ਕਰਨਾਟਕ: ਯੇਦੀਯੁਰੱਪਾ ਦੇ ਬਦਲ ਵੱਜੋਂ ਕਈ ਨਾਂ ਉੱਭਰੇ

ਬੰਗਲੁਰੂ  (ਸਮਾਜ ਵੀਕਲੀ) : ਕਰਨਾਟਕ ਦਾ ਮੁੱਖ ਮੰਤਰੀ ਬਦਲੇ ਜਾਣ ਦੀਆਂ ਕਿਆਸਰਾਈਆਂ ਵਿਚਾਲੇ ਹੁਣ ਬੀ.ਐੱਸ. ਯੇਦੀਯੁਰੱਪਾ ਦੀ ਥਾਂ ਲੈਣ ਵਾਲੇ ਬਾਰੇ ਵੀ ਕਈ ਅੰਦਾਜ਼ੇ ਲਾਏ ਜਾ ਰਹੇ ਹਨ। ਯੇਦੀਯੁਰੱਪਾ ਨੇ ਇਸ ਗੱਲ ਦਾ ਜ਼ੋਰਦਾਰ ਢੰਗ ਨਾਲ ਖੰਡਨ ਕੀਤਾ ਹੈ ਕਿ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਉਨ੍ਹਾਂ ਨੂੰ ਬਦਲਣ ’ਤੇ ਵਿਚਾਰ ਕਰ ਰਹੀ ਹੈ। 78 ਸਾਲਾ ਲਿੰਗਾਇਤ ਆਗੂ ਦੇ ਬਦਲ ਵਜੋਂ ਕਈ ਨਾਂ ਉੱਭਰ ਕੇ ਸਾਹਮਣੇ ਆ ਰਹੇ ਹਨ। ਭਾਜਪਾ ਦੇ ਇਕ ਆਗੂ ਨੇ ਕਿਹਾ ਕਿ ਹਾਲਾਂਕਿ ਚਾਹਵਾਨਾਂ ਦੀ ਸੂਚੀ ਲੰਮੀ ਹੈ ਪਰ ਪਾਰਟੀ ਅੱਗੇ ਢੁੱਕਵਾਂ ਆਗੂ ਚੁਣਨ ਦੀ ਚੁਣੌਤੀ ਹੈ।

ਭਾਜਪਾ ਨੂੰ ਇਸ ਲਈ ਪੂਰਾ ਤਵਾਜ਼ਨ ਬਿਠਾਉਣਾ ਪਵੇਗਾ। ਪਾਰਟੀ ਆਪਣੇ ਵੋਟ ਅਧਾਰ ਦਾ ਪੂਰਾ ਖ਼ਿਆਲ ਰੱਖੇਗੀ ਜੋ ਕਿ ਵੀਰਸ਼ੈਵ-ਲਿੰਗਾਇਤ ਭਾਈਚਾਰੇ ’ਤੇ ਨਿਰਭਰ ਹੈ। ਯੇਦੀਯੁਰੱਪਾ ਦਾ ਇਸ ਭਾਈਚਾਰੇ ਵਿਚ ਕਾਫ਼ੀ ਰਸੂਖ਼ ਹੈ। ਜਿਹੜੇ ਨਾਂ ਯੇਦੀਯੁਰੱਪਾ ਦੇ ਬਦਲ ਵਜੋਂ ਉੱਭਰ ਰਹੇ ਹਨ, ਉਨ੍ਹਾਂ ਵਿਚ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ, ਭਾਜਪਾ ਆਗੂ ਸੀ.ਟੀ. ਰਵੀ ਤੇ ਬੀ.ਐਲ. ਸੰਤੋਸ਼ ਸ਼ਾਮਲ ਹਨ। ਜੋਸ਼ੀ ਤੇ ਸੰਤੋਸ਼ ਬ੍ਰਾਹਮਣ ਭਾਈਚਾਰੇ ਨਾਲ ਸਬੰਧ ਰੱਖਦੇ ਹਨ ਜਦਕਿ ਰਵੀ ਵੋਕਾਲੀਗਾ ਜਾਤੀ ਦੇ ਹਨ।

ਇਸ ਦਾ ਵੀ ਕਰਨਾਟਕ ਵਿਚ ਕਾਫ਼ੀ ਰਸੂਖ਼ ਹੈ। ਇਸ ਤੋਂ ਇਲਾਵਾ ਵਿਧਾਨ ਸਭਾ ਸਪੀਕਰ ਵਿਸ਼ਵੇਸ਼ਵਰ ਹੈਗੜੇ ਕਾਗੇਰੀ ਦਾ ਨਾਂ ਵੀ ਚਰਚਾ ਵਿਚ ਹੈ। ਰਾਜ ਵਿਚ 1988 ਤੋਂ ਬਾਅਦ ਕੋਈ ਬ੍ਰਾਹਮਣ ਮੁੱਖ ਮੰਤਰੀ ਨਹੀਂ ਰਿਹਾ। ਇਸੇ ਦੌਰਾਨ ਕਰੀਬ 40 ਲਿੰਗਾਇਤ ਪੁਜਾਰੀ ਅੱਜ ਯੇਦੀਯੁਰੱਪਾ ਦੀ ਰਿਹਾਇਸ਼ ਉਤੇ ਪੁੱਜੇ ਤੇ ਮੁੱਖ ਮੰਤਰੀ ਨੂੰ ਆਪਣਾ ਸਮਰਥਨ ਦਿੱਤਾ। ਉਨ੍ਹਾਂ ’ਚੋਂ ਕੁਝ ਨੇ ਭਾਜਪਾ ਨੂੰ ਚਿਤਾਵਨੀ ਵੀ ਦਿੱਤੀ ਕਿ ਜੇ ਯੇਦੀਯੁਰੱਪਾ ਨੂੰ ਬਦਲਿਆ ਗਿਆ ਤਾਂ ਨਤੀਜੇ ਮਾੜੇ ਹੋਣਗੇ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੀਏਏ ਤੇ ਐੱਨਆਰਸੀ ਨਾਲ ਹਿੰਦੂ-ਮੁਸਲਮਾਨ ’ਚ ਵੰਡੀਆਂ ਪਾਉਣ ਵਰਗੀ ਕੋਈ ਗੱਲ ਨਹੀਂ: ਭਾਗਵਤ
Next articleਡੀਆਰਡੀਓ ਵੱਲੋਂ ਨਵੀਂ ਪੀੜ੍ਹੀ ਦੀ ਆਕਾਸ਼ ਮਿਜ਼ਾਈਲ ਦਾ ਸਫ਼ਲ ਪ੍ਰੀਖਣ