ਬੰਗਲੂਰੂ (ਸਮਾਜ ਵੀਕਲੀ): ਕਰਨਾਟਕ ਹਾਈ ਕੋਰਟ ’ਚ ਹਿਜਾਬ ਮੁੱਦੇ ’ਤੇ ਅੱਜ ਸੁਣਵਾਈ ਦੌਰਾਨ ਬੇਨਤੀ ਕੀਤੀ ਗਈ ਕਿ ਇਨ੍ਹਾਂ ਵਿਦਿਆਰਥਣਾਂ ਨੂੰ ਜੁਮੇ ਮੌਕੇ ਹਿਜਾਬ ਪਹਿਨ ਕੇ ਕਲਾਸਾਂ ਲਗਾਉਣ ਦੀ ਇਜਾਜ਼ਤ ਦਿੱਤੀ ਜਾਵੇ। ਵਿਦਿਆਰਥਣਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਵਿਨੋਦ ਕੁਲਕਰਨੀ ਨੇ ਕਿਹਾ ਕਿ ਸ਼ੁੱਕਰਵਾਰ ਅਤੇ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਵਿਦਿਆਰਥਣਾਂ ਨੂੰ ਹਿਜਾਬ ਪਹਿਨਣ ਕੇ ਆਉਣ ਦੀ ਇਜਾਜ਼ਤ ਦੇਣ ਨਾਲ ਇਸ ਗ਼ੈਰਜ਼ਰੂਰੀ ਵਿਵਾਦ ’ਤੇ ਵਿਰਾਮ ਲੱਗੇਗਾ। ਉਨ੍ਹਾਂ ਇਸ ਬਾਰੇ ਅਦਾਲਤ ਦੇ ਨਿਰਦੇਸ਼ਾਂ ਦੀ ਮੰਗ ਕਰਦਿਆਂ ਲਤਾ ਮੰਗੇਸ਼ਕਰ ਵੱਲੋਂ ਗਾਏ ਗੀਤ ਦੀਆਂ ਲਾਈਨਾਂ ਵੀ ਗਾਈਆਂ ‘ਕੁਛ ਪਾ ਕੇ ਖੋਨਾ ਹੈ, ਕੁਛ ਖੋ ਕੇ ਪਾਨਾ ਹੈ।’
ਵਕੀਲ ਨੇ ਕਿਹਾ ਕਿ ਕੁਰਾਨ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਹੈ ਅਤੇ ਹਿਜਾਬ ਤੇ ਧਾਰਮਿਕ ਮਾਮਲਿਆਂ ’ਚ ਕੋਈ ਪਾਬੰਦੀ ਨਹੀਂ ਲਾਈ ਜਾ ਸਕਦੀ ਹੈ। ਐਡਵੋਕੇਟ ਜਨਰਲ ਪ੍ਰਭੂਲਿੰਗ ਨਵਦਗੀ ਨੇ ਸੂਬਾ ਸਰਕਾਰ ਵੱਲੋਂ ਪੇਸ਼ ਹੁੰਦਿਆਂ ਇਸ ਮੰਗ ਦਾ ਵਿਰੋਧ ਕੀਤਾ। ਤਿੰਨ ਜੱਜਾਂ ’ਤੇ ਆਧਾਰਿਤ ਬੈਂਚ ਨੇ ਇਸ ਮਾਮਲੇ ’ਤੇ ਸੁਣਵਾਈ ਨੂੰ ਸ਼ੁੱਕਰਵਾਰ ਲਈ ਮੁਲਤਵੀ ਕਰ ਦਿੱਤਾ। ਉਧਰ ਹਾਸਨ ’ਚ ਹਿਜਾਬ ਦੇ ਪੱਖ ’ਚ ਪ੍ਰਦਰਸ਼ਨ ਕਰ ਰਹੀਆਂ 340 ਵਿਦਿਆਰਥਣਾਂ ਨੂੰ ਕਾਬੂ ਕਰਨ ’ਚ ਪੁਲੀਸ ਨੂੰ ਮੁਸ਼ੱਕਤ ਕਰਨੀ ਪਈ। ਇਸ ਦੌਰਾਨ ਉਡੁਪੀ ਦੇ ਸਰਕਾਰੀ ਜੀ ਸ਼ੰਕਰ ਯਾਦਗਾਰੀ ਮਹਿਲਾ ਡਿਗਰੀ ਕਾਲਜ ਦੀਆਂ 60 ਵਿਦਿਆਰਥਣਾਂ ਨੂੰ ਹਿਜਾਬ ਪਹਿਨੇ ਹੋਣ ਕਾਰਨ ਘਰ ਭੇਜ ਦਿੱਤਾ ਗਿਆ। ਕਰਨਾਟਕ ਸਰਕਾਰ ਨੇ ਆਸ ਜਤਾਈ ਹੈ ਕਿ ਹਿਜਾਬ ਵਿਵਾਦ ਛੇਤੀ ਸੁਲਝਾ ਲਿਆ ਜਾਵੇਗਾ ਅਤੇ ਦਾਅਵਾ ਕੀਤਾ ਕਿ ਇਹ ਮਸਲਾ ਸਿਰਫ਼ 8 ਹਾਈ ਸਕੂਲਾਂ ਅਤੇ ਪ੍ਰੀ-ਯੂਨੀਵਰਸਿਟੀ ਕਾਲਜਾਂ ਤੱਕ ਸੀਮਤ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly