੰਜਾਬ ਦੀ ਰਾਜਨੀਤੀ ਦੀ ਦਿਸ਼ਾ ਬਦਲੀ ਪਰ ਰਾਜਨੀਤਿਕ ਵਿਸ਼ਲੇਸ਼ਕਾਂ ਨੂੰ ਵੀ ਹੈਰਾਨ ਕਰ ਦਿੱਤਾ। ਹੁਣ ਤਕ ਦਲਿਤਾਂ ਦੇ ਵੋਟਾਂ ਦੇ ਸਹਾਰੇ ਪੰਜਾਬ ਦੇ ਸਿੰਘਾਸਨ ਤੇ ਬੈਠੀ ਕਾਂਗਰਸ ਪਾਰਟੀ ਦੇ ਹੱਥੋਂ ਰਾਜ ਖੁੱਸ ਗਿਆ ਅਤੇ ਅਕਾਲੀ ਦਲ ਸੱਤਾ ਵਿੱਚ ਆ ਗਿਆ। ਪਰ ਇਸ ਸਾਰੀ ਫੇਰ-ਬਦਲ ਦੇ ਪਿੱਛੇ ਸਾਹਿਬ ਕਾਸ਼ੀ ਰਾਮ ਦੀ ਚਲਾਈ ਹੋਈ ਲਹਿਰ ਕੰਮ ਕਰ ਰਹੀ ਸੀ। ਉਨ੍ਹਾਂ ਦੇ ਉਮੀਦਵਾਰ ਖੁਦ ਤਾਂ ਨਹੀਂ ਜਿੱਤ ਸਕੇ ਪਰ ਉਹ ਐਨੀਆਂ ਵੋਟਾਂ ਲੈਣ ਵਿੱਚ ਕਾਮਯਾਬ ਹੋ ਗਏ ਕਿ ਕਾਂਗਰਸ ਪਾਰਟੀ ਵੀ ਨਾ ਜਿੱਤ ਸਕੀ। ਪਹਿਲੀ ਵਾਰ ਪੰਜਾਬ ਦੀ ਆਬਾਦੀ ਦੇ ਤੀਜੇ ਹਿੱਸੇ ਨੂੰ ਸਾਹਿਬ ਕਾਸ਼ੀ ਰਾਮ ਨੇ ਆਪਣੀ ਵੋਟ ਦੀ ਤਾਕ਼ਤ ਦਾ ਅਹਿਸਾਸ ਕਰਵਾਇਆਂ। ਇਹ ਗੱਲ ਯਕੀਨੀ ਕਰਵਾਈ ਕਿ ਪੰਜਾਬ ਦੇ ਤਖ਼ਤ ਤੇ ਭਾਵੇਂ ਕੋਈ ਵੀ ਬੈਠੇ, ਉਸਦੀ ਚਾਬੀ ਉਨ੍ਹਾਂ ਦੇ ਹੀ ਹੱਥਾਂ ਵਿੱਚ ਹੈ, ਬਸ਼ਰਤੇ ਉਹ ਆਪਣੇ ਵੋਟ ਦਾ ਸਹੀ ਇਸਤੇਮਾਲ ਕਰਨਾ ਸਿੱਖਣ। ਹੁਣ ਤੱਕ ਪੰਜਾਬ ਦੀ ਰਾਜਨੀਤੀ ਵਿੱਚ ਕਾਂਗਰਸ-ਅਕਾਲੀ ਦਲ ਦੇ ਵਿਚਾਲੇ ਹੋਣ ਵਾਲੇ ਸਿਧੇ ਮੁਕਾਬਲੇ, ਜੋ ਕਿ ਧਨਾਢ ਦੇ ਹੱਥਾਂ ਵਿੱਚ ਸਨ ਨੂੰ ਇਸ ਇਤਿਹਾਸਕ ਚੋਣਾਂ ਨੇ ਤਿਕੋਣੀ ਬਣਾ ਦਿੱਤਾ। ਸਾਹਿਬ ਕਾਸ਼ੀ ਰਾਮ ਦੀ ਅਗਵਾਈ ਵਿੱਚ ਪੰਜਾਬ ਵਿੱਚ ਪਹਿਲੀ ਵਾਰ ਇੱਕ ਤੀਜੀ ਧਿਰ ਜ਼ਮੀਨੀ ਤੌਰ ਤੇ ਸਥਾਪਿਤ ਹੋਈ। ਜਦੋਂ 1992 ਵਿੱਚ ਵਿਧਾਨ ਸਭਾ ਚੋਣਾਂ ਹੋਇਆਂ ਤਾਂ 9 ਵਿਧਾਇਕ ਜਿੱਤ ਕੇ ਚੰਡੀਗੜ੍ਹ ਵਿਧਾਨ ਸਭਾ ਵਿੱਚ ਪਹੁੰਚੇ ਅਤੇ ਬਹੁਜਨ ਸਮਾਜ ਪਾਰਟੀ ਪੰਜਾਬ ਦੀ ਵਿਰੋਧੀ ਧਿਰ ਬਣੀ। ਹੁਣ ਤੱਕ ਰਾਜਨੀਤੀ ਵਿੱਚ ਇੱਕ ਪਿੱਛਲੱਗੂ ਸਮਝੇ ਜਾਣ ਵਾਲੇ ਲੋਕ ਹੁਕਮਰਾਨਾਂ ਨਾਲ ਸਿੱਧੀ ਟੱਕਰ ਵਿੱਚ ਆਏ ਅਤੇ ਅੱਖ ਨਾਲ ਅੱਖ ਮਿਲਾਕੇ ਉਨ੍ਹਾਂ ਨੂੰ ਸਵਾਲ ਕਰਨ ਲੱਗੇ। ਸਾਹਿਬ ਦੀ ਅਗਵਾਈ ਵਿੱਚ ਇਹ ਕਾਫ਼ਿਲਾ ਅੱਗੇ ਵਧਦਾ ਗਿਆ ਅਤੇ ਜਦੋਂ 1996 ਵਿੱਚ ਲੋਕ ਸਭਾ ਚੋਣਾਂ ਹੋਇਆਂ ਤਾਂ ਉਨ੍ਹਾਂ ਅਕਾਲੀ ਦਲ(ਬਾਦਲ) ਨਾਲ ਸਮਝੌਤਾ ਕਰਕੇ ਚੋਣਾਂ ਲੜਿਆ ਅਤੇ ਤਿੰਨ ਸੀਟਾਂ ਹੁਸ਼ਿਆਰਪੁਰ ਫਿਲੌਰ ਅਤੇ ਫਿਰੋਜ਼ਪੁਰ ਤੋਂ ਉਮੀਦਵਾਰ ਖੜੇ ਕੀਤੇ ਅਤੇ ਸਾਰਿਆਂ ਤੇ ਜਿੱਤ ਪ੍ਰਾਪਤ ਕੀਤੀ। । 1993 ਵਿੱਚ ਯੂਪੀ ਵਿੱਚ ਉਨ੍ਹਾਂ ਮੁਲਾਇਮ ਸਿੰਘ ਯਾਦਵ ਦੀ ਸਮਾਜਵਾਦੀ ਪਾਰਟੀ ਨਾਲ ਸਮਝੌਤਾ ਕੀਤਾ ਅਤੇ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਏ। 1995 ਵਿੱਚ ਖੁਦ ਭਾਜਪਾ ਦੇ ਸਹਿਯੋਗ ਨਾਲ ਯੂਪੀ ਸਰਕਾਰ ਬਣਾਈ ਅਤੇ 1996 ਵਿੱਚ ਫਿਰ ਚੋਣਾਂ ਹੋਇਆਂ। ਇਸ ਕਰਕੇ ਉਹ ਪੰਜਾਬ ਨੂੰ ਜ਼ਿਆਦਾ ਸਮਾਂ ਨਾ ਦੇ ਸਕੇ ਅਤੇ ਉਨ੍ਹਾਂ ਦੀ ਗੈਰ ਮੌਜੂਦਗੀ ਵਿੱਚ ਪੰਜਾਬ ਦੇ ਆਗੂ ਉਨ੍ਹਾਂ ਦੀ ਸੋਚ ਮੁਤਾਬਿਕ “ਬਹੁਜਨ ਸਮਾਜ”(ਪੱਛੜੀਆਂ, ਘੱਟ ਗਿਣਤੀਆਂ) ਨੂੰ ਨਾਲ ਜੋੜਨ ਵਿੱਚ ਕਾਮਯਾਬ ਨਹੀਂ ਹੋਏ ਅਤੇ ਪੰਜਾਬ ਵਿੱਚ ਬੀ.ਐਸ. ਪੀ ਦਾ ਗ੍ਰਾਫ ਡਿਗਣਾ ਸ਼ੁਰੂ ਹੋ ਗਿਆ। 2002 ਦੀਆਂ ਚੋਣਾਂ ਵਿਚ ਹਾਲਾਂਕਿ ਉਹ ਕੁਝ ਹੱਦ ਤੱਕ ਹੋਏ ਨੁਕਸਾਨ ਨੂੰ ਦੂਰ ਕਰ ਸਕੇ ਪਰ ਉਹ ਚੁਣਾਵੀ ਨਤੀਜਿਆਂ ਵਿੱਚ ਤਬਦੀਲ ਨਹੀਂ ਹੋ ਸਕੀ। ਇਸ ਤੋਂ ਬਾਦ ਉਹ ਦੱਖਣੀ ਭਾਰਤ ਵਿੱਚ ਇਸ ਲਹਿਰ ਨੂੰ ਖੜੀ ਕਰਨ ਵਿੱਚ ਰੁਝੇ ਰਹੇ ਅਤੇ ਸਤੰਬਰ 2003 ਨੂੰ ਹੈਦਰਾਬਾਦ ਜਾਂਦਿਆਂ ਹੋਇਆ ਉਨ੍ਹਾਂ ਨੂੰ ਦਿਮਾਗ ਦਾ ਦੌਰਾ ਪਿਆ ਅਤੇ 9 ਅਕਤੂਬਰ 2006 ਨੂੰ ਹੋਈ ਉਨ੍ਹਾਂ ਦੀ ਮੌਤ ਤਕ ਉਹ ਬਿਮਾਰ ਹੀ ਰਹੇ। ਇਸ ਤਰ੍ਹਾਂ ਪੰਜਾਬ ਅਤੇ ਪੂਰੇ ਭਾਰਤ ਨੂੰ ਜਗਾਉਣ ਵਾਲਾ ਇਹ ਗਰੀਬਾ ਦਾ ਮਸੀਹਾ ਸ਼ਰੀਰਕ ਤੌਰ ਤੇ ਹਮੇਸ਼ਾ ਵਾਸਤੇ ਸਾਨੂੰ ਅਲਵਿਦਾ ਕਹਿ ਗਿਆ। ਅੱਜ ਭਾਵੇਂ ਸਾਹਿਬ ਕਾਸ਼ੀ ਰਾਮ ਸਾਡੇ ਵਿੱਚ ਮੌਜੂਦ ਨਹੀਂ ਹਨ ਅਤੇ ਉਨਾਂ ਦਾ ਰਾਜਨੀਤਿਕ ਅੰਦੋਲਨ ਪੰਜਾਬ ਵਿੱਚ ਲੱਗਭੱਗ ਖਤਮ ਹੋ ਚੁਕਿਆ ਹੈ ਪਰ ਉਨ੍ਹਾਂ ਵਲੋਂ ਸ਼ੁਰੂ ਕੀਤੀ ਗਈ ਸਮਾਜਿਕ ਕ੍ਰਾਂਤੀ ਨਾ ਸਿਰਫ ਜ਼ਿੰਦਾ ਹੈ ਬਲਕਿ ਅੱਗੇ ਨਾਲੋਂ ਕੀਤੇ ਜ਼ਿਆਦਾ ਮਜ਼ਬੂਤ ਹੋ ਚੁੱਕੀ ਹੈ। ਮਹਾਤਮਾ ਜੋਤੀ ਰਾਓ ਫੂਲੇ, ਛਤ੍ਰਪਤਿ ਸ਼ਾਹੂ ਜੀ ਮਹਾਰਾਜ, ਨਾਰਾਇਣਾ ਗੁਰੂ, ਪੇਰੀਆਰ ਰਾਮਾਸਵਾਮੀ ਨਾਇਕਰ ਅਤੇ ਬਾਬਾ ਸਾਹਿਬ ਅੰਬੇਡਕਰ ਦੀਆਂ ਵਿਚਾਰਧਾਰਾਵਾਂ ਉਨ੍ਹਾਂ ਕਰਕੇ ਪੰਜਾਬ ਦੇ ਘਰ-ਘਰ ਪਹੁੰਚ ਚੁੱਕੀਆਂ ਹਨ। ਆਪਣੇ ਮਹਾਂਪੁਰਸ਼ਾਂ ਦੇ ਜਨਮ ਦਿਹਾੜਿਆਂ ਨੂੰ ਇਕ ਮੇਲੇ ਦੇ ਤੌਰ ਤੇ ਮਨਾਉਣ ਦੀ ਸ਼ੁਰੂ ਕੀਤੀ ਉਨ੍ਹਾਂ ਦੀ ਰੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅਨੂਸੁਚਿਤ ਜਾਤੀ ਦਾ ਪੱਛੜੀਆਂ ਜਾਤਾਂ ਅਤੇ ਧਾਰਮਿਕ ਘੱਟਗਿਣਤੀਆਂ ਨਾਲ ਭਾਈਚਾਰਾ ਮਜ਼ਬੂਤ ਹੋਇਆ ਹੈ। ਉਨ੍ਹਾਂ ਦੀ ਮੂਲਨਿਵਾਸੀ ਬਹੁਜਨ ਸਮਾਜ ਦੀ ਵਿਚਾਰਧਾਰਾ ਅੱਗੇ ਵੱਧ ਰਹੀ ਹੈ। ਪੰਜਾਬ ਦੇ ਉਹ ਲੋਕ, ਜੋ ਸਾਹਿਬ ਕਾਸ਼ੀ ਰਾਮ ਨੂੰ ਉਨ੍ਹਾਂ ਦੇ ਜਿਉਂਦਿਆਂ ਬਣਦਾ ਮਾਨ-ਸਤਿਕਾਰ ਨਾ ਦੇ ਸਕੇ, ਅੱਜ ਉਹ ਵੀ ਉਨ੍ਹਾਂ ਦੀ ਕੌਮ ਲਈ ਕੀਤੀ ਕੁਰਬਾਨੀ ਦੇ ਸਾਹਮਣੇ ਨਤਮਸਤਕ ਹਨ। ਅੱਜ ਜ਼ਰੂਰਤ ਹੈ ਇਮਾਨਦਾਰ ਅਤੇ ਸੂਝਵਾਨ ਨੌਜਵਾਨ ਆਗੂਆਂ ਦੀ, ਜੋ ਸਾਹਿਬ ਕਾਸ਼ੀ ਰਾਮ ਵਾਂਗ ਹੀ ਸਮਾਜ ਲਈ ਆਪਣਾ ਸਬ ਕੁਝ ਕੁਰਬਾਨ ਕਰਨ ਦਾ ਜਜ਼ਬਾ ਰੱਖਦੇ ਹੋਣ ਤਾਂਕਿ ਉਨ੍ਹਾਂ ਦਾ ਅਧੂਰਾ ਰਹਿ ਗਿਆ ਸੁਪਨਾ ਪੂਰਾ ਹੋ ਸਕੇ ਅਤੇ ਸਦੀਆਂ ਤੋਂ ਜਾਤੀ ਵਿਵਸਥਾ ਦੀ ਮਾਰ ਝੱਲ ਰਹੇ 85% ਦੱਬੇ ਕੁੱਚਲੇ ਲੋਕ ਬਰਾਬਰਤਾ ਦੀ ਜ਼ਿੰਦਗੀ ਬਸਰ ਕਰ ਸਕਣ । ਹਰ ਸਾਲ 15 ਮਾਰਚ ਨੂੰ ਸਾਹਿਬ ਕਾਸ਼ੀ ਰਾਮ ਜੀ ਦੇ ਜਨਮ ਦਿਨ ਮੌਕੇ ਪੂਰੇ ਦੇਸ਼ ਵਿੱਚ ਉਨ੍ਹਾਂ ਨੂੰ ਦੱਬੇ ਕੁੱਚਲੇ ਲੋਕਾਂ ਦੇ ਮਸੀਹੇ ਵਜੋਂ ਯਾਦ ਕੀਤਾ ਜਾਂਦਾ ਹੈ।
ਕੁਲਦੀਪ ਸਿੰਘ ਸਾਹਿਲ 
9417990040
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਲੱਡ ਡੋਨਰਜ਼ ਵੱਲੋਂ ਸ਼ਹੀਦ ਊਧਮ ਸਿੰਘ ਸੰਕਲਪ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ 
Next articleIDFC ਫਸਟ ਬੈਂਕ ਘੁਟਾਲਾ ਮਾਮਲਾ: ਮੁੱਖ ਦੋਸ਼ੀ ਵਿਕਰਮ ਵਧਵਾ ਗ੍ਰਿਫ਼ਤਾਰ, ਰੇਂਜ ਰੋਵਰ ਕਾਰ ਬਰਾਮਦ