HOME ਕੰਢੀ ਕੈਨਾਲ ਦੀ ਮੁਰੰਮਤ ਅਤੇ ਨਵੇਂ ਪਿੰਡਾਂ ਨੂੰ ਜੋੜਨ ਲਈ ਹਲਕਾ ਬਲਾਚੌਰ...

ਕੰਢੀ ਕੈਨਾਲ ਦੀ ਮੁਰੰਮਤ ਅਤੇ ਨਵੇਂ ਪਿੰਡਾਂ ਨੂੰ ਜੋੜਨ ਲਈ ਹਲਕਾ ਬਲਾਚੌਰ ਦੇ ਆਗੂਆਂ ਨੇ ਜਲ ਸਰੋਤ ਮੰਤਰੀ ਨੂੰ ਸੌਂਪਿਆ ਮੰਗ ਪੱਤਰ

1
ਕਾਗਜ਼ਾਂ ਵਿੱਚ ਤੇਜ਼ ਪਰ ਜ਼ਮੀਨੀ ਪੱਧਰ ‘ਤੇ ਸੁਸਤ ਹੈ ਕੰਢੀ ਕੈਨਾਲ ਦਾ ਕੰਮ; ਛੋਟੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਮੁੱਖ ਰੱਖਦਿਆਂ  ‘ਆਪ’ ਯੂਥ ਵਿੰਗ ਦੇ ਜਨਰਲ ਸੈਕਟਰੀ ਐਡਵੋਕੇਟ ਸੰਜੀਵ ਚੌਧਰੀ ਚੇਚੀ ਅਤੇ ਚੈਅਰਮੈਨ ਸੇਠੀ ਉਧਨਵਾਲ ਮਾਰਕੀਟ ਕਮੇਟੀ ਨੇ ਚੁੱਕਿਆ ਅਹਿਮ ਮੁੱਦਾ
ਬਲਾਚੌਰ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ) : ਵਿਧਾਨ ਸਭਾ ਹਲਕਾ ਬਲਾਚੌਰ ਦੇ ਅਧੀਨ ਪੈਂਦੀ ਕੰਢੀ ਕੈਨਾਲ (ਨਹਿਰ) ਦੀ ਮੁਰੰਮਤ ਅਤੇ ਇਲਾਕੇ ਦੇ ਬਾਕੀ ਰਹਿੰਦੇ ਪਿੰਡਾਂ ਨੂੰ ਇਸ ਪ੍ਰੋਜੈਕਟ ਨਾਲ ਜੋੜਨ ਲਈ ਸਥਾਨਕ ਲੀਡਰਸ਼ਿਪ ਵੱਲੋਂ ਵੱਡੇ ਪੱਧਰ ‘ਤੇ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ। ਇਸੇ ਲੜੀ ਤਹਿਤ ਅੱਜ ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਦੇ ਜਨਰਲ ਸੈਕਟਰੀ ਐਡਵੋਕੇਟ ਸੰਜੀਵ ਚੌਧਰੀ ਚੇਚੀ ਅਤੇ ਚੈਅਰਮੈਨ ਮਾਰਕੀਟ ਕਮੇਟੀ ਸੇਠੀ ਉਧਨਵਾਲ ਵੱਲੋਂ ਪੰਜਾਬ ਦੇ ਜਲ ਸਰੋਤ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੂੰ ਮਿਲ ਕੇ ਵਿਸ਼ੇਸ਼ ਮੰਗ ਪੱਤਰ  ਦੇ ਕੇ ਹਲਕੇ ਦੇ ਕਿਸਾਨਾਂ ਦੀਆਂ ਭਖਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ ਹੈ। ਆਗੂਆਂ ਨੇ ਜਲ ਸਰੋਤ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਕਿ ਹਲਕਾ ਬਲਾਚੌਰ ਵਿੱਚ ਕੰਢੀ ਕੈਨਾਲ ਦਾ ਕੰਮ ਜਿੰਨੀ ਤੇਜ਼ ਰਫ਼ਤਾਰ ਨਾਲ ਕਾਗਜ਼ਾਂ ਅਤੇ ਪੇਪਰਾਂ ਵਿੱਚ ਚੱਲ ਰਿਹਾ ਹੈ, ਜ਼ਮੀਨੀ ਪੱਧਰ (ਗਰਾਊਂਡ ਲੈਵਲ) ‘ਤੇ ਉਸ ਦੀ ਸਪੀਡ ਬਹੁਤ ਹੀ ਜ਼ਿਆਦਾ ਘੱਟ ਹੈ, ਜਿਸ ਕਾਰਨ ਸਥਾਨਕ ਲੋਕਾਂ ਅਤੇ ਕਿਸਾਨਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਕਈ ਪਿੰਡਾਂ ਨੂੰ ਨਹੀਂ ਮਿਲ ਰਿਹਾ ਨਹਿਰ ਦਾ ਫਾਇਦਾ, ਤੁਰੰਤ ਮੁਰੰਮਤ ਦੀ ਮੰਗ ਮੰਗ ਪੱਤਰ ਵਿੱਚ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਵੇਰਵਾ ਦਿੰਦਿਆਂ ਦੱਸਿਆ ਗਿਆ ਹੈ ਕਿ ਪਿੰਡ ਪੋਜੇਵਾਲ ਦੇ ਆਸ-ਪਾਸ ਦੇ ਲਗਭਗ 10 ਪਿੰਡਾਂ ਵਿੱਚ ਇਸ ਨਹਿਰ ਦਾ ਬਿਲਕੁਲ ਵੀ ਫਾਇਦਾ ਨਹੀਂ ਮਿਲ ਰਿਹਾ। ਇਸੇ ਤਰ੍ਹਾਂ ਮਜਾਰੀ ਏਰੀਆ ਦੇ ਲਗਭਗ 5 ਤੋਂ 7 ਪਿੰਡਾਂ ਵਿੱਚ ਜੋ ਨਹਿਰੀ ਲਾਈਨ ਪਾਈ ਹੋਈ ਹੈ, ਉਹ ਖ਼ਸਤਾ ਹਾਲਤ ਵਿੱਚ ਹੈ ਅਤੇ ਉਸ ਦੀ ਤੁਰੰਤ ਮੁਰੰਮਤ ਦੀ ਸਖ਼ਤ ਜ਼ਰੂਰਤ ਹੈ। ਇਸ ਤੋਂ ਇਲਾਵਾ ਪਿੰਡ ਉਧਨਵਾਲ ਦੇ ਆਸ-ਪਾਸ ਪੈਂਦੇ 5 ਪਿੰਡਾਂ ਵਿੱਚ ਵੀ ਨਹਿਰੀ ਪ੍ਰਣਾਲੀ ਦੀ ਮੁਰੰਮਤ ਦਾ ਕੰਮ ਬਹੁਤ ਜ਼ਰੂਰੀ ਹੈ, ਤਾਂ ਜੋ ਪਾਣੀ ਦੀ ਬਰਬਾਦੀ ਨੂੰ ਰੋਕਿਆ ਜਾ ਸਕੇ ਅਤੇ ਟੇਲਾਂ ‘ਤੇ ਬੈਠੇ ਕਿਸਾਨਾਂ ਤੱਕ ਪਾਣੀ ਪਹੁੰਚਾਇਆ ਜਾ ਸਕੇ। 211 ਕਰੋੜ ਦੇ ਨਵੇਂ ਪ੍ਰੋਜੈਕਟ ਵਿੱਚ ਇਨ੍ਹਾਂ ਪਿੰਡਾਂ ਨੂੰ ਸ਼ਾਮਲ ਕਰਨ ਦੀ ਵਕਾਲਤ ਕਰਦਿਆਂ ਐਡਵੋਕੇਟ ਸੰਜੀਵ ਚੌਧਰੀ ਚੇਚੀ ਅਤੇ ਚੈਅਰਮੈਨ ਸੇਠੀ ਉਧਨਵਾਲ ਨੇ ਮੰਤਰੀ ਗੋਇਲ ਦੇ ਧਿਆਨ ਵਿੱਚ ਲਿਆਂਦਾ ਕਿ ਪੰਜਾਬ ਸਰਕਾਰ ਵੱਲੋਂ 211 ਕਰੋੜ ਰੁਪਏ ਦੀ ਲਾਗਤ ਨਾਲ ਜੋ ਨਵਾਂ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ, ਉਸ ਵਿੱਚ ਬਲਾਚੌਰ ਹਲਕੇ ਦੇ ਉਨ੍ਹਾਂ ਵਾਂਝੇ ਪਿੰਡਾਂ ਨੂੰ ਵੀ ਤੁਰੰਤ ਜੋੜਿਆ ਜਾਵੇ ਜੋ ਹਾਲੇ ਤੱਕ ਨਹਿਰੀ ਪਾਣੀ ਦੀ ਸਹੂਲਤ ਤੋਂ ਦੂਰ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਇਸ ਨਵੇਂ ਪ੍ਰੋਜੈਕਟ ਵਿੱਚ ਖ਼ਾਸ ਤੌਰ ‘ਤੇ ਟਕਾਰਲਾ, ਮਣਸੇਵਾਲ,  ਖੀਵੇਵਾਲ, ਕਲਾਰ, ਟੁੰਡੇਵਾਲ, ਬੇਹਰੜੀ ਗੋਲੂ ਮਾਜਰਾ, ਨਿੱਘੀ , ਉਧਨਵਾਲ ਪਿੰਡਾਂ ਨੂੰ ਸ਼ਾਮਲ ਕੀਤਾ ਜਾਵੇ।  ਆਗੂਆਂ ਨੇ ਦੱਸਿਆ ਕਿ ਜੇਕਰ ਇਨ੍ਹਾਂ ਪਿੰਡਾਂ ਨੂੰ 211 ਕਰੋੜ ਦੇ ਪ੍ਰੋਜੈਕਟ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ, ਤਾਂ ਇਸ ਖੇਤਰ ਦੇ ਖੇਤੀਬਾੜੀ ਸੈਕਟਰ ਦੀ ਨੁਹਾਰ ਪੂਰੀ ਤਰ੍ਹਾਂ ਬਦਲ ਜਾਵੇਗੀ। ਛੋਟੇ ਕਿਸਾਨਾਂ ਦੀ ਆਰਥਿਕਤਾ ਦਾ ਸਵਾਲ ਜਲ ਸਰੋਤ ਮੰਤਰੀ ਨੂੰ ਭੇਜੇ ਪੱਤਰ ਵਿੱਚ ਹਲਕੇ ਦੀ ਆਰਥਿਕ ਸਥਿਤੀ ਦਾ ਹਵਾਲਾ ਦਿੰਦੇ ਹੋਏ ਲਿਖਿਆ ਗਿਆ ਹੈ ਕਿ ਹਲਕਾ ਬਲਾਚੌਰ ਵਿੱਚ ਜ਼ਿਆਦਾਤਰ ਛੋਟੇ ਕਿਸਾਨ ਹਨ, ਜਿਨ੍ਹਾਂ ਕੋਲ ਜ਼ਮੀਨਾਂ ਦੀ ਹੋਲਡਿੰਗ ਬਹੁਤ ਘੱਟ ਹੈ। ਇਨ੍ਹਾਂ ਛੋਟੇ ਕਿਸਾਨਾਂ ਦਾ ਮੁੱਖ ਕਿੱਤਾ ਪਸ਼ੂ ਪਾਲਣ ਅਤੇ ਪਾਪੂਲਰ ਦੀ ਖੇਤੀ ਕਰਨਾ ਹੈ। ਪਾਪੂਲਰ ਦੀ ਖੇਤੀ ਅਤੇ ਹਰੇ ਚਾਰੇ ਲਈ ਪਾਣੀ ਦੀ ਬਹੁਤ ਵੱਡੀ ਲੋੜ ਹੁੰਦੀ ਹੈ। ਜੇਕਰ ਸਰਕਾਰ ਵੱਲੋਂ ਨਹਿਰੀ ਪਾਣੀ ਦਾ ਪ੍ਰਬੰਧ ਦਰੁਸਤ ਕਰ ਦਿੱਤਾ ਜਾਂਦਾ ਹੈ ਤਾਂ ਇਨ੍ਹਾਂ ਗਰੀਬ ਅਤੇ ਮੱਧਮ ਵਰਗੀ ਕਿਸਾਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ। ਆਗੂਆਂ ਨੇ ਉਮੀਦ ਜਤਾਈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨ ਹਿਤੈਸ਼ੀ ਫੈਸਲੇ ਲੈਣ ਲਈ ਜਾਣੀ ਜਾਂਦੀ ਹੈ, ਇਸ ਲਈ ਜਲ ਸਰੋਤ ਵਿਭਾਗ ਇਸ ਮੰਗ ਪੱਤਰ ‘ਤੇ ਹਮਦਰਦੀ ਨਾਲ ਵਿਚਾਰ ਕਰਦਿਆਂ ਬਲਾਚੌਰ ਦੇ ਕਿਸਾਨਾਂ ਨੂੰ ਜਲਦੀ ਹੀ ਵੱਡੀ ਰਾਹਤ ਪ੍ਰਦਾਨ ਕਰੇਗਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਦੇ ਲੋਕਾਂ ਦਾ ਅਸਲ ਮੁੱਦਿਆਂ ਤੇ ਹੀ ਕੇਂਦਰਿਤ ਰਹਿਣ ਰਾਜਨੀਤਿਕ ਧਿਰਾਂ: ਕਰਨ ਸਿੰਘ ਰਾਣਾ
Next articleਵਿਧਾਨ ਸਭਾ ਚੋਣਾਂ 2027: ਹਲਕਾ ਬਲਾਚੌਰ ਵਿੱਚ ‘ਆਪ’ ਦੀ ਟਿਕਟ ਲਈ ਸਿਆਸੀ ਹੱਲਚੱਲ ਤੇਜ਼ – 4 ਦਿੱਗਜ ਚਿਹਰੇ ਚੋਣ ਮੈਦਾਨ ‘ਚ