ਨਿਤੀਸ਼ ਵੱਲੋਂ ਚੰਨੀ ਦੀ ‘ਭੱਈਆਂ’ ਬਾਰੇ ਟਿਪਣੀ ਦੀ ਆਲੋਚਨਾ

ਪਟਨਾ (ਸਮਾਜ ਵੀਕਲੀ):  ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ‘ਭਈਆ’ ਵਾਲੇ ਬਿਆਨ ਨੂੰ ਲੈ ਕੇ ਅੱਜ ਉਨ੍ਹਾਂ ਦੀ ਆਲੋਚਨਾ ਕੀਤੀ ਅਤੇ ਇਸ ਨੂੰ ਬਕਵਾਸ ਕਰਾਰ ਦਿੱਤਾ। ਨਿਤੀਸ਼ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਚੰਨੀ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਬਿਹਾਰ ਦੇ ਲੋਕਾਂ ਨੇ ਪੰਜਾਬ ਦੀ ਕਿੰਨੀ ਸੇਵਾ ਕੀਤੀ ਹੈ।

ਉਨ੍ਹਾਂ ਕਿਹਾ, ‘‘ਇਹ ਸਭ ਬਕਵਾਸ ਹੈ। ਮੈਂ ਹੈਰਾਨ ਹਾਂ ਕਿ ਲੋਕ ਅਜਿਹੀਆਂ ਚੀਜ਼ਾਂ ਕਿਵੇਂ ਕਹਿ ਸਕਦੇ ਹਨ। ਕੀ ਉਨ੍ਹਾਂ (ਚੰਨੀ) ਨੂੰ ਇਹ ਪਤਾ ਨਹੀਂ ਹੈ ਕਿ ਬਿਹਾਰ ਦੇ ਕਿੰਨੇ ਲੋਕ ਉੱਥੇ (ਪੰਜਾਬ ’ਚ) ਰਹਿੰਦੇ ਹਨ ਅਤੇ ਉਨ੍ਹਾਂ ਨੇ ਉਸ ਖੇਤਰ ਦੀ ਕਿੰਨੀ ਸੇਵਾ ਕੀਤੀ ਹੈ।’’ ਬਿਹਾਰ ਦੇ ਮੁੱਖ ਮੰਤਰੀ ਦੀ ਸਹਿਯੋਗੀ ਪਾਰਟੀ ਭਾਜਪਾ ਨੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ’ਤੇ ਚੰਨੀ ਦੇ ਇਸ ਬਿਆਨ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਹੈ। ਇਸ ਸਬੰਧੀ ਪੁੱਛੇ ਗਏ ਸਵਾਲ ਦਾ ਨਿਤੀਸ਼ ਨੇ ਕੋਈ ਜਵਾਬ ਨਹੀਂ ਦਿੱਤਾ।

ਜ਼ਿਕਰਯੋਗ ਹੈ ਕਿ ਚੰਨੀ ਵੱਲੋਂ ਬੀਤੇ ਦਿਨੀਂ ਇਕ ਇਕ ਰੋਡ ਸ਼ੋਅ ਦੌਰਾਨ ਪੰਜਾਬ ਦੇ ਲੋਕਾਂ ਨੂੰ ਉੱਤਰ ਪ੍ਰਦੇਸ਼, ਬਿਹਾਰ ਅਤੇ ਦਿੱਲੀ ਦੇ ਲੋਕਾਂ ਨੂੰ ਸੂਬੇ ਦੀ ਸੱਤਾ ’ਤੇ ਕਾਬਜ਼ ਨਾ ਹੋਣ ਦੇਣ ਦਾ ਹੋਕਾ ਦਿੱਤੇ ਜਾਣ ਕਾਰਨ ਇਹ ਵਿਵਾਦ ਸ਼ੁਰੂ ਹੋਇਆ ਸੀ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਵੀਡੀਓ ਵਿਚ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਰੂਪਨਗਰ ’ਚ ਇਕ ਰੋਡ ਸ਼ੋਅ ਦੌਰਾਨ ਉਸ ਵੇਲੇ ਚੰਨੀ ਦੇ ਨਾਲ ਖੜ੍ਹੇ ਅਤੇ ਉਨ੍ਹਾਂ ਦੇ ਇਸ ਬਿਆਨ ’ਤੇ ਤਾੜੀਆਂ ਮਾਰਦੇ ਨਜ਼ਰ ਆ ਰਹੇ ਹਨ।

ਚੰਨੀ ਨੇ ਰੋਡ ਸ਼ੋਅ ਦੌਰਾਨ ਦਿੱਤੇ ਭਾਸ਼ਣ ਵਿਚ ‘ਆਪ’ ਆਗੂਆਂ ’ਤੇ ਨਿਸ਼ਾਨਾ ਸੇਧਦਿਆਂ ਕਿਹਾ, ‘‘ਪ੍ਰਿਯੰਕਾ ਗਾਂਧੀ ਵਾਡਰਾ ਪੰਜਾਬ ਦੀ ਨੂੰਹ ਹੈ। ਅਸੀਂ ਉੱਤਰ ਪ੍ਰਦੇਸ਼, ਬਿਹਾਰ, ਦਿੱਲੀ ਦੇ ਭਈਆਂ ਨੂੰ ਸੂਬੇ ਵਿਚ ਦਾਖ਼ਲ ਨਹੀਂ ਹੋਣ ਦੇਵਾਂਗੇ।’’ ਉਨ੍ਹਾਂ ਦੇ ਇਸ ਬਿਆਨ ਦੀ ਵਿਰੋਧੀ ਪਾਰਟੀਆਂ ਭਾਜਪਾ ਤੇ ‘ਆਪ’ ਵੱਲੋਂ ਤਿੱਖੇ ਸ਼ਬਦਾਂ ਵਿਚ ਆਲੋਚਨਾ ਕੀਤੀ ਗਈ।

‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਟਿੱਪਣੀ ਨੂੰ ਬਹੁਤ ਸ਼ਰਮਨਾਕ ਕਰਾਰ ਦਿੱਤਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰਨਾਟਕ: ਵਿਦਿਆਰਥਣਾਂ ਨੂੰ ਜੁਮੇ ਮੌਕੇ ਹਿਜਾਬ ਦੀ ਇਜਾਜ਼ਤ ਦੇਣ ਦੀ ਮੰਗ
Next articleਉੱਤਰ ਪ੍ਰਦੇਸ਼ ਵਿਚ ਕਾਨੂੰਨ ਦਾ ਰਾਜ ਕਾਇਮ ਕਰਾਂਗੇ: ਮਾਇਆਵਤੀ