ਤਾਲਿਬਾਨ ਨੇ ਸੰਭਾਲਿਆ ਕਾਬੁਲ ਹਵਾਈ ਅੱਡਾ

Kabul airport
  • ਜਲਦੀ ਕੈਬਨਿਟ ਦਾ ਐਲਾਨ ਹੋਣ ਦੀ ਸੰਭਾਵਨਾ
  • ਤਾਲਿਬਾਨ ਵੱਲੋਂ ਲੋਕਾਂ ਨੂੰ ਕੰਮ ਉਤੇ ਪਰਤਣ ਦੀ ਬੇਨਤੀ, ਸੁਰੱਖਿਆ ਯਕੀਨੀ ਬਣਾਉਣ ਦਾ ਵਾਅਦਾ

ਕਾਬੁਲ (ਸਮਾਜ ਵੀਕਲੀ):  ਅਮਰੀਕੀ ਸੈਨਾ ਦੀ ਅਫ਼ਗਾਨਿਸਤਾਨ ਵਿਚੋਂ ਮੁਕੰਮਲ ਰਵਾਨਗੀ ਤੋਂ ਕੁਝ ਘੰਟੇ ਬਾਅਦ ਤਾਲਿਬਾਨ ਅੱਜ ਜੇਤੂ ਅੰਦਾਜ਼ ’ਚ ਕਾਬੁਲ ਹਵਾਈ ਅੱਡੇ ਦੇ ਅੰਦਰ ਦਾਖਲ ਹੋਇਆ। ਹਵਾਈ ਪੱਟੀ ਉਤੇ ਖੜ੍ਹੇ ਹੋ ਕੇ ਤਾਲਿਬਾਨ ਦੇ ਆਗੂਆਂ ਨੇ ਮੁਲਕ ਦੀ ਸੁਰੱਖਿਆ ਦਾ ਅਹਿਦ ਕੀਤਾ, ਜਲਦੀ ਹੀ ਹਵਾਈ ਅੱਡਾ ਖੋਲ੍ਹ ਦਿੱਤਾ ਤੇ ਸਾਬਕਾ ਵਿਰੋਧੀਆਂ ਨੂੰ ਆਮ ਮੁਆਫ਼ੀ ਦੇ ਦਿੱਤੀ। ਹਵਾਈ ਅੱਡੇ ਨੂੰ ਦੁਬਾਰਾ ਚਲਾਉਣਾ ਤਾਲਿਬਾਨ ਲਈ ਵੱਡੀ ਚੁਣੌਤੀ ਵਾਂਗ ਹੈ। ਇਸ ਤੋਂ ਇਲਾਵਾ ਤਿੰਨ ਕਰੋੜ 80 ਲੱਖ ਦੀ ਆਬਾਦੀ ਵਾਲਾ ਮੁਲਕ ਜੋ ਕਿ ਦੋ ਦਹਾਕਿਆਂ ਤੋਂ ਵਿਦੇਸ਼ੀ ਮਦਦ ਉਤੇ ਗੁਜ਼ਾਰਾ ਕਰ ਰਿਹਾ ਸੀ, ਉਸ ਨੂੰ ਚਲਾਉਣਾ ਵੀ ਹੁਣ ਤਾਲਿਬਾਨ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਤਾਲਿਬਾਨ ਦੇ ਚੋਟੀ ਦੇ ਅਧਿਕਾਰੀ ਹਿਕਮਾਤੁੱਲ੍ਹਾ ਵਸੀਕ ਨੇ ਕਿਹਾ ‘ਅਫ਼ਗਾਨਿਤਾਨ ਹੁਣ ਆਜ਼ਾਦ ਹੈ।’ ਹਵਾਈ ਅੱਡੇ ਦੀ ਨਾਗਰਿਕ ਤੇ ਫ਼ੌਜੀ ਪੱਟੀ ਸਾਡੇ ਕਾਬੂ ਹੇਠ ਹੈ। ਉਮੀਦ ਹੈ ਕਿ ਜਲਦੀ ਅਸੀਂ ਆਪਣੀ ਕੈਬਨਿਟ ਦਾ ਐਲਾਨ ਕਰਾਂਗੇ। ਸਭ ਕੁਝ ਸ਼ਾਂਤ ਹੈ ਤੇ ਸਭ ਸੁਰੱਖਿਅਤ ਹੈ। ਵਸੀਕ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਕੰਮ ਉਤੇ ਪਰਤਣ ਤੇ ਨਾਲ ਹੀ ਦੁਹਰਾਇਆ ਕਿ ਆਮ ਮੁਆਫ਼ੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ ਤੇ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ ਹੈ। ਤਾਲਿਬਾਨ ਅਧਿਕਾਰੀ ਨੇ ਕਿਹਾ ਕਿ ‘ਲੋਕਾਂ ਨੂੰ ਧੀਰਜ ਰੱਖਣਾ ਪਵੇਗਾ, ਹੌਲੀ-ਹੌਲੀ ਅਸੀਂ ਸਾਰਾ ਕੁਝ ਆਮ ਵਾਂਗ ਕਰ ਲਵਾਂਗੇ।’

ਦੱਸਣਯੋਗ ਹੈ ਕਿ ਹਵਾਈ ਅੱਡੇ ਉਤੇ ਕਈ ਦਿਨਾਂ ਤੋਂ ਅਫਰਾ-ਤਫਰੀ ਦਾ ਮਾਹੌਲ ਸੀ ਜਿਸ ਦੇ ਨਿਸ਼ਾਨ ਹਾਲੇ ਵੀ ਦੇਖੇ ਜਾ ਸਕਦੇ ਹਨ। ਹਵਾਈ ਅੱਡੇ ਦੀ ਪੂਰੀ ਤਰ੍ਹਾਂ ਸਫ਼ਾਈ ਕੀਤੀ ਜਾਣੀ ਬਾਕੀ ਹੈ। ਅੱਜ ਸਵੇਰ ਹੁੰਦਿਆਂ ਹੀ ਤਾਲਿਬਾਨ ਦੇ ਲੜਾਕੇ ਤੇ ਆਗੂ ਹਵਾਈ ਅੱਡੇ ਉਤੇ ਪਹੁੰਚ ਗਏ। ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਸੰਗਠਨ ਦੇ ਸੁਰੱਖਿਆ ਦਸਤਿਆਂ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮੁਲਕ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਸਾਵਧਾਨੀ ਵਰਤਣੀ ਪਵੇਗੀ। ਦੇਸ਼ ਨੇ ਪਹਿਲਾਂ ਹੀ ਕਈ ਸਾਲ ਜੰਗ ਤੇ ਘੁਸਪੈਠ ਝੱਲੀ ਹੈ ਤੇ ਲੋਕਾਂ ਕੋਲ ਹੋਰ ਸਹਿਣ ਕਰਨ ਦੀ ਤਾਕਤ ਨਹੀਂ ਹੈ। ਸਰਕਾਰੀ ਅਫ਼ਗਾਨ ਟੀਵੀ ’ਤੇ ਇਕ ਇੰਟਰਵਿਊ ਵਿਚ ਤਾਲਿਬਾਨ ਨੇ ਹਵਾਈ ਅੱਡੇ ਨੂੰ ਚਾਲੂ ਕਰਨ ਬਾਰੇ ਵੀ ਵਿਚਾਰ ਚਰਚਾ ਕੀਤੀ। ਤਾਲਿਬਾਨ ਨੇ ਕਿਹਾ ਕਿ ਉਹ ਦੇਖ ਰਹੇ ਹਨ ਕਿ ਹਵਾਈ ਅੱਡੇ ਉਤੇ ਕਿਸ ਤਰ੍ਹਾਂ ਦੀ ਤਕਨੀਕੀ ਤੇ ਹੋਰ ਮਦਦ ਦੀ ਲੋੜ ਹੈ। ਲੋੜ ਪੈਣ ਉਤੇ ਉਹ ਕਤਰ ਜਾਂ ਤੁਰਕੀ ਤੋਂ ਮਦਦ ਲੈਣਗੇ।

ਅਮਰੀਕਾ ਦੇ ਚੋਟੀ ਦੇ ਫ਼ੌਜੀ ਜਨਰਲ ਫਰੈਂਕ ਮੈਕੈਂਜ਼ੀ ਨੇ ਦੱਸਿਆ ਕਿ ਫ਼ੌਜ ਨੇ 27 ਹਮਵੀਜ਼ ਵਾਹਨ ਤੇ 73 ਜਹਾਜ਼ ਨਕਾਰਾ ਕਰ ਦਿੱਤੇ ਹਨ ਤੇ ਉਹ ਮੁੜ ਵਰਤੇ ਨਹੀਂ ਜਾ ਸਕਣਗੇ। ਉਨ੍ਹਾਂ ਕਿਹਾ ਕਿ ਹਵਾਈ ਅੱਡੇ ਨੂੰ ਚਲਾਉਣ ਨਾਲ ਜੁੜਿਆ ਕੋਈ ਉਪਕਰਨ ਨਕਾਰਾ ਨਹੀਂ ਕੀਤਾ ਗਿਆ। ਇਸ ਤੋਂ ਪਹਿਲਾਂ ਸੋਮਵਾਰ ਤਾਲਿਬਾਨ ਨੇ ਖ਼ੁਸ਼ੀ ਵਿਚ ਹਵਾਈ ਫਾਇਰ ਵੀ ਕੀਤੇ ਪਰ ਅੱਜ ਗਾਰਡ ਡਿਊਟੀ ਕਰਦੇ ਨਜ਼ਰ ਆਏ। ਹਵਾਈ ਅੱਡੇ ਉਤੇ ਤਾਇਨਾਤ ਇਕ ਤਾਲਿਬਾਨ ਗਾਰਡ ਨੇ ਕਿਹਾ ‘20 ਸਾਲ ਦੀ ਲੜਾਈ ਤੋਂ ਬਾਅਦ ਅਸੀਂ ਅਮਰੀਕੀਆਂ ਨੂੰ ਹਰਾ ਦਿੱਤਾ ਹੈ।’ ਤਾਲਿਬਾਨ ਨਾਲ ਹੋਈ ਸ਼ਾਂਤੀ ਵਾਰਤਾ ’ਚ ਅਮਰੀਕਾ ਦੇ ਵਿਸ਼ੇਸ਼ ਨੁਮਾਇੰਦੇ ਰਹੇ ਜ਼ਲਮੇਅ ਖ਼ਲੀਲਜ਼ਾਦ ਨੇ ਕਿਹਾ ਕਿ ‘ਅਫ਼ਗਾਨਾਂ ਲਈ ਹੁਣ ਫ਼ੈਸਲਾ ਲੈਣ ਦਾ ਪਲ ਹੈ ਤੇ ਮੌਕਾ ਵੀ ਹੈ।’ ਉਨ੍ਹਾਂ ਦੇ ਮੁਲਕ ਦਾ ਭਵਿੱਖ ਉਨ੍ਹਾਂ ਦੇ ਹੱਥ ਵਿਚ ਹੈ। ਅਫ਼ਗਾਨਿਸਤਾਨ ਵਿਚ ਸਕੂਲ ਵੀ ਖੁੱਲ੍ਹ ਗਏ ਹਨ ਤੇ ਐਲੀਮੈਂਟਰੀ ਦੇ ਬੱਚੇ ਸਕੂਲ ਜਾ ਰਹੇ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੱਟਰ ਦੇ ਸੁਆਲਾਂ ਦੇ ਕੈਪਟਨ ਨੇ ਿਦੱਤੇ ਤਿੱਖੇ ਜਵਾਬ
Next articleConundrum of rights and entitlements: The South China Sea Issue